ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਗ ਜੋਗੀਆਵਿਜੈ ਪੰਡਿਤ

10:47 AM Jul 07, 2024 IST

ਹਿੰਦੀ ਕਹਾਣੀ

ਅੱਜ ਫਿਰ ਹਾੜ੍ਹ ਦੀ ਘੁੱਪ ਹਨੇਰੀ ਰਾਤ ਨੂੰ ਸਵਿਤਰੀ ਦੀ ਨੀਂਦ ਖੁੱਲ੍ਹ ਗਈ ਸੀ। ਵਰਾਂਡੇ ਵਿੱਚ ਲਟਕਦੀ ਲਾਲਟੈਨ ਪਤਾ ਨਹੀਂ ਕਦੋਂ ਦੀ ਬੁਝ ਚੁੱਕੀ ਸੀ। ਉਸ ਨੇ ਸਿਰਹਾਣੇ ਪਈ ਮਾਚਿਸ ਦੀ ਡੱਬੀ ਲੱਭੀ ਤੇ ਤੀਲ੍ਹੀ ਬਾਲ਼ ਹਨੇਰੀ ਕੋਠੜੀ ਵਿੱਚ ਚਾਨਣ ਫੈਲਾ ਦਿੱਤਾ। ਫਿਰ ਉਸ ਨੇ ਬਲ਼ਦੀ ਹੋਈ ਤੀਲ੍ਹੀ ਨਾਲ ਲਾਲਟੈਨ ਜਗਾਈ, ਜਿਸ ਨਾਲ ਦਲਾਨ ਤੋਂ ਲੈ ਕੇ ਦਰਵਾਜ਼ੇ ਤੱਕ ਰੋਸ਼ਨੀ ਫੈਲ ਗਈ। ਦੂਰੋਂ ਆ ਰਹੀ ਸਾਰੰਗੀ ਦੀ ਆਵਾਜ਼ ਨੂੰ ਉਹ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕਰਨ ਲੱਗੀ, ਪਰ ਆਵਾਜ਼ ਦਾ ਬਿਲਕੁਲ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਕਿੱਥੋਂ ਆ ਰਹੀ ਹੈ? ਬਾਹਰ ਹੁਣੇ ਮੀਂਹ ਪੈ ਕੇ ਹਟਿਆ ਸੀ। ਸ਼ਾ-ਸ਼ਾਂ ਕਰਦੀ ਘੁੱਪ ਹਨੇਰੀ ਰਾਤ ਵਿੱਚ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸ਼ਾਂਤ ਵਾਤਾਵਰਣ ਨੂੰ ਭੰਗ ਕਰ ਰਹੀ ਸੀ। ਦੂਰ ਕਿਤੇ ਬਾਗ਼ ਵਿੱਚ ਮੋਰ ਦੇ ਕਿਆਂਕਣ ਦੀ ਅਵਾਜ਼ ਵੀ ਆ ਰਹੀ ਸੀ, ਜੋ ਬੱਦਲਾਂ ਦੀ ਗਰਜ ਦੇ ਜਵਾਬ ਵਿੱਚ ਗੂੰਜ ਉੱਠਦੀ ਸੀ। ਤਾਂ ਫਿਰ ਉਸ ਨੂੰ ਸਾਰੰਗੀ ਵੱਜਣ ਦੀ ਆਵਾਜ਼ ਕਿੱਥੋਂ ਸੁਣਾਈ ਦਿੱਤੀ? ਕੀ ਇਹ ਸੁਪਨਾ ਸੀ ਜਾਂ ਸਿਰਫ਼ ਭੁਲੇਖਾ? ਸਵਿਤਰੀ ਇਹ ਸੋਚਦਿਆਂ ਲਾਲਟੈਨ ਦੀ ਰੌਸ਼ਨੀ ਮੱਧਮ ਕਰਕੇ ਕਮਰੇ ਵਿੱਚ ਚਲੀ ਗਈ। ਬਾਹਰ ਵਰਾਂਡੇ ਵਿੱਚ ਮੰਜੇ ’ਤੇ ਉਸ ਦਾ ਸਹੁਰਾ ਅਜੇ ਵੀ ਘੂਕ ਸੁੱਤਾ ਪਿਆ ਸੀ, ਜਿਵੇਂ ਕੁਝ ਹੋਇਆ ਹੀ ਨਾ ਹੋਵੇ।
ਪਿਛਲੇ 15 ਸਾਲਾਂ ਤੋਂ ਸਵਿਤਰੀ ਨੂੰ ਪਤਾ ਨਹੀਂ ਕਿਉਂ ਇਹ ਲੱਗਦਾ ਆ ਰਿਹਾ ਸੀ ਕਿ ਰਾਤ ਦੇ ਹਨੇਰੇ ਵਿੱਚ ਇੱਕ ਜੋਗੀ ਕਦੇ ਦਰਵਾਜ਼ੇ ਤੋਂ ਅਤੇ ਕਦੇ ਘਰ ਦੇ ਪਿਛਵਾੜੇ ਤੋਂ ਸਾਰੰਗੀ ਵਜਾਉਂਦਾ ਹੋਇਆ ਆਉਂਦਾ ਹੈ ਤੇ ਅਚਾਨਕ ਕਿਧਰੇ ਲੋਪ ਹੋ ਜਾਂਦਾ ਹੈ। ਜਿਉਂ ਹੀ ਸਾਰੰਗੀ ਦੀ ਆਵਾਜ਼ ਨਾਲ ਉਸ ਦੀ ਅੱਖ ਖੁੱਲ੍ਹਦੀ ਉਹ ਨਿਢਾਲ ਹੋ ਕੇ ਮੰਜੇ ’ਤੇ ਲੇਟ ਜਾਂਦੀ ਅਤੇ ਘਰ ਦੀ ਧੁਆਂਖੀ ਹੋਈ ਛੱਤ ਨੂੰ ਬਿਟਰ-ਬਿਟਰ ਵੇਖਣ ਲੱਗਦੀ।
ਇਸ ਵੱਡੇ ਮਕਾਨ ਦੇ ਜਿਹੜੇ ਕਮਰੇ ਵਿੱਚ ਸਵਿਤਰੀ ਦਾ ਵਿਆਹ ਮਗਰੋਂ ਪੈਰ ਰਖਵਾਇਆ ਗਿਆ ਸੀ, ਉਸ ਵਿੱਚ ਦੁੱਧ ਕਾੜ੍ਹਨ ਲਈ ਇੱਕ ਕੋਨੇ ’ਤੇ ਹਾਰਾ ਬਣਿਆ ਹੋਇਆ ਸੀ। ਪਾਥੀਆਂ ਦੇ ਧੂੰਏਂ ਨਾਲ ਛੱਤ ’ਤੇ ਕਈ ਆਕ੍ਰਿਤੀਆਂ ਬਣ ਗਈਆਂ ਸਨ। ਉਨ੍ਹਾਂ ਆਕ੍ਰਿਤੀਆਂ ਵਿੱਚੋਂ ਹੀ ਇੱਕ ਅਜਿਹੀ ਆਕ੍ਰਿਤੀ ਵੀ ਬਣਦੀ ਜਿਸ ਵਿੱਚ ਇੱਕ ਜੋਗੀ ਸਾਰੰਗੀ ਵਜਾਉਂਦਾ ਹੋਇਆ ਲੰਮੇ ਲੰਮੇ ਕਦਮਾਂ ਨਾਲ ਭੱਜਿਆ ਜਾ ਰਿਹਾ ਹੋਵੇ। ਇਸ ਆਕ੍ਰਿਤੀ ਨੂੰ ਵੇਖਦੇ-ਵੇਖਦੇ ਸਵਿਤਰੀ ਨੂੰ ਕਦੋਂ ਨੀਂਦ ਆ ਜਾਂਦੀ ਉਸ ਨੂੰ ਕੁਝ ਵੀ ਪਤਾ ਨਾ ਲੱਗਦਾ।
* * *
ਅੱਜ ਤੋਂ ਸਤਾਰਾਂ ਸਾਲ ਪਹਿਲਾਂ ਠੀਕ ਇਸੇ ਤਰ੍ਹਾਂ ਸਵਿਤਰੀ ਦੀ ਨੀਂਦ ਉਚਾਟ ਹੋ ਗਈ ਸੀ ਜਦੋਂ ਉਹ ਕੇਵਲ ਤੇਰ੍ਹਾਂ ਸਾਲ ਦੀ ਸੀ। ਸੂਰਿਆਵੰਸ਼ੀ ਬ੍ਰਾਹਮਣ ਕੁਲ ’ਚ ਜਨਮੇ ਬਟੇਸ਼ਵਰ ਚੌਬੇ ਨੇ ਇਹ ਫ਼ੈਸਲਾ ਕੀਤਾ ਸੀ ਕਿ ਉਹ ਆਪਣੀ ਧੀ ਸਵਿਤਰੀ ਕੁਮਾਰੀ ਦਾ ਸਹੀ ਅਰਥਾਂ ਵਿੱਚ ਕੰਨਿਆ ਦਾਨ ਕਰਨਗੇ। ਸ਼ਾਸਤਰਾਂ ਮੁਤਾਬਿਕ “ਤੁਮਸਿਆਮਹਿ ਸੰਪਰਦਦੇ” ਕਹਿ ਕੇ ਕੰਨਿਆ ਨੂੰ ਲਾੜੇ ਦਾ ਪੱਲਾ ਫੜਾਇਆ ਜਾਂਦਾ ਹੈ। ਇਹੀ ਅਸਲੀ ਕੰਨਿਆ ਦਾਨ ਹੁੰਦਾ ਹੈ। ਭਲਾ ਉਸ ਕੰਨਿਆਦਾਨ ਦਾ ਕੀ ਮਤਲਬ ਕਿ ਕੰਨਿਆ, ਬਾਲ ਕੰਨਿਆ ਨਾ ਰਹਿ ਕੇ ਔਰਤ ਬਣ ਜਾਵੇ! ਕੀ ਧਰਮ ਗ੍ਰੰਥਾਂ ਵਿੱਚ ਕਿਤੇ ਵੀ ਔਰਤ ਦਾਨ ਲਿਖਿਆ ਹੈ? ਹਰਗਿਜ਼ ਨਹੀਂ! ਬਟੇਸ਼ਵਰ ਚੌਬੇ ਨੂੰ ਕਈ ਮਹੀਨੇ ਪਿੰਡਾਂ ਤੇ ਸ਼ਹਿਰਾਂ ਦੀ ਖੱਜਲ-ਖ਼ੁਆਰੀ ਮਗਰੋਂ ਸਵਿਤਰੀ ਲਈ ਵਰ ਲੱਭਿਆ ਸੀ। ਆਯੁਸ਼ਮਾਨ ਬਾਲਮੁਕੰਦ ਤਿਵਾੜੀ, ਪੁੱਤਰ ਰਾਮ ਲੇਖਾਰਸ ਤਿਵਾੜੀ। ਤਿਵਾੜੀ ਇੱਕ ਉੱਚ ਜਾਤੀ ਵੱਡਾ ਖਾਨਦਾਨੀ ਪਰਿਵਾਰ ਸੀ। ਬਾਲਮੁਕੰਦ ਸੰਸਕ੍ਰਿਤ ਪਾਠਸ਼ਾਲਾ ਵਿੱਚ ਮਿਡਲ ਜਮਾਤ ਦਾ ਵਿਦਿਆਰਥੀ ਸੀ। ਤਿਵਾੜੀ ਦੇ ਘਰ 25 ਵਿੱਘੇ ਦੀ ਖੇਤੀ, ਵਿਹੜੇ ਵਿੱਚ ਦੋ ਮੁੱਰ੍ਹਾ ਨਸਲ ਦੀਆਂ ਮੱਝਾਂ ਤੇ ਦੋ ਜੋੜੀਆਂ ਬਲਦਾਂ ਦੀਆਂ ਸਨ। ਘਰ ਵਿੱਚ ਦੁੱਧ ਘਿਓ ਦੀਆਂ ਨਾਲਾਂ ਵਗਦੀਆਂ ਸਨ। ਪੰਜ ਕਮਰੇ, ਵੱਡਾ ਸਾਰਾ ਵਿਹੜਾ ਅਤੇ ਵਰਾਂਡਾ। ਬਾਲ ਮੁਕੰਦ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਐਬ ਨਹੀਂ ਸੀ। ਨਾ ਉਹ ਸ਼ਰਾਬ ਪੀਂਦਾ ਸੀ ਤੇ ਨਾ ਹੀ ਤੰਬਾਕੂ ਤੇ ਭੰਗ-ਧਤੂਰੇ ਆਦਿ ਦਾ ਸੇਵਨ ਕਰਦਾ ਸੀ। ਮਹੀਨੇ ਭਰ ਦੀ ਖੋਜ-ਪੜਤਾਲ ਮਗਰੋਂ ਬਟੇਸ਼ਵਰ ਥੱਕੇ-ਟੁੱਟੇ ਵਾਪਸ ਘਰ ਪਹੁੰਚੇ ਸਨ। ਠੰਢ ਦੀ ਰਾਤ ਵਿੱਚ ਖਾਣਾ ਖਾਣ ਮਗਰੋਂ ਬਟੇਸ਼ਵਰ ਚੌਬੇ ਦੀ ਪਤਨੀ ਉਸ ਦੇ ਪੈਰ ਘੁੱਟ ਰਹੀ ਸੀ। ਉਹ ਕਿੱਥੇ-ਕਿੱਥੇ ਤੇ ਕਿਵੇਂ-ਕਿਵੇਂ ਗਿਆ ਸਭ ਦਾ ਲੇਖਾ-ਜੋਖਾ ਆਪਣੀ ਪਤਨੀ ਨੂੰ ਦੱਸ ਰਹੇ ਸਨ।
“ਸਵਿਤਰੀ ਦੀ ਮਾਂ ਮੁੰਡਾ ਇਕਦਮ ਸੋਨਾ ਹੈ ਸੋਨਾ, ਖਰਾ ਸੋਨਾ! ਮੈਨੂੰ ਤਾਂ ਉਹ ਸਤਯੁੱਗ ਦੇ ਸਮਿਆਂ ਦਾ ਕੋਈ ਭੱਦਰਪੁਰਸ਼ ਜਾਪਦਾ ਹੈ। ਹੁਣ ਮੈਂ ਤੈਨੂੰ ਕੀ ਦੱਸਾਂ! ਉਹ ਮੁੰਡਾ ਤਾਂ ਜਿਵੇਂ ਜੋਗੀ ਹੈ ਜੋਗੀ...।’’ ਚੌਬੇ ਦੇ ਮੰਜੇ ਨੇੜੇ ਸੁੱਤੀ ਹੋਈ ਸਵਿਤਰੀ ਦੀ ਨੀਂਦ ਅਚਾਨਕ ਖੁੱਲ੍ਹ ਗਈ ਸੀ। ਜੋਗੀ ਨਾਮ ਤੋਂ ਉਹ ਸੋਚਣ ਲੱਗੀ ਕਿ ਬਾਪੂ ਪਤਾ ਨਹੀਂ ਕਿਸ ਜੋਗੀ ਦੀ ਗੱਲ ਕਰ ਰਹੇ ਹਨ। ਕਿੱਥੋਂ ਦਾ ਵਸਨੀਕ ਅਤੇ ਕਿਹੋ ਜਿਹਾ ਹੋਵੇਗਾ ਉਹ ਜੋਗੀ? ਇਹੀ ਸੋਚਦੇ-ਸੋਚਦੇ ਉਹ ਉਦੋਂ ਤੱਕ ਜਾਗਦੀ ਰਹੀ ਜਦੋਂ ਤੱਕ ਉਸਦੀ ਮਾਂ ਤੇ ਬਾਪੂ ਸੌਂ ਨਹੀ ਗਏ।
* * *
ਸਵਿਤਰੀ ਅੱਜ ਫੇਰ ਜਾਗ ਰਹੀ ਸੀ। ਅੱਜ ਫਿਰ ਉਹੀ ਜੋਗੀ ਸਾਰੰਗੀ ਵਜਾਉਂਦਾ ਹੋਇਆ ਅਚਾਨਕ ਕਿਧਰੇ ਲੋਪ ਹੋ ਗਿਆ ਸੀ। ਪਰੇਸ਼ਾਨ ਕਰਦੀ ਸਾਰੰਗੀ ਦੀ ਆਵਾਜ਼ ਹੁਣ ਵੀ ਉਹਦੇ ਮਨ-ਮਸਤਕ ਵਿੱਚ ਖਰੂਦ ਪਾਈ ਜਾ ਰਹੀ ਸੀ।
ਸੋਚਦੇ-ਸੋਚਦੇ ਉਹ ਉਸ ਦੌਰ ਵਿੱਚ ਪਹੁੰਚ ਗਈ ਜਦੋਂ ਉਸ ਨੇ ਆਪਣੇ ਜੋਗੀ ਨੂੰ ਪਹਿਲੀ ਵਾਰ ਦੇਖਿਆ ਸੀ। ਬਾਲਮੁਕੰਦ ਤਿਵਾੜੀ ਵਾਜਿਆਂ-ਗਾਜਿਆਂ ਤੇ ਪੂਰੀ ਸ਼ਾਨੋ-ਸ਼ੌਕਤ ਨਾਲ ਉਸ ਨੂੰ ਵਿਆਹੁਣ ਲਈ ਬਰਾਤ ਲੈ ਕੇ ਆਇਆ ਸੀ। ਬਰਾਤ ਵਿੱਚ ਰਿਸ਼ਤੇਦਾਰ ਐਨੇ ਜ਼ਿਆਦਾ ਸਨ ਕਿ ਚੌਬੇ ਖਾਨਦਾਨ ਦੇ ਵਿਹੜੇ ਵਿੱਚ ਤਿਲ ਰੱਖਣ ਨੂੰ ਵੀ ਥਾਂ ਨਹੀਂ ਸੀ। ਹਾਥੀ ਘੋੜਿਆਂ ’ਤੇ ਬੈਠੇ ਬਰਾਤੀ ਖ਼ੁਸ਼ੀ ਵਿੱਚ ਚੁਆਨੀਆਂ ਅਠਿਆਨੀਆਂ ਤੇ ਇੱਕ-ਇੱਕ ਰੁਪਏ ਦੇ ਨੋਟਾਂ ਦੀਆਂ ਥੱਦੀਆਂ ਉਡਾ ਰਹੇ ਸਨ। ਪਿੰਡ ਦੇ ਬੱਚਿਆਂ ਵਿੱਚ ਨੋਟ ਲੁੱਟਣ ਦੀ ਹੋੜ ਲੱਗੀ ਹੋਈ ਸੀ। ਇਹ ਉਨ੍ਹਾਂ ਭਲ਼ੇ ਵੇਲ਼ਿਆਂ ਦੀ ਗੱਲ ਹੈ ਜਦੋਂ ਲਾੜਾ ਤੇ ਲਾੜੀ ਇੱਕ ਦੂਜੇ ਨੂੰ ਕਿਸੇ ਵੀ ਸੂਰਤ ਵਿੱਚ ਵਿਆਹ ਤੋਂ ਪਹਿਲਾਂ ਵੇਖ ਨਹੀਂ ਸਕਦੇ ਸਨ। ਸਵਿਤਰੀ ਦੀਆਂ ਸਹੇਲੀਆਂ ਨੇ ਉਸ ਨੂੰ ਦਰਵਾਜ਼ੇ ’ਤੇ ਖੜ੍ਹੀਆਂ ਕੁੜੀਆਂ ਪਿੱਛੇ ਛੁਪਾ ਦਿੱਤਾ ਸੀ। ਜਿਉਂ ਹੀ ਪਾਲਕੀ ਵਿੱਚੋਂ ਲਾੜਾ ਉਤਰਿਆ ਤਾਂ ਸਹੇਲੀਆਂ ਨੇ ਉਸ ਨੂੰ ਲਾੜੇ ਦੇ ਅੱਗੇ ਕਰ ਦਿੱਤਾ ਸੀ।
“ਵੇਖ ਲੈ ਸਵਿਤਰੀ ਜੀਅ ਭਰ ਕੇ, ਮਗਰੋਂ ਫਿਰ ਤਿੰਨ ਸਾਲ ਬਾਅਦ ਹੀ ਦੇਖ ਸਕੇਂਗੀ।” ਉਸ ਨੇ ਸ਼ਰਮਾਉਂਦੇ ਹੋਏ ਦੇਖਿਆ ਸੀ ਕਿ ਉਸ ਦੇ ਹੋਣ ਵਾਲੇ ਪਤੀ ਦੇ ਚਿਹਰੇ ’ਤੇ ਹਲਕੀਆਂ ਹਲਕੀਆਂ ਮੁੱਛਾਂ ਤੇ ਦਾੜ੍ਹੀ ਦੀਆਂ ਰੇਖਾਵਾਂ ਉੱਭਰ ਰਹੀਆਂ ਸਨ।
ਵਿਆਹ ਵਾਲੇ ਕੱਪੜਿਆਂ ਵਿੱਚ ਬਾਲਮੁਕੰਦ ਸਵਿਤਰੀ ਨੂੰ ਸੱਚਮੁੱਚ ਕੋਈ ਜੋਗੀ ਹੀ ਜਾਪਿਆ ਸੀ। ਉਦੋਂ ਹੀ ਸਵਿਤਰੀ ਨੇ ਮੁਸਕਰਾਉਂਦਿਆਂ ਆਪਣੀਆਂ ਸਹੇਲੀਆਂ ਨੂੰ ਪੁੱਛਿਆ ਸੀ, “ਇਸ ਜੋਗੀ ਦੇ ਹੱਥ ਵਿੱਚ ਜੇਕਰ ਸਾਰੰਗੀ ਹੁੰਦੀ ਤਾਂ ਦੱਸੋ ਫੇਰ ਇਹ ਕਿੰਝ ਲੱਗਦਾ?” ‘‘ਅੱਛਾ! ਤਾਂ ਫੇਰ ਦੂਲਹੇ ਰਾਜਾ ਤੇਰੇ ਘਰ ਨਾ ਆਉਂਦੇ ਸਗੋਂ ਪੂਰੇ ਪਿੰਡ ਵਿੱਚ ਸਾਰੰਗੀ ਵਜਾਉਂਦੇ ਤੇ ਗੁਣਗੁਣਾਉਂਦੇ ਹੋਏ ਘੁੰਮਦੇ ਰਹਿੰਦੇ, ਓ... ਮੇਰੀ ਸਵਿਤਰੀ ਤੂੰ ਕਹਾਂ... ਮੈਂ ਤੜਪਤਾ ਯਹਾਂ..।” ਇੱਕ ਸਹੇਲੀ ਦੇ ਅਜਿਹਾ ਜਵਾਬ ਦੇਣ ’ਤੇ ਸਾਰੀਆਂ ਖਿੜਖਿੜਾ ਕੇ ਹੱਸ ਪਈਆਂ ਸਨ।
ਬੈਂਡ-ਵਾਜੇ ਦਾ ਸ਼ੋਰ ਵਧਦਾ ਜਾ ਰਿਹਾ ਸੀ। ਉਸ ਸਮੇਂ ਸਾਰੇ ਪਿੰਡ ਵਿੱਚ ਲਾੜੇ ਬਾਲਮੁਕੰਦ ਦੇ ਹੀ ਚਰਚੇ ਸਨ। ਵਿਆਹ ਵਿੱਚ ਆਏ ਰਿਸ਼ਤੇਦਾਰਾਂ ਦੀ ਭਰੀ ਸਭਾ ਵਿੱਚ ਜਦੋਂ ਧਰਮ ਗ੍ਰੰਥਾਂ ਦੇ ਮੰਤਰਾਂ ਦਾ ਉਚਾਰਣ ਹੋ ਰਿਹਾ ਸੀ ਤਾਂ ਸਵਿਤਰੀ ਦੇ ਪਤੀ ਨੇ ਸੰਸਕ੍ਰਿਤ ਵਿੱਚ ਕਥਾ ਪ੍ਰਵਚਨ ਕਰਕੇ ਸਾਰਿਆਂ ਨੂੰ ਕੀਲ਼ ਲਿਆ ਸੀ। ਕਿਉਂਕਿ ਉਸ ਸਮੇਂ ਦੇ ਰੀਤੀ ਰਿਵਾਜ ਮੁਤਾਬਿਕ ਘਰ ਵਿੱਚ ਪੂਜਾ ਤੋਂ ਲੈ ਕੇ ਵਿਦਾਈ ਤੱਕ ਲਾੜਾ ਨੀਵੀਂ ਪਾ ਕੇ ਬੈਠਾ ਰਹਿੰਦਾ ਸੀ। ਲਾੜੇ ਦੀ ਸਹਾਇਤਾ ਲਈ ਪਿੰਡ ਦਾ ਨਾਈ ਹੁੰਦਾ ਸੀ ਜੋ ਉਸ ਦੀਆਂ ਜ਼ਰੂਰਤਾਂ ਨੂੰ ਸੁਣ ਕੇ ਪੂਰਾ ਕਰਦਾ ਸੀ, ਭਾਵੇਂ ਉਸ ਨੂੰ ਪਿਆਸ ਲੱਗੇ ਜਾਂ ਕਿਸੇ ਹੋਰ ਵਸਤੂ ਦੀ ਜ਼ਰੂਰਤ ਹੋਵੇ। ਸਵਿਤਰੀ ਦੇ ਲਾੜੇ ਬਾਲਮੁਕੰਦ ਨੇ ਧਰਮ ਗ੍ਰੰਥਾਂ ਦੀ ਵਿਆਖਿਆ ਸਮੇਂ ਭਰੇ ਪੰਡਾਲ ਵਿੱਚ ਖੜ੍ਹਾ ਹੋ ਕੇ ਸੰਸਕ੍ਰਿਤ ਵਿੱਚ ਕੁਝ ਬੋਲਿਆ ਸੀ ਤੇ ਉਹ ਵੀ ਆਪਣੇ ਖ਼ੁਦ ਦੇ ਵਿਆਹ ਵਿੱਚ। ਆਸੇ-ਪਾਸੇ ਦੇ ਪਿੰਡਾਂ ਵਿੱਚ ਇਹ ਖ਼ਬਰ ਫੈਲ ਗਈ ਸੀ ਕਿ ਸਵਿਤਰੀ ਦਾ ਲਾੜਾ ਕੋਈ ਵੱਡਾ ਧਰਮ ਸ਼ਾਸਤਰੀ ਪੰਡਿਤ ਹੈ। ਸਵਿਤਰੀ ਇਹ ਸਾਰਾ ਕੁਝ ਸੁਣ ਕੇ ਆਪਣੇ ਜੋਗੀ ਲਾੜੇ ’ਤੇ ਮੋਹਿਤ ਹੀ ਹੋ ਗਈ ਸੀ।
* * *
