ਤੂੰਬੇ-ਅਲਗੋਜ਼ੇ ਦੀ ਗਾਇਕੀ ਦਾ ਕੋਸ਼ ਰਾਗੀ ਮਹਿੰਦਰ ਰਾਮ ਮਾਣੇਵਾਲ
ਤੂੰਬੇ-ਅਲਗੋਜ਼ੇ ਦੀ ਗਾਇਕੀ ਵਿਚ ਤੂੰਬਾ ਵਾਦਕ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਉਸ ਨੇ ਤੂੰਬਾ ਵਜਾਉਣ ਦੇ ਨਾਲ ਨਾਲ ਬਤੌਰ ਪਾਛੂ ਗਾਉਣਾ ਵੀ ਹੁੰਦਾ ਹੈ। ਅਸਲ ਵਿਚ ਤਾਂ ਇਸ ਗਾਇਕੀ ਦੀ ਸ਼ੁਰੂਆਤ ਹੀ ਤੂੰਬੇ ਦੀ ਸਿਖਲਾਈ ਤੋਂ ਹੁੰਦੀ ਹੈ। ਸਾਰੇ ਆਗੂ ਪਹਿਲਾਂ ਪਹਿਲ ਬਤੌਰ ਪਾਛੂ ਹੀ ਗਾਉਂਦੇ ਹਨ। ਕਈ ਜਲਦੀ ਹੀ ਆਗੂ ਬਣ ਜਾਂਦੇ ਹਨ, ਪਰ ਕਈ ਬਤੌਰ ਪਾਛੂ ਹੀ ਉਮਰ ਗੁਜ਼ਾਰ ਦਿੰਦੇ ਹਨ। ਅਜਿਹੇ ਤਜਰਬੇਕਾਰ ਪਾਛੂ ਨੂੰ ਹਰ ਆਗੂ ਆਪਣੇ ਗਰੁੱਪ ਵਿਚ ਰੱਖਣਾ ਚਾਹੁੰਦਾ ਹੈ। ਅਜਿਹਾ ਹੀ ਇੱਕ ਤੂੰਬਾ ਵਾਦਕ ਹੋਇਆ ਹੈ ਮਹਿੰਦਰ ਰਾਮ ਮਾਣੇਵਾਲ।
ਮਹਿੰਦਰ ਰਾਮ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਿੰਬਲੀ ਵਿਖੇ 1936 ਵਿਚ ਪਿਤਾ ਰੱਖਾ ਰਾਮ ਤੇ ਮਾਤਾ ਬੰਤੀ ਦੇਵੀ ਦੇ ਕਿਰਤੀ ਬੱਧਨ ਪਰਿਵਾਰ ਵਿਚ ਹੋਇਆ। ਅੱਜਕੱਲ੍ਹ ਇਹ ਪਿੰਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਪੈਂਦਾ ਹੈ। ਆਪਣੀ ਜੀਵਨ ਵਿਥਿਆ ਸਾਂਝੀ ਕਰਦੇ ਹੋਏ ਮਹਿੰਦਰ ਰਾਮ ਨੇ ਦੱਸਿਆ ਕਿ ਉਸ ਨੇ ਅਜੇ ਸੁਰਤ ਵੀ ਨਹੀਂ ਸੰਭਾਲੀ ਸੀ ਕਿ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਮਾਮੇ ਉਸ ਨੂੰ ਆਪਣੇ ਕੋਲ ਨਾਨਕੇ ਪਿੰਡ ਮਾਣੇਵਾਲ ਲੈ ਆਏ। ਮਾਣੇਵਾਲ ਪਿੰਡ ਵੀ ਤਹਿਸੀਲ ਬਲਾਚੌਰ ਵਿਚ ਹੀ ਪੈਂਦਾ ਹੈ। ਉਸ ਨੇ ਪ੍ਰਾਇਮਰੀ ਪੱਧਰ ਦੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਮੁੱਤੋਂ ਤੋਂ ਪ੍ਰਾਪਤ ਕੀਤੀ। ਉਹ ਪੜ੍ਹਾਈ ਵਿਚ ਹੁਸ਼ਿਆਰ ਅਤੇ ਤੇਜ਼ ਬੁੱਧੀ ਦਾ ਮਾਲਕ ਸੀ। ਇਸ ਲਈ ਮਾਮਿਆਂ ਨੇ ਉਸ ਨੂੰ ਅਗਲੀ ਪੜ੍ਹਾਈ ਲਈ ਡੀ.ਏ.ਵੀ. ਹਾਈ ਸਕੂਲ, ਕਾਠਗੜ੍ਹ ਵਿਚ ਦਾਖਲ ਕਰਵਾ ਦਿੱਤਾ। ਇੱਥੋਂ ਉਸ ਨੇ 1954 ਵਿਚ ਦਸਵੀਂ ਜਮਾਤ ਪਾਸ ਕੀਤੀ।
ਮਹਿੰਦਰ ਰਾਮ ਦੇ ਮਾਮੇ ਸਾਈਂ ਰਾਮ ਤੇ ਦਲੀਪ ਚੰਦ ਤੂੰਬੇ ਅਲਗੋਜ਼ਿਆਂ ਨਾਲ ਗਾਉਂਦੇ ਸਨ ਤੇ ਆਪਣੇ ਸਮੇਂ ਦੇ ਪ੍ਰਸਿੱਧ ਰਾਗੀ ਸਨ। ਉਨ੍ਹਾਂ ਨੂੰ ਸੁਣ ਸੁਣ ਕੇ ਦਸ ਬਾਰਾਂ ਸਾਲ ਦੀ ਉਮਰ ਵਿਚ ਹੀ ਉਸ ਨੂੰ ਗਾਇਕੀ ਦੀ ਚੇਟਕ ਲੱਗ ਗਈ। ਆਪਣੇ ਮਾਮੇ ਸਾਈਂ ਰਾਮ ਨੂੰ ਉਸਤਾਦ ਧਾਰ ਕੇ ਉਸ ਨੇ ਬਕਾਇਦਾ ਇਸ ਗਾਇਕੀ ਦੀਆਂ ਬਾਰੀਕੀਆਂ ਬਾਰੇ ਜਾਣਿਆ। ਸਾਈਂ ਰਾਮ ਦਾ ਉਸਤਾਦ ਖਲੀਲ ਮੁਹੰਮਦ ਸ਼ੇਰੀਆ ਸੀ। ਇਸ ਗਾਇਕੀ ਦੇ ਉੱਘੇ ਗਾਇਕ ਸਦੀਕ ਮੁਹੰਮਦ ਔੜ ਨੂੰ ਵੇਖ ਸੁਣ ਕੇ ਵੀ ਸਾਈਂ ਰਾਮ ਨੇ ਬਹੁਤ ਕੁਝ ਸਿੱਖਿਆ। ਸਾਈਂ ਰਾਮ ਹੋਰਾਂ ਦਾ ਤੀਸਰਾ ਹਮ ਉਮਰ ਸਾਥੀ ਗਾਇਕ ਦੁੱਲਾ ਮਾਣੇਵਾਲ ਸੀ ਜੋ 1947 ਵਿਚ ਪੰਜਾਬ ਵੰਡ ਵੇਲੇ ਲਹਿੰਦੇ ਪੰਜਾਬ ਚਲਾ ਗਿਆ ਸੀ। ਲਗਾਤਾਰ ਕਈ ਸਾਲ ਉਸ ਨੇ ਆਪਣੇ ਮਾਮਿਆਂ ਦੀ ਅਗਵਾਈ ਹੇਠ ਗਾਇਆ। ਹੁਣ ਉਹ ਇਸ ਗਾਇਕੀ ਦੇ ਚਹੇਤਿਆਂ ਵਿਚ ‘ਮਹਿੰਦਰ ਮਾਣੇਵਾਲ’ ਵਜੋਂ ਜਾਣਿਆ ਜਾਣ ਲੱਗਾ।
