For the best experience, open
https://m.punjabitribuneonline.com
on your mobile browser.
Advertisement

ਨੀਲੇ ਕਾਰਡ ਕੱਟਣ ਕਾਰਨ ਸਰਕਾਰ ਖ਼ਿਲਾਫ਼ ਰੋਹ ਭਖਿਆ

09:13 AM Jul 01, 2023 IST
ਨੀਲੇ ਕਾਰਡ ਕੱਟਣ ਕਾਰਨ ਸਰਕਾਰ ਖ਼ਿਲਾਫ਼ ਰੋਹ ਭਖਿਆ
ਗੜ੍ਹਸ਼ੰਕਰ ਦੇ ਐੱਸਡੀਐੱਮ ਦਫ਼ਤਰ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਸੀਪੀਆਈ ਆਗੂ ਤੇ ਲਾਭਪਾਤਰੀ।
Advertisement

ਜੰਗ ਬਹਾਦਰ ਸਿੰਘ/ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 30 ਜੂਨ
ਸੀਪੀਆਈ (ਐਮ) ਦੀ ਸਥਾਨਕ ਇਕਾਈ ਵੱਲੋਂ ਲੋੜਵੰਦ ਲਾਭਪਾਤਰੀਆਂ ਦੇ ਨੀਲੇ ਕਾਰਡ ‌ਕੱਟਣ ਖ਼ਿਲਾਫ਼ ਗੜ੍ਹਸ਼ੰਕਰ ਦੇ ਐਸਡੀਐਮ ਦਫ਼ਤਰ ਵਿੱਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਪਾਰਟੀ ਆਗੂਆਂ ਨੇ ਲੋੜਵੰਦ ਲਾਭਪਾਤਰੀਆਂ ਨੂੰ ਨਾਲ ਲੈ ਕੇ ਸ਼ਹੀਦ ਭਗਤ ਸਿੰਘ ਸਮਾਰਕ ਨੇੜੇ ਬੱਸ ਸਟੈਂਡ ਤੋਂ ਐਸਡੀਐਮ ਦਫ਼ਤਰ ਤੱਕ ਰੋਸ ਮਾਰਚ ਕੀਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਦਰਸ਼ਨ ਸਿੰਘ ਮੱਟੂ, ਜ਼ਿਲ੍ਹਾ ਸਕੱਤਰ, ਜ਼ਿਲ੍ਹਾ ਸਕੱਤਰ ਗੁਰਨੇਕ ਸਿੰਘ ਭੱਜਲ, ਜਨਵਾਦੀ ਇਸਤਰੀ ਸਭਾ ਦੇ ਪ੍ਰਧਾਨ ਸੁਭਾਸ਼ ਮੱਟੂ, ਕਾਮਰੇਡ ਮਹਿੰਦਰ ਕੁਮਾਰ ਬੱਢੋਆਣ ਤਹਿਸੀਲ ਸਕੱਤਰ ਹਰਭਜਨ ਸਿੰਘ ਅਟਵਾਲ ਨੇ ‌ਆਪਣੀਆਂ ਤਕਰੀਰਾਂ ਵਿੱਚ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਲੋੜਵੰਦ ਲੋਕਾਂ ਦੇ ਨੀਲੇ ਕਾਰਡ ਕੱਟ ਕੇ ਆਪਣਾ ਲੋਕ ਵਿਰੋਧੀ ਚਿਹਰਾ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਨੇ ਆਪਣੇ ਚਹੇਤਿਆਂ ਦੇ ਨਾਂ ਇਸ ਸਕੀਮ ਵਿੱਚ ਪਾ ਦਿੱਤੇ ਹਨ ਜਿਸ ਨਾਲ ਯੋਗ ਲਾਭਪਾਤਰੀਆਂ ਨੂੰ ਲਾਂਭੇ ਕਰ ਕੇ ਅਯੋਗ ਲੋਕਾਂ ਨੂੰ ਨੀਲੇ ਕਾਰਡਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਸ਼ਹਿਰ ਦੀ ਮੁਰਾਦਪੁਰ ਆਬਾਦੀ ਦੇ ਲੋਡ਼ਵੰਦ ਲੋਕਾਂ ਨੇ ਅੱਜ ਰੋਸ ਪ੍ਰਦਰਸ਼ਨ ਕਰ ਕੇ ਉਨ੍ਹਾਂ ਨੂੰ ਮੁਫ਼ਤ ਮਿਲਦੀ ਕਣਕ ਦੀ ਸਹੂਲਤ ਤੋਂ ਵਾਂਝਾ ਕਰਨ ਖ਼ਿਲਾਫ਼ ਰੋਸ ਜ਼ਾਹਿਰ ਕੀਤਾ। ਇਸਤਰੀ ਮੁਕਤੀ ਮੋਰਚਾ ਦੀ ਆਗੂ ਜਸਬੀਰ ਕੌਰ ਅਤੇ ਮਜ਼ਦੂਰ ਆਗੂ ਗੁਰਮੀਤ ਸਿੰਘ ਮੁਰਾਦਪੁਰ ਦੀ ਅਗਵਾਈ ਵਿੱਚ ਕੀਤੇ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਆਦਮੀ-ਔਰਤਾਂ ਨੇ ਸ਼ਮੂਲੀਅਤ ਕੀਤੀ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਕੁੰਤਲਾ ਰਾਣੀ, ਕੰਚਨ ਦੇਵੀ, ਸੁਨੀਤਾ ਰਾਣੀ, ਗੁਰਮੇਜ ਸਿੰਘ, ਹਰਬੰਸ ਸਿੰਘ ਨੇ ਸੰਬੋਧਨ ਕਰਦਿਆਂ ਦੋਸ਼ ਲਗਾਇਆ ਸਰਕਾਰ ਵੱਲੋਂ ਇਸ ਮਾਮਲੇ ਸਬੰਧੀ ਕਰਵਾਈ ਗਈ ਪੜਤਾਲ ਪਿੱਛੇ ਹਾਕਮ ਧਿਰ ਦੇ ਰਸੂਖ਼ਵਾਨਾਂ ਨੇ ਵਿਸ਼ੇਸ਼ ਭੂਮਿਕਾ ਅਦਾ ਕੀਤੀ ਹੈ| ਬੁਲਾਰਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀ ਸਹੂਲਤ ਬਹਾਲ ਨਾ ਕਰਨ ’ਤੇ ਲੋਕਾਂ ਦਾ ਰੋਹ ਸੜਕਾਂ ਤੱਕ ਜਾ ਸਕਦਾ ਹੈ ਜਿਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ|

