ਰਵਾਇਤੀ ਗਾਇਕੀ ਦਾ ‘ਲੰਬੜਦਾਰ’ ਰਾਗੀ ਮਹਿੰਦਰ ਸਿੰਘ
ਹਰਦਿਆਲ ਸਿੰਘ ਥੂਹੀ
ਕਹਿੰਦੇ ਹਨ ਕਿ ਸ਼ੌਕ, ਰੁਤਬਿਆਂ ਤੇ ਆਹੁਦਿਆਂ ਦੀ ਪਰਵਾਹ ਨਹੀਂ ਕਰਦਾ। ਆਪਣੇ ਸ਼ੌਕ ਦੀ ਪੂਰਤੀ ਲਈ ਵਿਅਕਤੀ ਇਹ ਨਹੀਂ ਸੋਚਦਾ ਕਿ ‘ਲੋਕ ਕੀ ਕਹਿਣਗੇ’। ਉਹ ਤਾਂ ਬਸ ਆਪਣਾ ਸ਼ੌਕ ਪੂਰਾ ਕਰਕੇ ਹੀ ਰਹਿੰਦਾ ਹੈ। ਅਜਿਹਾ ਹੀ ਇੱਕ ਸ਼ਖ਼ਸ ਤੂੰਬੇ ਅਲਗੋਜ਼ੇ ਦੀ ਗਾਇਕੀ ਦਾ ਮੁਰੀਦ ਬਣਿਆ, ਜਿਸ ਨੂੰ ਪਿੰਡ ਦੀ ‘ਲੰਬੜਦਾਰੀ’ ਪਰਿਵਾਰਕ ਵਿਰਾਸਤ ਵਜੋਂ ਮਿਲੀ। ਉਸ ਨੇ ਸਾਥੀ ਗਾਇਕਾਂ ਅਤੇ ਸਰੋਤਿਆਂ ਵਿੱਚ ਬਤੌਰ ‘ਲੰਬੜਦਾਰ ਰਾਗੀ’ ਪ੍ਰਸਿੱਧੀ ਪ੍ਰਾਪਤ ਕੀਤੀ। ਇਸ ਲੰਬੜਦਾਰ ਰਾਗੀ ਦਾ ਨਾਂ ਹੈ ਮਹਿੰਦਰ ਸਿੰਘ।
ਮਹਿੰਦਰ ਸਿੰਘ ਦਾ ਜਨਮ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਿਲੌਰ ਦੇ ਪਿੰਡ ਸਾਧਪੁਰ ਵਿਖੇ 1942 ਨੂੰ ਪਿਤਾ ਗੁਰਚੈਨ ਸਿੰਘ ਤੇ ਮਾਤਾ ਅਮਰ ਕੌਰ ਦੇ ਜ਼ਿਮੀਂਦਾਰ ਪਰਿਵਾਰ ਵਿੱਚ ਹੋਇਆ। ਉਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਦੋ ਭੈਣਾਂ ਵੱਡੀਆਂ ਤੇ ਇੱਕ ਉਸ ਤੋਂ ਛੋਟੀ ਸੀ। ਉਹ ਭਾਵੇਂ ਸਕੂਲ ਨਹੀਂ ਗਿਆ, ਪਰ ਬਾਅਦ ਵਿੱਚ ਆਪਣੀ ਹਿੰਮਤ ਨਾਲ ਅੱਖਰ ਜੋੜਨੇ ਸਿੱਖ ਕੇ ਥੋੜ੍ਹਾ ਪੜ੍ਹਨ ਯੋਗ ਹੋ ਗਿਆ। ਬਾਰਾਤਾਂ ਵਿੱਚ ਆਉਂਦੇ ਤੇ ਮੇਲਿਆਂ ਵਿੱਚ ਗਾਉਂਦੇ ਗਮੰਤਰੀਆਂ ਨੂੰ ਸੁਣ-ਸੁਣ ਕੇ ਉਸ ਅੰਦਰ ਤੂੰਬੇ ਅਲਗੋਜ਼ੇ ਦੀ ਗਾਇਕੀ ਪ੍ਰਤੀ ਖਿੱਚ ਪੈਦਾ ਹੋ ਗਈ। ਬਚਪਨ ਤੋਂ ਜਵਾਨੀ ਤੱਕ ਪਹੁੰਚਦਿਆਂ ਇਹ ਖਿੱਚ ਪ੍ਰਬਲ ਹੁੰਦੀ ਗਈ। ਇਸ ਖਿੱਚ ਦਾ ਖਿੱਚਿਆ ਸੋਲਾਂ ਸਤਾਰਾਂ ਸਾਲ ਦੀ ਚੜ੍ਹਦੀ ਜਵਾਨੀ ਦੀ ਉਮਰ ਵਿੱਚ ਉਹ ਪ੍ਰਸਿੱਧ ਗਮੰਤਰੀ ਫਗਵਾੜੇ ਦੇ ਨੇੜੇ ਪਿੰਡ ਬੁਰਜ ਵਾਲੇ ਨਾਮੇ (ਹਰਨਾਮਾ) ਕੋਲ ਪਹੁੰਚ ਗਿਆ। ਉਸਤਾਦ ਕੋਲੋਂ ਉਸ ਨੇ ਇਸ ਗਾਇਕੀ ਦੀਆਂ ਬਾਰੀਕੀਆਂ ਬਾਰੇ ਜਾਣਿਆ। ਇਸ ਦੇ ਨਾਲ ਨਾਲ ਪ੍ਰਸਿੱਧ ਰਾਗੀ ਢੱਕ ਮਜਾਰੇ ਵਾਲੇ ਅਬਾਦ ਅਲੀ ਪਾਸੋਂ ਬਹੁਤ ਸਾਰੀਆਂ ‘ਬੀੜਾਂ’ (ਲੜੀ-ਬੱਧ ਰਾਗ) ਕੰਠ ਕੀਤਾ। ਇੰਨਾ ਕੁਝ ਹਾਸਲ ਕਰਨ ਦੇ ਬਾਵਜੂਦ ਉਹ ਸਿੱਧਾ ‘ਪਿੜ’ (ਅਖਾੜੇ) ਵਿੱਚ ਨਹੀਂ ਉਤਰਿਆ। ਉਸ ਨੂੰ ‘ਪਿੜ’ ਵਿੱਚ ਲੈ ਕੇ ਜਾਣ ਦਾ ਸਿਹਰਾ ਮੁਕੰਦਪੁਰ ਦੇ ਨੇੜਲੇ ਪਿੰਡ ਫਰੋਜ਼ਪੁਰ ਦੇ ਗਮੰਤਰੀ ਖੁਸ਼ੀ ਮੁਹੰਮਦ ਸਿਰ ਬੱਝਦਾ ਹੈ। ਖੁਸ਼ੀ ਮੁਹੰਮਦ ਦੀ ਹੌਸਲਾ ਅਫ਼ਜ਼ਾਈ ਨਾਲ ਉਹ ਐਸਾ ਤੁਰਿਆ ਕਿ ਪਿੱਛੇ ਮੁੜ ਕੇ ਨਹੀਂ ਵੇਖਿਆ। ਖੁਸ਼ੀ ਮੁਹੰਮਦ ਨੇ ਲੰਮਾ ਸਮਾਂ ਉਸ ਦਾ ਸਾਥ ਨਿਭਾਇਆ। ਇਨ੍ਹਾਂ ਦਾ ਤੀਜਾ ਸਾਥੀ ‘ਜੋੜੀ ਵਾਲਾ’ ਮੋਰੋਂ ਪਿੰਡ ਦਾ ਪ੍ਰੀਤੂ ਸੀ।