‘‘ਸਵਿਤਰੀ ਮੁਕੰਦੇ ਦੇ ਮੋਹ ਵਿੱਚ ਕਿਉਂ ਫਸੀ ਹੋਈ ਏਂ? ਜਵਾਨੀ ਬਰਬਾਦ ਕਰ ਰਹੀ ਏਂ ਤੂੰ ਆਪਣੀ। ... ਕੀ ਅਜੇ ਵੀ ਤੈਨੂੰ ਮੁਕੰਦੇ ਦੇ ਵਾਪਸ ਆਉਣ ਦੀ ਉਮੀਦ ਏ? ਸਾਰੰਗੀ ਵਜਾਉਂਦਾ ਹੋਇਆ ਉਹ ਤਾਂ ਕਮਰੂ-ਕਮਕਸ਼ਾਂ ਪਹੁੰਚ ਗਿਆ ਹੋਏਗਾ... ਜਿੱਥੇ ਉਹ ਧਰਮ ਸ਼ਾਸ਼ਤਰਾਂ ਦੇ ਵਖਿਆਨ ਵਿੱਚ ਹਾਰ ਗਿਆ ਹੋਵੇਗਾ। ਉਸ ਨੂੰ ਉੱਥੋਂ ਦੀਆਂ ਬੰਗਾਲਣਾਂ ਨੇ ਕੀਲ਼ ਕੇ ਪਿੰਜਰੇ ਵਿੱਚ ਬੰਦ ਕਰ ਲਿਆ ਹੋਵੇਗਾ।’’ ਇਹ ਅਪਸ਼ਬਦ ਬੋਲਦਿਆਂ ਮਿਸ਼ਰੀ ਦੇ ਮੁੰਡੇ ਬਲਭੱਦਰ ਨੇ ਰਾਹ ਵਿੱਚ ਇਕੱਲੀ ਦੇਖ ਕੇ ਮਾੜੀ ਨੀਅਤ ਨਾਲ ਸਵਿਤਰੀ ਦੀ ਬਾਂਹ ਫੜ ਲਈ ਸੀ। “... ... ... ਅੱਗੇ ਤੋਂ ਕਦੇ ਭੁੱਲ ਕੇ ਵੀ ਮੈਨੂੰ ਇਸ ਤਰ੍ਹਾਂ ਛੂਹਣ ਦੀ ਕੋਸ਼ਿਸ਼ ਕੀਤੀ ਤਾਂ ਮੈਥੋਂ ਬੁਰਾ ਕੋਈ ਨਹੀਂ। ਤੂੰ ਵੱਡਾ ਖ਼ੈਰ-ਗਵਾਹ ਬਣਦਾ ਹੈ ਮੇਰੀ ਜਵਾਨੀ ਦਾ। ਜਾਹ! ਜਾ ਕੇ ਪਹਿਲਾਂ ਆਪਣੀ ਭੈਣ ਦੀ ਜਵਾਨੀ ਸੰਭਾਲ਼।” ਕ੍ਰੋਧ ਨਾਲ ਲਲਕਾਰ ਆਈ ਸੀ ਸਵਿਤਰੀ। ਬਲਭੱਦਰ ਦੇ ਮੁੰਡੇ ਨੂੰ ਉਸ ਨੇ ਅਜਿਹਾ ਧਮਕਾਇਆ ਕਿ ਸਾਰੇ ਪਿੰਡ ਵਿੱਚ ਉਸ ਦੀ ਧਾਂਕ ਪੈ ਗਈ ਸੀ। ਛੋਟੇ, ਨਨਕੂ ਮਾਤਾਬਦਲ ਤੇ ਪਿੰਡ ਦੇ ਹੋਰ ਛਲਾਰੂ ਮੁੰਡਿਆਂ ਨੇ ਆਨੇ-ਬਹਾਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਸਵਿਤਰੀ ਉਨ੍ਹਾਂ ਦੀਆਂ ਕਾਮ-ਇੱਛਾਵਾਂ ਦੀ ਪੂਰਤੀ ਕਰੇ ਪਰ ਸਵਿਤਰੀ ਤਾਂ ਜਿਵੇਂ ਕੜਕਦੀ ਬਿਜਲੀ ਹੀ ਬਣ ਗਈ ਸੀ। ਸਾਰੇ ਚੋਭਾਂ ਲਾਉਂਦੇ ਕਿ ਤਿਵਾੜੀ ਦੀ ਨੂੰਹ ਬਾਲਮੁਕੰਦ ਦੀ ਰਾਹ ਤੱਕਦੇ-ਤੱਕਦੇ ਆਪਣੀ ਭਰ ਜਵਾਨੀ ਨੂੰ ਨਸ਼ਟ ਕਰ ਰਹੀ ਹੈ। ਬੰਗਾਲਣਾਂ ਦੇ ਕਾਲ਼ੇ ਜਾਦੂ ਵਿੱਚ ਫਸਿਆ ਕੋਈ ਵੀ ਵਿਅਕਤੀ ਅੱਜ ਤਾਈਂ ਮੁੜਿਆ ਨਹੀਂ...।
* * *
“ਤੁਸੀਂ ਜੋਗੀ ਹੋ ਤਾਂ ਮੈਂ ਤੁਹਾਡੀ ਜੋਗਣ।”
ਸਵਿਤਰੀ ਨੇ ਸੁਹਾਗਰਾਤ ਨੂੰ ਘੁੰਡ ਦੇ ਸਹਾਰੇ ਹੌਸਲਾ ਕਰਕੇ ਆਪਣੇ ਪਤੀ ਨੂੰ ਜਵਾਬ ਦਿੱਤਾ ਸੀ। ਵਿਆਹ ਦੇ ਤੀਜੇ ਸਾਲ ਮੁਕਲਾਵਾ ਆਇਆ ਸੀ। ਉਸ ਨੇ ਇਹ ਵੀ ਸੁਣਿਆ ਸੀ ਕਿ ਬਾਲਮੁਕੰਦ ਮੁਕਲਾਵਾ ਲੈਣ ਨੂੰ ਤਿਆਰ ਨਹੀਂ ਸੀ, ਪਰ ਉਹ ਜ਼ਮਾਨਾ ਹੀ ਕੋਈ ਹੋਰ ਸੀ ਕਿ ਖੁੱਲ੍ਹ ਕੇ ਆਪਣੇ ਪਿਉ ਦੇ ਸਾਹਮਣੇ ਵਿਰੋਧ ਕਰਨ ਦੀ ਹਿੰਮਤ ਨਹੀਂ ਹੁੰਦੀ ਸੀ ਕਿਸੇ ਦੀ। ਸਵਿਤਰੀ ਪੇਕਿਆਂ ਤੋਂ ਹੀ ਦ੍ਰਿੜ੍ਹ ਨਿਸ਼ਚਾ ਕਰਕੇ ਆਈ ਸੀ ਕਿ ਉਹ ਆਪਣੇ ਪਤੀ ਨੂੰ ਪਿਆਰ ਨਾਲ ਜਿੱਤ ਲਵੇਗੀ। ਜਦੋਂ ਉਸ ਦਾ ਪਤੀ ਉਸ ਦੇ ਸੋਹਣੇ ਮੁੱਖੜੇ ਤੋਂ ਘੁੰਡ ਸਰਕਾਵੇਗਾ ਤਾਂ ਸੰਸਕ੍ਰਿਤ ਫ਼ਾਰਸੀ ਸਭ ਭੁੱਲ ਜਾਵੇਗਾ। ਪਰ ਸੁਹਾਗਰਾਤ ਵੇਲੇ ਉਸ ਦੇ ਪਤੀ ਨੇ ਘੁੰਡ ਉਠਾਉਣ ਦੀ ਜ਼ਰੂਰਤ ਹੀ ਨਹੀਂ ਸਮਝੀ। “ਜਾਣਦੀ ਏਂ! ਘਰ ਗ੍ਰਹਿਸਤੀ ਵਿੱਚ ਮੇਰਾ ਜੀਅ ਨਹੀਂ ਲੱਗਦਾ। ਮੇਰੇ ਨਾਲ ਧੱਕਾ ਹੋ ਰਿਹਾ ਏ।” ਬਾਲਮੁਕੰਦ ਬੋਲਿਆ ਸੀ। “ਜ਼ਬਰਦਸਤੀ ਕਿਸ ਗੱਲ ਦੀ ਹੋ ਰਹੀ ਏ? ਵਿਆਹ ਦਾ ਮਨ ਨਹੀਂ ਸੀ ਤਾਂ ਫਿਰ ਕਿਉਂ ਲਾੜਾ ਸਜ ਕੇ ਤੇ ਬਰਾਤ ਲੈ ਕੇ ਤੁਰ ਆਏ ਸੀ?” “ਮੈਂ ਆਪਣੇ ਚਾਅ ਨੂੰ ਨਹੀਂ ਸੀ ਆਇਆ, ਬਾਪੂ ਜੀ ਦੀਆਂ ਸੱਧਰਾਂ ਜੁੜੀਆਂ ਹੋਈਆਂ ਸਨ। ਮੈਨੂੰ ਤਾਂ ਬਸ ਮਜਬੂਰੀਵੱਸ ਹੀ ਆਉਣਾ ਪਿਆ। ਖ਼ਾਨਦਾਨ ਤੇ ਘਰ ਦੀ ਇੱਜ਼ਤ ਦਾ ਜੋ ਸਵਾਲ ਸੀ। ਮੈਂ ਬਰਾਤ ਨਾ ਲੈ ਕੇ ਆਉਂਦਾ ਤਾਂ ਕਿੰਨੀ ਜੱਗ-ਹਸਾਈ ਹੁੰਦੀ ਖਾਨਦਾਨ ਦੀ।”
“ਤਾਂ ਫਿਰ ਇਹਦੇ ਵਿੱਚ ਮੇਰਾ ਕੀ ਕਸੂਰ ਹੈ? ਮੈਂ ਤੁਹਾਡਾ ਕੀ ਵਿਗਾੜਿਆ ਸੀ ਜੋ ਤੁਸੀਂ ਮੈਨੂੰ ਇੰਨੀ ਵੱਡੀ ਸਜ਼ਾ ਦੇ ਰਹੇ ਹੋ?”
