ਰਾਧਿਕਾ ਨਿਵਾਸ
ਮੋਹਨ ਸ਼ਰਮਾ
ਕਥਾ ਪ੍ਰਵਾਹ
ਇੱਕ ਖ਼ਾਮੋਸ਼ੀ ਹਮੇਸ਼ਾ ਉਸ ਦੇ ਅੰਗ-ਸੰਗ ਰਹਿੰਦੀ ਪਰ ਇਸ ਚੁੱਪ ਦਾ ਰਾਜ਼ ਉਸ ਨੇ ਕਦੇ ਵੀ ਆਪਣੇ ਸਹਿਕਰਮੀ ਸਾਥੀਆਂ ਨਾਲ ਸਾਂਝਾ ਨਹੀਂ ਸੀ ਕੀਤਾ। ਹਾਂ, ਬੈਂਕ ਦੇ ਮੈਨੇਜਰ ਹੁੰਦਿਆਂ ਉਹ ਲੋਕਾਂ ਦੇ ਕੰਮ ਆਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ। ਨੌਜਵਾਨਾਂ ਦੀ ਮਦਦ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ। ਬਿਰਧ ਆਸ਼ਰਮ ਵਿੱਚ ਜਾ ਕੇ ਬਜ਼ੁਰਗਾਂ ਦੀ ਸੇਵਾ ਕਰਨਾ, ਆਸ਼ਰਮ ਲਈ ਲੋੜੀਂਦੇ ਸਾਮਾਨ ਦਾ ਪ੍ਰਬੰਧ ਕਰਨਾ, ਵਾਤਾਵਰਨ ਨੂੰ ਸੁਖਾਵਾਂ ਅਤੇ ਹਰਿਆ-ਭਰਿਆ ਬਣਾਉਣ ਲਈ ਬੂਟੇ ਲਗਵਾਉਣੇ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨੀ, ਗ਼ਰੀਬਾਂ, ਮਜ਼ਦੂਰਾਂ ਅਤੇ ਲੋੜਵੰਦਾਂ ਦੇ ਪਸਰੇ ਹੱਥਾਂ ਲਈ ਉਹ ਆਪਣਾ ਬਟੂਆ ਖਾਲੀ ਕਰਨ ਲੱਗਿਆ ਦੇਰ ਨਹੀਂ ਸੀ ਲਾਉਂਦਾ। ਤਿੰਨ-ਚਾਰ ਰੁਝੇਵਿਆਂ ’ਚੋਂ ਉਸ ਨੂੰ ਕਦੇ ਵਿਹਲ ਨਹੀਂ ਸੀ ਮਿਲੀ। ਆਪਣੀ ਡਿਊਟੀ ਤਨਦੇਹੀ, ਇਮਾਨਦਾਰੀ ਅਤੇ ਸਮਰਪਤ ਭਾਵਨਾ ਨਾਲ ਕਰਨਾ, ਆਸ਼ਰਤ ਅਤੇ ਲੋੜਵੰਦਾਂ ਦੀ ਖੁੱਲ੍ਹ ਕੇ ਮਦਦ ਕਰਨਾ, ਉਸਾਰੂ ਸਾਹਿਤ ਪੜ੍ਹਨ ਦੇ ਨਾਲ ਨਾਲ ਅਗਾਂਹਵਧੂ ਅਤੇ ਸੇਧਮਈ ਸਾਹਿਤ ਲਿਖਣਾ ਉਸ ਦਾ ਨਿੱਤ ਨੇਮ ਸੀ। ਬੈਂਕ ਵਿੱਚ ਉਸ ਦਾ ਟੇਬਲ ਜਿੱਥੇ ਲੈਣ-ਦੇਣ ਵਾਲੀਆਂ ਫਾਈਲਾਂ ਨਾਲ ਭਰਿਆ ਰਹਿੰਦਾ, ਉੱਥੇ ਹੀ ਇੱਕ ਦੋ ਸਾਹਿਤਕ ਪੁਸਤਕਾਂ ਵੀ ਪਈਆਂ ਹੁੰਦੀਆਂ। ਵਿਹਲੇ ਪਲਾਂ ਵਿੱਚ ਉਹ ਪੁਸਤਕਾਂ ਦੇ ਪੰਨੇ ਵੀ ਫਰੋਲਦਾ ਰਹਿੰਦਾ। ਬੈਂਕ ਅਤੇ ਸ਼ਹਿਰ ਵਿੱਚ ਉਹ ਇੱਕ ਦਰਵੇਸ਼ ਦਾਨੇ ਵਿਅਕਤੀ ਵੱਲੋਂ ਜਾਣਿਆ ਜਾਂਦਾ ਸੀ। ਸਾਹਿਤ ਦੇ ਖੇਤਰ ਵਿੱਚ ਉਸ ਦੀਆਂ ਪੰਜ ਪੁਸਤਕਾਂ ਨੂੰ ਵੀ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਦਫਤਰ ਦਾ ਇੱਕ ਵੱਡਾ ਟੇਬਲ ਅਤੇ ਘਰ ਦੇ ਸ਼ੋਅਕੇਸ ਵਿੱਚ ਸਜਾਏ ਉਸ ਨੂੰ ਮਿਲੇ ਮਾਣ-ਸਨਮਾਨ ਉਸ ਦੇ ਨੇਕ ਕੰਮਾਂ ਦੀ ਗਵਾਹੀ ਭਰਦੇ ਸਨ। ਕਰੋਨਾ ਕਾਲ ਵਿੱਚ ਲਾਸ਼ਾਂ ਦਾ ਸਸਕਾਰ ਅਤੇ ਝੁੱਗੀਆਂ ਝੌਂਪੜੀਆਂ ਵਿੱਚ ਰਾਸ਼ਨ ਪਹੁੰਚਾਉਣ ਵਿੱਚ ਵੀ ਉਹ ਆਪਣੇ ਸਾਥੀਆਂ ਦੀ ਅਗਵਾਈ ਕਰਦਾ ਸੀ। ਜ਼ਿੰਦਗੀ ਦੇ 40-42 ਸਾਲ ਗੁਜ਼ਾਰਨ ਉਪਰੰਤ ਵੀ ਉਸ ਨੇ ਵਿਆਹ ਨਹੀਂ ਸੀ ਕਰਵਾਇਆ। ਉਸ ਦੇ ਮਾਤਾ-ਪਿਤਾ ਆਪਣੀ ਨੂੰਹ ਅਤੇ ਪੋਤੇ ਪੋਤੀਆਂ ਦੀਆਂ ਕਿਲਕਾਰੀਆਂ ਸੁਣਨ ਨੂੰ ਤਰਸਦੇ ਚੱਲ ਵਸੇ ਸਨ। ਬੱਸ ਹੁਣ ਸ਼ਹਿਰ ਦਾ ਚਾਰ ਕਮਰਿਆਂ ਵਾਲਾ ਮਕਾਨ, ਪੁਸਤਕਾਂ, ਸਾਹਿਤਕ ਕਿਰਤਾਂ ਜਾਂ ਫਿਰ ਲੋਕਾਂ ਦੀਆਂ ਅਸੀਸਾਂ ਹੀ ਉਸ ਦਾ ਸਰਮਾਇਆ ਸਨ। ਕਦੇ ਕੋਈ ਦੋਸਤ ਜਦੋਂ ਉਹਦੇ ਵਿਆਹ ਦੀ ਗੱਲ ਛੇੜਦਾ ਤਾਂ ਉਹ ਸੋਗੀ ਜਿਹਾ ਹਾਸਾ ਹੱਸ ਕੇ ਗੱਲ ਟਾਲ ਦਿੰਦਾ। ਇਕਲੌਤੀ ਵੱਡੀ ਭੈਣ ਦੀ ਮੋਹ ਭਰੀ ਜ਼ਿੱਦ ਅੱਗੇ ਵੀ ਉਸ ਨੇ ਹਾਮੀ ਨਹੀਂ ਭਰੀ। ਆਖ਼ਰ ਨੂੰ ਭੈਣ-ਭਣੋਈਏ ਨੇ ਵੀ ਕਹਿਣਾ ਛੱਡ ਦਿੱਤਾ। ਉਂਜ ਕਈ ਕਈ ਦਿਨ ਉਹਦੀ ਭੈਣ ਉਹਦੇ ਕੋਲ ਰਹਿ ਜਾਂਦੀ ਸੀ।
ਭਾਰਤ ਸਰਕਾਰ ਵੱਲੋਂ ਉਸ ਕਰਮਯੋਗੀ ਨੂੰ ਉਸ ਦੀਆਂ ਸ਼ਾਨਦਾਰ ਸੇਵਾਵਾਂ ਕਾਰਨ ਪਦਮ ਸ੍ਰੀ ਦਾ ਖਿਤਾਬ ਦਿੱਤਾ ਗਿਆ। ਬੈਂਕ ਦੇ ਕਰਮਚਾਰੀ, ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਮਿਲਣ ਗਿਲਣ ਵਾਲੇ ਉਸ ਦੀ ਇਸ ਪ੍ਰਾਪਤੀ ’ਤੇ ਜਸ਼ਨ ਮਨਾ ਰਹੇ ਸਨ। ਵਧਾਈਆਂ ਦੀਆਂ ਚਿੱਠੀਆਂ ਅਤੇ ਟੈਲੀਫੋਨ ਕਾਲਾਂ ਦਾ ਵੀ ਤਾਂਤਾ ਲੱਗ ਗਿਆ ਸੀ। ਫਿਰ ਇੱਕ ਦਿਨ ਉਸ ਨੂੰ ਡਾਕ ਰਾਹੀਂ ਇੱਕ ਸਰਕਾਰੀ ਲਿਫ਼ਾਫ਼ਾ ਮਿਲਿਆ। ਲਿਫ਼ਾਫ਼ੇ ’ਤੇ ਲੱਗੀ ਮੋਹਰ ਨੂੰ ਵੇਖ ਕੇ ਉਹ ਤ੍ਰਭਕ ਪਿਆ। ਮਨ ਛਲਕ ਵੀ ਪਿਆ। ਲਿਫ਼ਾਫ਼ੇ ’ਤੇ ਲੱਗੀ ਮੋਹਰ ਉਸ ਦੇ ਕਾਲਜ ਦੀ ਸੀ ਜਿੱਥੇ ਉਸ ਨੇ ਜ਼ਿੰਦਗੀ ਦੇ ਪੰਜ ਸਾਲ ਗੁਜ਼ਾਰੇ ਸਨ। ਧੜਕਦੇ ਦਿਲ ਨਾਲ ਉਸ ਨੇ ਲਿਫ਼ਾਫ਼ਾ ਖੋਲ੍ਹਿਆ। ਕਾਲਜ ਦੇ ਪ੍ਰਿੰਸੀਪਲ ਵੱਲੋਂ ਮੁਬਾਰਕਾਂ ਦੇ ਨਾਲ ਕਾਲਜ ਵਿੱਚ ਆਉਣ ਦਾ ਆਦਰ ਨਾਲ ਸੱਦਾ ਦਿੰਦਿਆਂ ਲਿਖਿਆ ਸੀ ਕਿ ਸੰਸਥਾ ਨੂੰ ਇਸ ਗੱਲ ਦਾ ਮਾਣ ਹੈ ਕਿ ਤੁਸੀਂ ਸਾਡੀ ਸੰਸਥਾ ਦੇ ਇੱਕ ਪ੍ਰਤਿਭਾਸ਼ੀਲ ਵਿਦਿਆਰਥੀ ਰਹੇ ਹੋ ਅਤੇ ਆਪਣੀ ਜ਼ਿੰਦਗੀ ਦੇ ਸੰਦਲੀ ਪੈੜਾਂ ਦੇ ਸਫ਼ਰ ਨਾਲ ਸਤਿਕਾਰਯੋਗ ਮੁਕਾਮ ਹਾਸਲ ਕੀਤਾ ਹੈ। ਸੰਸਥਾ ਵੱਲੋਂ ਸਨਮਾਨਿਤ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਦੇ ਰੂਬਰੂ ਕਰਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਆਪਣੀ ਸਹਿਮਤੀ ਦੇ ਨਾਲ ਸਮਾਂ ਅਤੇ ਮਿਤੀ ਨਿਸ਼ਚਿਤ ਕਰਕੇ ਸੂਚਿਤ ਕਰਨ ਦੀ ਖੇਚਲ ਕਰਨੀ। ਪੱਤਰ ਪੜ੍ਹ ਕੇ ਉਸ ਦੀਆਂ ਅੱਖਾਂ ’ਚ ਬਦੋ-ਬਦੀ ਅੱਥਰੂ ਆ ਗਏ। ਉਸ ਕੋਲੋਂ ਆਪਣੇ ਦਫਤਰ ਵਿੱਚ ਬੈਠਿਆ ਨਾ ਗਿਆ। ਅੱਚਵੀ ਜਿਹੀ ਲੱਗ ਗਈ ਉਹਨੂੰ। ਉਹ ਸਹਾਇਕ ਮੈਨੇਜਰ ਨੂੰ ਜ਼ਿੰਮੇਵਾਰੀ ਸੰਭਾਲ ਕੇ ਥੋੜ੍ਹੀ ਦੇਰ ਲਈ ਘਰ ਆ ਗਿਆ। ਨੌਕਰ ਨੂੰ ਚਾਹ ਦਾ ਕੱਪ ਬਣਾਉਣ ਲਈ ਕਹਿ ਕੇ ਉਹ ਮੰਜੇ ’ਤੇ ਬਹਿ ਗਿਆ। ਅਤੀਤ ਦੇ ਪੰਨੇ ਬਦੋ-ਬਦੀ ਉ; ਦੀਆਂ ਅੱਖਾਂ ਸਾਹਮਣੇ ਆ ਗਏ। ਉਸ ਨੂੰ ਆਪਣੇ ਜਮਾਤੀ, ਪ੍ਰੋਫੈਸਰ ਯਾਦ ਆਉਣ ਦੇ ਨਾਲ ਨਾਲ ਰਾਧਿਕਾ ਦਾ ਮਾਯੂਸ ਅਤੇ ਮੁਰਝਾਇਆ ਚਿਹਰਾ ਵੀ ਸਾਹਮਣੇ ਆ ਗਿਆ। ਕਾਲਜ ਦੇ ਤੀਜੇ ਸਾਲ ਦਾ ਵਿਦਿਆਰਥੀ ਹੁੰਦਿਆਂ ਰਾਧਿਕਾ ਨਾਂ ਦੀ ਕੁੜੀ ਉਹਦੀ ਜ਼ਿੰਦਗੀ ਵਿੱਚ ਆ ਗਈ। ਪੜ੍ਹਨ ਵਿੱਚ ਹੁਸ਼ਿਆਰ, ਲਿਖਣ ਕਲਾ, ਭਾਸ਼ਣ ਕਲਾ ਅਤੇ ਬੋਲਣ-ਚਾਲਣ ਦੇ ਸਲੀਕੇ ਕਾਰਨ ਕਾਲਜ ਦੀ ਸਭ ਤੋਂ ਸੋਹਣੀ ਕੁੜੀ ਨੇ ਉਸ ਨੂੰ ਮੁਹੱਬਤੀ ਹੁੰਗਾਰਾ ਭਰਿਆ। ਦੋ ਚਾਰ ਮਿਲਣੀਆਂ ਵਿੱਚ ਹੀ ਉਹ ਇੱਕ ਦੂਜੇ ਦੇ ਹੋ ਗਏ। ਉਸ ਨੇ ਰਾਧਿਕਾ ਨੂੰ ਕੁਝ ਸਮੇਂ ਬਾਅਦ ਹੀ ਦੱਸ ਦਿੱਤਾ ਸੀ ਕਿ ਉਹ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਹੈ। ਕਮਾਈ ਦੇ ਸਾਧਨ ਸੀਮਤ ਹਨ। ਕਿਤੇ ਤੁਹਾਡੀ ਅਮੀਰੀ ਸਾਡੀ ਗੁਰਬਤ ਦਾ ਮਜ਼ਾਕ ਉਡਾਉਣ ਦੇ ਨਾਲ ਨਾਲ ਆਪਣੀ ਮੁਹੱਬਤ ਦਾ ਜਨਾਜ਼ਾ ਨਾ ਕੱਢ ਦੇਵੇ। ਇਹ ਵੀ ਸਪਸ਼ੱਟ ਕਹਿ ਦਿੱਤਾ ਕਿ ਮੁਹੱਬਤ ਮੰਜ਼ਿਲ ਪ੍ਰਾਪਤੀ ਲਈ ਸਹਾਈ ਹੋਣੀ ਚਾਹੀਦੀ ਹੈ, ਰੁਕਾਵਟ ਨਹੀਂ। ਰਾਧਿਕਾ ਨੇ ਬੜੇ ਹੀ ਮੋਹ ਨਾਲ ਉਸ ਦਾ ਹੱਥ ਘੁੱਟ ਕੇ ਫੜਦਿਆਂ ਕਿਹਾ, “ਤੇਰੀ ਗੁਰਬਤ ’ਚੋਂ ਮੈਨੂੰ ਬੇਪਨਾਹ ਮੁਹੱਬਤ ਵਿਖਾਈ ਦਿੰਦੀ ਹੈ ਅਤੇ ਅਮੀਰੀ ਗ਼ਰੀਬੀ ਦਾ ਇਹਦੇ ਨਾਲ ਕੋਈ ਸਬੰਧ ਨਹੀਂ।”
ਉਹ ਹਰ ਰੋਜ਼ ਕਾਲਜ ਤੋਂ ਥੋੜ੍ਹੀ ਜਿਹੀ ਵਿੱਥ ’ਤੇ ਬਣੇ ਪਾਰਕ ਵਿੱਚ ਇੱਕ ਸੰਘਣੇ ਪਿੱਪਲ ਥੱਲੇ ਬੈਠ ਕੇ ਘੰਟਿਆਂਬੱਧੀ ਗੱਲਾਂ ਕਰਦੇ ਪਰ ਉਨ੍ਹਾਂ ਨੇ ਪਾਕ ਮੁਹੱਬਤ ’ਤੇ ਪਹਿਰਾ ਦਿੰਦਿਆਂ ਜਿਸਮਾਂ ਦੀ ਸਾਂਝ ਤੋਂ ਕੋਹਾਂ ਦੂਰੀ ਰੱਖੀ। ਜਿਸ ਦਰੱਖਤ ਹੇਠਾਂ ਬੈਠ ਕੇ ਉਹ ਮੁਹੱਬਤੀ ਰੰਗ ਬਿਖੇਰਦੇ ਸਨ, ਉਸ ਦਰੱਖਤ ਦਾ ਨਾਂ ਉਨ੍ਹਾਂ ਨੇ ‘ਰੱਬੀ ਰੂਹ’ ਰੱਖਿਆ ਸੀ।
ਫਿਰ ਇੱਕ ਦਿਨ ਰਾਧਿਕਾ ਦੇ ਘਰੋਂ ਉਨ੍ਹਾਂ ਦਾ ਨੌਕਰ ਉਸ ਨੂੰ ਲੈਣ ਆਇਆ। “ਤੁਹਾਨੂੰ ਸਾਹਿਬ ਨੇ ਘਰ ਬੁਲਾਇਆ ਹੈ, ਜ਼ਰੂਰੀ ਗੱਲ ਕਰਨੀ ਹੈ।” ਉਹ ਰਾਧਿਕਾ ਦੇ ਪਿਤਾ ਦੇ ਸੁਨੇਹੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਸ ਦੇ ਨਾਲ ਤੁਰ ਪਿਆ। ਇਸ ਸਬੰਧੀ ਉਸ ਨੇ ਰਾਧਿਕਾ ਨਾਲ ਕੋਈ ਗੱਲ ਨਹੀਂ ਕੀਤੀ। ਉਸ ਨੂੰ ਨੌਕਰ ਨੇ ਡਰਾਇੰਗ ਰੂਮ ਵਿੱਚ ਛੱਡ ਦਿੱਤਾ। ਸਾਹਮਣੇ ਸੋਫੇ ’ਤੇ ਰਾਧਿਕਾ ਦਾ ਪਿਤਾ ਬੈਠਾ ਸੀ। ਉਸ ਨੇ ਉਸ ਨੂੰ ਬੈਠਣ ਲਈ ਨਹੀਂ ਕਿਹਾ ਸਗੋਂ ਰੋਅਬ ਨਾਲ ਮੁੱਛਾਂ ਨੂੰ ਤਾਅ ਦਿੰਦਿਆਂ ਕਿਹਾ, “ਮੈਨੂੰ ਪਤਾ ਲੱਗਿਐ ਬਈ ਤੂੰ ਮੇਰੀ ਕੁੜੀ ਨੂੰ ਭਰਮਾਈ ਫਿਰਦੈਂ। ਉਹਦਾ ਖਹਿੜਾ ਛੱਡ ਦੇ। ਨਹੀਂ ਫਿਰ...” ਉਸ ਨੇ ਸਾਹਮਣੇ ਟੰਗੀ ਰਾਈਫਲ ਵੱਲ ਅੱਖਾਂ ਦਾ ਇਸ਼ਾਰਾ ਕਰਦਿਆਂ ਕਿਹਾ। ਉਸ ਦੇ ਮੂੰਹੋਂ ਮਸਾਂ ਹੀ ਇਹ ਸ਼ਬਦ ਨਿਕਲੇ, “ਠੀਕ ਐ ਜੀ। ਅੱਜ ਤੋਂ...” ਉਸ ਦਿਨ ਉਹ ਕਾਲਜ ਨਹੀਂ ਗਿਆ। ਕਮਰੇ ਵਿੱਚ ਆ ਕੇ ਭੁੱਬੀਂ ਰੋ ਪਿਆ। ਉਹਦਾ ਉਡਿਆ ਮੂੰਹ ਅਤੇ ਰੋ ਰੋ ਕੇ ਲਾਲ ਹੋਈਆਂ ਅੱਖਾਂ ਵੇਖ ਕੇ ਉਸ ਦੇ ਰੂਮਮੇਟ ਨੇ ਕਾਰਨ ਪੁੱਛਿਆ ਤਾਂ ਉਸ ਦੀ ਭੁੱਬ ਨਿਕਲ ਗਈ, “ਮੈਥੋਂ ਮੇਰੀ ਰਾਧਿਕਾ ਖੋਹੀ ਜਾ ਰਹੀ ਹੈ। ਨਾਲ ਹੀ ਉਸ ਦੇ ਬਾਪ ਨੇ ਮੈਨੂੰ ਮਾਰਨ ਦੀ ਧਮਕੀ ਵੀ ਦਿੱਤੀ ਹੈ।” ਉਸ ਦੇ ਦੋਸਤ ਨੇ ਉਸ ਦੇ ਮੋਢੇ ’ਤੇ ਹੱਥ ਰੱਖਦਿਆਂ ਕਿਹਾ, “ਇਹੋ ਜਿਹੇ ਵਿਗੜੇ ਚੌਧਰੀਆਂ ਦਾ ਕੋਈ ਪਤਾ ਨਹੀਂ ਐਵੇਂ...। ਤੂੰ ਮਾਂ-ਬਾਪ ਦਾ ਇਕਲੌਤਾ ਪੁੱਤ ਏਂ। ਆਪਣੇ ਬਜ਼ੁਰਗ ਮਾਂ-ਬਾਪ ਅਤੇ ਭੈਣ ਵੱਲ ਵੇਖ। ਕਿਤੇ ਜ਼ਿੰਦਗੀ ਤੋਂ ਹੱਥ ਨਾ ਧੋ ਬੈਠੀਂ। ਹੁਣ ਤੂੰ ਇਹ ਸਭ ਕੁਝ ਭੁੱਲ ਕੇ ਪੜ੍ਹਾਈ ’ਤੇ ਧਿਆਨ ਲਾ। ਸੋਚ ਲੈ, ਮੁਹੱਬਤ ਗੁੰਮ ਹੋ ਗਈ ਹੈ। ਰਾਧਿਕਾ ਨਾਲ ਬੋਲਚਾਲ ਬੰਦ ਕਰਦੇ। ਬੱਸ ਇੱਕ ਚੁੱਪ ਦਾ ਰਿਸ਼ਤਾ ਰੱਖ ਉਹਦੇ ਨਾਲ। ਕਿਵੇਂ ਨਾ ਕਿਵੇਂ ਉਹਨੂੰ ਆਪੇ ਪਤਾ ਲੱਗ ਜਾਊ ਤੇਰੀ ਮਜਬੂਰੀ ਦਾ।” ਉਸ ਨੇ ਇੰਜ ਹੀ ਕੀਤਾ। ਰਾਧਿਕਾ ਉਸ ਦੇ ਸਾਹਾਂ ਵਿੱਚ ਵਸੀ ਰਹੀ ਪਰ ਉਸ ਨੇ ਸਿਸਕਦੀ ਮੁਹੱਬਤ ਦੇ ਅੱਥਰੂ ਜੱਗ ਜ਼ਾਹਰ ਨਹੀਂ ਹੋਣ ਦਿੱਤੇ। ਰਾਧਿਕਾ ਜਦੋਂ ਵੀ ਉਹਦੇ ਸਾਹਮਣੇ ਆਉਂਦੀ ਉਹ ਤੇਜ਼ੀ ਨਾਲ ਅਗਾਂਹ ਲੰਘ ਜਾਂਦਾ ਜਾਂ ਫਿਰ ਕਿਸੇ ਹੋਰ ਦੋਸਤ ਨਾਲ ਗੱਲੀਂ ਲੱਗ ਕੇ ਰਾਧਿਕਾ ਕੋਲੋਂ ਲੰਘ ਜਾਂਦਾ। ਉਸ ਨੂੰ ਇੰਜ ਲੱਗਦਾ ਜਿਵੇਂ ਉਹ ਹਰ ਰੋਜ਼ ਮੁਹੱਬਤ ਦੀ ਲਾਸ਼ ’ਤੇ ਪੈਰ ਰੱਖ ਰਿਹਾ ਹੋਵੇ। ਰਾਧਿਕਾ ਹੈਰਾਨ ਪਰੇਸ਼ਾਨ ਹੋ ਕੇ ਉਹਦੇ ਵੱਲ ਵਿੰਹਦੀ ਪਰ ਉਸ ਦੇ ਚਿਹਰੇ ’ਤੇ ਛਾਈ ਖ਼ਾਮੋਸ਼ੀ ਦੀ ਕੰਧ ਨੂੰ ਪਾਰ ਕਰਨ ਦਾ ਹੌਸਲਾ ਉਸ ਦਾ ਵੀ ਨਾ ਹੋਇਆ। ‘ਰੱਬੀ ਰੂਹ’ ਵਾਲਾ ਪਿੱਪਲ ਵੀ ਉਨ੍ਹਾਂ ਦੀ ਆਮਦ ਬਿਨਾਂ ਉਦਾਸ ਜਿਹਾ ਲੱਗਦਾ ਸੀ। ਦੋ ਸਾਲ ਉਸ ਨੇ ਇੰਜ ਹੀ ਕਠਿਨ ਤਪੱਸਿਆ, ਜਜ਼ਬਾਤ ਦੀ ਉਥਲ-ਪੁਥਲ, ਸਿਸਕਦੇ ਸੁਪਨਿਆਂ ਅਤੇ ਉਨੀਂਦਰੀਆਂ ਰਾਤਾਂ ਸੰਗ ਗੁਜ਼ਾਰੇ। ਆਖ਼ਰੀ ਸਾਲ ਦੇ ਪੇਪਰ ਦੇ ਕੇ ਉਹ ਭਰੇ ਮਨ ਨਾਲ ਘਰ ਆ ਗਿਆ। ਦੋ ਕੁ ਮਹੀਨਿਆਂ ਬਾਅਦ ਨਤੀਜਾ ਆਇਆ। ਉਹ ਕਾਲਜ ਵਿੱਚੋਂ ਫਸਟ ਪੁਜੀਸ਼ਨ ਵਿੱਚ ਪਾਸ ਹੋ ਗਿਆ। ਰਾਧਿਕਾ ਵੀ ਚੰਗੇ ਨੰਬਰਾਂ ਨਾਲ ਪਾਸ ਹੋ ਗਈ। ਰਾਧਿਕਾ ਦੇ ਪਾਸ ਹੋਣ ’ਤੇ ਉਸ ਦੇ ਚਿਹਰੇ ’ਤੇ ਮੁਸਕਰਾਹਟ ਛਾ ਗਈ।
ਰਾਧਿਕਾ ਨੇ ਉੱਥੇ ਹੀ ਯੂਨੀਵਰਸਿਟੀ ਵਿੱਚ ਐਮ.ਏ. ਅੰਗਰੇਜ਼ੀ ਵਿੱਚ ਦਾਖਲਾ ਲੈ ਲਿਆ ਪਰ ਉਸ ਨੇ ਉਸ ਯੂਨੀਵਰਸਿਟੀ ਦੀ ਥਾਂ ਹੋਰ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਦੀ ਐਮ.ਏ. ਵਿੱਚ ਦਾਖਲਾ ਲੈ ਲਿਆ। ਸਮਾਂ ਆਪਣੀ ਚਾਲ ਤੁਰਦਾ ਰਿਹਾ ਪਰ ਰਾਧਿਕਾ ਅਤੇ ਰੱਬੀ ਰੂਹ ਪਿੱਪਲ ਉਹਦੇ ਅੰਗ ਸੰਗ ਰਹੇ। ਐਮ.ਏ. ਕਰਨ ਉਪਰੰਤ ਉਸ ਨੂੰ ਬੈਂਕ ਵਿੱਚ ਸਹਾਇਕ ਮੈਨੇਜਰ ਦੀ ਨੌਕਰੀ ਮਿਲ ਗਈ। ਸਖ਼ਤ ਮਿਹਨਤ, ਦਿਆਨਦਾਰੀ ਅਤੇ ਕੰਮ ਪ੍ਰਤੀ ਲਗਨ ਉਸ ਦੇ ਅੰਗ ਸੰਗ ਰਹੀ। ਆਪਣੇ ਆਪ ਨੂੰ ਰੁਝੇਵੇਂ ਵਿੱਚ ਰੱਖਣ ਲਈ ਉਸ ਨੇ ਸਮਾਜ ਸੇਵਾ, ਲਿਖਣ ਪ੍ਰਕਿਰਿਆ ਅਤੇ ਪੜ੍ਹਨ ਲਿਖਣ ਦਾ ਕਾਰਜ ਜਾਰੀ ਰੱਖਿਆ। ਇਨ੍ਹਾਂ ਕੰਮਾਂ ਵਿੱਚ ਉਸ ਨੂੰ ਅਥਾਹ ਸਕੂਨ ਮਿਲਦਾ ਸੀ। ਕਦੇ-ਕਦੇ ਉਸ ਦੀ ਭੈਣ ਆ ਜਾਂਦੀ ਅਤੇ ਕਦੇ ਕੋਈ ਸਹਿਕਰਮੀ, ਕਦੇ ਕੋਈ ਫਰਿਆਦੀ ਜਾਂ ਫਿਰ ਪੈੱਨ, ਕਾਪੀ ਅਤੇ ਕਿਤਾਬਾਂ ਉਹਦੇ ਅੰਗ-ਸੰਗ ਰਹਿੰਦੀਆਂ।
ਸੱਦਾ ਪੱਤਰ ਉਸ ਨੇ ਦੋ-ਤਿੰਨ ਵਾਰ ਪੜ੍ਹਿਆ। ਯਾਦਾਂ ਦੇ ਝੁਰਮਟ ਵਿੱਚ ਘਿਰੇ ਹੋਏ ਨੇ ਆਦਰ ਨਾਲ ਆਉਣ ਦੀ ਸਹਿਮਤੀ ਦੇ ਨਾਲ ਮਿਤੀ ਅਤੇ ਸਮਾਂ ਲਿਖਕੇ ਖ਼ਤ ਪੋਸਟ ਕਰ ਦਿੱਤਾ।
ਨਿਸ਼ਚਿਤ ਸਮੇਂ ’ਤੇ ਉਹ ਕਾਲਜ ਦੇ ਗੇਟ ’ਤੇ ਪੁੱਜ ਗਿਆ। ਕਾਲਜ ਦੇ ਪ੍ਰਿੰਸੀਪਲ ਨੇ ਉਸ ਦਾ ਸਵਾਗਤ ਕੀਤਾ। ਅਗਾਂਹ ਕੁਝ ਕਦਮਾਂ ’ਤੇ ਸਟਾਫ ਵੀ ਉਸ ਦੇ ਸਵਾਗਤ ਲਈ ਖੜੋਤਾ ਸੀ। ਉਸ ਨੇ ਨਜ਼ਰ ਭਰ ਕੇ ਵੇਖਿਆ। ਸਟਾਫ ਵਿੱਚ ਰਾਧਿਕਾ ਵੀ ਸ਼ਾਮਿਲ ਸੀ। ਉਸ ਨੇ ਪਿਆਰ ਨਾਲ ਉਹਦੇ ਵੱਲ ਵੇਖਿਆ। ਇੰਜ ਲੱਗਿਆ ਜਿਵੇਂ ਰਾਧਿਕਾ ਦੀਆਂ ਨਜ਼ਰਾਂ ਉਸ ਨੂੰ ਕਹਿ ਰਹੀਆਂ ਹੋਣ, “ਅੱਜ ਵੀ ਆਪਣੀ ਚੁੱਪ ਨਹੀਂ ਤੋੜੇਂਗਾ?” ਅਤੇ ਫਿਰ ਉਸ ਨੇ ਪਿਆਰ ਭਰੇ ਲਹਿਜੇ ਵਿੱਚ ਕਿਹਾ, “ਮੈਂ ਇੱਥੇ ਅੰਗਰੇਜ਼ੀ ਦੀ ਲੈਕਚਰਾਰ ਹਾਂ।”
ਉਸ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਮੰਜ਼ਿਲ ਪ੍ਰਾਪਤੀ ਲਈ ਸਖ਼ਤ ਮਿਹਨਤ ਤੋਂ ਬਿਨਾਂ ਹੋਰ ਕੋਈ ਸ਼ਾਟਕੱਟ ਨਹੀਂ ਹੈ। ਆਪਣੇ ਅਤੀਤ ਅਤੇ ਵਰਤਮਾਨ ਜੀਵਨ ਦੀਆਂ ਕਈ ਗੱਲਾਂ ਉਸ ਨੇ ਸਾਂਝੀਆਂ ਕੀਤੀਆਂ। ਜਦੋਂ ਉਸ ਨੇ ਇਹ ਕਿਹਾ, “ਮੈਨੂੰ ਇਸ ਗੱਲ ਦਾ ਮਾਣ ਹੈ ਕਿ ਤੁਹਾਡੀ ਅੰਗਰੇਜ਼ੀ ਦੀ ਪ੍ਰੋਫੈਸਰ ਰਾਧਿਕਾ ਜੀ ਮੇਰੇ ਕਲਾਸ ਫੈਲੋ ਹਨ।” ਉਸ ਨੇ ਨਜ਼ਰ ਭਰ ਕੇ ਰਾਧਿਕਾ ਵੱਲ ਵੇਖਿਆ, ਉਸ ਦੇ ਚਿਹਰੇ ’ਤੇ ਲਾਲੀ ਛਾ ਗਈ ਸੀ।
