‘ਰੁੱਸੇ ਹੋਏ ਪੀਰ ਨੂੰ ਮਨਾਉਣ’ ਵਾਲਾ ਰਹਿਮਦੀਨ ਨਾਰੋਮਾਜਰਾ
ਹਰਦਿਆਲ ਸਿੰਘ ਥੂਹੀ
ਤੂੰਬੇ ਅਲਗੋਜ਼ੇ ਦੀ ਗਾਇਕੀ ਦਾ ਇੱਕ ਹੋਰ ਵਾਰਸ ਸੀ ਰਹਿਮਦੀਨ ਨਾਰੋਮਾਜਰੇ ਵਾਲਾ। ਔੜੀਏ ਸਦੀਕ ਮੁਹੰਮਦ ਅਤੇ ਫ਼ਜ਼ਲ ਮੁਹੰਮਦ ਟੁੰਡੇ ਦੀ ਵਿਰਾਸਤ ਨੂੰ ਅੱਗੇ ਤੋਰਨ ਵਾਲਿਆਂ ਵਿੱਚ ਰਹਿਮਦੀਨ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਸਫ਼ੈਦ ਲਿਬਾਸ ਵਾਲੇ ਇਕਹਿਰੇ ਸਰੀਰ ਤੇ ਲੰਬੇ ਕੱਦ, ਸਾਦਾ ਤੇ ਸਾਊ ਸੁਭਾਅ ਦਾ ਮਾਲਕ ਰਹਿਮਦੀਨ ਉਮਰ ਭਰ ਇਸ ਕਲਾ ਨਾਲ ਜੁੜਿਆ ਰਿਹਾ।
ਰਹਿਮਦੀਨ ਦਾ ਜਨਮ 1930 ਵਿੱਚ ਪਿਤਾ ਚਾਨਣ ਖਾਂ ਦੇ ਘਰ ਰਿਆਸਤ ਮਾਲੇਰਕੋਟਲਾ ਦੇ ਪਿੰਡ ਨਾਰੋਮਾਜਰਾ ਵਿਖੇ ਹੋਇਆ। ਉਹ ਪੰਜ ਭਰਾ ਸਨ। ਪਰਿਵਾਰ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਪਿਤਾ ਚਾਨਣ ਖਾਂ ਭਾਵੇਂ ਕੋਈ ਕਸਬੀ ਗਵੱਈਆ ਨਹੀਂ ਸੀ, ਪਰ ਗਾਉਣ ਦਾ ਸ਼ੌਕ ਜ਼ਰੂਰ ਰੱਖਦਾ ਸੀ। ਉਸ ਦੇ ਬਹੁਤ ਸਾਰੀਆਂ ਕਲੀਆਂ ਜ਼ੁਬਾਨੀ ਯਾਦ ਸਨ। ਜਦੋਂ ਵੀ ਕਿਤੇ ਪਿੰਡ ਦਾ ਇਕੱਠ ਹੁੰਦਾ ਤਾਂ ਲੋਕ ਚਾਨਣ ਖਾਂ ਨੂੰ ਕਲੀਆਂ ਸੁਣਾਉਣ ਲਈ ਕਹਿੰਦੇ। ਇਸ ਤਰ੍ਹਾਂ ਗਾਹੇ ਬਗਾਹੇ ਉਸ ਨੂੰ ਆਪਣਾ ਸ਼ੌਕ ਪੂਰਾ ਕਰਨ ਦਾ ਮੌਕਾ ਮਿਲਦਾ ਰਹਿੰਦਾ। ਅਜਿਹੇ ਮਾਹੌਲ ਵਿੱਚ ਬਚਪਨ ਤੋਂ ਜਵਾਨੀ ਵਿੱਚ ਪੈਰ ਧਰਨ ਤੱਕ ਰਹਿਮਦੀਨ ਨੂੰ ਵੀ ਗਾਉਣ ਦੀ ਚੇਟਕ ਲੱਗ ਗਈ।
