ਪੁਲੀਸ ਮੁਲਾਜ਼ਮ ਵੱਲੋਂ ਕਾਰ ਚਾਲਕ ਨੂੰ ਭਜਾਉਣ ’ਤੇ ਲੋਕਾਂ ’ਚ ਰੋਹ
ਮਨੋਜ ਸ਼ਰਮਾ
ਬਠਿੰਡਾ, 3 ਅਗਸਤ
ਬਠਿੰਡਾ ਦੇ ਪਿੰਡ ਦਿਓਣ ਖ਼ੁਰਦ ਵਾਸੀ ਮਜ਼ਦੂਰ ਦੀ ਸੜਕ ਹਾਦਸੇ ’ਚ ਹੋਈ ਮੌਤ ਤੋਂ ਭੜਕੇ ਲੋਕਾਂ ਨੇ ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਸੜਕ ’ਤੇ ਦਿਨ ਰਾਤ ਧਰਨਾ ਦਿੰਦੇ ਹੋਏ ਅੱਜ ਦੂਜੇ ਦਿਨ ਵੀ ਆਵਾਜਾਈ ਠੱਪ ਰੱਖੀ। ਆਵਾਜਾਈ ਪ੍ਰਭਾਵਿਤ ਹੋਣ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਹਾਦਸਾ ਕੱਲ੍ਹ ਦੇਰ ਸ਼ਾਮ ਉਸ ਵੇਲੇ ਵਾਪਰਿਆ ਜਦੋਂ ਪਿੰਡ ਦਾ ਇੱਕ ਵਿਅਕਤੀ ਬੂਟਾ ਸਿੰਘ ਡੇਅਰੀ ਤੋਂ ਦੁੱਧ ਲੈਣ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਬਠਿੰਡਾ ਵਾਲੇ ਪਾਸੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਫੇਟ ਮਾਰ ਦਿੱਤੀ ਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਹਾਦਸਾ ਵਾਪਰਦੇ ਸਾਰ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ। ਲੋਕਾਂ ਦੇ ਰੋਹ ਤੋਂ ਡਰਿਆ ਕਾਰ ਚਾਲਕ ਨੇ ਆਪਣੀ ਕਾਰ ਉੱਥੇ ਹੀ ਛੱਡਦੇ ਹੋਏ ਪੁਲੀਸ ਮੁਲਾਜ਼ਮ ਦੀ ਮਦਦ ਨਾਲ ਫ਼ਰਾਰ ਹੋ ਗਿਆ। ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਕਾਰ ਚਾਲਕ ਵੀ ਪੁਲੀਸ ਮੁਲਾਜ਼ਮ ਹੈ ਤਾਂ ਉਨ੍ਹਾਂ ਨੇ ਦੇਰ ਰਾਤ ਸੜਕ ’ਤੇ ਚੱਕਾ ਜਾਮ ਕਰ ਦਿੱਤਾ। ਇਨਸਾਫ਼ ਨਾ ਮਿਲਦੇ ਦੇਖ ਅੱਜ ਦਿਨ ਚੜ੍ਹਦੇ ਹੀ ਧਰਨਾ ਦਿੱਤਾ। ਇਸ ਧਰਨੇ ਵਿਚ ਦਲਿਤ ਮਹਾਂ ਪੰਚਾਇਤ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਨੇ ਵੀ ਸ਼ਮੂਲੀਅਤ ਕਰਦੇ ਹੋਏ ਪੀੜਤ ਮਜ਼ਦੂਰ ਪਰਿਵਾਰ ਨੂੰ ਇਨਸਾਫ਼ ਲਈ ਮੰਗ ਕੀਤੀ ਹੈ। ਮਾਮਲਾ ਤਣਾਅ ਪੂਰਨ ਹੁੰਦਾ ਦੇਖ ਥਾਣਾ ਸਦਰ ਬਠਿੰਡਾ ਦੇ ਇੰਚਾਰਜ ਵਿਨੀਤ ਅਹਲਾਵਤ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਦੇ ਹੋਏ ਕਿਹਾ ਕਿ ਕਾਰ ਚਾਲਕ ਪੁਲੀਸ ਮੁਲਾਜ਼ਮ ਚਰਨਜੀਤ ਸਿੰਘ ’ਤੇ ਮਾਮਲਾ ਦਰਜ ਕਰ ਲਿਆ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਥਾਣਾ ਮੁਖੀ ਵੱਲੋਂ ਵਿਸ਼ਵਾਸ ਮਿਲਣ ਤੋਂ ਬਾਅਦ ਪੀੜਤ ਪਰਿਵਾਰ ਨੇ ਧਰਨਾ ਚੁੱਕ ਦਿੱਤਾ।