ਮਹਿੰਦਰ ਸਿੰਘ ਦੇ ਸਾਥੀਆਂ ਵਿੱਚ ਸਮੇਂ ਸਮੇਂ ’ਤੇ ਪ੍ਰੀਤੂ ਬੁੰਡਾਲੇ ਵਾਲਾ, ਕੁੱਕੂ (ਜਰਨੈਲ ਸਿੰਘ) ਭਾਰ ਸਿੰਘ ਪੂਰੇ ਵਾਲਾ, ਜੋੜੀ ਵਾਲੇ ਰਾਮੂ ਚੱਕ ਵਾਲਾ ਪਰਗਣ ਤੇ ਫਰਵਾਲੇ ਵਾਲਾ ਗਿਆਨ ਸਾਥ ਦਿੰਦੇ ਰਹੇ। ਇਨ੍ਹਾਂ ਤੋਂ ਇਲਾਵਾ ਢੱਕ ਮਜਾਰੇ ਵਾਲਾ ਬੂਟਾ ਮੁਹੰਮਦ ਵੀ ਕਦੇ ਕਦੇ ਸਾਥ ਨਿਭਾ ਦਿੰਦਾ ਸੀ। ਮਹਿੰਦਰ ਸਿੰਘ ਨੇ ਕੁਝ ਸ਼ਾਗਿਰਦਾਂ ਨੂੰ ਵੀ ਅਗਵਾਈ ਦੇ ਕੇ ਇਸ ਗਾਇਕੀ ਨਾਲ ਜੋੜਿਆ। ਇਨ੍ਹਾਂ ਸ਼ਾਗਿਰਦਾਂ ਨੇ ਕਈ ਕਈ ਸਾਲ ਆਪਣੇ ਉਸਤਾਦ ਨਾਲ ਰਹਿ ਕੇ ਇਸ ਰਾਗ ਨੂੰ ਆਪਣੇ ਅੰਦਰ ਵਸਾਇਆ। ਪਿੰਡ ਮੀਰਪੁਰ ਲੱਖਾ ਦੇ ਕਸ਼ਮੀਰੇ ਨੇ ਚੰਗਾ ਨਾਮਣਾ ਖੱਟਿਆ। ਇਸੇ ਤਰ੍ਹਾਂ ਪਿੰਡ ਬੁੰਡਾਲੇ ਵਾਲਾ ਰਣਜੀਤ ਸਿੰਘ ਰਾਣਾ ਨੌਜਵਾਨ ਰਾਗੀਆਂ ਵਿੱਚੋਂ ਸਿਰਕੱਢ ਰਾਗੀ ਹੈ ਅਤੇ ਉਹ ਮਾਣ ਨਾਲ ਦੱਸਦਾ ਹੈ ਕਿ ਮੈਂ ਸਾਧਪੁਰ ਵਾਲੇ ਰਾਗੀ ਮਹਿੰਦਰ ਸਿੰਘ ਲੰਬੜਦਾਰ ਦਾ ਸ਼ਾਗਿਰਦ ਹਾਂ।
ਤੂੰਬੇ ਅਲਗੋਜ਼ੇ ਦੀ ਗਾਇਕੀ ਨਾਲ ਜੁੜੇ ਆਮ ਗਮੰਤਰੀਆਂ ਵਾਂਗ ਮਹਿੰਦਰ ਸਿੰਘ ਵੀ ਹੀਰ, ਸੱਸੀ, ਸੋਹਣੀ, ਮਲਕੀ, ਮਿਰਜ਼ਾ, ਪੂਰਨ, ਕੌਲਾਂ, ਦੁੱਲਾ ਭੱਟੀ, ਜਿਉਣਾ ਮੌੜ, ਦਹੂਦ, ਢੋਲ ਸੱਮੀ ਆਦਿ ਲੜੀਬੱਧ ਰਾਗ ਗਾਉਂਦਾ ਸੀ। ਸਮੇਂ ਅਨੁਸਾਰ ਸਰੋਤਿਆਂ ਦੀ ਮੰਗ ’ਤੇ ਉਸ ਨੇ ਹੋਰ ਰੰਗ ਵੀ ਸੁਣਾਏ। ਰਵਾਇਤੀ ਮੇਲਿਆਂ ਤੋਂ ਇਲਾਵਾ ਦੁਆਬੇ ਵਿੱਚ ਪੀਰਾਂ ਫ਼ਕੀਰਾਂ ਦੇ ਸਥਾਨਾਂ ’ਤੇ ਲੱਗਦੇ ਸਥਾਨਕ ਮੇਲਿਆਂ ’ਤੇ ਵੀ ਮਹਿੰਦਰ ਸਿੰਘ ਦਾ ਜੁੱਟ ਹਾਜ਼ਰੀ ਲੁਆਉਂਦਾ ਸੀ।