ਪਿਤਾ ਚਾਨਣ ਖਾਂ ਰਹਿਮਦੀਨ ਨੂੰ ਢੱਡ ਸਾਰੰਗੀ ਦਾ ‘ਗੌਣ’ ਸਿਖਾਉਣਾ ਚਾਹੁੰਦਾ ਸੀ, ਪਰ ਨਾਲ ਦੇ ਪਿੰਡ ਬੋੜ੍ਹ ਕਲਾਂ ਦੇ ਨਸੀਰੂਦੀਨ ਦਾ ਜਥਾ ਤੂੰਬੇ ਅਲਗੋਜ਼ੇ ਨਾਲ ਗਾਉਂਦਾ ਸੀ। ਉਸ ਨੂੰ ਦੇਖ ਕੇ ਰਹਿਮਦੀਨ, ਨਸੀਰੂਦੀਨ ਦਾ ਹੀ ਸ਼ਾਗਿਰਦ ਬਣ ਗਿਆ। ਇਹ ਹੱਲਿਆਂ ਤੋਂ ਤਿੰਨ ਸਾਲ ਪਹਿਲਾਂ ਦੀ ਗੱਲ ਹੈ। ਨਸੀਰੂਦੀਨ ਦਾ ਪਿੱਛਾ ਸਿਲ-ਸੋਤਲ ਪਿੰਡ ਦਾ ਸੀ ਅਤੇ ਇਹ ਨੂਰਦੀਨ ਸੇਖੇਵਾਲੀਏ ਦਾ ਸ਼ਾਗਿਰਦ ਸੀ। ਨਸੀਰੂਦੀਨ ਦੇ ਜਥੇ ਵਿੱਚ ਇਲਾਕੇ ਦਾ ਪ੍ਰਸਿੱਧ ਗਵੱਈਆ ਸੁੱਚਾ ਮਲੌਦ ਵਾਲਾ ਸੀ। ਹੱਲਿਆਂ ਤੱਕ ਰਹਿਮਦੀਨ ਆਪਣੇ ਉਸਤਾਦ ਦੇ ਚਰਨਾਂ ਵਿੱਚ ਰਿਹਾ। ਵੰਡ ਦੇ ਸੰਤਾਪ ਨੂੰ ਹੰਢਾਉਂਦੇ ਹੋਏ ਉਸਤਾਦ ਹੁਰੀਂ ਤਾਂ ਪਾਕਿਸਤਾਨ ਚਲੇ ਗਏ, ਪ੍ਰੰਤੂ ਰਹਿਮਦੀਨ ਦਾ ਪਰਿਵਾਰ ਆਪਣੀ ਜੰਮਣ ਭੋਇੰ ਨੂੰ ਛੱਡਣਾ ਨਹੀਂ ਸੀ ਚਾਹੁੰਦਾ। ਪਿੰਡ ਵਾਲਿਆਂ ਨੇ ਇਸ ਪਰਿਵਾਰ ਨੂੰ ਕੁਝ ਦਿਨ ਮਾਲੇਰਕੋਟਲੇ ਭੇਜ ਦਿੱਤਾ। ਪੂਰੇ ਪੱਚੀ ਦਿਨ ਮਾਲੇਰਕੋਟਲਾ ਰਹਿ ਕੇ ਰਹਿਮਦੀਨ ਹੁਰੀਂ ਵਾਪਸ ਆਪਣੇ ਪਿੰਡ ਨਾਰੋਮਾਜਰੇ ਆ ਗਏ। ਕੁਝ ਸਮਾਂ ਚੁੱਪ ਬੈਠਣ ਤੋਂ ਬਾਅਦ ਉਸ ਨੇ ਆਪਣੇ ਭਰਾ ਹਸਨ ਮੁਹੰਮਦ ਜੋ ਸ਼ੌਕੀਆ ‘ਜੋੜੀ’ ਵਜਾਉਂਦਾ ਸੀ ਨੂੰ ਨਾਲ ਲਾ ਕੇ ਗਾਉਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਦਿਨਾਂ ਵਿੱਚ ਹੀ ਰਹਿਮਦੀਨ ਦਾ ਮੇਲ ਧਨੋ ਪਿੰਡ ਵਾਲੇ ਗੁਲਾਮ ਨਬੀ ਨਾਲ ਹੋਇਆ ਅਤੇ ਦੋਵੇਂ ਭਰਾ ਉਸ ਦੀ ਅਗਵਾਈ ਵਿੱਚ ਪਾਛੂ ਬਣ ਕੇ ਗਾਉਣ ਲੱਗ ਪਏ। ਪੂਰੇ ਤੀਹ ਸਾਲ ਇਹ ਗੁਲਾਮ ਨਾਲ ਗਾਉਂਦੇ ਰਹੇ। ਚਾਰ ਪੰਜ ਸਾਲ ਉੱਚੇ ਪਿੰਡ ਸਨੇਤ ਵਾਲੇ ਡੋਗਰ ਦੀ ਅਗਵਾਈ ਹੇਠ ਗਾਇਆ। ਡੋਗਰ, ਔੜੀਏ ਸਦੀਕ ਦਾ ਗੁਰ ਭਾਈ ਸੀ। ਬਾਅਦ ਵਿੱਚ ਸਾਧੋਹੇੜੀ ਵਾਲੇ ਕਾਕੇ ਨੂੰ ਪਾਛੂ ਲਾ ਕੇ ਰਹਿਮਦੀਨ ਆਪ ਪਾਰਟੀ ਦੀ ਅਗਵਾਈ ਕਰਨ ਲੱਗ ਪਿਆ। 1992 ਤੱਕ ਇਹ ਸਿਲਸਿਲਾ ਚੱਲਦਾ ਰਿਹਾ। 1992 ਵਿੱਚ ਭਰਾ ਹਸਨ ਮੁਹੰਮਦ ਦੀ ਮੌਤ ਹੋ ਗਈ। ਬਾਅਦ ਵਿੱਚ ‘ਜੋੜੀ’ ਵਾਲੇ ਬਦਲ ਬਦਲ ਕੇ ਜੁੜਦੇ ਤੇ ਟੁੱਟਦੇ ਰਹੇ। ਫੰਮਣ ਮਾਲੇਰਕੋਟਲੇ ਵਾਲਾ ਚਾਰ ਸਾਲ ਨਾਲ ਰਿਹਾ। ਬਾਅਦ ਵਿੱਚ ਕਾਕਾ ਸਾਧੋਹੇੜੀ ਤੂੰਬੇ ਅਤੇ ਧੰਨਾ ਬੜੂੰਦੀ ਵਾਲਾ ਅਲਗੋਜ਼ਿਆਂ ਨਾਲ ਰਹਿਮਦੀਨ ਦਾ ਲੰਮਾ ਸਮਾਂ ਸਾਥ ਦਿੰਦੇ ਰਹੇ।
ਰਹਿਮਦੀਨ ਹੁਰੀਂ ਆਮ ਪ੍ਰਚੱਲਤ ਲੋਕ ਗਾਥਾਵਾਂ ਗਾਉਂਦੇ ਸਨ। ਹੀਰ, ਸੋਹਣੀ, ਸੱਸੀ, ਮਲਕੀ ਆਦਿ ਪ੍ਰੀਤ ਕਥਾਵਾਂ ਤੋਂ ਇਲਾਵਾ ਪੂਰਨ, ਕੌਲਾਂ, ਸ਼ਾਹ ਬਹਿਰਾਮ, ਦੁੱਲਾ ਭੱਟੀ, ਜਿਉਣਾ ਮੌੜ ਆਦਿ ਭਗਤੀ ਤੇ ਬੀਰ ਗਾਥਾਵਾਂ ਵੀ ਉਹ ਗਾਉਂਦੇ ਸਨ। ‘ਹੀਰ’ ਇਹ ਹਜ਼ੂਰਾ ਸਿੰਘ ਦੀ ਕਲੀਆਂ ਵਾਲੀ, ‘ਪੂਰਨ’ ਕਰਮ ਸਿੰਘ ਟੂਸਿਆਂ ਵਾਲੇ ਦਾ, ‘ਮਲਕੀ’ ਮੁਹੰਮਦੀ ਰੌਂਤ ਨਕੋਦਰੀਏ ਦੀ, ‘ਸ਼ਾਹ ਬਹਿਰਾਮ’ ਗੁਲਾਬ ਨਬੀ ਧਨੋ ਵਾਲੇ ਦਾ ਅਤੇ ‘ਜਿਉਣਾ ਮੌੜ’ ਬਦਰਦੀਨ ਦਾ ਗਾਉਂਦੇ ਸਨ। ਸਦਰ ਦੀਨ ਜਗਰਾਵਾਂ ਵਾਲੇ ਦੇ ਵੱਖ-ਵੱਖ ਰੰਗ ਵੀ ਇਨ੍ਹਾਂ ਦੇ ਹਰਮਨ ਪਿਆਰੇ ‘ਗੌਣ’ ਸਨ।
