ਰਾਹੁਲ ਨੂੰ ਨਹੀਂ ਪਤਾ ਕਿ ਇੰਦਰਾ ਤੇ ਨਹਿਰੂ ਨੇ ਸੰਵਿਧਾਨ ਨਾਲ ਛੇੜਛਾੜ ਕਿਵੇਂ ਕੀਤੀ: ਨੱਢਾ
ਅਹਿਮਦਾਬਾਦ, 19 ਜਨਵਰੀ
ਕੇਂਦਰੀ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਅੱਜ ਦਾਅਵਾ ਕੀਤਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਇਤਿਹਾਸ ਬਾਰੇ ਕੋਈ ਗਿਆਨ ਨਹੀਂ ਹੈ ਅਤੇ ਉਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਪਿਤਾ (ਰਾਜੀਵ ਗਾਂਧੀ), ਦਾਦੀ (ਇੰਦਰਾ ਗਾਂਧੀ) ਅਤੇ ਦਾਦੀ ਦੇ ਪਿਤਾ (ਜਵਾਹਰ ਲਾਲ ਨਹਿਰੂ) ਨੇ ਸੰਵਿਧਾਨ ਨਾਲ ਛੇੜਛਾੜ ਕਰਨ ਦੇ ਕੀ-ਕੀ ਯਤਨ ਕੀਤੇ ਸਨ।
ਨੱਢਾ ਨੇ ਕਿਹਾ ਕਿ ਕਾਂਗਰਸ ਨੇ 65 ਸਾਲਾਂ ਤੱਕ ਦੇਸ਼ ’ਤੇ ਸ਼ਾਸਨ ਕੀਤਾ ਅਤੇ ਉਸ ਦੇ ਆਗੂਆਂ ਨੇ ਸੰਵਿਧਾਨ ਨਾਲ ਛੇੜਛਾੜ ਕਰਕੇ ਇਸ ਦੇ ਬੁਨਿਆਦੀ ਮੂਲਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਉਹ ਭਾਜਪਾ ਦੇ ‘ਸੰਵਿਧਾਨ ਗੌਰਵ ਅਭਿਆਨ’ ਮੌਕੇ ਸੰਬੋਧਨ ਕਰ ਰਹੇ ਸਨ।
ਹਾਲ ਹੀ ਵਿੱਚ, ਕੇਂਦਰ ਦੀ ਨਰਿੰਦਰ ਮੋਦੀ ਸਰਕਾਰ, ਭਾਜਪਾ ਅਤੇ ਰਾਸ਼ਟਰੀ ਸਵੈਮ-ਸੇਵਕ ਸੰਘ (ਆਰਐੱਸਐੱਸ) ਖ਼ਿਲਾਫ਼ ਇੱਕ ਟਿੱਪਣੀ ਵਿੱਚ ‘ਇੰਡੀਅਨ ਸਟੇਟ’ (ਭਾਰਤੀ ਰਾਜ ਪ੍ਰਬੰਧ) ਸ਼ਬਦ ਦੀ ਵਰਤੋਂ ਕਰਨ ਕਾਰਨ ਰਾਹੁਲ ’ਤੇ ਹਮਲਾ ਕੀਤਾ।
ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਉਨ੍ਹਾਂ ਪਾਖੰਡੀਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਸੰਵਿਧਾਨ ਨੂੰ ਪੜ੍ਹੇ ਬਿਨਾਂ ਬਿਨ੍ਹਾਂ ਇਸ ਦੀ ਕਾਪੀ ਲੈ ਕੇ ਘੁੰਮਦੇ ਰਹਿੰਦੇ ਹਨ। ਰਾਹੁਲ ਭਾਜਪਾ ’ਤੇ ਹਮਲਾ ਕਰਨ ਲਈ ਆਪਣੀਆਂ ਚੋਣ ਰੌਲੀਆਂ ਦੌਰਾਨ ਅਕਸਰ ਸੰਵਿਧਾਨ ਦੀ ਕਾਪੀ ਆਪਣੇ ਨਾਲ ਰੱਖਦੇ ਹਨ। -ਪੀਟੀਆਈ