ਉਸ ਨੂੰ ਰੇਡੀਓ ਜਾਂ ਟੀ.ਵੀ. ’ਤੇ ਜਾਣ ਦਾ ਮੌਕਾ ਤਾਂ ਭਾਵੇਂ ਕਦੇ ਨਹੀਂ ਮਿਲਿਆ, ਪਰ ਸੋਸ਼ਲ ਮੀਡੀਆ ਦੀ ਸੁਵਿਧਾ ਕਾਰਨ ਉਨ੍ਹਾਂ ਦੀ 27-28 ਮਿੰਟ ਦੀ ਰਿਕਾਰਡਿੰਗ ਇੰਟਰਨੈੱਟ ’ਤੇ ਉਪਲੱਬਧ ਹੈ, ਜੋ ਲੋਕ ਗਾਥਾ ਮਿਰਜ਼ਾ ਵਿੱਚੋਂ ਹੈ। ਇਹ ਲੜੀਬੱਧ ਹੈ। ਇਸ ਵਿੱਚ ਮਹਿੰਦਰ ਸਿੰਘ ਦਾ ਵਿਖਿਆਨ ਢੰਗ ਬਹੁਤ ਪ੍ਰਭਾਵਸ਼ਾਲੀ ਹੈ। ਵਾਰਤਾ ਥੋੜ੍ਹੀ ਲੰਬੀ ਹੈ ਜਿਸ ਦਾ ਸਾਰਾਂਸ਼ ਇਸ ਤਰ੍ਹਾਂ ਹੈ। ਜਦੋਂ ਚੰਧੜਾਂ ਤੇ ਸਿਆਲਾਂ ਵੱਲੋਂ ਮਿਰਜ਼ੇ ਨੂੰ ਮਾਰ ਦਿੱਤਾ ਜਾਂਦਾ ਹੈ। ਸਾਹਿਬਾਂ ਲਾਸ਼ ਦੇ ਕੋਲ ਬੈਠੀ ਵਿਰਲਾਪ ਕਰਦੀ ਹੈ। ਓਧਰੋਂ ਮਿਰਜ਼ੇ ਦਾ ਪਿਉ ਤੇ ਭਰਾ ਵਾਹਰ ਲੈ ਕੇ ਆ ਜਾਂਦੇ ਹਨ। ਵੰਝਲ ਸਾਹਿਬਾਂ ਨੂੰ ਪੁੱਛਦਾ ਹੈ: ਮਿਰਜ਼ੇ ਦੀ ਮੌਤ ਕਿਸ ਤਰ੍ਹਾਂ ਹੋਈ? ਸਾਹਿਬਾਂ ਵੱਲੋਂ ਇਸ ਤਰ੍ਹਾਂ ਬਿਆਨ ਕੀਤਾ ਜਾਂਦਾ ਹੈ:
ਕੀ ਪੁੱਛਦੈਂ ਮਿਰਜ਼ੇ ਦਿਆ ਵਾਰਸਾ,
ਮੇਰੇ ਦੱਸਣੇ ਦੀ ਵਾਹ ਨੀ ਕਾ।
ਮੈਨੂੰ ਲੱਗ ਗਏ ਧੱਫੇ ਇਸ਼ਕ ਦੇ, ਮੇਰੀ ਮਾਰੀ ਓ ਮੱਤ ਖ਼ੁਦਾ।
ਏਹਨੂੰ ਖੀਵੇ ਦੇ ਪੁੱਤ ਸ਼ਮੀਰ ਨੇ, ਫੇਰ ਮਾਰੀ ਤੇਗ ਉਠਾ।
ਜੱਟ ਦੇ ਪੰਜੇ ਰਹਿ ਗਏ ਲਮਕਦੇ,
ਬਾਹਾਂ ਕੂਹਣੀਆਂ ਤੇ ਸਿੱਟੀਆਂ ਲਾਹ।
ਫੇਰ ਡਿੱਗ ਪਿਆ ਬੁੱਤ ਜ਼ਮੀਨ ’ਤੇ, ਬੱਕਰੇ ਵਾਂਗ ਅਰੜਾ।
ਪਾਪੀ ਸਿਰ ਦਾ ਸਾਫਾ ਲਾਹ ਕੇ, ਗਲ ਵਿੱਚ ਲੈਂਦੇ ਪਾ।
