ਸੰਤ ਤੇਜਾ ਸਿੰਘ ਭੋਰਾ ਸਾਹਿਬ ਵਾਲਿਆਂ ਨੂੰ ਸਮਰਪਿਤ ਰਾਗ ਦਰਬਾਰ ਸਮਾਪਤ
ਪੱਤਰ ਪ੍ਰੇਰਕ
ਪਾਇਲ, 9 ਦਸੰਬਰ
ਸੰਤ ਤੇਜਾ ਸਿੰਘ ਭੋਰਾ ਸਾਹਿਬ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਇੱਕ ਰੋਜ਼ਾ ਰਾਗ ਦਰਬਾਰ ਸਮਾਪਤ ਹੋਇਆ। ਰਾੜਾ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਸਜੇ ਦੀਵਾਨ ਵਿੱਚ ਸਿੱਖ ਪੰਥ ਦੇ ਸਿਰਮੌਰ ਕੀਰਤਨੀ ਜਥਿਆਂ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਰਵਾਇਤੀ ਰਾਗਾਂ ਅਨੁਸਾਰ ਕੀਰਤਨ ਵਿਖਿਆਨ ਕੀਤਾ ਗਿਆ। ਜਾਣਕਾਰੀ ਅਨੁਸਾਰ ਦੂਜੇ ਦਿਨ ਦੇ ਪ੍ਰੋਗਰਾਮ ਤਹਿਤ 10 ਦਸੰਬਰ ਨੂੰ ਸੰਤ ਸਮਾਗਮ ਹੋਵੇਗਾ। ਇਸ ਸਮੇਂ ਰਾੜਾ ਸਾਹਿਬ ਸੰਪਰਦਾਇ ਵਲੋਂ ਗੁਰਮਤਿ ਸੰਗੀਤ ਪਰੰਪਰਾ ਨੂੰ ਸਿਧਾਂਤਕ ਅਤੇ ਵਿਹਾਰਕ ਰੂਪ ਵਿੱਚ ਪੁਨਰ ਸੁਰਜੀਤੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਭਾਈ ਅਮਨਦੀਪ ਸਿੰਘ ਅਤੇ ਭਾਈ ਵਰਿੰਦਰ ਸਿੰਘ ਨੇ ਕੀਤੀ। ਅੱਜ ਦੇ ਸਮਾਗਮ ਦੀ ਅਰੰਭਤਾ ਪ੍ਰਿੰਸੀਪਲ ਸੁਖਵੰਤ ਸਿੰਘ ਅਤੇ ਰਾੜਾ ਸਾਹਿਬ ਅਕੈਡਮੀ ਦੇ ਵਿਦਿਆਰਥੀਆਂ ਦੇ ਕੀਰਤਨ ਨਾਲ ਹੋਈ। ਇਸ ਉਪਰੰਤ ਭਾਈ ਗੁਰਮੀਤ ਸਿੰਘ ਸ਼ਾਂਤ ਹਜ਼ੂਰੀ ਰਾਗੀ ਦਰਬਾਰ ਸਾਹਿਬ, ਭਾਈ ਹਰਜੋਤ ਸਿੰਘ ਜ਼ਖਮੀ ਜਲੰਧਰ ਵਾਲੇ, ਭਾਈ ਕਮਲਜੀਤ ਸਿੰਘ, ਭਾਈ ਸੰਦੀਪ ਸਿੰਘ ਅਤੇ ਭਾਈ ਸਤਨਿੰਦਰ ਸਿੰਘ ਬੋਦਲ ਨੇ ਵੱਖ ਵੱਖ ਰਾਗਾਂ ਅਨੁਸਾਰ ਕੀਰਤਨ ਕੀਤਾ। ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਰਸਭਿੰਨੇ ਕੀਰਤਨ ਵਿਖਿਆਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਨਾਲ ਜੋੜਿਆ। ਇਸ ਮੌਕੇ ਬਾਬਾ ਅਮਰ ਸਿੰਘ ਕਥਾਵਾਚਕ, ਬਾਬਾ ਮੋਹਣ ਸਿੰਘ ਮਹੋਲੀ, ਬਾਬਾ ਰੌਸ਼ਨ ਸਿੰਘ ਧਬਲਾਨ, ਬਾਬਾ ਗੁਰਮੁਖ ਸਿੰਘ ਆਲੋਵਾਲ ਤੇ ਭਾਈ ਮਨਦੀਪ ਸਿੰਘ ਅਤਰਸਰ ਸਾਹਿਬ ਆਦਿ ਹਾਜ਼ਰ ਸਨ। ਇਸ ਮੌਕੇ ਪ੍ਰਬੰਧਕਾਂ ਵੱਲੋਂ ਕਥਾਵਾਚਕ, ਗੁਣੀ ਗਿਆਨੀ ਅਤੇ ਪ੍ਰਮੁੱਖ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।