ਲਾੜੀ ਪਰਿਨੀਤੀ ਨੂੰ ਲੈਣ ਲਈ ਕਿਸ਼ਤੀ ’ਤੇ ਬਾਰਾਤ ਲੈ ਕੇ ਜਾਣਗੇ ਰਾਘਵ ਚੱਢਾ
ਜੈਪੁਰ, 16 ਸਤੰਬਰ
ਸੂਤਰਾਂ ਦੀ ਮੰਨੀਏ ਤਾਂ ‘ਆਪ’ ਦੇ ਸੰਸਦ ਮੈਂਬਰ ਰਾਘਵ ਚੱਢਾ ਵਿਆਹ ਵਾਲੇ ਦਿਨ ਆਪਣੀ ਬਾਰਾਤ ਕਿਸ਼ਤੀ ’ਤੇ ਲੈ ਕੇ ਜਾਣਗੇ। ਰਾਘਵ ਚੱਢਾ ਤੇ ਅਦਾਕਾਰਾ ਪਰਿਨੀਤੀ ਚੋਪੜਾ ਇਸੇ ਮਹੀਨੇ ਰਾਜਸਥਾਨ ਦੇ ਉਦੈਪੁਰ ਵਿੱਚ ਵਿਆਹ ਬੰਧਨ ਵਿੱਚ ਬੱਝਣਗੇ। ਸੂਤਰਾਂ ਮੁਤਾਬਕ ਬਾਰਾਤ 24 ਸਤੰਬਰ ਨੂੰ ਨਿਕਲੇਗੀ। ਇਸ ਤੋਂ ਪਹਿਲਾਂ ਪਿਚੋਲਾ ਝੀਲ ਦੇ ਐਨ ਵਿਚਾਲੇ ਹੋਟਲ ਤਾਜ ਵਿੱਚ ਰਾਘਵ ਦੀ ‘ਸਿਹਰਾਬੰਦੀ’ ਹੋਵੇਗੀ। ਇਸ ਮਗਰੋਂ ਰਾਘਵ ਆਪਣੀ ਹੋਣ ਵਾਲੀ ਪਤਨੀ ਪਰਿਨੀਤੀ ਨੂੰ ਲਿਆਉਣ ਲਈ ਬਾਰਾਤ ਦੇ ਰੂਪ ਵਿੱਚ ਤਾਜ ਹੋਟਲ ਜਾਣਗੇ। ਬਾਰਾਤ ਇਕ ਕਿਸ਼ਤੀ ’ਤੇ ਹੋਟਲ ਲੀਲਾ ਨੇੜੇ ਪੁੱਜੇਗੀ। ਰਾਘਵ ਤੇ ਪਰਿਨੀਤੀ ਦੇ ਵਿਆਹ ਲਈ ਤਿਆਰੀਆਂ ਜ਼ੋਰਾਂ ’ਤੇ ਹਨ। ਕਿਹਾ ਜਾ ਰਿਹਾ ਹੈ ਕਿ ਕਿਸ਼ਤੀਆਂ ਦੀ ਸਜਾਵਟ ਵਿੱਚ ਮੇਵਾੜੀ ਸੱਭਿਆਚਾਰ ਦੀ ਝਲਕ ਨਜ਼ਰ ਆਏਗੀ। ਹੋਟਲ ਵਿੱਚ ਵਿਆਹ ਲਈ ਤਿੰਨ ਵਿਸ਼ੇਸ਼ ਵੈਨਿਊ ਮੇਵਾੜ, ਮੇਵਾੜ ਟੈਰਿਸ ਤੇ ਮਾਰਵਾੜ ਰੱਖੇ ਗਏ ਹਨ, ਜਿੱਥੇ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਣਗੀਆਂ। ਹੋਟਲ ਦੇ ਕਮਰਿਆਂ ਨੂੰ ਅੱਠ ਵਰਗਾਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਦਾ ਰੋਜ਼ ਦਾ ਕਿਰਾਇਆ 47000 ਤੋਂ 10 ਲੱਖ ਰੁਪਏ ਤੱਕ ਹੋਵੇਗਾ। -ਆਈਏਐੱਨਐੱਸ