ਇਸ ਤਰ੍ਹਾਂ ਲੜੀ ਨਾਲ ਲੜੀ ਜੁੜ ਕੇ ਕਥਾ ਅੱਗੇ ਚੱਲਦੀ ਰਹਿੰਦੀ ਹੈ। 1961-62 ਦੇ ਦੌਰਾਨ ਮਹਿੰਦਰ ਸਿੰਘ ਦਾ ਵਿਆਹ ਗੁਰਾਇਆ ਨੇੜਲੇ ਪਿੰਡ ਲੱਲੀਆਂ ਵਿਖੇ ਭਗਤ ਸਿੰਘ ਦੀ ਧੀ ਸਿਮਰ ਕੌਰ ਨਾਲ ਹੋਇਆ। ਇਨ੍ਹਾਂ ਦੇ ਘਰ ਦੋ ਪੁੱਤਰ ਪੈਦਾ ਹੋਏ। ਵੱਡੇ ਦਾ ਨਾਂ ਸਤਨਾਮ ਸਿੰਘ ਹੈ ਅਤੇ ਛੋਟੇ ਦਾ ਅਮਰਜੀਤ ਸਿੰਘ। ਵੱਡਾ ਸਤਨਾਮ ਸਿੰਘ ਭਾਵੇਂ ਆਪਣੇ ਪਿਉ ਮਹਿੰਦਰ ਸਿੰਘ ਵਾਂਗ ਪੂਰੀ ਤਰ੍ਹਾਂ ਇਸ ਗਾਇਕੀ ਨਾਲ ਜੁੜਿਆ ਤਾਂ ਨਹੀਂ, ਪਰ ਗਾਉਣ ਦਾ ਸ਼ੌਕ ਜ਼ਰੂਰ ਰੱਖਦਾ ਹੈ। ਉਸ ਨੂੰ ਬਹੁਤ ਸਾਰਾ ‘ਗੌਣ’ ਕੰਠ ਹੈ। ਉਸ ਨੇ ਦੱਸਿਆ ਕਿ ਸ਼ੌਕ ਤਾਂ ਬਹੁਤ ਸੀ, ਪਰ ਵਾਹੀ ਦੇ ਕੰਮ ’ਚੋਂ ਸਮਾਂ ਹੀ ਨਹੀਂ ਸੀ ਮਿਲਦਾ। ਬਾਪੂ ਨੂੰ ਅਸੀਂ ਕਦੇ ਰੋਕਿਆ ਨਹੀਂ ਸੀ, ਕੰਮ ਦੀ ਸਾਰੀ ਜ਼ਿੰਮੇਵਾਰੀ ਆਪ ਸੰਭਾਲ ਲਈ। ਸੋ ਮਹਿੰਦਰ ਸਿੰਘ ਘਰੇਲੂ ਜ਼ਿੰਮੇਵਾਰੀਆਂ ਤੋਂ ਮੁਕਤ ਸਾਰੀ ਉਮਰ ਆਪਣਾ ਸ਼ੌਕ ਪਾਲਦਾ ਰਿਹਾ। ਆਖਿਰ 3 ਮਾਰਚ 2019 ਨੂੰ 76 ਸਾਲ ਦੀ ਤੰਦਰੁਸਤ ਉਮਰ ਹੰਢਾ ਕੇ ਉਸ ਦੀ ਰੂਹ ਬੁੱਤ ਰੂਪੀ ਪਿੰਜਰੇ ਵਿੱਚੋਂ ਉਡਾਰੀ ਮਾਰ ਗਈ। ਅੱਜ ਭਾਵੇਂ ਉਹ ਸਰੀਰਕ ਤੌਰ ’ਤੇ ਸਾਡੇ ਵਿੱਚ ਨਹੀਂ, ਪਰ ਉਸ ਦੀ ਆਵਾਜ਼ ਜ਼ਰੂਰ ਸੁਣੀ ਜਾ ਸਕਦੀ ਹੈ। ਕੇਵਲ ਬੋਲ ਹੀ ਨਹੀਂ ਸੁਣੇ ਜਾ ਸਕਦੇ, ਸਗੋਂ ਉਸ ਨੂੰ ਗਾਉਂਦੇ ਵੇਖਿਆ ਵੀ ਜਾ ਸਕਦਾ ਹੈ।
ਸੰਪਰਕ: 84271-00341