For the best experience, open
https://m.punjabitribuneonline.com
on your mobile browser.
Advertisement

ਗਾਇਕੀ ਦੀ ਲੋਅ ਬਿਖੇਰਦਾ ਰਾਗੀ ਚਿਰਾਗ਼ਦੀਨ ਟਿੱਬੇ ਵਾਲਾ

07:55 AM Apr 27, 2024 IST
ਗਾਇਕੀ ਦੀ ਲੋਅ ਬਿਖੇਰਦਾ ਰਾਗੀ ਚਿਰਾਗ਼ਦੀਨ ਟਿੱਬੇ ਵਾਲਾ
Advertisement

ਹਰਦਿਆਲ ਸਿੰਘ ਥੂਹੀ

Advertisement

ਤੂੰਬੇ ਅਲਗੋਜ਼ੇ ਦੀ ਗਾਇਕੀ ਰੂਪੀ ‘ਸ਼ਮ੍ਹਾਂ’ ਦੁਆਲੇ ਘੁੰਮਣ ਵਾਲੇ ਪਰਵਾਨਿਆਂ ਵਿਚੋਂ ਹੀ ਇਕ ਪਰਵਾਨਾ ਸੀ ਰਾਗੀ ਚਿਰਾਗ਼ਦੀਨ ਟਿੱਬੇ ਵਾਲਾ। ਕੋਈ ਸਮਾਂ ਸੀ ਜਦੋਂ ਚਿਰਾਗ਼ ਹੁਰਾਂ ਕੋਲ ਲਗਾਤਾਰ ਪ੍ਰੋਗਰਾਮ ਬੁੱਕ ਰਹਿੰਦੇ ਸਨ। ਹੌਲੀ ਹੌਲੀ ਪ੍ਰੋਗਰਾਮ ਘਟਦੇ ਗਏ, ਕੇਵਲ ਮੇਲਿਆਂ ’ਤੇ ਹੀ ਉਹ ਹਾਜ਼ਰੀ ਲੁਆਉਂਦੇ। ਅਜਿਹੇ ਮਾੜੇ ਦੌਰ ਵਿਚ ਵੀ ਚਿਰਾਗ਼ ਆਪਣੇ ਅੰਤ ਸਮੇਂ ਤਕ ਇਸ ਗਾਇਕੀ ਨਾਲ ਜੁੜਿਆ ਰਿਹਾ।
ਚਿਰਾਗ਼ਦੀਨ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਟਿੱਬੇ ਵਿਖੇ 1941 ਵਿਚ ਪਿਤਾ ਬਾਬੂ ਖਾਂ ਤੇ ਮਾਤਾ ਬਚਨੀ ਦੇ ਘਰ ਹੋਇਆ। ਦੇਸ਼ ਵੰਡ ਦਾ ਸੰਤਾਪ ਉਸ ਦੇ ਪਰਿਵਾਰ ਨੂੰ ਵੀ ਆਪਣੇ ਪਿੰਡੇ ’ਤੇ ਹੰਢਾਉਣਾ ਪਿਆ ਤੇ ਉਹ ਘਰ ਛੱਡ ਕੇ ਮਾਲੇਰਕੋਟਲੇ ਆ ਗਏ, ਪ੍ਰੰਤੂ ਉਨ੍ਹਾਂ ਨੂੰ ਆਪਣੇ ਪਿੰਡ ਦੀ ਮਿੱਟੀ ਦਾ ਮੋਹ ਦੁਬਾਰਾ ਪਿੰਡ ਖਿੱਚ ਲਿਆਇਆ। ਭਾਵ ਟਿਕ-ਟਿਕਾ ਹੋਣ ਤੋਂ ਬਾਅਦ ਪਿੰਡ ਦੇ ਸਿਆਣੇ ਬੰਦੇ ਉਨ੍ਹਾਂ ਨੂੰ ਮੁੜ ਪਿੰਡ ਲੈ ਆਏ। ਸਕੂਲੀ ਪੜ੍ਹਾਈ ਉਹ ਕਰ ਨਾ ਸਕਿਆ। ਘਰ ਦੀਆਂ ਤੰਗੀਆਂ-ਤੁਰਸ਼ੀਆਂ ਨੇ ਉਸ ਨੂੰ ਸਕੂਲ ਜਾਣ ਦੀ ਥਾਂ ਡੰਗਰ ਚਾਰਨ ਲਈ ਮਜਬੂਰ ਕਰ ਦਿੱਤਾ। ਸਾਥੀ ਪਾਲ਼ੀਆਂ ਨਾਲ ਖੇਤਾਂ ਬੰਨ੍ਹਿਆਂ ਵਿਚ ਫਿਰਨਾ, ਖੇਡਣਾ, ਉੱਚੀ-ਉੱਚੀ ਹੇਕਾਂ ਲਾਉਣੀਆਂ, ਜੀਵਨ ਦੇ ਬੇਪ੍ਰਵਾਹ ਦੌਰ ਦਾ ਹਿੱਸਾ ਸੀ। ਪਤਾ ਨਹੀਂ ਲੱਗਾ ਕਦੋਂ ਬਚਪਨ ਗੁਜ਼ਰ ਗਿਆ ਤੇ ਕਦੋਂ ਜਵਾਨੀ ਆ ਗਈ।
ਘਰਦਿਆਂ ਨੇ ਵੀਹਵੇਂ ਸਾਲ ਵਿਚ ਚਿਰਾਗ਼ਦੀਨ ਦਾ ਵਿਆਹ ਕਰ ਦਿੱਤਾ। ਇੱਥੋਂ ਹੀ ਉਸ ਦੇ ਜੀਵਨ ਵਿਚ ਨਵਾਂ ਮੋੜ ਆਇਆ। ਪਰਿਵਾਰ ਨੇ ਵਿਆਹ ਦੀ ਖ਼ੁਸ਼ੀ ਵਿਚ ਇਲਾਕੇ ਦੇ ਉੱਘੇ ਗਮੰਤਰੀ ਗ਼ੁਲਾਮ ਨਬੀ ਧਨੋ ਵਾਲਿਆਂ ਦਾ ਅਖਾੜਾ ਲਗਵਾਇਆ। ਇਸ ਨੂੰ ਸੁਣ ਕੇ ਚਿਰਾਗ਼ਦੀਨ ਦੇ ਅੰਦਰ ਗਾਇਕੀ ਦਾ ਬੁਝਿਆ ਪਿਆ ‘ਚਿਰਾਗ਼’ ਮਘ ਪਿਆ। ਰਵਾਇਤ ਮੁਤਾਬਿਕ ਮੁਕਲਾਵਾ ਅਜੇ ਬਾਅਦ ਵਿਚ ਆਉਣਾ ਸੀ ਸੋ ਵਿਆਹ ਦੀਆਂ ਰਸਮਾਂ ਪੂਰੀਆਂ ਕਰ ਕੇ ਉਹ ਘਰੋਂ ਭੱਜ ਗਿਆ ਅਤੇ ਧਨੋ ਵਾਲੇ ਗ਼ੁਲਾਮ ਨਬੀ ਦਾ ਹੀ ‘ਗ਼ੁਲਾਮ’ ਬਣ ਗਿਆ। ਖ਼ੂਬ ਮਿਹਨਤ ਕੀਤੀ। ਸਾਥੀਆਂ ਤੋਂ ਗੁਜ਼ਾਰੇ ਜੋਗੇ ਚਾਰ ਅੱਖਰ ਵੀ ਉਠਾਲਣੇ ਸਿੱਖ ਗਿਆ।