ਮਹਿੰਦਰ ਰਾਮ ਨੇ ਜ਼ਿਆਦਾਤਰ ਤੂੰਬਾ ਵਾਦਕ ਵਜੋਂ ਬਤੌਰ ਪਾਛੂ ਹੀ ਗਾਇਆ। 55 ਰੁਪਏ ਦਾ ਖਰੀਦਿਆ ਤੂੰਬਾ ਅੱਜ ਵੀ ਉਸ ਕੋਲ ਸਾਂਭਿਆ ਪਿਆ ਹੈ। ਉਸ ਨੇ ਸੁਰਤਾ ਰਾਮ ਬਾਲੇਵਾਲ, ਕਿਸ਼ਨ ਕਲਾਰੂ, ਪੂਰਨ ਜੋਗੀ ਸ਼ੰਕਰ ਟਕਰਾਲ, ਜਗਨਾ ਲੰਗੜੋਏ ਵਾਲਾ ਤੇ ਹੋਰ ਕਈ ਆਗੂ ਸਾਥੀਆਂ ਦੀ ਅਗਵਾਈ ਹੇਠ ਗਾਇਆ। ਉਸ ਨੂੰ ਦੋ ਸੌ ਘੰਟੇ ਤੱਕ ਦਾ ਰਾਗ ਜ਼ੁਬਾਨੀ ਕੰਠ ਹੈ। ਇਸ ਲੜੀਬੱਧ ਰਾਗ ਵਿਚ ਕੌਲਾਂ, ਪੂਰਨ, ਮਿਰਜ਼ਾ, ਹੀਰ, ਯੂਸਫ਼ ਜੁਲੈਖਾ, ਸ਼ੀਰੀ ਫਰਿਹਾਦ, ਸੋਹਣੀ ਮਹੀਂਵਾਲ, ਪ੍ਰਤਾਪੀ ਸੁਨਿਆਰੀ, ਦੁੱਲਾ ਭੱਟੀ, ਜਿਉਣਾ ਮੌੜ, ਰਾਜਾ ਰਸਾਲੂ, ਲਛਮਣ ਜਤੀ, ਰਾਜਾ ਨਲ, ਰਾਜਾ ਹਰੀਸ਼ ਚੰਦਰ ਆਦਿ ਗਾਥਾਵਾਂ ਸ਼ਾਮਲ ਹਨ। ਪੇਸ਼ ਹਨ ਇੱਕ ਦੋ ਨਮੂਨੇ:-
ਪੂਰਨ : ਕਿਸ਼ਨਾ ਪੰਡਤ ਕੂਕਿਆਂ, ਡਾਢੀ ਕਰੇ ਪੁਕਾਰ।
ਕੌਣ ਉਤਰੇ ਵਿਚ ਬਾਗ ਦੇ, ਜਾਦੂ ਖੋਰ ਬਦਕਾਰ।
ਖੇਲੋਂ ਵਾਂਗ ਮਦਾਰੀਆਂ, ਏਥੇ ਬਾਗ ’ਚ ਪਾਲ਼ੇ ਕਾਰ
ਹੁਕਮ ਹੈ ਲੂਣਾ ਪਰੀ ਦਾ, ਨਰ ਉਤਰੇ ਨਾ ਨਾਰ।
ਜੇ ਦੇਖੀ ਪੈੜ ਮਨੁੱਖ ਦੀ, ਜਾਨੋ ਸਿੱਟੂਗੀ ਮਾਰ।
ਜੇ ਪਤਾ ਰਾਜੇ ਨੂੰ ਕਰ ਦਿਆਂ,
ਚੜ੍ਹਕੇ ਆਜੂ ਆਪ ਸਰਕਾਰ।
ਥੁਆਡੇ ਅਲੀਆਂ ਛਮਕਾਂ ਮਾਰਕੇ, ਦਊਗੀ ਖੱਲ ਉਤਾਰ।
ਆਸਣ ਚੱਕ ਲਓ ਸਾਧੂਓ, ਤੁਸੀਂ ਬਾਗ ’ਚੋਂ ਹੋ ਜੋ ਬਾਹਰ।