“ਮੈਂ ਤੈਨੂੰ ਕੋਈ ਸਜ਼ਾ ਨਹੀਂ ਦੇ ਰਿਹਾ ਸਗੋਂ ਪਛਤਾਵਾ ਕਰ ਰਿਹਾ ਹਾਂ। ਗ੍ਰਹਿਸਥੀ ਦਾ ਬੰਧਨ... ਮੇਰੇ ਤੋਂ ਨਹੀਂ ਹੋਵੇਗਾ। ਕਾਰਨ ਤਾਂ ਨਹੀਂ ਦੱਸ ਸਕਦਾ ਪਰ ਲੱਗਦਾ ਹੈ ਗ੍ਰਹਿ ਨਛੱਤਰ ਹੀ ਐਵੇਂ ਦੇ ਹਨ। ਯੋਗ ਹੈ ਮੇਰੀ ਕੁੰਡਲੀ ਵਿੱਚ, ਮੈਂ ਜੋਗੀ ਹਾਂ ਜੋਗੀ।”
ਫਿਰ ਉਹ ਮੁਸਕੁਰਾ ਕੇ ਬੋਲੀ ਸੀ, “ਤੁਸੀਂ ਜੋਗੀ ਹੋ ਤਾਂ ਮੈਂ ਤੁਹਾਡੀ ਜੋਗਣ ਹਾਂ।” ਉਹ ਆਪ ਹੀ ਬਾਲਮੁਕੰਦ ਵੱਲ ਅੱਗੇ ਵਧੀ ਪਰ ਉਹ ਘਬਰਾ ਕੇ ਪਲੰਘ ਦੇ ਖੂੰਜੇ ਨਾਲ ਜਾ ਲੱਗਿਆ। ਫਿਰ ਕੀ ਸੀ ਪਲੰਘ ਤੇ ਬੈਠੇ-ਬੈਠੇ ਦੋਵਾਂ ਜੀਆਂ ਨੇ ਸਾਰੀ ਰਾਤ ਬਿਤਾ ਦਿੱਤੀ। ਸਵੇਰੇ ਤੜਕਸਾਰ ਨੀਂਦ ਦੀ ਝਪਕੀ ਆਈ ਤਾਂ ਜੋਗੀ ਉਡਾਰੀ ਮਾਰ ਗਿਆ ਸੀ।
* **
ਉਸ ਨੂੰ ਗਿਆਂ ਪੰਦਰਾਂ ਸਾਲ ਬੀਤ ਗਏ ਸਨ ਪਰ ਸਵਿਤਰੀ ਨੂੰ ਹਰ ਵੇਲੇ ਇਹੋ ਲੱਗਿਆ ਰਹਿੰਦਾ ਸੀ ਕਿ ਜੋਗੀ ਹੁਣ ਆਇਆ ਕਿ ਹੁਣ ਆਇਆ। ਉਂਞ ਦੇਖਿਆ ਜਾਵੇ ਤਾਂ ਪੰਦਰਾਂ ਸਾਲਾਂ ਦਾ ਪੜਾਅ ਥੋੜ੍ਹਾ ਨਹੀਂ ਹੁੰਦਾ। ਸਾਲ... ਦੋ ਸਾਲ... ਤਿੰਨ ਸਾਲ... ਪੰਦਰਾਂ ਸਾਲ... ਜੇਕਰ ਪਿੰਡ ਦਾ ਕੋਈ ਬਾਸ਼ਿੰਦਾ ਘਰ ਤੋਂ ਗਿਆ ਮੁੜ ਕੇ ਨਹੀਂ ਸੀ ਆਉਂਦਾ ਤਾਂ ਉਸ ਦੀ ਅੰਤਿਮ ਕਿਰਿਆ-ਕ੍ਰਮ ਰਸਮ ਕਰ ਦਿੱਤੀ ਜਾਂਦੀ ਹੈ। ਪਿੰਡ ਵਿੱਚ ਸਾਰੇ ਇਸੇ ਗੱਲ ਨੂੰ ਲੈ ਕੇ ਹੈਰਾਨ-ਪਰੇਸ਼ਾਨ ਸਨ ਕਿ ਅਖੀਰ ਬਾਲਮੁਕੰਦ ਦਾ ਇੰਤਜ਼ਾਰ ਤਿਵਾੜੀ ਖਾਨਦਾਨ ਕਦੋਂ ਤੱਕ ਕਰਦਾ ਰਹੇਗਾ? ਤਿਵਾੜੀ ਆਪਣੇ ਪੁੱਤਰ ਦੇ ਵਿਯੋਗ ਵਿੱਚ ਬੁਰੀ ਤਰ੍ਹਾਂ ਟੁੱਟ ਚੁੱਕਿਆ ਸੀ। ਢੇਰ ਸਾਰੀਆਂ ਪੂਜਾ-ਮਨੌਤਾਂ ਮਗਰੋਂ ਚਾਲੀ ਸਾਲਾ ਤਿਵਾੜੀ ਦੇ ਘਰ ਪਲੇਠਾ ਮੁੰਡਾ ਹੋਇਆ ਸੀ। ਬਾਲਮੁਕੰਦ ਦੇ ਜਨਮ ਲੈਂਦਿਆਂ ਹੀ ਜਨਮ-ਪੀੜਾ ਕਾਰਨ ਉਸ ਦੀ ਮਾਂ ਚਲਾਣਾ ਕਰ ਗਈ ਸੀ। ਬਾਲਮੁਕੰਦ ਦੇ ਪਿਓ ਨੇ ਹੀ ਉਸ ਦੀ ਮਾਂ ਦਾ ਫ਼ਰਜ਼ ਨਿਭਾਇਆ ਤੇ ਉਸ ਦਾ ਪਾਲ਼ਣ-ਪੋਸ਼ਣ ਕੀਤਾ ਸੀ। ਹੁਣ ਬਿਨਾਂ ਜਾਣੇ-ਬੁੱਝੇ ਇਨ੍ਹਾਂ ਹੱਥਾਂ ਨਾਲ ਹੀ ਪੁੱਤਰ ਦਾ ਕਿਰਿਆ-ਕ੍ਰਮ ਕਰ ਦੇਵੇ ਇਹ ਕਿਵੇਂ ਹੋ ਸਕਦਾ ਹੈ? ਤਿਵਾੜੀ ਦੇ ਮੂੰਹੋਂ ਪਿੰਡ ਦੇ ਵਸਨੀਕਾਂ ਸਾਹਮਣੇ ਕੋਈ ਬੋਲ ਨਾ ਨਿਕਲਿਆ। ਪਰ ਸਵਿਤਰੀ ਨੇ ਪਿੰਡ ਵਾਲਿਆਂ ਲਲਕਾਰਿਆ, “ਤੁਹਾਨੂੰ ਲੋਕਾਂ ਨੂੰ ਚੰਗਾ ਲੱਗੇ ਜਾਂ ਬੁਰਾ ਅਸੀਂ ਨਹੀਂ ਕਰਾਂਗੇ ਕਿਰਿਆ-ਕ੍ਰਮ ਸੁਣ ਲਓ ਸਾਰੇ ਕੰਨ ਖੋਲ੍ਹ ਕੇ!’’ ਪਿੰਡ ਪੰਚਾਇਤ ਦੀ ਜ਼ੁਬਾਨ ਨੂੰ ਤਾਂ ਜਿਵੇਂ ਜਿੰਦਰਾ ਹੀ ਲੱਗ ਗਿਆ ਸੀ। ਲੋਕ ਬੁੜਬੜਾਉਂਦੇ ਹੋਏ ਮੂੰਹ ਲਟਕਾ ਆਪਣੇ-ਆਪਣੇ ਘਰਾਂ ਨੂੰ ਮੁੜਦੇ ਹੋਏ ਆਖ ਰਹੇ ਸਨ, “ਕਲਮੂੰਹੀ ਨੂੰਹ ਆ ਗਈ ਹੈ ਤਿਵਾੜੀ ਦੀ ਤਾਂ! ... ਪਹਿਲਾਂ ਬਾਲਮੁਕੰਦ ਨੂੰ ਖਾ ਗਈ ਤੇ ਹੁਣ ਤਿਵਾੜੀ ਖਾਨਦਾਨ ਨੂੰ ਨਰਕਾਂ ਵਿੱਚ ਧੱਕ ਰਹੀ ਹੈ।”
* * *
ਭਗਤਪੁਰਾ ਦੇ ਕੋਲ ਹੀ ਭਵਾਨੀਪੁਰ ਪਿੰਡ ਵਿੱਚ ਇੱਕ-ਇੱਕ ਕਰਕੇ ਸਾਰਿਆਂ ਨੇ ਇਹ ਖ਼ਬਰ ਸੁਣੀ ਕਿ ਪਿੰਡ ਦੇ ਬਾਹਰਵਾਰ ਬਾਗ਼ ਵਿੱਚ ਜੋਗੀਆਂ ਦੀ ਇੱਕ ਮੰਡਲੀ ਆਈ ਬੈਠੀ ਹੈ। ਰਾਤ ਨੂੰ ਉਨ੍ਹਾਂ ਦੀ ਬੈਠਕ ਹੋਵੇਗੀ। ਖੜਤਾਲ, ਖੰਜਰੀ ਅਤੇ ਸਾਰੰਗੀ ਦੇ ਤਰੰਨੁਮ ਨਾਲ ਸਾਰੇ ਜੋਗੀ ਕਥਾ-ਵਖਿਆਨ ਕਰਨਗੇ। ਮਾਘ ਮਹੀਨੇ ਦਾ ਦਿਨ ਜਲਦੀ-ਜਲਦੀ ਢਲਦਾ ਜਾ ਰਿਹਾ ਸੀ। ਲੋਕ ਬਾਗ਼ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਖੜਤਾਲ ਖੰਜਰੀ ਅਤੇ ਸਾਰੰਗੀ ਦੀਆਂ ਧੁਨਾਂ ਵਿਚਕਾਰ ਜੋਗੀਆਂ ਦਾ ਮਨਮੋਹਕ ਵੈਰਾਗਮਈ ਸੁਰ ਫੁੱਟ ਪਿਆ ਸੀ।
‘‘ਨਿਆਮਤ ਲਿਆਉਣਾ... ਗੁਰੂ ਜੀ ਨੇ ਪੜ੍ਹਾਇਆ
ਚੇਲਾ ਨਿਆਮਤ ਲਾਨਾ ਰੇ...