ਉਸਤਾਦ ਦੇ ਆਸ਼ੀਰਵਾਦ ਅਤੇ ਆਪਣੀ ਮਿਹਨਤ ਸਦਕਾ ਛੇਤੀ ਹੀ ਉਹ ਗਵੱਈਆਂ ਦੀ ਕਤਾਰ ਵਿਚ ਸ਼ਾਮਲ ਹੋ ਗਿਆ। ਉਸਤਾਦ ਨਾਲ ਪਾਛੂ ਵਜੋਂ ਤੂੰਬੇ ਨਾਲ ਸਾਥ ਦੇਣ ਲੱਗ ਪਿਆ। ਇਸ ਤਰ੍ਹਾਂ ਲਗਾਤਾਰ ਤਿੰਨ ਸਾਲ ਉਸਤਾਦ ਦੀ ਛਤਰ ਛਾਇਆ ਹੇਠ ਰਿਹਾ। ਫਿਰ ਲੋਹਟਬੱਦੀ ਵਾਲੇ ਫ਼ਜ਼ਲ ਮੁਹੰਮਦ ਦੀ ਪਾਰਟੀ ਨਾਲ ਲਗਾਤਾਰ ਨੌਂ ਸਾਲ ਰਹਿ ਕੇ ਆਪਣੀ ਕਲਾ ਨੂੰ ਸੰਵਾਰਿਆ ਤੇ ਨਿਖ਼ਾਰਿਆ। ਹੁਣ ਤਕ ਇਕ ਪ੍ਰਪੱਕ ਗਵੱਈਏ ਵਜੋਂ ਉਸ ਦਾ ਨਾਂ ਸਥਾਪਿਤ ਹੋ ਚੁੱਕਿਆ ਸੀ। ਚਿਰਾਗ਼ਦੀਨ ਨੇ ਆਪਣੇ ਛੋਟੇ ਭਾਈ ਬਸ਼ੀਰ ਮੁਹੰਮਦ ਨੂੰ ਨਾਲ ਲੈ ਕੇ ਆਪਣੀ ਪਾਰਟੀ ਬਣਾ ਲਈ ਅਤੇ ਖ਼ੁਦ ਆਗੂ ਬਣ ਕੇ ਗਾਉਣ ਲੱਗਾ। ਚੂਹੜ ਖਾਨ ਨੂੰ ਜੋੜੀ ’ਤੇ ਅਤੇ ਬੂਟਾ ਸਿੰਘ ਤੂਫ਼ਾਨ ਮੇਲ ਨੂੰ ਢੱਡ ’ਤੇ ਲਾ ਕੇ ਅਖਾੜੇ ਲਾਉਣੇ ਸ਼ੁਰੂ ਕਰ ਦਿੱਤੇ।
ਚਿਰਾਗ਼ਦੀਨ ਹੁਰੀਂ ਜਰਗ, ਛਪਾਰ, ਘਰਾਚੋਂ, ਭਾਈ ਕੇ ਫੱਫੜੇ, ਫੱਤੇ ਝੁਨੀਰ ਆਦਿ ਮੇਲਿਆਂ ’ਤੇ ਹਰ ਸਾਲ ਨੇਮਬੱਧ ਹਾਜ਼ਰੀ ਭਰਦੇ ਸਨ। ਮੇਲਿਆਂ ਤੋਂ ਇਲਾਵਾ ਪਿੰਡ ਸਾਂਝੇ ਇਕੱਠਾਂ ਜਾਂ ਨਿੱਜੀ ਖ਼ੁਸ਼ੀ ਦੇ ਮੌਕਿਆਂ ’ਤੇ ਇਨ੍ਹਾਂ ਨੂੰ ਸੱਦਾ ਆ ਜਾਂਦਾ ਸੀ ਪਰ ਇਹ ਸੱਦੇ ਹੌਲੀ ਹੌਲੀ ਘਟਦੇ ਗਏ। ਫਿਰ ਵੀ ਜਦੋਂ ਕਿਧਰੇ ਕੋਈ ਸੱਦਾ ਆਉਂਦਾ ਸੀ ਤਾਂ ਇਨ੍ਹਾਂ ਦੀ ਪਾਰਟੀ ਚਿੱਟੇ ਕੁੜਤੇ, ਚਾਦਰਿਆਂ ਨਾਲ ਕਢਾਈ ਕੀਤੇ ਲੜਾਂ ਵਾਲੀਆਂ ਫਰਲੇਦਾਰ ਚਿੱਟੀਆਂ ਪੱਗਾਂ ਬੰਨ੍ਹ ਕੇ, ਪੈਰੀਂ ਕੱਢਵੀਆਂ ਜੁੱਤੀਆਂ ਪਾ ਕੇ ਆਪੋ ਆਪਣੇ ਸਾਜ਼ਾਂ ਨੂੰ ਸ਼ਿੰਗਾਰ ਕੇ ਪਹੁੰਚ ਜਾਂਦੀ ਸੀ।
