ਸੁਨਾਮ ਅੱਡੇ ਵਿੱਚ ਬੱਸਾਂ ਨਾ ਆਉਣ ਕਾਰਨ ਦੁਕਾਨਦਾਰਾਂ ’ਚ ਰੋਸ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 20 ਅਕਤੂਬਰ
ਸਥਾਨਕ ਬੱਸ ਸਟੈਂਡ ਦੇ ਦੁਕਾਨਦਾਰਾਂ ਸਮੇਤ ਬੱਸ ਸਟੈਂਡ ਨੇੜਲੇ ਬਜ਼ਾਰ ਦੇ ਦੁਕਾਨਦਾਰਾਂ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਸੁਨਾਮ ਸ਼ਹਿਰ ਦੇ ਬੱਸ ਅੱਡੇ ਬੱਸਾਂ ਨਾ ਆਉਣ ਦੇ ਰੋਸ ਵਜੋਂ ਬੱਸ ਅੱਡੇ ਵਿੱਚ ਧਰਨਾ ਦੇ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਵਪਾਰ ਮੰਡਲ ਦੇ ਪ੍ਰਧਾਨ ਨਰੇਸ਼ ਕੁਮਾਰ ਭੋਲਾ, ਪਵਨ ਕੁਮਾਰ, ਤਰਸੇਮ ਚੰਦ, ਸਿਸ਼ਨਪਾਲ, ਸਤੀਸ਼ ਕੁਮਾਰ, ਗੌਰਵ ਕੁਮਾਰ, ਪਰਮਜੀਤ ਸਿੰਘ ਅਤੇ ਵਰੁਨ ਕੁਮਾਰ ਨੇ ਕਿਹਾ ਕਿ ਬੱਸ ਅੱਡੇ ਵਿਚ ਬੱਸਾਂ ਨਾ ਆਉਣ ਕਾਰਨ ਉਨ੍ਹਾਂ ਦੀ ਦੁਕਾਨਦਾਰੀ ਠੱਪ ਹੋ ਗਈ ਹੈ ਕਿਉਂਕਿ ਉਹ ਬੱਸ ਅੱਡੇ ਵਿੱਚ ਆਉਂਦੀਆਂ ਸਵਾਰੀਆਂ ਦੇ ਸਿਰ ’ਤੇ ਹੀ ਆਪਣੀਆਂ ਦੁਕਾਨਾਂ ਉੱਤੇ ਨਿੱਕਾ-ਮੋਟਾ ਕੋਈ ਕਾਰੋਬਾਰ ਕਰਕੇ ਆਪਣੇ ਬੱਚਿਆਂ ਦਾ ਢਿੱਡ ਭਰਦੇ ਹਨ ਪਰ ਅੱਡੇ ਵਿੱਚ ਬੱਸਾਂ ਨਾ ਆਉਣ ਕਾਰਨ ਉਹ ਵਿਹਲੇ ਬੈਠਣ ਲਈ ਮਜਬੂਰ ਹਨ। ਇਸ ਦੇ ਨਾਲ ਹੀ ਬੱਸਾਂ ’ਤੇ ਚੜਨ-ਉੱਤਰਨ ਵਾਲੀਆਂ ਵੀ ਸਵਾਰੀਆਂ ਵੀ ਖੱਜਲ-ਖੁਆਰ ਹੋ ਰਹੀਆਂ ਹਨ ਕਿਉਂਕਿ ਜਿਸ ਥਾਂ ਹੁਣ ਬੱਸਾਂ ਖੜ੍ਹਦੀਆਂ ਹਨ, ਉੱਥੇ ਲੋਕਾਂ ਦੇ ਬੈਠਣ,ਪੀਣ ਲਈ ਪਾਣੀ ਜਾਂ ਪਖਾਨਿਆਂ ਦੀ ਕੋਈ ਵੀ ਸਹੂਲਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਉਹ ਆਪਣੀ ਇਸ ਸਮੱਸਿਆ ਨੂੰ ਲੈਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵੀ ਮਿਲੇ ਸਨ। ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਅੱਡੇ ਵਿੱਚ ਬੱਸਾਂ ਦੇ ਆਉਣ-ਜਾਣ ਨੂੰ ਯਕੀਨੀ ਬਣਾਉਣ ਲਈ ਹਦਾਇਤ ਵੀ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਬੱਸਾਂ ਅੱਡੇ ਵਿੱਚ ਨਹੀਂ ਆ ਰਹੀਆਂ।
ਦੁਕਾਨਦਾਰਾਂ ਨੇ ਚਿਤਵਾਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਸਮੱਸਿਆ ਨੂੰ ਸੰਜੀਦਗੀ ਨਾਲ ਨਾ ਲਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।