For the best experience, open
https://m.punjabitribuneonline.com
on your mobile browser.
Advertisement

ਟੇਲ ’ਤੇ ਪਾਣੀ ਨਾ ਪੁੱਜਣ ਕਾਰਨ ਰਾਏਖਾਨਾ ਦੇ ਕਿਸਾਨਾਂ ’ਚ ਰੋਸ

07:33 AM Jun 20, 2024 IST
ਟੇਲ ’ਤੇ ਪਾਣੀ ਨਾ ਪੁੱਜਣ ਕਾਰਨ ਰਾਏਖਾਨਾ ਦੇ ਕਿਸਾਨਾਂ ’ਚ ਰੋਸ
ਨਹਿਰੀ ਪਾਣੀ ਨਾ ਮਿਲਣ ਸਬੰਧੀ ਗੱਲਬਾਤ ਕਰਦੇ ਹੋਏ ਕਿਸਾਨ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਸ਼ਗਨ ਕਟਾਰੀਆ
ਬਠਿੰਡਾ, 19 ਜੂਨ
ਪਿੰਡ ਰਾਏਖਾਨਾ ਦੇ ਕਿਸਾਨ ਟੇਲ ’ਤੇ ਪਾਣੀ ਨਾ ਪੁੱਜਣ ਕਾਰਨ ਪੰਜਾਬ ਸਰਕਾਰ ਨਾਲ ਵਿੱਟਰ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਬਣਨ ਮਗਰੋਂ ਦੋ ਸਾਲ ਤੱਕ ਟੇਲ ’ਤੇ ਪਾਣੀ ਦੀਆਂ ਲਹਿਰਾਂ-ਬਹਿਰਾਂ ਰਹੀਆਂ ਪਰ ਹੁਣ ਛੇ ਕੁ ਮਹੀਨਿਆਂ ਤੋਂ ਪਾਣੀ ਦਾ ਤੁਪਕਾ ਵੀ ਟੇਲ ਤੱਕ ਨਹੀਂ ਅੱਪੜਦਾ।
ਅੱਜ ਰਜਵਾਹੇ ’ਤੇ ਇਕੱਠੇ ਹੋਏ ਪੰਚ ਸੁਖਜੀਤ ਸਿੰਘ, ਮੁਹੰਮਦ ਰਹਿਮਾਨ, ਰੂਪ ਖ਼ਾਂ, ਹਰਮਨ, ਕੁਲਦੀਪ ਸਿੰਘ, ਕੁਲਜੀਤ ਸਿੰਘ, ਰੇਸ਼ਮ ਸਿੰਘ, ਜਰਨੈਲ ਸਿੰਘ, ਕਰਮਜੀਤ ਸਿੰਘ, ਜੋਧਾ ਸਿੰਘ, ਜਗਦੇਵ ਸਿੰਘ ਆਦਿ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਹਿਰੀ ਪਾਣੀ ਰਾਹੀਂ ਸਿੰਚਾਈ ਕਰਨ ਲਈ ਕਿਸਾਨਾਂ ਨੂੰ ਪ੍ਰੇਰਨ ਦੀ ਮੁਹਿੰਮ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਬਣਨ ਮਗਰੋਂ ਪਹਿਲੀ ਵਾਰ ਪਿੰਡ ਦੀ ਟੇਲ ’ਤੇ ਨਹਿਰੀ ਪਾਣੀ ਦੀਆਂ ਛੱਲਾਂ ਪਹੁੰਚੀਆਂ ਤਾਂ ਲੋਕਾਂ ’ਚ ਖ਼ੁਸ਼ੀ ਦਾ ਆਲਮ ਸੀ।
