ਅਧਿਆਪਕਾਂ ਦੀਆਂ ਸਮੱਸਿਆਵਾਂ ਹੱਲ ਨਾ ਹੋਣ ਕਾਰਨ ਰੋਸ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 29 ਜੂਨ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਦੀ ਕਾਰਜਕਰਨੀ ਦੀ ਮੀਟਿੰਗ ਹੋਈ। ਇਸ ਬਾਰੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਜ਼ਿਲ੍ਹਾ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਜਥੇਬੰਦੀ ਵੱਲੋਂ ਭਲਕੇ 30 ਜੂਨ ਨੂੰ ਡੀਈਓ (ਐ.ਸਿੱ.) ਸੰਗਰੂਰ ਦੇ ਦਫ਼ਤਰ ਅੱਗੇ ਲਾਏ ਜਾਣ ਵਾਲੇ ਧਰਨੇ ਦੀ ਰੂਪ ਰੇਖਾ ਉਲੀਕੀ ਗਈ ਹੈ। ਉਨ੍ਹਾਂ ਕਿਹਾ ਕਿ ਡੀਈਓ ਵੱਲੋਂ ਜਥੇਬੰਦੀ ਨੂੰ ਇਹ ਧਰਨਾ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਿਉਂਕਿ ਅਧਿਆਪਕਾਂ ਦੇ ਕੁਝ ਮਸਲੇ ਲੰਮੇ ਸਮੇਂ ਤੋਂ ਇਸ ਦਫ਼ਤਰ ਵੱਲੋਂ ਲਮਕਾ ਕੇ ਰੱਖੇ ਹੋਏ ਹਨ, ਜਿਨ੍ਹਾਂ ਸਬੰਧੀ ਜਥੇਬੰਦੀ ਨੇ ਬੀਤੀ 1 ਜੂਨ ਨੂੰ ਇਸੇ ਦਫ਼ਤਰ ਅੱਗੇ ਧਰਨਾ ਦਿੱਤਾ ਸੀ। ਉਸ ਸਮੇਂ ਡੀਈਓ ਵੱਲੋਂ ਆਪ ਧਰਨੇ ਨੂੰ ਸੰਬੋਧਿਤ ਕਰਦੇ ਹੋਏ ਸੰਗਰੂਰ ਦੇ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਦੀ ਮੌਜੂਦਗੀ ਵਿੱਚ ਅਧਿਆਪਕਾਂ ਦੇ ਮਸਲੇ 10 ਦਿਨਾਂ ਦੇ ਅੰਦਰ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਅੱਜ ਇੱਕ ਮਹੀਨਾ ਬੀਤਣ ਪਿੱਛੋਂ ਵੀ ਇਨ੍ਹਾਂ ਵਿੱਚੋਂ ਕਿਸੇ ਵੀ ਮਸਲੇ ਨੂੰ ਹੱਲ ਨਹੀਂ ਕੀਤਾ ਗਿਆ, ਸਗੋਂ ਇਸ ਦੌਰਾਨ ਡੀ.ਈ.ਓ. ਵੱਲੋਂ ਜਥੇਬੰਦੀ ਦਾ ਅਕਸ ਖਰਾਬ ਕਰਨ ਦੀ ਭਾਵਨਾ ਨਾਲ ਇੱਕ ਪੱਤਰ ਕੱਢਿਆ ਗਿਆ।