ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝੋਨੇ ਦੀ ਖ਼ਰੀਦ ਨਾ ਹੋਣ ’ਤੇ ਕਿਸਾਨਾਂ ਵਿੱਚ ਰੋਹ

10:48 AM Oct 27, 2024 IST
ਪੁਲ ਸਠਿਆਲੀ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।

ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 26 ਅਕਤੂਬਰ
ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹਾ ਪੱਧਰੀ ਧਰਨਾ ਇੱਥੋਂ ਨੇੜਲੇ ਅੱਡੇ ਪੁਲ ਸਠਿਆਲੀ ਵਿੱਚ ਸ਼ੁਰੂ ਕਰ ਦਿੱਤਾ ਹੈ। ਧਰਨੇ ਦੀ ਅਗਵਾਈ ਕਰਨ ਵਾਲੇ ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ ਅਤੇ ਸੁਖਵਿੰਦਰ ਸਿੰਘ ਵਰਿਆਮ ਨੰਗਲ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਨੂੰ ਲੈ ਕੇ ਪੰਜਾਬ ਭਰ ਵਿੱਚ ਕਿਸਾਨਾਂ ਨੂੰ ਤੰਗ ਕਰਨ ਲਈ ਖ਼ਰੀਦ ਪ੍ਰਕਿਰਿਆ ਨੂੰ ਲਮਕਾਇਆ ਜਾ ਰਿਹਾ ਹੈ। ਅਜਿਹੀ ਹਾਲਤ ਵਿੱਚ ਕਿਸਾਨਾਂ ਨੂੰ ਪ੍ਰੇਸ਼ਾਨ ਹੋ ਕੇ ਘੱਟੋ ਘੱਟ ਮੁੱਲ ’ਤੇ ਵੀ 100 ਤੋਂ 300 ਰੁਪਏ ਤੱਕ ਦਾ ਹੋਰ ਕੱਟ ਲਗਾ ਕੇ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਿਣਸ ਦਾ ਪੂਰਾ ਮੁੱਲ ਦਿਵਾਉਣ ਅਤੇ ਝੋਨੇ ਦੀ ਖ਼ਰੀਦ ਹਕੀਕਤ ਵਿੱਚ ਸਮੇਂ ਸਿਰ ਪੂਰੀ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਪੰਜਾਬ ਭਰ ਵਿੱਚ 4 ਥਾਵਾਂ ’ਤੇ ਅਣਮਿੱਥੇ ਸਮੇਂ ਦੇ ਧਰਨੇ ਸ਼ੁਰੂ ਕਰ ਦਿੱਤੇ ਹਨ।
ਫਗਵਾੜਾ (ਜਸਬੀਰ ਸਿੰਘ ਚਾਨਾ): ਝੋਨੇ ਦੀ ਖ਼ਰੀਦ ਨਾ ਹੋਣ ਦੇ ਸਬੰਧ ’ਚ ਕਿਸਾਨਾਂ ਵਲੋਂ ਸ਼ੂਗਰ ਮਿੱਲ ਚੌਕ ’ਚ ਸ਼ੁਰੂ ਕੀਤਾ ਗਿਆ ਧਰਨਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ ਤੇ ਕਿਸਾਨਾਂ ਵਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਨੈਸ਼ਨਲ ਹਾਈਵੇਜ਼ ਨੂੰ ਮੁਕੰਮਲ ਤੌਰ ’ਤੇ ਠੱਪ ਕਰ ਦਿੱਤਾ। ਇਸ ਕਾਰਨ ਲੁਧਿਆਣਾ-ਜਲੰਧਰ, ਜਲੰਧਰ-ਲੁਧਿਆਣਾ ਪੂਰੀ ਤਰ੍ਹਾਂ ਬੰਦ ਹੋ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਕਿਹਾ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਕਿਸਾਨਾਂ ਦੀ ਲਗਾਤਾਰ ਲੁੱਟ ਹੋ ਰਹੀ ਹੈ ਤੇ ਹੁਣ ਸਰਕਾਰ ਜਾਣ ਬੁੱਝ ਚੁੱਪੀ ਧਾਰ ਕੇ ਬੈਠੀ ਹੈ। ਦੂਜੇ ਪਾਸੇ ਅੱਜ ਜੀਟੀ ਰੋਡ ਬੰਦ ਕਰਨ ਨਾਲ ਲੋਕਾਂ ਪ੍ਰੇਸ਼ਾਨ ਹੋਏ। ਕਈ ਥਾਵਾਂ ’ਤੇ ਜਾਣ ਵਾਲੇ ਲੋਕ ਆਪਣੀਆਂ ਮੰਜ਼ਿਲਾਂ ’ਤੇ ਜਾਣ ਤੋਂ ਵਾਂਝੇ ਰਹਿ ਗਏ।

Advertisement

ਕਿਸਾਨਾਂ ਤੇ ਪ੍ਰਸਾਸ਼ਨ ਦਰਮਿਆਨ ਚੱਲੀ ਚਾਰ ਘੰਟੇ ਦੀ ਮੀਟਿੰਗ ਬੇਸਿੱਟਾ ਰਹੀ

ਫਗਵਾੜਾ (ਪੱਤਰ ਪ੍ਰੇਰਕ): ਦੂਜੇ ਪਾਸੇ ਏਡੀਜੀਪੀ ਲਾਅ ਐਡ ਆਰਡਰ ਐੱਸਪੀਐਸ ਪਰਮਾਰ ਤੇ ਡੀਸੀ ਅਮਿਤ ਕੁਮਾਰ ਪੰਚਾਲ ਦੀ ਅਗਵਾਈ ਹੇਠ ਕਿਸਾਨਾਂ ਦੇ ਨੁਮਾਇੰਦਿਆ ਨਾਲ ਕਰੀਬ ਚਾਰ ਘੰਟੇ ’ਚ ਤਿੰਨ ਮੀਟਿੰਗਾਂ ਨਿੱਜੀ ਹੋਟਲ ’ਚ ਹੋਈਆਂ। ਇਸ ਮੌਕੇ ਕਿਸਾਨਾਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਤੇ ਵਧੀਆ ਕੁਆਲਿਟੀ ਦੇ ਝੋਨੇ ਤੇ ਕੱਟ ਖ਼ਤਮ ਕਰਨ ਤੇ ਜਿਨ੍ਹਾਂ ਆੜ੍ਹਤੀਆਂ ਨੇ ਜਾਣ ਬੁੱਝ ਕੇ ਕੱਚੀ ਪਰਚੀ ’ਤੇ ਕੱਟ ਲਗਾਇਆ ਹੈ ਉਸ ਕੱਟ ਨੂੰ ਖਤਮ ਕਰਵਾਉਣ ਲਈ ਕਿਹਾ। ਅਜਿਹਾ ਨਾ ਕਰਨ ਦੀ ਸੂਰਤ ’ਚ ਉਨ੍ਹਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ਦੀਆਂ ਅਨਾਜ ਮੰਡੀਆਂ ’ਚੋਂ ਝੋਨੇ ਦੀ ਲਿਫ਼ਟਿੰਗ ਲਈ ਕੇਂਦਰ ਸਰਕਾਰ ਨਾਲ ਹੋਈ ਕਾਰਵਾਈ ਤੇ ਸ਼ੈਲਰ ਮਾਲਕਾਂ ਨਾਲ ਹੋਏ ਸਮਝੌਤਿਆ ਬਾਰੇ ਕਿਸਾਨ ਆਗੂਆਂ ਨੂੰ ਖੁਦ ਜਾਣਕਾਰੀ ਦੇਣੀ ਬਣਦੀ ਹੈ। ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਗੱਲਬਾਤ ਦਾ ਦੌਰ ਕਾਫ਼ੀ ਨੇੜੇ ਪੁੱਜ ਗਿਆ ਹੈ ਤੇ ਕਿਸਾਨਾਂ ਨੇ ਮੰਗ ਰੱਖੀ ਹੈ ਕਿ ਮੁੱਖ ਮੰਤਰੀ ਸਿੱਧਾ ਇਸ ਮਾਮਲੇ ’ਚ ਉਨ੍ਹਾਂ ਨਾਲ ਗੱਲਬਾਤ ਕਰਨ ਤਾਂ ਜੋ ਇਸ ਮਾਮਲੇ ਦਾ ਨਿਪਟਾਰਾ ਹੋ ਸਕੇ। ਕਿਸਾਨਾਂ ਨੇ ਕਿਹਾ ਕਿ ਗਿੱਲਾ ਝੋਨਾ ਜਿਸ ’ਤੇ ਕੱਟ ਲੱਗਣ ਦੀ ਗੁਜਾਇੰਸ਼ ਹੈ, ਕਿਸਾਨ ਆਗੂ ਉਸ ਦਾ ਕੋਈ ਵਿਰੋਧ ਨਹੀਂ ਕਰਨਗੇ। ਉਨ੍ਹਾਂ ਆਸ ਪ੍ਰਗਟਾਈ ਕਿ ਮੁੱਖ ਮੰਤਰੀ ਦਿੱਲੀ ਹੋਣ ਕਰਕੇ ਇਸ ਸਬੰਧੀ ਕੋਈ ਗੱਲ ਸਿਰੇ ਨਹੀਂ ਚੜ੍ਹੀ ਤੇ ਜੇ ਸਰਕਾਰ ਇਸ ਪ੍ਰਤੀ ਗੰਭੀਰ ਹੋਈ ਤਾਂ ਇਸ ਦਾ ਜਲਦ ਨਿਪਟਾਰਾ ਹੋ ਜਾਵੇਗਾ। ਮੀਟਿੰਗ ’ਚ ਇਸ ਗੱਲ ਦਾ ਕੋਈ ਸਿੱਟਾ ਨਾ ਨਿਕਲਣ ਤੋਂ ਬਾਅਦ ਕਿਸਾਨਾਂ ਵੱਲੋਂ ਧਰਨਾ ਲਗਾਤਾਰ ਜਾਰੀ ਹੈ।

