For the best experience, open
https://m.punjabitribuneonline.com
on your mobile browser.
Advertisement

ਲਹਿੰਦੇ ਪੰਜਾਬ ਦਾ ਨਾਮੀ ਗਾਇਕ ਰਾਗੀ ਮੰਨਾ ਜੱਟ

11:08 AM Aug 17, 2024 IST
ਲਹਿੰਦੇ ਪੰਜਾਬ ਦਾ ਨਾਮੀ ਗਾਇਕ ਰਾਗੀ ਮੰਨਾ ਜੱਟ
Advertisement

ਹਰਦਿਆਲ ਸਿੰਘ ਥੂਹੀ

ਤੂੰਬੇ ਅਲਗੋਜ਼ੇ ਦੀ ਗਾਇਕੀ ਦੋਹਾਂ ਪੰਜਾਬਾਂ (ਪੂਰਬੀ ਤੇ ਪੱਛਮੀ) ਦੀ ਸਾਂਝੀ ਗਾਇਨ ਵੰਨਗੀ ਹੈ। ਇਸ ਗਾਇਕੀ ਦੀਆਂ ਦੋ ਗਾਇਨ ਸ਼ੈਲੀਆਂ ਹਨ। ਇੱਕ ਲੁਧਿਆਣਾ ਸ਼ੈਲੀ ਤੇ ਦੂਜੀ ਸਿਆਲਕੋਟੀ ਸ਼ੈਲੀ। ਲੁਧਿਆਣਾ ਸ਼ੈਲੀ ਦੇ ਪ੍ਰਤੀਨਿਧ ਗਾਇਕ ਸਨ ਮੁਹੰਮਦ ਸਦੀਕ ਔੜ ਤੇ ਫ਼ਜ਼ਲ ਮੁਹੰਮਦ ਟੁੰਡਾ ਜਗਰਾਵਾਂ ਵਾਲਾ। ਇਸੇ ਤਰ੍ਹਾਂ ਸਿਆਲਕੋਟੀ ਗਾਇਕੀ ਦੇ ਪ੍ਰਤੀਨਿਧ ਸਨ ਨਵਾਬ ਘੁਮਾਰ ਅਨਾਇਤ ਕੋਟੀਆ ਤੇ ਮੁਹੰਮਦ ਆਲਮ ਲੁਹਾਰ। ਇਨ੍ਹਾਂ ਗਾਇਕਾਂ ਨੇ ਤੂੰਬੇ ਅਲਗੋਜ਼ੇ ਦੀ ਸਿੱਧੀ ਸਾਦੀ ਗਾਇਕੀ ਨੂੰ ਰਿਕਾਰਡ ਕਰਵਾ ਕੇ ਅਮਰ ਕਰ ਦਿੱਤਾ। ਦੇਸ਼ ਵੰਡ ਤੋਂ ਬਾਅਦ ਦੋਵੇਂ ਪਾਸੇ ਦੋਵੇਂ ਗਾਇਨ ਸ਼ੈਲੀਆਂ ਪ੍ਰਚੱਲਿਤ ਹਨ। ਲਹਿੰਦੇ ਪੰਜਾਬ ਵਿੱਚ ਲੁਧਿਆਣਾ ਗਾਇਨ ਸ਼ੈਲੀ ਨਾਲ ਸਬੰਧਤ ਬਹੁਤ ਸਾਰੇ ਗਾਇਕਾਂ ਵਿੱਚੋਂ ਇੱਕ ਨਾਮੀ ਗਾਇਕ ਹੈ ਰਾਗੀ ਮੰਨਾ ਜੱਟ।