ਉਨ੍ਹਾਂ ਯਾਦ ਕੀਤਾ ਕਿ ਉਦੋਂ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਵੀ ਵਿਧਾਨ ਸਭਾ ’ਚ ਟੇਲ ’ਤੇ ਪਾਣੀ ਨਾ ਪੁੱਜਣ ਦਾ ਮੁੱਦਾ ਚੁੱਕਿਆ ਸੀ ਪਰ ਹੁਣ ਛੇ ਮਹੀਨੇ ਤੋਂ ਫਿਰ ਪਹਿਲਾਂ ਵਾਂਗ ਪਾਣੀ ਦੀ ਕਿੱਲਤ ਨਾਲ ਕਿਸਾਨਾਂ ਨੂੰ ਜੂਝਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਜਦੋਂ ਪੰਜਾਬ ਸਰਕਾਰ ਵੱਲੋਂ ਨਹਿਰਾਂ ਵਿੱਚ ਪਾਣੀ ਛੱਡਿਆ ਜਾਣਾ ਸੀ, ਤਾਂ ਉਸ ਤੋਂ ਪਹਿਲਾਂ ਪਿੰਡ ਦੇ ਕਿਸਾਨਾਂ ਨੇ ਆਪਣੇ ਤੌਰ ’ਤੇ ਹੰਭਲਾ ਮਾਰ ਕੇ ਰਜਬਾਹੇ ਦੀ ਸਫ਼ਾਈ ਕਰਕੇ ਟੇਲ ’ਤੇ ਪਾਣੀ ਲਿਆਉਣ ਦਾ ਯਤਨ ਕੀਤਾ ਪਰ ਸਫ਼ਲਤਾ ਹੱਥ ਨਹੀਂ ਲੱਗੀ।
ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਉਹ ਕਈ ਦਫ਼ਾ ਮੀਡੀਆ ਰਾਹੀਂ ਉਠਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਹ ਸਿੰਚਾਈ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਵਾਰ-ਵਾਰ ਫ਼ੋਨ ਕਰ ਕੇ ਹੰਭ ਚੁੱਕੇ ਹਨ, ਪਰ ਸਮੱਸਿਆ ਜਿਉਂ ਦੀ ਤਿਉਂ ਹੈ। ਉਨ੍ਹਾਂ ਦੱਸਿਆ ਕਿ ਹਲਕੇ ਦੇ ਵਿਧਾਇਕ ਤੋਂ ਇਲਾਵਾ ਉਹ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਵੀ ਫ਼ੋਨ ’ਤੇ ਆਪਣੀ ਮੁਸ਼ਕਿਲ ਦੇ ਹੱਲ ਲਈ ਫ਼ਰਿਆਦ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਝੋਨੇ ਤੇ ਨਰਮੇ ਦੀਆਂ ਫ਼ਸਲਾਂ ਲਈ ਸਿੰਚਾਈ ਯੋਗ ਪਾਣੀ ਦੀ ਇਨ੍ਹੀਂ ਦਿਨੀਂ ਬੇਹੱਦ ਜ਼ਰੂਰਤ ਹੈ, ਇਸ ਲਈ ਇਹ ਮੁਸ਼ਕਿਲ ਸਰਕਾਰ ਸਿੰਚਾਈ ਵਿਭਾਗ ਨੂੰ ਜਲਦੀ ਹੱਲ ਕਰਨ ਲਈ ਹੁਕਮ ਜਾਰੀ ਕਰੇ। ਉਨ੍ਹਾਂ ਆਪਣੇ ਫੈਸਲੇ ਬਾਰੇ ਦੱਸਿਆ ਕਿ ਜੇਕਰ 21 ਜੂਨ ਤੱਕ ਟੇਲਾਂ ’ਤੇ ਪਾਣੀ ਪੂਰਾ ਨਾ ਪਹੁੰਚਿਆ ਤਾਂ ਪਿੰਡ ਦੇ ਕਿਸਾਨ ਮਿਲ ਕੇ ਰਜਬਾਹਾ ਹੀ ਬੰਦ ਕਰ ਦੇਣਗੇ।

Advertisement

Advertisement
Advertisement
Author Image

Advertisement