ਚਿਰਾਗ਼ਦੀਨ ਹੁਰੀਂ ਵੀ ਦੂਜੇ ਤੂੰਬੇ ਅਲਗੋਜ਼ੇ ਵਾਲੇ ਗਵੱਈਆਂ ਵਾਂਗ ਹੀਰ ਰਾਂਝਾ, ਸੱਸੀ ਪੁੰਨੂ, ਮਲਕੀ ਕੀਮਾ, ਮਿਰਜ਼ਾ, ਪੂਰਨ, ਕੌਲਾਂ, ਰਾਜਾ ਹਰੀ ਚੰਦ, ਦੁੱਲਾ ਭੱਟੀ, ਜੈਮਲ ਫੱਤਾ, ਜਿਉਣਾ ਮੌੜ, ਦਹੂਦ ਬਾਦਸ਼ਾਹ ਆਦਿ ਕਿੱਸੇ ਪ੍ਰਸੰਗ ਸਹਿਤ ਸੁਣਾਉਂਦੇ ਸਨ। ਇਹ ਘੰਟਿਆਂ ਬੱਧੀ ਕਈ ਕਈ ਦਿਨ ਇੱਕ ਪ੍ਰਸੰਗ ਨੂੰ ਗਾਉਣ ਦੀ ਯੋਗਤਾ ਰੱਖਦੇ ਸਨ। ਚਿਰਾਗ਼ਦੀਨ ਦਾ ਵਿਖਿਆਨ ਢੰਗ ਬੜਾ ਸਾਦਾ ਪਰ ਪ੍ਰਭਾਵਸ਼ਾਲੀ ਸੀ। ਸਮੇਂ ਦੀ ਤਸਵੀਰ ਨੂੰ ਸਰੋਤਿਆਂ ਸਾਹਮਣੇ ਹੂਬਹੂ ਪੇਸ਼ ਕਰ ਦਿੰਦਾ ਸੀ। ਤੇਜ਼ ਤਰਾਰ ਤੇ ਚੁਸਤ ਸ਼ਬਦਾਂ ਵਾਲੀ ਵਾਰਤਕ ਰਾਹੀਂ ਉਹ ਸਰੋਤਿਆਂ ਨੂੰ ਇਸ ਤਰ੍ਹਾਂ ਆਪਣੇ ਨਾਲ ਤੋਰ ਲੈਂਦਾ ਸੀ ਜਿਵੇਂ ਕਿਸੇ ਬਾਲ ਨੂੰ ਉਂਗਲੀ ਲਾ ਕੇ ਨਾਲ ਤੋਰ ਦੇ ਹਨ। ਉਹ ਸਰੋਤਿਆਂ ਦੀ ਰਜ਼ਾ ਅਨੁਸਾਰ ਹਰ ਤਰ੍ਹਾਂ ਦਾ ‘ਗੌਣ’ ਗਾਉਣ ਦੇ ਸਮਰੱਥ ਸੀ। ਉਸ ਦੀ ਗਾਇਕੀ ਦੇ ਕੁਝ ਨਮੂਨੇ ਹਨ:
* ਰਾਹੀਆ ਤੁਰਿਆ ਜਾਂਦਿਆ
ਜਾਣਾ ਕਿਹੜੇ ਦੇਸ।
ਕੀਹਨੂੰ ਫਿਰਦੈਂ ਭਾਲਦਾ
ਘੋੜਾ ਤੇਰੇ ਹੇਠ। (ਕੌਲਾਂ)
* ਰੱਖ ਤਸੱਲੀ ਬਾਦਸ਼ਾਹ
ਸਾਰੇ ਛੱਡਦੇ ਦਿਲ ਦੇ ਹਾਵੇ।
ਉਹ ਡਾਹਢਾ ਰੱਬ ਰਹੀਮ ਹੈ ਬੇਪਰਵਾਹ ਸੱਦਾਵੇ।
ਡੁੱਬੀਆਂ ਹੋਈਆਂ ਬੇੜੀਆਂ, ਮੇਰਾ ਮਾਲਕ ਬੰਨੇ ਲਾਵੇ।
ਕਰੇ ਸੋਨਾ ਮਿੱਟੀ ਖ਼ਾਕ ’ਚੋਂ ਪੱਥਰੀ ਦਾ ਲਾਲ ਬਣਾਵੇ।
ਥੱਲੋਂ ਦਰਿਆ ਬਣਾਮਦਾ, ਅੱਗ ਵਿਚ ਬਾਗ਼ ਉਗਾਵੇ। (ਢੋਲ ਸੰਮੀ)
* ਧੱਕਾ ਨਾ ਦੇਹ ਪਰਦੇਸੀ ਨੂੰ
ਮੇਰਾ ਮਾਨ ਗਰੀਬ ਦਾ ਢਹਿਜੂਗਾ