ਰਾਗੀ ਮੰਨਾ ਜੱਟ ਦਾ ਜਨਮ ਪੱਛਮੀ ਪੰਜਾਬ ਦੇ ਜ਼ਿਲ੍ਹਾ ਟੋਭਾ ਟੇਕ ਸਿੰਘ ਦੇ ਪਿੰਡ ਚੱਕ ਨੰਬਰ 94 ਵਿਖੇ ਪਿਤਾ ਮੁਹੰਮਦ ਰਮਜ਼ਾਨ ਅਤੇ ਮਾਤਾ ਨਜ਼ੀਰਾਂ ਬੀਬੀ ਦੇ ਘਰ 1972 ਵਿੱਚ ਹੋਇਆ। ਇਸ ਪਰਿਵਾਰ ਦਾ ਪਿਛੋਕੜ ਸਾਂਝੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਤਾਜਪੁਰ ਦਾ ਹੈ। ਵੰਡ ਵੇਲੇ ਉਸ ਦੇ ਵਡੇਰਿਆਂ ਨੂੰ ਆਪਣੀ ਜੰਮਣ ਭੋਇੰ ਛੱਡ ਕੇ ਪਾਕਿਸਤਾਨ ਵਿੱਚ ਜਾਣਾ ਪਿਆ ਸੀ। ਮੰਨੇ ਜੱਟ ਦਾ ਅਸਲ ਨਾਂ ਤਾਲਬ ਹੁਸੈਨ ਹੈ। ਬਚਪਨ ਵਿੱਚ ਉਸ ਦੇ ਕਿਸੇ ਰਿਸ਼ਦੇਤਾਰ ਨੇ ਉਸ ਨੂੰ ‘ਮੰਨਾ ਜੱਟ’ ਕਹਿ ਦਿੱਤਾ ਤੇ ਫਿਰ ਇਹ ਨਾਂ ਹੀ ਪ੍ਰਚੱਲਤ ਹੋ ਗਿਆ। ਉਹ ਮਿਡਲ ਪਾਸ ਹੈ। ਬਚਪਨ ਵਿੱਚ ਉਹ ਉਸਤਾਦ ਮੁਹੰਮਦ ਸ਼ਰੀਫ ਦੀਆਂ ਕੈਸੇਟਾਂ ਸੁਣਦਾ ਹੁੰਦਾ ਸੀ। ਉਸ ਨੂੰ ‘ਜੋੜੀ’ ਦੀ ਹੂਕ ਬਹੁਤ ਚੰਗੀ ਲੱਗਦੀ ਸੀ। ਇਸ ਖਿੱਚ ਨੇ ਹੀ ਮੰਨੇ ਨੂੰ ਆਪਣੇ ਨਾਲ ਜੋੜ ਲਿਆ।
ਪਿੰਡ ਦੀ ਸੱਥ ਵਿੱਚ ਗੱਲਾਂ ਕਰਦੇ ਬੰਦਿਆਂ ਤੋਂ ਉਸ ਨੂੰ ਪਤਾ ਲੱਗਿਆ ਕਿ ਈਦ ’ਤੇ ਫੈਸਲਾਬਾਦ ਦੀ ਤੂੜੀ ਮੰਡੀ ਵਿੱਚ ਬਹੁਤ ਸਾਰੇ ਰਾਗੀ ਆਉਂਦੇ ਹਨ। ਇੱਕ ਈਦ ’ਤੇ ਉਹ ਕਿਸੇ ਵੱਡੀ ਉਮਰ ਦੇ ਬੰਦੇ ਨਾਲ ਤੂੜੀ ਮੰਡੀ ਚਲਾ ਗਿਆ। ਉੱਥੇ ਬਹੁਤ ਸਾਰੇ ਰਾਗੀ ਸਨ ਜੋ ਆਪੋ ਆਪਣੇ ਜੁੱਟਾਂ ਨਾਲ ਗਾ ਰਹੇ ਸਨ। ਇੱਥੇ ਉਸ ਨੇ ਪਹਿਲੀ ਵਾਰ ਮੁਹੰਮਦ ਸ਼ਰੀਫ, ਬਰਕਤ ਕਬੂਲੇ ਵਾਲਾ, ਵਜ਼ੀਦ ਅਲੀ ਸ਼ਾਹਕੋਟ, ਸਦਰਦੀਨ, ਰਫੀਕ ਮਲਕ ਅਤੇ ਕਈ ਹੋਰਾਂ ਨੂੰ ਦੇਖਿਆ ਤੇ ਸੁਣਿਆ। ਫਿਰ ਉਹ ਹਰ ਈਦ ’ਤੇ ਇੱਥੇ ਪਹੁੰਚ ਜਾਂਦਾ ਤੇ ਨੀਝ ਨਾਲ ‘ਗੌਣ’ ਸੁਣਦਾ। ਪੰਦਰਾਂ ਸੋਲਾਂ ਸਾਲ ਦੀ ਉਮਰ ਵਿੱਚ ਉਹ ਰਫੀਕ ਰਾਗੀ ਦਾ ਸ਼ਾਗਿਰਦ ਬਣ ਗਿਆ। ਉਸਤਾਦ ਦਾ ਪੂਰਾ ਨਾਂ ਮਲਕ ਮੁਹੰਮਦ ਰਫੀਕ ਸਮੁੰਦਰੀ ਵਾਲਾ ਹੈ। ਸ਼ੁਰੂ ਵਿੱਚ ਉਸ ਨੇ ਢੱਡ ਵਜਾਉਣੀ ਸਿੱਖੀ ਅਤੇ ਦੋ-ਤਿੰਨ ਸਾਲ ਉਸਤਾਦ ਦੇ ਨਾਲ ਰਿਹਾ। ਉਸ ਦੀ ਦਿਲੀ ਇੱਛਾ ਸੂਬੇ, ਰਹਿਮੇ ਅਤੇ ਸਲਾਮਤ ਵਾਂਗ ਤੂੰਬਾ ਵਾਦਕ ਬਣਨ ਦੀ ਸੀ। ਸੂਬੇ ਦਾ ਕਲਾਮ ‘ਓ ਮੇਲੇ ਜੀਂਦਿਆਂ’ ਉਸ ਨੂੰ ਬਹੁਤ ਚੰਗਾ ਲੱਗਦਾ ਸੀ, ਪ੍ਰੰਤੂ ਸੱਜੇ ਹੱਥ ਦੀ ਉਂਗਲ ’ਤੇ ਸੱਟ ਲੱਗੀ ਹੋਣ ਕਾਰਨ ਉਸ ਦਾ ਇਹ ਸ਼ੌਕ ਪੂਰਾ ਨਾ ਹੋ ਸਕਿਆ। ਬਾਅਦ ਵਿੱਚ ਜਦੋਂ ਉਹ ਉਸਤਾਦ ਸ਼ਰੀਫ ਦੇ ਸੰਪਰਕ ਵਿੱਚ ਆਇਆ ਤਾਂ ਉਸ ਦੇ ਹੱਲਾਸ਼ੇਰੀ ਦੇਣ ਅਤੇ ਲਗਾਤਾਰ ਪ੍ਰੈਕਟਿਸ ਕਰਨ ਨਾਲ ਵਧੀਆ ਤੂੰਬਾ ਵਾਦਕ ਬਣ ਗਿਆ।
ਸ਼ੁਰੂ ਵਿੱਚ ਮੰਨੇ ਜੱਟ ਨੇ ਤਾਲਬ ਚਿਮਟੇ ਵਾਲੇ ਅਤੇ 36 ਚੱਕ ਵਾਲੇ ਮਹਿੰਗੇ ਪਖੀਰ ਨੂੰ ਨਾਲ ਲਾ ਕੇ ਨੇੜੇ ਤੇੜੇ ਦੇ ਮੇਲਿਆਂ ’ਤੇ ਪ੍ਰੋਗਰਾਮ ਲਾਉਣੇ ਆਰੰਭ ਕਰ ਦਿੱਤੇ। ਉਸ ਦੀ ਆਵਾਜ਼ ਅਤੇ ਅੰਦਾਜ਼ ਨੂੰ ਦੇਖ ਕੇ ਦੂਸਰੇ ਰਾਗੀ ਉਸ ਨੂੰ ਆਪਣੇ ਨਾਲ ਲਿਜਾਣ ਲੱਗ ਪਏ। ਇਸ ਤਰ੍ਹਾਂ ਉਸ ਨੇ ਸਮੇਂ ਸਮੇਂ ’ਤੇ ਕਈ ਰਾਗੀਆਂ ਨਾਲ ਗਾਇਆ। ਬਾਅਦ ਵਿੱਚ ਹੌਲੀ ਹੌਲੀ ਉਹ ‘ਆਗੂ’ ਬਣ ਕੇ ਗਾਉਣ ਲੱਗ ਪਿਆ।
