ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਮਐੱਸਪੀ ਤੋਂ ਘੱਟ ’ਤੇ ਝੋਨੇ ਦੀ ਖ਼ਰੀਦ ਹੋਣ ਕਾਰਨ ਕਿਸਾਨਾਂ ਵਿੱਚ ਰੋਹ

10:20 AM Oct 12, 2024 IST
ਬੀਕੇਯੂ (ਏਕਤਾ) ਉਗਰਾਹਾਂ ਦੇ ਵਰਕਰ ਰੋਸ ਜ਼ਾਹਰ ਕਰਦੇ ਹੋਏ।

ਦਵਿੰਦਰ ਸਿੰਘ ਭੰਗੂ
ਰਈਆ, 11 ਅਕਤੂਬਰ
ਸਥਾਨਕ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਤੋਂ ਘੱਟ ’ਤੇ ਖ਼ਰੀਦਣ ਕਾਰਨ ਕਿਸਾਨਾਂ ’ਚ ਰੋਸ ਹੈ। ਕਿਸਾਨ ਨੂੰ ਪ੍ਰਤੀ ਕੁਵਿੰਟਲ ਤਿੰਨ ਸੌ ਰੁਪਏ ਦੇ ਕਰੀਬ ਘੱਟ ਮਿਲ ਰਹੇ ਹਨ। ਕਿਸਾਨਾਂ ਤੋਂ ਘੱਟ ਭਾਅ ’ਤੇ ਖ਼ਰੀਦਿਆ ਝੋਨਾ ਸਰਕਾਰੀ ਖ਼ਰੀਦ ਏਜੰਸੀਆਂ ਨੂੰ ਐੱਮਐੱਸਪੀ ’ਤੇ ਵੇਚ ਕੇ ਵਪਾਰੀਆਂ ਵੱਲੋਂ ਮੋਟੀ ਕਮਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸਥਾਨਕ ਦਾਣਾ ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਤੇ ਖ਼ਰੀਦ ਏਜੰਸੀਆਂ ਵੱਲੋਂ ਖ਼ਰੀਦ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਸ਼ੈੱਲਰ ਮਾਲਕ ਝੋਨਾ ਖ਼ਰੀਦ ਕੇ ਵੱਖ ਵੱਖ ਏਜੰਸੀਆਂ ਨੂੰ ਵੇਚ ਕੇ ਆੜ੍ਹਤੀਆਂ ਰਾਹੀ ਬਿੱਲ ਪੁਆ ਰਹੇ ਹਨ। ਸ਼ੈੱਲਰ ਮਾਲਕਾਂ ਵੱਲੋਂ ਝੋਨੇ ਦੀ ਫ਼ਸਲ ਨੂੰ ਹਾਈਬ੍ਰਿਡ ਦੱਸ ਕੇ 1750-2050 ਤੱਕ ਖ਼ਰੀਦ ਕਰ ਕੇ ਆੜ੍ਹਤੀਆ ਰਾਹੀਂ 2320 ਰੁਪਏ ਪ੍ਰਤੀ ਕੁਵਿੰਟਲ ਦੇ ਹਿਸਾਬ ਨਾਲ ਵੇਚ ਕੇ ਮੋਟੀ ਕਮਾਈ ਕੀਤੀ ਜਾ ਰਹੀ ਹੈ। ਸ਼ੈੱਲਰ ਮਾਲਕਾਂ ਵੱਲੋਂ ਕੰਮ ਇੰਨਾ ਸਫ਼ਾਈ ਨਾਲ ਕੀਤਾ ਜਾ ਦਾ ਹੈ ਕਿ ਉਹ ਬਿੱਲ ਆੜ੍ਹਤੀਆਂ ਵੱਲੋਂ ਪੁਆ ਕੇ ਰਕਮ ਵੀ ਆੜ੍ਹਤੀਆਂ ਪਾਸੋਂ ਪ੍ਰਾਪਤ ਕਰ ਰਹੇ ਹਨ।
ਇਸ ਸਬੰਧੀ ਕੁਝ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਡੀਸੀ ਅੰਮ੍ਰਿਤਸਰ ਅਤੇ ਵਿਜੀਲੈਂਸ ਵਿਭਾਗ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਗੋਰਖ ਧੰਦੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।

Advertisement

ਐੱਮਐੱਸਪੀ ਤੋਂ ਘੱਟ ਖ਼ਰੀਦ ਕਰਨ ’ਤੇ ਹੋਵੇਗੀ ਕਾਰਵਾਈ: ਡੀਸੀ

ਡੀਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਕੁਝ ਸ਼ਰਾਰਤੀ ਲੋਕਾਂ ਵੱਲੋਂ ਕਿਸਾਨਾਂ ਨੂੰ ਗੁਮਰਾਹ ਕਰ ਕੇ ਐੱਮਐੱਸਪੀ ਤੋਂ ਘੱਟ ਕੀਮਤ ’ਤੇ ਫ਼ਸਲ ਵੇਚਣ ਲਈ ਗੁਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਐੱਮਐੱਸਪੀ ’ਤੇ ਫ਼ਸਲ ਵੇਚਣ ਲਈ ਕਿਹਾ ਹੈ। ਜੇ ਕੋਈ ਵੀ ਐੱਮਐੱਸਪੀ ਤੋਂ ਘੱਟ ਭਾਅ ’ਤੇ ਝੋਨੇ ਦੀ ਫ਼ਸਲ ਖ਼ਰੀਦਦਾ ਹੈ, ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਘੱਟ ਭਾਅ ’ਤੇ ਝੋਨਾ ਖ਼ਰੀਦਣ ਸਬੰਧੀ ਕੋਈ ਘਟਨਾ ਸਾਹਮਣੇ ਆਉਂਦੀ ਹੈ ਤਾਂ ਉਹ ਦਫ਼ਤਰ ਦੇ ਮੋਬਾਈਲ ਨੰਬਰ 79738-67446 ’ਤੇ ਜਾਣਕਾਰੀ ਸਾਂਝੀ ਕਰ ਸਕਦਾ ਹੈ।

ਬੀਕੇਯੂ ਉਗਰਾਹਾਂ ਵੱਲੋਂ ਸ਼ਾਹਕੋਟ ਤੇ ਮਲਸੀਆਂ ’ਚ ਰੋਸ ਮਾਰਚ

ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਸ਼ੈੱਲਰ ਮਿੱਲ ਮਾਲਕਾਂ ਵੱਲੋਂ ਹਾਈਬ੍ਰਿਡ ਝੋਨਾ ਚੁੱਕਣ ਤੋਂ ਇਨਕਾਰ ਕਰਨਾ ਕਿਸਾਨਾਂ ਲਈ ਸਿਰਦਰਦੀ ਬਣ ਗਿਆ ਹੈ। ਦੂਜੇ ਪਾਸੇ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਸ਼ਾਹਕੋਟ ਅਤੇ ਮਲਸੀਆਂ ਵਿੱਚ ਮਾਰਚ ਕਰ ਕੇ ਇਹ ਐਲਾਨ ਕੀਤਾ ਕਿ ਉਹ ਹਾਈਬ੍ਰਿਡ ਝੋਨੇ ਨੂੰ ਹਰ ਹਾਲਤ ਵਿਚ ਐੱਮਐੱਸਪੀ ’ਤੇ ਹੀ ਵਿਕਾਉਣਗੇ। ਮਾਰਚ ਵਿਚ ਯੂਨੀਅਨ ਦੇ ਜ਼ਿਲ੍ਹਾ ਜਲੰਧਰ ਦੇ ਸਕੱਤਰ ਗੁਰਚਰਨ ਸਿੰਘ ਚਾਹਲ, ਜਸਪਾਲ ਸਿੰਘ ਸੰਢਾਂਵਾਲ, ਬਲਾਕ ਸ਼ਾਹਕੋਟ ਦੇ ਪ੍ਰਧਾਨ ਬਲਕਾਰ ਸਿੰਘ ਫਾਜਿਲਵਾਲ, ਸਕੱਤਰ ਮਨਜੀਤ ਸਿੰਘ ਸਾਬੀ ਅਤੇ ਨਿਰਮਲ ਸਿੰਘ ਕਾਂਗਣਾ ਤੋਂ ਇਲਾਵਾ ਅਨੇਕਾਂ ਕਿਸਾਨ ਸ਼ਾਮਲ ਸਨ। ਐੱਸਡੀਐੱਮ ਸ਼ਾਹਕੋਟ ਸ਼ੁਭੀ ਆਂਗਰਾ ਨੇ ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਅਮਿਤ ਭੱਟੀ, ਇੰਸਪੈਕਟਰ ਬਲਕਾਰ ਸਿੰਘ, ਮਾਰਕੀਟ ਕਮੇਟੀ ਸ਼ਾਹਕੋਟ, ਲੋਹੀਆਂ ਖਾਸ ਅਤੇ ਮਹਿਤਪੁਰ ਦੇ ਸਕੱਤਰ ਤਜਿੰਦਰ ਕੁਮਾਰ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਇਸ ਸਮੱਸਿਆ ਦੇ ਢੁੱਕਵੇਂ ਹੱਲ ਲਈ ਹਦਾਇਤਾਂ ਜਾਰੀ ਕੀਤੀਆਂ। ਕਿਸਾਨ ਆਗੂ ਗੁਰਚਰਨ ਸਿੰਘ ਚਾਹਲ ਨੇ ਕਿਹਾ ਕਿ ਉਹ 12 ਅਕਤੂਬਰ ਨੂੰ ਕਿਸਾਨ ਜਥੇਬੰਦੀਆਂ ਸਾਂਝੀ ਮੀਟਿੰਗ ਕਰ ਕੇ ਅਗਲਾ ਸੰਘਰਸ਼ ਪ੍ਰੋਗਰਾਮ ਉਲੀਕਣਗੇ। ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫਸ਼ਰ ਅਮਿਤ ਭੱਟੀ ਨੇ ਕਿਹਾ ਕਿ ਸ਼ੈੱਲਰਾਂ ਵਾਲਿਆਂ ਨੇ ਹਾਈਬ੍ਰਿਡ ਝੋਨਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ। ਮਾਰਕੀਟ ਕਮੇਟੀ ਦੇ ਸਕੱਤਰ ਤਜਿੰਦਰ ਕੁਮਾਰ ਨੇ ਕਿਹਾ ਕਿ ਮੰਡੀਆਂ ’ਚ ਝੋਨੇ ਦੀ ਖ਼ਰੀਦ ਹੋ ਰਹੀ ਹੈ।

Advertisement

Advertisement