ਤੇਰਾ ਰੰਗ ਨੀਂ ਸਖ਼ਤ ਵਿਛੋੜੇ ਦਾ
ਮੇਰਾ ਜੋਬਨ ਲੁੱਟ ਕੇ ਲੈ ਜੂਗਾ। (ਹੀਰ)
* ਤੋਰ ਦੇ ਮਾਏ ਨੀਂ ਮੈਨੂੰ ਕੀਮਾ ਲੈਣ ਆ ਗਿਆ।
ਪੁੱਛਦਾ ਉਹ ਮੈਨੂੰ ਤੇਰੇ ਕੋਲੋਂ ਸ਼ਰਮਾ ਗਿਆ। (ਮਲਕੀ)
ਚਿਰਾਗ ਵਿਹਲੇ ਸਮੇਂ ਵਿਚ ਟੋਕਰੇ ਬਣਾ ਕੇ ਵੇਚਦਾ ਸੀ। ਉਸ ਦੇ ਚਾਰ ਬੱਚੇ ਹਨ ਜਿਨ੍ਹਾਂ ਨੂੰ ਘਰੇਲੂ ਤੰਗੀਆਂ ਤੁਰਸ਼ੀਆਂ ਕਾਰਨ ਉਹ ਪੜ੍ਹਾ ਲਿਖਾ ਨਾ ਸਕਿਆ ਅਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਨਾ ਕਰ ਸਕਿਆ। ਇੱਕ ਵਾਰ ਸਾਹਿਤ ਸਭਾ ਟਿੱਬਾ ਨੇ ਚਿਰਾਗ਼ਦੀਨ ਦਾ ਪੰਜਾਬੀ ਸੱਭਿਆਚਾਰ ਅਤੇ ਕਲਾ ਦੀ ਸੇਵਾ ਕਰਨ ਬਦਲੇ ਸਨਮਾਨ ਵੀ ਕੀਤਾ ਸੀ, ਜਿਸ ਨੇ ਉਸ ਦੇ ਬੁਝਦੇ ਜਾ ਰਹੇ ਮਨ ਰੂਪੀ ਚਿਰਾਗ਼ ਲਈ ਘਿਓ ਦਾ ਕੰਮ ਕੀਤਾ। 2004 ਵਿਚ ਲੋਕ ਸਾਹਿਤ ਤੇ ਸੱਭਿਆਚਾਰ ਮੰਚ, ਨਾਭਾ ਵੱਲੋਂ ਉਸ ਨੂੰ ‘ਇਬਰਾਹੀਮ ਘੁੱਦੂ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। 2008 ਵਿਚ ਉਸ ਨੂੰ ਗਲੇ ਦੀ ਬਿਮਾਰੀ ਨੇ ਘੇਰ ਲਿਆ। ਗ਼ਰੀਬੀ ਕਾਰਨ ਉਹ ਇਸ ਦਾ ਸਹੀ ਇਲਾਜ ਨਾ ਕਰਵਾ ਸਕਿਆ। ਅਖੀਰ 9 ਨਵੰਬਰ 2009 ਨੂੰ ਲੋਕ ਸੰਗੀਤ ਦਾ ਇਹ ਚਿਰਾਗ਼ ਆਪਣੀ ਆਖ਼ਰੀ ਚਮਕ ਦਿਖਾ ਕੇ ਸਦਾ ਲਈ ਬੁਝ ਗਿਆ।
ਸੰਪਰਕ: 84271-00341

Advertisement
Author Image

joginder kumar

View all posts

Advertisement
Advertisement
×