ਮੰਨੇ ਜੱਟ ਦੇ ਬਹੁਤ ਸਾਰਾ ਰਾਗ ਕੰਠ ਹੈ। ਇਨ੍ਹਾਂ ਵਿੱਚ ਪੀਰ ਗੌਂਸ ਪਾਕ, ਹਜ਼ਰਤ ਇਬਰਾਹੀਮ, ਸ਼ਾਹ ਮਨਸੂਰ, ਸ਼ਾਹ ਦਹੂਦ, ਦੁੱਲਾ ਭੱਟੀ, ਜੈਮਲ ਫੱਤਾ, ਮਿਰਜ਼ਾ, ਹੀਰ, ਸੱਸੀ, ਸੋਹਣੀ, ਮਲਕੀ, ਲੈਲਾ ਮਜਨੂੰ ਆਦਿ ਸ਼ਾਮਲ ਹਨ। ਲੜੀਆਂ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਉਸ ਨੂੰ ਬਹੁਤ ਸਾਰੇ ‘ਰੰਗ’ ਵੀ ਯਾਦ ਹਨ। ਉਸ ਦਾ ਪ੍ਰਸੰਗ ਵਿਖਿਆਨ ਦਾ ਅੰਦਾਜ਼ ਬਹੁਤ ਪ੍ਰਭਾਵਸ਼ਾਲੀ ਹੈ। ਉਹ ਸ਼ਬਦਾਂ ਰਾਹੀਂ ਦ੍ਰਿਸ਼ ਚਿਤਰਣ ਦਾ ਮਾਹਿਰ ਹੈ। ਸਰੋਤਿਆਂ ਨੂੰ ਹੂਬਹੂ ਸਾਹਮਣੇ ਘਟਨਾ ਵਾਪਰਦੀ ਪ੍ਰਤੀਤ ਹੁੰਦੀ ਹੈ।
ਅੱਜਕੱਲ੍ਹ ਉਹ ਰਾਗੀ ਅਬਦੁਲ ਗਫਾਰ ਦਾ ਜੋੜੀਦਾਰ ਹੈ। ਦੋਵੇਂ ਵਾਰੀ ਨਾਲ ਬਤੌਰ ਆਗੂ ਗਾਉਂਦੇ ਹਨ। ਇਨ੍ਹਾਂ ਦੇ ਸਾਥੀ ਹਨ ਮੁਹੰਮਦ ਅਸ਼ਰਫ ਉਰਫ ਅੱਛੂ ਤੂੰਬੇ ’ਤੇ, ਹੈਦਰ ਗੁੱਜਰ 94 ਚੱਕ ਵਾਲਾ ਜੋੜੀ ’ਤੇ ਅਤੇ ਮੁਹੰਮਦ ਵਲੀ 94 ਚੱਕ ਵਾਲਾ ਢੱਡ ’ਤੇ। ਉੱਧਰ ਇਸ ਜੁੱਟ ਦੀ ਚੰਗੀ ਪੈਂਠ ਹੈ। ਉਸ ਦੀ ਇੱਛਾ ਹੈ ਕਿ ਉਹ ਚੜ੍ਹਦੇ ਪੰਜਾਬ ਵਿੱਚ ਜਾ ਕੇ ਵੀ ਗਾਵੇ।

Advertisement

ਸੰਪਰਕ: 84271-00341

Advertisement

Advertisement
Author Image

sukhwinder singh

View all posts

Advertisement