ਦੁੱਲਾ : ਵਿਦਿਆ ਕਰਨ ਨੂੰ ਚੱਲਿਆ,
ਦੁੱਲਾ ਭੱਟੀ ਦਿਲਾਵਰ ਖੋਰ।
ਕੰਢੇ ਆ ਗਏ ਫੇਰ ਝਨਾਂ ਦੇ, ਜਿੱਥੇ ਡਾਕੂ ਰਹਿੰਦੇ ਚੋਰ।
ਵਿਦਿਆ ਕਰਕੇ ਮੁੜ ਪਿਆ, ਲੈਂਦਾ ਲੱਖੀ ਨੂੰ ਮੋੜ।
ਅਕਬਰ ਵਾਜਾਂ ਮਾਰੀਆਂ, ਦੁੱਲਿਆ ਆ ਜਾ ਮੇਰੇ ਕੋਲ।
ਚੱਲ ਚੱਲੀਏ ਵਿਚ ਲਾਹੌਰ ਦੇ, ਤੈਨੂੰ ਧਰਤੀ ਦਿਖਾਲਾਂ ਹੋਰ।
ਪੁੱਛੂਗਾ ਸ਼ੇਖੂ ਬਾਦਸ਼ਾਹ, ਕਿੱਥੇ ਆਇਐਂ ਭਰਾ ਨੂੰ ਛੋੜ।
ਦੁੱਲਾ ਰਥ ਵਿਚ ਬਹਿ ਗਿਆ, ਹੱਥੋਂ ਛੱਡ ਕੇ ਲੱਖੀ ਦੀ ਡੋਰ।
ਆ ਗਿਆ ਵਿਚ ਲਹੌਰ ਦੇ, ਦੁੱਲਾ ਭੱਟੀ ਦਿਲਾਵਰ ਖੋਰ।
ਦੁੱਲੇ ਨੇ ਪਾਣੀ ਮੰਗਿਆ, ਦਿੱਤੀ ਜ਼ਹਿਰ ਅਕਬਰ ਨੇ ਘੋਲ।
ਗਟ ਗਟ ਕਰਕੇ ਪੀ ਗਿਆ,
ਨਹੀਂ ਅੱਖ ਦਾ ਲਾਇਆ ਫੋਰ।
ਦੇਹੀ ਸੁਸਰੀ ਵਾਂਗੂੰ ਸੌਂ ਗਈ, ਜਦ ਦੇ ਲਈ ਨਸ਼ੇ ਨੇ ਲੋਰ।
ਪੀਰਾਂ ਫਕੀਰਾਂ ਦੀ ਯਾਦ ਵਿਚ ਭਰਦੇ ਮੇਲਿਆਂ ਅਤੇ ਉਰਸਾਂ ’ਤੇ ਇਨ੍ਹਾਂ ਦੇ ਅਖਾੜੇ ਆਮ ਹੀ ਲੱਗਦੇ ਸਨ। ਇਨ੍ਹਾਂ ਤੋਂ ਇਲਾਵਾ ਪਿੰਡ ਸਾਂਝੇ ਇਕੱਠਾਂ ਅਤੇ ਵਿਆਹਾਂ ਸ਼ਾਦੀਆਂ ਦੇ ਨਿੱਜੀ ਪ੍ਰੋਗਰਾਮਾਂ ’ਤੇ ਵੀ ਲੋਕ ਇਨ੍ਹਾਂ ਨੂੰ ਬੁਲਾਉਂਦੇ ਸਨ। ਪੂਰੇ ਛੇ ਦਹਾਕੇ ਉਸ ਨੇ ਰੱਜ ਕੇ ਗਾਇਆ। ਪਿਛਲੇ ਛੇ ਸੱਤ ਸਾਲਾਂ ਤੋਂ ਉਸ ਨੇ ਅਖਾੜਿਆਂ ਵਿਚ ਗਾਉਣਾ ਛੱਡ ਦਿੱਤਾ ਹੈ। ਭਾਵੇਂ ਉਸ ਨੇ ਅਖਾੜਿਆਂ ਵਿਚ ਜਾਣਾ ਤਾਂ ਛੱਡ ਦਿੱਤਾ ਹੈ, ਪਰ ਘਰ ਜਦੋਂ ਵੀ ਵਕਤ ਲੱਗਦਾ ਹੈ, ਉਹ ਗਾ ਕੇ ਆਪਣਾ ਝੱਸ ਜ਼ਰੂਰ ਪੂਰਾ ਕਰ ਲੈਂਦਾ ਹੈ। ਅੱਜ ਵੀ ਉਸ ਦੀ ਆਵਾਜ਼ ਉਸੇ ਤਰ੍ਹਾਂ ਬੁਲੰਦ ਅਤੇ ਟੁਣਕਵੀਂ ਹੈ।
ਦੇਸ਼ ਵੰਡ ਵੇਲੇ ਦਾ ਵਰਤਾਰਾ ਮਹਿੰਦਰ ਰਾਮ ਨੇ ਅੱਖੀਂ ਦੇਖਿਆ। ਉਦੋਂ ਉਹ ਚੌਥੀ ਜਮਾਤ ਵਿਚ ਪੜ੍ਹਦਾ ਸੀ। ਇਸ ਵੰਡ ਦੇ ਕਾਰਨ ਉਸ ਦੇ ਬਹੁਤ ਸਾਰੇ ਸੰਗੀ ਸਾਥੀ ਤੇ ਜਾਣਕਾਰ ਵਿੱਛੜ ਗਏ। ਇਸ ਦਾ ਉਸ ਦੇ ਬਾਲ ਮਨ ’ਤੇ ਗਹਿਰਾ ਅਸਰ ਪਿਆ। ਉਨ੍ਹਾਂ ਦੀਆਂ ਯਾਦਾਂ ਹੁਣ ਵੀ ਸਤਾਉਂਦੀਆਂ ਹਨ। ਉਨ੍ਹਾਂ ਦੀ ਗੱਲ ਕਰਦਿਆਂ ਉਸ ਦਾ ਗੱਚ ਭਰ ਆਉਂਦਾ ਹੈ। ਆਪਣੇ ਅਧਿਆਪਕ ਮਾਸਟਰ ਸ਼ਮਸ਼ੇਰ ਹਸਨ ਤੇ ਮਾਸਟਰ ਖਾਨ ਮੁਹੰਮਦ ਮਾਣੇਵਾਲ ਅੱਜ ਵੀ ਉਸ ਦੇ ਚੇਤਿਆਂ ਵਿਚ ਸਮਾਏ ਹੋਏ ਹਨ। ਉਹ 1959 ਵਿਚ ਗ੍ਰਹਿਸਥ ਦੀ ਗੱਡੀ ਦਾ ਸਵਾਰ ਬਣਿਆ। ਉਸ ਦੀ ਹਮਸਫ਼ਰ ਬਣੀ ਪਿੰਡ ਦੁੱਗਾਂ ਨਿਵਾਸੀ ਰਾਮ ਲੋਕ ਦੀ ਧੀ ਜੀਤੋ ਦੇਵੀ। ਜੀਤੋ ਦੇਵੀ ਨੇ ਘਰ ਦੀ ਕਬੀਲਦਾਰੀ ਨੂੰ ਸਾਂਭਣ ਵਿਚ ਉਸ ਦਾ ਪੂਰਾ ਸਾਥ ਨਿਭਾਇਆ। ਸਮੇਂ ਅਨੁਸਾਰ ਇਸ ਜੋੜੀ ਦੇ ਘਰ ਦੋ ਪੁੱਤਰਾਂ ਤੇ ਦੋ ਧੀਆਂ ਨੇ ਜਨਮ ਲਿਆ। ਵੱਡਾ ਪੁੱਤਰ ਪੁਲਿਸ ਵਿਚ ਭਰਤੀ ਹੋ ਕੇ ਬਤੌਰ ਠਾਣੇਦਾਰ ਸੇਵਾਮੁਕਤ ਹੋ ਚੁੱਕਾ ਹੈ। ਛੋਟਾ ਪੁੱਤਰ ਘਰੇਲੂ ਕੰਮਕਾਰ ਕਰਦਾ ਹੈ। ਉਸ ਨੂੰ ਭਾਵੇਂ ਹੁਣ ਥੋੜ੍ਹਾ ਉੱਚਾ ਸੁਣਦਾ ਹੈ, ਪਰ ਉਸ ਦੀ ਯਾਦਾਸ਼ਤ ਪੂਰੀ ਕਾਇਮ ਹੈ। ਉਹ ਇਸ ਗਾਇਕੀ ਦਾ ਕੋਸ਼ ਹੈ। ਗਾਇਕਾਂ ਅਤੇ ‘ਗੌਣ’ ਬਾਰੇ ਅਥਾਹ ਜਾਣਕਾਰੀ ਰੱਖਦਾ ਹੈ।
ਸੰਪਰਕ: 84271-00341