ਪਹਿਲੀ ਭੀਖਸ਼ਾ ਅੰਨ ਲੇ ਆਨਾ,
ਗਾਂਵ ਨਗਰ ਕੇ ਪਾਸ ਨਾ ਜਾਨਾ,
ਚਲਤੀ ਚੱਕੀ ਛੋੜ ਕੇ ਚੇਲਾ, ਝੋਲੀ ਭਰਕੇ ਲਾਨਾ॥1॥
ਦੂਸਰੀ ਭੀਖਸ਼ਾ ਜਲ ਭਰ ਲਾਨਾ,
ਨਦੀ ਕੂੰਆ ਕੇ ਪਾਸ ਨਾ ਜਾਨਾ,
ਗੰਦਾ ਉਜਲਾ ਛੋੜ ਕੇ ਚੇਲਾ,
ਤੂੰਬੀ ਭਰ ਕੇ ਲਾਨਾ॥2॥
ਤੀਸਰੀ ਭੀਖਸ਼ਾ ਲਕੜੀ ਲਾਨਾ,
ਹਰੇ ਝਾੜ ਕੇ ਪਾਸ ਨਾ ਜਾਨਾ,
ਗੀਲੀ ਸੂਖੀ ਛੋੜ ਕੇ ਚੇਲਾ,
ਗਠੜੀ ਬਾਂਧ ਕੇ ਲਾਨਾ॥3॥
ਚੌਥੀ ਭੀਖਸ਼ਾ ਮਾਸ ਕੀ ਲਾਨਾ,
ਜੀਵ ਜੰਤੂ ਕੋ ਨਹੀਂ ਸਤਾਨਾ,
ਜ਼ਿੰਦਾ ਮੁਰਦਾ ਛੋੜ ਕੇ ਚੇਲਾ,
ਹਾਂਡੀ ਭਰ ਕੇ ਲਾਨਾ॥4॥
ਖ਼ੂਬ ਮਸਤੀ ਵਿੱਚ ਝੂਮ-ਝੂਮ ਕੇ ਗਾ ਰਹੇ ਸਨ ਜੋਗੀ...
ਭਵਾਨੀਪੁਰ ਦੇ ਬਾਗ਼ ਵਿੱਚ ਸਾਰੰਗੀ ਦੀ ਆਵਾਜ਼ ਨੂੰ ਭਗਤਪੁਰਾ ਦੇ ਕਿਸੇ ਵਸਨੀਕ ਨੇ ਸੁਣਿਆ ਹੋਵੇ ਜਾਂ ਨਾ ਸੁਣਿਆ ਹੋਵੇ ਪਰ ਸਵਿਤਰੀ ਨੂੰ ਇਹ ਆਵਾਜ਼ ਜ਼ਰੂਰ ਸੁਣਾਈ ਦਿੱਤੀ। “ਜੋਗੀ ਆਇਆ ਹੈ” ਸਵਿਤਰੀ ਬੁੜਬੁੜਾਈ। ਆਪਣੇ ਸਹੁਰੇ ਨੂੰ ਜਲਦੀ-ਜਲਦੀ ਰੋਟੀ ਦੀ ਥਾਲ਼ੀ ਪਰੋਸ ਕੇ ਉਹ ਕਮਰੇ ਵਿੱਚ 15 ਸਾਲ ਪੁਰਾਣੇ ਉਸ ਬਕਸੇ ਨੂੰ ਫੋਲਣ ਲੱਗੀ ਜਿਸ ਨੂੰ ਉਹ ਮੁਕਲਾਵੇ ਵਿੱਚ ਲਿਆਈ ਸੀ। ਬਕਸੇ ਵਿੱਚੋਂ ਉਸ ਨੇ ਸ਼ਿੰਗਾਰਦਾਨ ਕੱਢਿਆ ਅਤੇ ਸ਼ੀਸ਼ੇ ’ਤੇ ਪਈ ਧੂੜ ਦੀ ਪਰਤ ਨੂੰ ਆਪਣੇ ਦੁਪੱਟੇ ਨਾਲ ਸਾਫ਼ ਕੀਤਾ। ਬਹੁਤ ਦਿਨਾਂ ਬਾਅਦ ਉਸ ਨੇ ਆਪਣੇ ਚਿਹਰੇ ਨੂੰ ਨੀਝ ਨਾਲ ਨਿਹਾਰਿਆ ਸੀ। ਸਾੜੀ ਕੱਢ ਕੇ ਸਿੱਧਾ ਪੱਲੂ ਬੰਨ੍ਹਿਆ ਅਤੇ ਬੁੱਲ੍ਹਾਂ ’ਤੇ ਲਾਲ ਸੁਰਖੀ ਲਗਾ ਲਈ। ਇੱਕ ਚੁਟਕੀ ਸੰਧੂਰ ਆਪਣੇ ਮੱਥੇ ਦੇ ਚੀਰ ’ਤੇ ਭਰ ਕੇ ਆਪਣੇ ਸਹੁਰੇ ਦੇ ਸਾਹਮਣੇ ਜਾ ਖਲੋਈ। “ਕੀ ਹੋਇਆ ਬਹੂ?” ਸਵਿਤਰੀ ਦਾ ਇਹ ਰੂਪ ਦੇਖ ਕੇ ਤਿਵਾੜੀ ਠਠੰਬਰ ਗਿਆ। “ਬਾਬੂ ਜੀ, ਭਵਾਨੀਪੁਰ ਚੱਲੀਏ... ਜੋਗੀ ਆਇਆ ਹੈ... ਉਸੇ ਪਿੰਡ ਤੋਂ ਸਾਰੰਗੀ ਦੀ ਆਵਾਜ਼ ਆ ਰਹੀ ਹੈ।” ਸਵਿਤਰੀ ਦੇ ਚਿਹਰੇ ’ਤੇ ਚਿੰਤਾ ਦੇ ਭਾਵ ਸਨ। “ਕੀ ਕਿਹਾ ਬਹੂ, ਜੋਗੀ ਬਾਲਮੁਕੰਦ ਆ ਗਿਆ ਹੈ?” “ਹਾਂ ਬਾਬੂ ਜੀ, ਜੋਗੀ ਆ ਗਿਆ ਹੈ। ਹੁਣ ਰਾਤ ਦੇ ਲਗਭਗ ਦੋ ਪਹਿਰ ਬੀਤ ਗਏ ਹਨ ਤੇ ਭਵਾਨੀਪੁਰ ਦੇ ਲੋਕ ਹੁਣ ਤੱਕ ਸੌਂ ਗਏ ਹੋਣਗੇ। ਸਾਨੂੰ ਉੱਥੇ ਤੱਕ ਪੈਦਲ ਤੁਰ ਕੇ ਜਾਣ ਲਈ ਮੁਸ਼ਕਿਲ ਨਾਲ ਅੱਧਾ ਘੰਟਾ ਲੱਗੇਗਾ।” ਜਦੋਂ ਸਵਿਤਰੀ ਅਤੇ ਉਸ ਦਾ ਸਹੁਰਾ ਭਵਾਨੀਪੁਰ ਦੇ ਬਾਗ਼ ਵਿੱਚ ਪਹੁੰਚੇ ਉਦੋਂ ਤੱਕ ਜੋਗੀਆਂ ਦਾ ਕਥਾ ਵਖਿਆਨ ਸਮਾਪਤ ਹੋ ਚੁੱਕਿਆ ਸੀ। ਲੱਕੜਾਂ ’ਤੇ ਮਿੱਟੀ ਦੇ ਬਰਤਨ ਰੱਖ ਕੇ ਭੋਜਨ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਸਰਦੀਆਂ ਦੀ ਅੱਧੀ ਰਾਤ ਨੂੰ ਇੱਕ ਔਰਤ ਨੂੰ ਬੇਖ਼ੌਫ਼ ਸਾਹਮਣੇ ਵੇਖ ਕੇ ਜੋਗੀਆਂ ਦਾ ਟੋਲਾ ਹੈਰਾਨ ਰਹਿ ਗਿਆ ਸੀ। “ਕੀ ਗੱਲ ਹੈ ਮਾਤਾ?” ਇੱਕ ਜੋਗੀ ਨੇ ਪੁੱਛਿਆ। ‘‘ਮੇਰਾ ਜੋਗੀ ਕਿੱਥੇ ਹੈ, ਬਾਲਮੁਕੰਦ ਜੋਗੀ?’’ ਸਵਿਤਰੀ ਨੇ ਦੁਖੀ ਹੋ ਕੇ ਪੁੱਛਿਆ। “ਮਾਤਾ ਇੱਥੇ ਤਾਂ ਹਰ ਕੋਈ ਜੋਗੀ ਹੈ। ਮਾਂ ਬਾਪ ਦਾ ਦਿੱਤਾ ਹੋਇਆ ਨਾਮ ਸਭ ਜੋਗੀਆਂ ਨੇ ਬਹੁਤ ਸਮਾਂ ਪਹਿਲਾਂ ਤਿਆਗ ਦਿੱਤਾ ਹੈ। ਅਸੀਂ ਹੁਣ ਕਿਸੇ ਇੱਕ ਦੇ ਨਹੀਂ ਹਾਂ ਸਮੂਹ ਲੋਕਾਈ ਦੇ ਹੋ ਚੁੱਕੇ ਹਾਂ। ਅਸੀਂ ਸਾਰੇ ਸੰਸਾਰ ਨੂੰ ਪਿਆਰ ਕਰਦੇ ਹਾਂ।” “ਪਰ ਮੈਂ ਤਾਂ ਪੰਦਰਾਂ ਸਾਲਾਂ ਤੋਂ ਸਿਰਫ਼ ਉਸੇ ਨੂੰ ਪਿਆਰ ਕਰਦੀ ਆਈ ਹਾਂ। ਉਸ ਨੂੰ ਕੀ ਹੱਕ ਹੈ ਕਿ ਆਪਣੇ ਸਵਾਰਥ ਕਾਰਨ ਉਹ ਸਾਡੇ ਪਿਆਰ ਨਾਲ ਖਿਲਵਾੜ ਕਰੇ?” ਸਵਿਤਰੀ ਇਕੱਲੇ-ਇਕੱਲੇ ਜੋਗੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਪਛਾਣਨ ਦੀ ਕੋਸ਼ਿਸ਼ ਕਰ ਰਹੀ ਸੀ। ਅਚਾਨਕ ਉਹ ਇੱਕ ਜੋਗੀ ਦੇ ਬਿਲਕੁਲ ਸਾਹਮਣੇ ਜਾ ਖਲੋਈ। “ਮੈਂ ਜੋਗੀ ਹਾਂ ਮਾਈ।” ਸਾਹਮਣੇ ਵਾਲਾ ਜੋਗੀ ਮੁਸ਼ਕਿਲ ਨਾਲ ਸਿਰਫ਼ ਇੰਨਾ ਹੀ ਬੋਲ ਸਕਿਆ। “ਤਾਂ ਫਿਰ ਮੈਂ ਤੁਹਾਡੀ ਜੋਗਣ, ਸਿਰਫ਼ ਅੱਜ ਤੋਂ ਨਹੀਂ ਉਦੋਂ ਤੋਂ ਹਾਂ ਜਦੋਂ ਤੋਂ ਤੁਸੀਂ ਮੇਰੀ ਮਾਂਗ ਵਿੱਚ ਸੰਧੂਰ ਭਰਿਆ ਹੈ। ਤੁਸੀਂ ਗ੍ਰਹਿਸਥੀ ਹੋ, ਮੇਰੇ ਕੋਲੋਂ ਕਿਉਂ ਭੱਜ ਰਹੇ ਹੋ? ਮੈਂ ਉਦੋਂ ਤੋਂ ਹੀ ਤੁਹਾਨੂੰ ਲੱਭਦੀ ਆ ਰਹੀ ਹਾਂ।” ਇਹ ਕਹਿੰਦਿਆਂ ਸਵਿਤਰੀ ਨੇ ਜੋਗੀ ਦਾ ਹੱਥ ਫੜ ਲਿਆ। ਸਾਰੇ ਜੋਗੀ ਹੈਰਾਨ ਰਹਿ ਗਏ ਸਨ। ‘‘ਚਲੋ ਆਪਣੇ ਘਰ ਚਲੀਏ!’’ ਜੋਗੀ ਦੀ ਬਾਂਹ ਫੜ ਕੇ ਉਹ ਭਗਤਪੁਰ ਪਿੰਡ ਵੱਲ ਚੱਲ ਪਈ। ਜੋਗੀ ਵੀ ਬਿਨਾਂ ਕਿਸੇ ਵਿਰੋਧ ਦੇ ਤੁਰ ਪਿਆ। ਇਹ ਖ਼ਬਰ ਭਗਤਪੁਰ ਪਿੰਡ ਵਿੱਚ ਅੱਗ ਵਾਂਗ ਫੈਲ ਗਈ ਕਿ ਬਾਲਮੁਕੰਦ ਜੋਗੀ ਵਾਪਸ ਆ ਗਿਆ ਹੈ। ਪਰ ਇਸ ਗੱਲ ਦਾ ਕਿਸੇ ਨੂੰ ਪਤਾ ਨਾ ਲੱਗਾ ਕਿ ਸਵਿਤਰੀ ਹੀ ਬਾਲਮੁਕੰਦ ਨੂੰ ਦੂਰੋਂ ਕਿਤੋਂ ਬਾਹੋਂ ਫੜ ਕੇ ਲਿਆਈ ਹੈ। ਭਵਾਨੀਪੁਰ ਦੇ ਬਾਗ ਵਿੱਚੋਂ ਹੁੰਦੇ ਹੋਏ ਚਾਰ ਪੰਜ ਹੋਰ ਜੋਗੀ ਵੀ ਪਿੱਛਾ ਕਰਦੇ ਹੋਏ ਤਿਵਾੜੀ ਦੇ ਵਿਹੜੇ ਆ ਖਲੋਏ। ਪਿੰਡ ਦੇ ਵੱਡੇ ਬਜ਼ੁਰਗ ਤੇ ਨੌਜਵਾਨ ਸਾਰੇ ਹੀ ਇੱਕ-ਇੱਕ ਕਰਕੇ ਇਕੱਠੇ ਹੋਣੇ ਸ਼ੁਰੂ ਹੋ ਗਏ। ਸਵਿਤਰੀ ਵੀ ਬਰਾਂਡੇ ਵਿੱਚ ਅੱਧਾ ਘੁੰਡ ਕੱਢ ਕੇ ਖੜ੍ਹੀ ਸੀ ਕਿਉਂਕਿ ਉਹ ਪਿੰਡ ਦੀ ਨੂੰਹ ਜੋ ਸੀ। ਤਿਵਾੜੀ ਦੇ ਘਰ ਸੁਮਿਰਨ ਉਪਾਧਿਆਏ, ਸ਼ਿਵਚਰਨ, ਜਟਾਈ-ਪਾਂਡੇ, ਜੈ ਬਲੀ ਮਿਸ਼ਰ ਆਦਿ ਵੱਡੇ ਬਜ਼ੁਰਗਾਂ ਦੀ ਇੱਕ ਛੋਟੀ ਪੰਚਾਇਤ ਹੀ ਜੁਟ ਗਈ ਸੀ। ਜੋਗੀ ਪੰਚਾਇਤ ਦੇ ਸਾਹਮਣੇ ਗੱਦੀ ’ਤੇ ਬੈਠ ਗਿਆ। ਵਧੀ ਹੋਈ ਦਾੜ੍ਹੀ ਅਤੇ ਵਾਲਾਂ ਕਾਰਨ ਉਸ ਦੀ ਪਛਾਣ ਕਰਨ ਵਿੱਚ ਸਾਰਿਆਂ ਨੂੰ ਮੁਸ਼ਕਲ ਆ ਰਹੀ ਸੀ। ਪੰਦਰਾਂ ਸਾਲ ਬਹੁਤ ਲੰਮਾ ਸਮਾਂ ਹੈ...। ਚਾਰੇ ਪਾਸਿਓਂ ਸਵਾਲ ਆ ਰਹੇ ਸਨ। “ਬਾਲਮੁਕੰਦ, ਤੁਸੀਂ ਆਪਣਾ ਘਰ ਪਛਾਣਦੇ ਹੋ?” “ਹਾਂ ਮੈਂ ਆਪਣੇ ਘਰ ਹੀ ਬੈਠਾ ਹਾਂ।” “ਕੀ ਤੁਸੀਂ ਆਪਣੇ ਬਾਪੂ ਨੂੰ ਪਛਾਣਦੇ ਹੋ?” ਜੋਗੀ ਨੇ ਤਿਵਾੜੀ ਵੱਲ ਇਸ਼ਾਰਾ ਕੀਤਾ। “ਕੀ ਤੈਨੂੰ ਯਾਦ ਹੈ ਤੇਰਾ ਵਿਆਹ ਹੋਇਆ ਸੀ? ਤੇਰੀ ਪਤਨੀ ਕਿੱਥੇ ਹੈ?” ਜੋਗੀ ਨੇ ਬਰਾਂਡੇ ਵੱਲ ਇਸ਼ਾਰਾ ਕੀਤਾ ਜਿੱਥੇ ਸਵਿਤਰੀ ਖੜ੍ਹੀ ਸੀ। “ਘਰ ਦੀ ਗ੍ਰਹਿਸਥੀ ਨੂੰ ਸੰਭਾਲੇਗਾ ਜਾਂ ਨਹੀਂ?” “ਇਹ ਨਹੀਂ ਸੰਭਾਲਣਗੇ ਤਾਂ ਕੌਣ ਸੰਭਾਲੇਗਾ। ਹੁਣ ਤੱਕ ਮੈਂ ਇਕੱਲੀ ਸੰਭਾਲਦੀ ਆਈ ਹਾਂ। ਮੇਰੇ ਤੋਂ ਹੋਰ ਨਹੀਂ ਸੰਭਾਲਿਆ ਜਾਂਦਾ ਹੁਣ।” ਜੋਗੀ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਸਵਿਤਰੀ ਬੋਲ ਪਈ ਸੀ। ਬੋਲਦੇ-ਬੋਲਦੇ ਉਸ ਦਾ ਗੱਚ ਭਰ ਆਇਆ ਅਤੇ ਭੁੱਬਾਂ ਮਾਰ ਕੇ ਰੋਣ ਲੱਗ ਪਈ। ਵਿਹੜੇ ਵਿੱਚ ਇਕੱਤਰ ਹੋਏ ਸਾਰੇ ਲੋਕ ਚੁੱਪ ਹੋ ਗਏ। ਇਸ ਮਗਰੋਂ ਕਿਸੇ ਨੇ ਵੀ ਕੋਈ ਸਵਾਲ ਨਾ ਕੀਤਾ। “ਚਲੋ, ਮੀਆਂ ਬੀਵੀ ਰਾਜ਼ੀ ਤਾਂ ਕੀ ਕਰੇਗਾ ਕਾਜ਼ੀ। ਬੁੱਲੀ ਨਾਈ ਨੂੰ ਬੁਲਾਓ ਤੇ ਬਾਲਮੁਕੰਦ ਦੇ ਵਾਲ ਕਟਵਾਓ।” ਸੁਮਿਰਨ ਉਪਾਧਿਆ ਨੇ ਤਾਂ ਜਿਵੇਂ ਸਮਾਜਿਕ ਪ੍ਰਵਾਨਗੀ ਵਾਲਾ ਫ਼ੈਸਲਾ ਹੀ ਸੁਣਾ ਦਿੱਤਾ ਸੀ। ਬੁੱਲੀ ਨਾਈ ਨੇ ਜੋਗੀ ਦੇ ਵਾਲ ਕੱਟੇ। ਬਾਲਮੁਕੰਦ ਦੇ ਨਾਲ ਆਏ ਜੋਗੀਆਂ ਨੇ ਉਸ ਦੇ ਗੇਰੂਏ ਰੰਗ ਦੇ ਕੱਪੜੇ ਉਤਾਰੇ ਅਤੇ ਸਵਿਤਰੀ ਨੇ ਬਕਸੇ ਵਿੱਚੋਂ ਨਵਾਂ ਧੋਤੀ-ਕੁੜਤਾ ਦੇ ਦਿੱਤਾ। ਹੁਣ ਜੋਗੀ ਪੂਰੀ ਤਰ੍ਹਾਂ ਬਾਲਮੁਕੰਦ ਤਿਵਾੜੀ ਬਣ ਗਿਆ ਸੀ। ਇੱਕ-ਇੱਕ ਕਰਕੇ ਪਿੰਡ ਦੇ ਲੋਕ ਆਪਣੇ-ਆਪਣੇ ਘਰਾਂ ਨੂੰ ਚਲੇ ਗਏ। ਸਵਿਤਰੀ ਲਈ ਅੱਜ ਦੀ ਰਾਤ ਪੰਦਰਾਂ ਸਾਲ ਪਹਿਲਾਂ ਬਿਤਾਈ ਰਾਤ ਵਾਂਗ ਸੀ। ਉਹੀ ਕਮਰਾ ਜਿਸ ਵਿੱਚ ਸਵਿਤਰੀ ਨੇ ਪਹਿਲੀ ਵਾਰ ਕਦਮ ਰੱਖਿਆ ਸੀ। ਬਸ ਨਹੀਂ ਸਨ ਤਾਂ ਉਹ ਰਿਸ਼ਤੇਦਾਰ, ਸਕੇ ਸਬੰਧੀ ਅਤੇ ਘੁੰਡ ਵਿੱਚ ਸ਼ਰਮਾਉਂਦੀ ਹੋਈ ਸਵਿਤਰੀ। ਸਾਰੇ ਘਰ ਵਿੱਚ ਉਹ ਤਿੰਨ ਜੀਅ ਸਨ। ਬਰਾਂਡੇ ਵਿੱਚ ਲੇਟੇ ਹੋਏ ਤਿਵਾੜੀ ਅਤੇ ਅੰਦਰ ਕਮਰੇ ਵਿੱਚ ਸਵਿਤਰੀ ਤੇ ਬਾਲਮੁਕੰਦ। ‘‘ਮੈਂ ਤੇਰਾ ਬਾਲਮੁਕੰਦ ਨਹੀਂ ਹਾਂ।’’ ਜੋਗੀ ਨੇ ਜਿਵੇਂ ਕਿਸੇ ਰਹੱਸ ਤੋਂ ਪਰਦਾ ਚੁੱਕਿਆ ਹੋਵੇ। “ਪਰ ਇਹ ਜਾਣਦੇ ਹੋਏ ਕਿ ਤੁਸੀਂ ਬਾਲਮੁਕੰਦ ਨਹੀਂ ਹੋ ਮੇਰੇ ਨਾਲ ਕਿਉਂ ਤੁਰ ਆਏ?” ਸਵਿਤਰੀ ਨੇ ਬੜੀ ਅਪਣੱਤ ਨਾਲ ਪੁੱਛਿਆ। “ਮੈਂ ਜੋਗੀਆਂ ਦੇ ਇਸ ਬਾਣੇ ਤੋਂ ਤੰਗ ਆ ਗਿਆ ਸੀ ਅਤੇ ਭੱਜਣਾ ਚਾਹੁੰਦਾ ਸੀ, ਪਰ ਮੈਂ ਸੋਚ ਰਿਹਾ ਸੀ ਕਿ ਭੱਜ ਕੇ ਕਿੱਥੇ ਜਾਵਾਂਗਾ। ਹਰ ਘਰ ਤੇ ਦਰਵਾਜ਼ਾ ਤਬਾਹ ਹੋ ਚੁੱਕਾ ਸੀ। ਘਰੋਂ ਭੱਜਣ ਮਗਰੋਂ ਕਈ ਸਾਲਾਂ ਬਾਅਦ ਜਦੋਂ ਘਰ ਵਾਪਸ ਜਾਣਾ ਚਾਹਿਆ ਤਾਂ ਪਤਾ ਲੱਗਾ ਕਿ ਕੋਈ ਵੀ ਪਰਿਵਾਰਕ ਮੈਂਬਰ ਜਿਉਂਦਾ ਨਹੀਂ ਰਿਹਾ। ਮੈਂ ਸੋਚਿਆ ਕਿ ਇਹ ਇੱਕ ਵਧੀਆ ਮੌਕਾ ਹੈ। ਘੱਟੋ-ਘੱਟ ਘਰ ਤਾਂ ਮਿਲ ਹੀ ਰਿਹਾ ਹੈ। ਇਸ ਲਈ ਤੁਰ ਆਇਆ। ਮੇਰੇ ਮਨ ’ਤੇ ਬਹੁਤ ਭਾਰੀ ਬੋਝ ਸੀ। ਮੈਂ ਸੋਚਿਆ ਕਿਸੇ ਨਾਲ ਸਾਂਝਾ ਕਰਾਂ ਤਾਂ ਜੋ ਮੇਰਾ ਮਨ ਹਲਕਾ ਹੋ ਜਾਵੇ।” ਇਹ ਕਹਿ ਕੇ ਜੋਗੀ ਚੁੱਪ ਹੋ ਗਿਆ। “ਦੱਸਣ ਦੀ ਲੋੜ ਨਹੀਂ। ਮੈਂ ਜਾਣਦੀ ਹਾਂ ਤੂੰ ਮੇਰਾ ਮੁਕੰਦਾ ਨਹੀਂ ਹੈ। ਬਾਗ਼ ਵਿੱਚ ਇੱਕ ਪਲ ਲਈ ਤਾਂ ਮੈਨੂੰ ਕੁਝ ਨਹੀਂ ਸੁੱਝ ਰਿਹਾ ਸੀ। ਮੈਂ ਦੁਬਿਧਾ ਵਿੱਚ ਫਸ ਗਈ, ਪਰ ਮੈਂ ਆਪਣੇ ਆਪ ਨੂੰ ਜਲਦੀ ਹੀ ਸੰਭਾਲ ਲਿਆ ਸੀ।” ‘‘ਇਹ ਜਾਣਨ ਦੇ ਬਾਵਜੂਦ ਕਿ ਮੈਂ ਬਾਲਮੁਕੰਦ ਨਹੀਂ ਹਾਂ ਤੁਸੀਂ ਜਾਤ-ਪਾਤ ਬਾਰੇ ਪੁੱਛੇ ਬਿਨਾਂ ਹੀ ਮੇਰਾ ਹੱਥ ਕਿਉਂ ਫੜਿਆ?’’ “ਮੈਨੂੰ ਪੰਦਰਾਂ ਸਾਲਾਂ ਵਿੱਚ ਇਸ ਗੱਲ ਦੀ ਸਮਝ ਲੱਗ ਗਈ ਸੀ ਕਿ ਬਿਨਾਂ ਜਾਤ-ਪਾਤ ਦੇ ਲੋਕ ਇੱਕ-ਦੂਜੇ ਦੇ ਜ਼ਿਆਦਾ ਨੇੜੇ ਹੁੰਦੇ ਹਨ। ਮੈਂ ਪਹਾੜ ਵਰਗੀ ਜ਼ਿੰਦਗੀ ਬਿਤਾ ਲਈ ਪਰ ਹੁਣ ਹਿੰਮਤ ਨਹੀਂ ਸੀ ਰਹੀ। ਬ੍ਰਾਹਮਣਾਂ ਵਿੱਚ ਦੂਜੇ ਵਿਆਹ ਦਾ ਰਿਵਾਜ਼ ਨਹੀਂ ਹੈ। ਮੈਂ ਬੈਠ ਸਕਦੀ ਸੀ ਤਾਂ ਸਿਰਫ਼ ਇੱਕ ਜੋਗੀ ਦੇ ਘਰ, ਕਿਉਂਕਿ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਮੁਕੰਦਾ ਜੋਗੀ ਬਣ ਗਿਆ ਹੈ। ਅੱਜ ਮੈਂ ਉਹੀ ਜੋਗੀ ਲੱਭ ਲਿਆ ਹੈ। ਸਮਝ ਲਓ ਮੇਰਾ ਮੁਕੰਦਾ ਮਿਲ ਗਿਆ ਹੈ। ਹੁਣ ਤੁਸੀਂ ਹੀ ਮੇਰੇ ਜੋਗੀ ਹੋ।” ਸਵਿਤਰੀ ਦਾ ਮਨ ਕਾਹਲ਼ਾ ਪੈ ਰਿਹਾ ਸੀ। “ਤੇਰਾ-ਮੇਰਾ ਕੀ ਰਿਸ਼ਤਾ ਹੈ?” ਜੋਗੀ ਨੇ ਪੁੱਛਿਆ। “ਮੈਂ ਤੁਹਾਡੀ ਜੋਗਣ ਹਾਂ।” ਇਹ ਆਖਦਿਆਂ ਸਵਿਤਰੀ ਦੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਹੜ੍ਹ ਵਹਿ ਤੁਰਿਆ।

Advertisement

- ਅਨੁਵਾਦਕ: ਤਰਸੇਮ ਸਿੰਘ ਡਕਾਲਾ
ਸੰਪਰਕ: 79738-47980

Advertisement
Advertisement