Advertisement

ਪਠਾਨਕੋਟ ਜ਼ਿਲ੍ਹੇ ’ਚ ਕੱਟੇ ਗਏ 450 ਕਾਰਡ ਮੁਡ਼ ਹੋਣਗੇ ਬਹਾਲ
ਪਠਾਨਕੋਟ (ਪੱਤਰ ਪ੍ਰੇਰਕ): ਆਟਾ-ਦਾਲ ਸਕੀਮ ਦੇ ਸਮਾਰਟ ਕਾਰਡਾਂ ਦੀ ਕੀਤੀ ਜਾਂਚ-ਪਡ਼ਤਾਲ ਵਿੱਚ ਕੱਟੇ ਲਾਭਪਾਤਰੀਆਂ ਦੇ ਕਾਰਡਾਂ ਦੀਆਂ ਸ਼ਿਕਾਇਤਾਂ ਮਿਲਣ ਬਾਅਦ ਮੁਡ਼ ਕੀਤੀ ਗਈ ਜਾਂਚ ਵਿੱਚ 450 ਦੇ ਕਰੀਬ ਲਾਭਪਾਤਰੀਆਂ ਦੇ ਕਾਰਡ ਮੁਡ਼ ਬਹਾਲ ਕਰਨ ਲਈ ਜ਼ਿਲ੍ਹਾ ਫੂਡ ਸਪਲਾਈ ਵਿਭਾਗ ਵੱਲੋਂ ਚਾਰਾਜੋਈ ਆਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪਠਾਨਕੋਟ ਅੰਦਰ ਕੁੱਲ 1 ਲੱਖ 3 ਹਜ਼ਾਰ ਦੇ ਕਰੀਬ ਲਾਭਪਾਤਰੀ ਹਨ। ਜਿੰਨ੍ਹਾਂ ਦੀ ਪਡ਼ਤਾਲ ਮਗਰੋਂ 4500 ਦੇ ਕਰੀਬ ਲਾਭਪਾਤਰੀਆਂ ਦੇ ਕਾਰਡ ਰੱਦ ਕਰ ਦਿੱਤੇ ਗਏ ਸਨ। ਇਹ ਕਾਰਡ ਜਦ ਰੱਦ ਕੀਤੇ ਗਏ ਤਾਂ ਕਾਂਗਰਸ ਪਾਰਟੀ ਅਤੇ ਭਾਜਪਾ ਨੇ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਘਰ ਅੱਗੇ ਧਰਨਾ ਵੀ ਦਿੱਤਾ ਤੇ ਜ਼ਿਲ੍ਹੇ ਵਿੱਚ ਪ੍ਰਦਰਸ਼ਨ ਕੀਤੇ ਗਏ। ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਾਰਡ ਕੱਟਣ ਦੀ ਕਾਰਵਾਈ ਦੀ ਮੁਡ਼ ਜਾਂਚ-ਪਡ਼ਤਾਲ ਕੀਤੀ ਜਾਵੇ। ਮੁਡ਼ ਪਡ਼ਤਾਲ ਵਿੱਚ 450 ਦੇ ਕਰੀਬ ਅਜਿਹੇ ਲਾਭਪਾਤਰੀ ਪਾਏ ਗਏ ਜੋ ਕਿਸੇ ਕਾਰਨ ਸਰਵੇ ਸਮੇਂ ਟੀਮਾਂ ਨੂੰ ਮਿਲ ਨਹੀਂ ਸਨ ਸਕੇ। ਇਸ ਤੇ ਵਿਭਾਗ ਵੱਲੋਂ ਉਨ੍ਹਾਂ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਐਸਡੀਐਮ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਜਾਂਚ ਪਡ਼ਤਾਲ ਅਜੇ ਵੀ ਜਾਰੀ ਹੈ। ਅਯੋਗ ਕਰਾਰ ਦਿੱਤੇ ਲਾਭਪਾਤਰੀਆਂ ਦੇ ਸਮਾਰਟ ਕਾਰਡ ਮੁਡ਼ ਬਹਾਲ ਕਰਨ ਲਈ ਉਨ੍ਹਾਂ ਜ਼ਿਲ੍ਹਾ ਫੂਡ ਸਪਲਾਈ ਵਿਭਾਗ ਦੀ ਕੰਟਰੋਲਰ ਨੂੰ ਲਿਖ ਦਿੱਤਾ ਹੈ।

Advertisement
Tags :
Author Image

sukhwinder singh

View all posts

Advertisement
Advertisement
×