ਪੰਜਾਬ ਦੇ ਸਾਰੇ ਪ੍ਰਸਿੱਧ ਮੇਲਿਆਂ ਜਰਗ, ਛਪਾਰ, ਜਗਰਾਵਾਂ ਦੀ ਰੋਸ਼ਨੀ, ਕਸਿਆਣੇ ਅਤੇ ਘੜਾਮ ਦੇ ਉਰਸ, ਸੰਗਰੂਰ ਦੇ ਦੁਸਹਿਰੇ ਆਦਿ ’ਤੇ ਲਗਾਤਾਰ ਇਹ ਆਪਣੀ ਹਾਜ਼ਰੀ ਦਿੰਦੇ ਰਹੇ। ਇਨ੍ਹਾਂ ਤੋਂ ਇਲਾਵਾ ਇਹ ਕਈ ਦਰਗਾਹਾਂ ਅਤੇ ਡੇਰਿਆਂ ਦੇ ਸਾਲਾਨਾ ਪ੍ਰੋਗਰਾਮਾਂ ’ਤੇ ਵੀ ਹਰ ਸਾਲ ਪਹੁੰਚਦੇ ਸਨ। ਭਲੇ ਵੇਲਿਆਂ ਵਿੱਚ ਇਨ੍ਹਾਂ ਨੂੰ ਵਿਆਹ, ਸ਼ਾਦੀਆਂ ਦੇ ਪ੍ਰੋਗਰਾਮਾਂ ਤੋਂ ਹੀ ਵਿਹਲ ਨਹੀਂ ਸੀ ਮਿਲਦੀ। ਸਾਈ ’ਤੇ ਸਾਈ ਚੜ੍ਹੀ ਰਹਿੰਦੀ ਸੀ, ਪਰ ਜ਼ਮਾਨੇ ਦੀ ਹਵਾ ਬਦਲਣ ਦੇ ਕਾਰਨ ਵਿਆਹਾਂ ਸ਼ਾਦੀਆਂ ਦੇ ਪ੍ਰੋਗਰਾਮ ਬੰਦ ਹੋ ਗਏ।
ਅਠਾਰਾਂ ਸਾਲ ਦੀ ਉਮਰ ਵਿੱਚ ਰਹਿਮਦੀਨ ਦਾ ਵਿਆਹ ਹੋ ਗਿਆ ਸੀ। ਉਸ ਦੇ ਚਾਰ ਲੜਕੇ ਅਤੇ ਦੋ ਲੜਕੀਆਂ ਹਨ। ਲੜਕਿਆਂ ਵਿੱਚੋਂ ਉਸ ਦੇ ਪਦ-ਚਿੰਨ੍ਹਾਂ ’ਤੇ ਕੋਈ ਨਹੀਂ ਚੱਲਿਆ। ਉਹ ਰਹਿਮਦੀਨ ਨੂੰ ਵੀ ਗਾਉਣਾ ਛੱਡ ਕੇ ਆਰਾਮ ਕਰਨ ਲਈ ਆਖਦੇ ਰਹਿੰਦੇ ਸਨ, ਪਰ ਰਹਿਮਦੀਨ ਕਹਿੰਦਾ ਸੀ, ‘‘ਗੌਣ’ ਤਾਂ ਮੇਰੀ ਜਾਨ ਹੈ, ਮੇਰੀ ਰੂਹ ਹੈ, ਭਲਾ! ਰੂਹ ਤੋਂ ਬਿਨਾਂ ਬੰਦੇ ਕੋਲ ਕੀ ਰਹਿ ਜਾਂਦਾ ਹੈ? ਸੋ ਇਹ ਤਾਂ ਮੇਰੇ ਹੱਡਾਂ ਨਾਲ ਹੀ ਜਾਊ।’’ ਆਸ਼ਾਵਾਦੀ ਹੋਣ ਕਾਰਨ ਉਸ ਦੀ ਇਹ ਆਸ਼ਾ ਪੂਰੀ ਵੀ ਹੋਈ। ਉਹ ਹਰ ਵੀਰਵਾਰ ਪਿੰਡ ਬੱਦੋਵਾਲ ਪੀਰ ਦੀ ਦਰਗਾਹ ’ਤੇ ਮਹਿਫ਼ਲ ਲਾਉਣ ਜਾਂਦਾ ਹੁੰਦਾ ਸੀ। 19 ਅਗਸਤ 2010 ਦਿਨ ਵੀਰਵਾਰ ਨੂੰ ਉਹ ਉੱਥੇ ਗਾ ਕੇ ਆਇਆ ਸੀ। ਅਗਲੇ ਵੀਰਵਾਰ 26 ਅਗਸਤ 2010 ਨੂੰ ਉਹ ਦੁਨੀਆ ਤੋਂ ਕੂਚ ਕਰ ਗਿਆ।
ਸੰਪਰਕ: 84271-00341