ਭਾਜਪਾ ਉਮੀਦਵਾਰ ਦੇ ਬਿਆਨ ਮਗਰੋਂ ਬ੍ਰਾਹਮਣ ਭਾਈਚਾਰੇ ਵਿੱਚ ਰੋਹ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 31 ਮਾਰਚ
ਬ੍ਰਾਹਮਣ ਸਭਾ ਸਿਰਸਾ ਦੇ ਜ਼ਿਲ੍ਹਾ ਮੁਖੀ ਪ੍ਰੋ. ਦਯਾਨੰਦ ਸ਼ਰਮਾ ਨੇ ਸਾਬਕਾ ਮੰਤਰੀ ਅਤੇ ਹਿਸਾਰ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਣਜੀਤ ਸਿੰਘ ਚੌਟਾਲਾ ਵੱਲੋਂ ਬ੍ਰਾਹਮਣਾਂ ਪ੍ਰਤੀ ਦਿੱਤੇ ਕਥਿਤ ਬਿਆਨ ’ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਚੋਣਾਂ ਦੌਰਾਨ ਬ੍ਰਾਹਮਣ ਸਮਾਜ ਦੇ ਲੋਕ ਚੌਟਾਲਾ ਨੂੰ ਸਬਕ ਸਿਖਾਉਣਗੇ।
ਇੱਥੇ ਪ੍ਰੋ. ਸ਼ਰਮਾ ਨੇ ਕਿਹਾ ਕਿ ਭਾਜਪਾ ਉਮੀਦਵਾਰ ਵੱਲੋਂ ਬ੍ਰਾਹਮਣ ਸਮਾਜ ਲਈ ਦਿੱਤੇ ਗਏ ਬਿਆਨ ਕਾਰਨ ਬ੍ਰਾਹਮਣ ਭਾਈਚਾਰੇ ਵਿੱਚ ਭਾਰੀ ਰੋਸ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਚੌਟਾਲਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਬ੍ਰਾਹਮਣ ਭਾਈਚਾਰੇ ਨੇ ਸਮਾਜ ਵਿੱਚ ਜਾਤੀਵਾਦ ਦਾ ਜ਼ਹਿਰ ਘੋਲਿਆ ਹੈ। ਬ੍ਰਾਹਮਣ ਭਾਈਚਾਰਾ ਰਣਜੀਤ ਸਿੰਘ ਚੌਟਾਲਾ ਤੋਂ ਪੁੱਛਣਾ ਚਾਹੁੰਦਾ ਹੈ ਕਿ ਉਨ੍ਹਾਂ ਨੇ ਇਹ ਗੱਲ ਕਿਸ ਆਧਾਰ ’ਤੇ ਕਹੀ ਹੈ? ਪ੍ਰੋ. ਸ਼ਰਮਾ ਨੇ ਕਿਹਾ ਕਿ ਬ੍ਰਾਹਮਣ ਸਮਾਜ ਨੇ ਹਮੇਸ਼ਾ ਸਮਾਜ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਿਆ ਹੈ। ਅਜਿਹੇ ਵਿੱਚ ਰਣਜੀਤ ਸਿੰਘ ਚੌਟਾਲਾ ਵੱਲੋਂ ਦਿੱਤਾ ਗਿਆ ਬਿਆਨ ਕਿਸੇ ਵੀ ਸਮਾਜ ਨੂੰ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੂੰ ਇਸ ਬਿਆਨ ’ਤੇ ਰਣਜੀਤ ਸਿੰਘ ਚੌਟਾਲਾ ਤੋਂ ਵੀ ਸਪੱਸ਼ਟੀਕਰਨ ਮੰਗਣਾ ਚਾਹੀਦਾ ਹੈ।
ਰਣਜੀਤ ਸਿੰਘ ਚੌਟਾਲਾ ਨੇ ਆਪਣੇ ਸ਼ਬਦ ਵਾਪਸ ਲਏ
ਭਾਜਪਾ ਉਮੀਦਵਾਰ ਰਣਜੀਤ ਸਿੰਘ ਚੌਟਾਲਾ ਨੇ ਬ੍ਰਾਹਮਣ ਸਮਾਜ ਪ੍ਰਤੀ ਕੀਤੀ ਟਿਪਣੀ ਬਾਰੇ ਆਪਣਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਇੱਜ਼ਤ ਦਿੰਦੇ ਹਨ। ਉਨ੍ਹਾਂ ਨੇ ਬ੍ਰਾਹਮਣ ਸਮਾਜ ਬਾਰੇ ਕੋਈ ਗਲਤ ਟਿਪਣੀ ਨਹੀਂ ਕੀਤੀ। ਉਨ੍ਹਾਂ ਦੀ ਜ਼ੁਬਾਨ ’ਚੋਂ ਬ੍ਰਾਹਮਣ ਸਮਾਜ ਪ੍ਰਤੀ ਕੋਈ ਗਲਤ ਸ਼ਬਦ ਨਿਕਲ ਗਿਆ ਹੈ ਤਾਂ ਉਹ ਉਸ ਨੂੰ ਵਾਪਸ ਲੈਂਦੇ ਹਨ।