ਚੱਕ ਬਾਹਮਣੀਆਂ ਦਾ ਟੌਲ ਦਸਵੇਂ ਦਿਨ ਵੀ ਪਰਚੀ ਮੁਕਤ

ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਝੋਨੇ ਦੀ ਖਰੀਦ ਤੇ ਚੁਕਾਈ ਅਤੇ ਕਿਸਾਨਾਂ ਦੀਆਂ ਹੋਰ ਭਖਦੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਵੱਲੋਂ ਚੱਕ ਬਾਹਮਣੀਆਂ ਦੇ ਟੌਲ ’ਤੇ ਲਗਾਇਆ ਧਰਨਾ ਦਸਵੇਂ ਦਿਨ ਵਿਚ ਦਾਖਲ ਹੋ ਗਿਆ। ਅੱਜ ਇਥੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਝੋਨਾ ਨਾ ਖਰੀਦ ਕੇ ਦਿੱਲੀ ਅੰਦੋਲਨ ਵਿਚ ਕਿਸਾਨਾਂ ਦੀ ਹੋਈ ਜਿੱਤ ਦਾ ਬਦਲਾ ਲੈ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਮਸਲਿਆਂ ਦੇ ਹੱਲ ਨਾ ਹੋਣ ਤੱਕ ਮੋਰਚਾ ਜਾਰੀ ਰਹੇਗਾ। ਅੱਜ ਦੇ ਧਰਨੇ ਨੂੰ ਗੁਰਚਰਨ ਸਿੰਘ ਚਾਹਲ, ਕੁੰਦਨ ਸਿੰਘ ਬੱਲ, ਨਿਰਮਲ ਸਿੰਘ ਖਾਲਸਾ, ਨਰਿੰਦਰਜੀਤ ਸਿੰਘ ਢਿੱਲੋਂ, ਸਾਧੂ ਸਿੰਘ ਨੇ ਵੀ ਸੰਬੋਧਨ ਕੀਤਾ।

Advertisement

ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੰਡੀਆਂ ਦੇ ਦੌਰੇ

ਅੰਮ੍ਰਿਤਸਰ (ਪੱਤਰ ਪ੍ਰੇਰਕ): ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਚੱਲ ਰਹੀ ਖਰੀਦ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਤੇ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਨੇ ਅਨਾਜ ਮੰਡੀਆਂ ਦਾ ਦੌਰਾ ਕੀਤਾ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ।
ਸ਼ਾਹਕੋਟ (ਪੱਤਰ ਪ੍ਰੇਰਕ): ਇੱਥੇ ਐੱਸਡੀਐੱਮ ਸ਼ਾਹਕੋਟ ਸ਼ੁਭੀ ਆਂਗਰਾ ਨੇ ਸੋਹਲ ਜਗੀਰ ਅਤੇ ਤਲਵੰਡੀ ਸੰਘੇੜਾ ਮੰਡੀ ਦਾ ਦੌਰਾ ਕਰਕੇ ਝੋਨੇ ਦੇ ਚੱਲ ਰਹੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਸਾਨਾਂ,ਮਜ਼ਦੂਰਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਵੀ ਸੁਣੀਆਂ।
ਦਸੂਹਾ (ਪੱਤਰ ਪ੍ਰੇਰਕ): ਇਥੇ ਡੀਸੀ ਹੁਸ਼ਿਆਰਪੁਰ ਕੋਮਲ ਮਿੱਤਲ ਵੱਲੋਂ ਵਿਧਾਇਕ ਕਰਮਬੀਰ ਸਿੰਘ ਘੁੰਮਣ ਅਤੇ ਐੱਸਐੱਸਪੀ ਸੁਰੇਂਦਰ ਲਾਂਬਾ ਨਾਲ ਦਾਣਾ ਦਸੂਹਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਝੋਨੇ ਦੀ ਖਰੀਦ, ਲਿਫਟਿੰਗ ਪ੍ਰਕਿਰਿਆ ਅਤੇ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਅਦਾਇਗੀ ਦਾ ਜਾਇਜ਼ਾ ਲਿਆ।

Advertisement