ਕਾਲਜ ਵਿੱਚ ਪ੍ਰਿੰਸੀਪਲ ਅਤੇ ਸਟਾਫ ਨਾਲ ਚਾਹ ਪੀਣ ਤੋਂ ਬਾਅਦ ਉਸ ਨੇ ਉਨ੍ਹਾਂ ਕੋਲੋਂ ਵਿਦਾਇਗੀ ਲੈ ਲਈ। ਉਸ ਤੋਂ ਰਿਹਾ ਨਾ ਗਿਆ ਅਤੇ ਉਸ ਨੇ ਆਪਣੀ ਕਾਰ ਦਾ ਸਟੀਅਰਿੰਗ ਰੱਬੀ ਰੂਹ ਵਾਲੇ ਪਿੱਪਲ ਵੱਲ ਮੋੜ ਦਿੱਤਾ। ਕਾਰ ਰੋਕ ਕੇ ਉਸ ਨੇ ਪਿੱਪਲ ਨੂੰ ਨੀਝ ਨਾਲ ਵੇਖਿਆ। ਪਿੱਪਲ ਦੀ ਛਾਂ ਹੋਰ ਵੀ ਸੰਘਣੀ ਹੋ ਗਈ ਸੀ ਅਤੇ ਉਹ ਦੂਰ ਤੱਕ ਆਲੇ-ਦੁਆਲੇ ਫੈਲ ਚੁੱਕਿਆ ਸੀ। ਉਹ ਗੁੰਮ-ਸੁੰਮ ਦਰੱਖਤ ਹੇਠਾਂ ਖਲੋਤਾ ਰਿਹਾ। ਉਹ ਅੱਖਾਂ ਬੰਦ ਕਰਕੇ ਅਤੀਤ ਦੇ ਪਲਾਂ ਦਾ ਆਨੰਦ ਮਾਣ ਰਿਹਾ ਸੀ। ਉਸ ਦੇ ਹੱਥਾਂ ਨੂੰ ਜਦੋਂ ਪਿਆਰੇ ਜਿਹੇ ਹੱਥਾਂ ਨੇ ਛੋਹਿਆ ਤਾਂ ਉਸ ਨੇ ਅੱਖਾਂ ਖੋਲ੍ਹੀਆਂ। ਸਾਹਮਣੇ ਰਾਧਿਕਾ ਖੜ੍ਹੀ ਸੀ।
“ਤੂੰ...” ਉਸ ਦਾ ਹੱਥ ਘੁੱਟ ਕੇ ਫੜਦਿਆਂ ਉਹਦੀ ਭੁੱਬ ਨਿਕਲ ਗਈ।
ਕੁਝ ਦੇਰ ਦੋਵਾਂ ਦਰਮਿਆਨ ਖ਼ਾਮੋਸ਼ੀ ਛਾਈ ਰਹੀ। ਫਿਰ ਰਾਧਿਕਾ ਨੇ ਚੁੱਪ ਤੋੜੀ, “ਪਿਤਾ ਜੀ ਸਖ਼ਤ ਬਿਮਾਰ ਹੋ ਗਏ ਸਨ। ਕੈਂਸਰ ਤੋਂ ਪੀੜਤ ਸਨ ਉਹ। ਉਹ ਮੈਨੂੰ ਕੁਝ ਕਹਿਣਾ ਚਾਹੁੰਦੇ ਸਨ ਪਰ ਕਹਿ ਨਹੀਂ ਸਕੇ। ਆਖ਼ਰ ਮਾਂ ਨੇ ਰਾਜ਼ ਦੀ ਗੱਲ ਦੱਸੀ ਕਿ ਕਿਸ ਤਰ੍ਹਾਂ ਤੈਨੂੰ ਮੇਰੇ ਰਾਹ ਵਿੱਚੋਂ ਹਟਾਉਣ ਲਈ ਮਾਰਨ ਦੀ ਧਮਕੀ ਦਿੱਤੀ ਸੀ ਅਤੇ ਫਿਰ ਤੂੰ ਬਿਲਕੁਲ ਹੀ ਦਰਵੇਸ਼ੀ ਧਾਰ ਲਈ। ਮੇਰੇ ਬਾਪ ਨੂੰ ਆਖ਼ਰੀ ਦਮ ਤੱਕ ਤੇਰੇ ਨਾਲ ਕੀਤੇ ਵਰਤਾਉ ਦਾ ਪਛਤਾਵਾ ਰਿਹਾ। ਕੁਝ ਸਮੇਂ ਬਾਅਦ ਮਾਂ ਵੀ ਚਲ ਵਸੀ ਅਤੇ ਮੈਂ...”
“ਤੂੰ ਵਿਆਹ ਕਰਵਾ ਲਿਆ ਹੋਣੈ? ਕਿੰਨੇ ਬੱਚਿਆਂ ਦੀ ਮਾਂ ਹੈ?”
ਉਸ ਨੇ ਉਹਦੇ ਵੱਲ ਰੀਝ ਨਾਲ ਵਿੰਹਦਿਆਂ ਕਿਹਾ, “ਵਿਆਹ ਕੀਹਦੇ ਨਾਲ ਕਰਵਾਉਂਦੀ? ਤੇਰੇ ਨਾਲੋਂ ਵਧੀਆ ਕੋਈ ਹੋ ਹੀ ਨਹੀਂ ਸੀ ਸਕਦਾ। ਮੈਂ ਤੇਰੀਆਂ ਯਾਦਾਂ ਦੇ ਸਹਾਰੇ ਜਿਉਂਦੀ ਹਾਂ।” ਫਿਰ ਉਸ ਨੇ ਅੱਥਰੂ ਪੂੰਝਦਿਆਂ ਕਿਹਾ, “ਤੂੰ ਆਪਣੇ ਬਾਰੇ ਕੁਝ ਨਹੀਂ ਦੱਸਿਆ? ਕਿਹੋ ਜਿਹੀ ਚੱਲ ਰਹੀ ਹੈ ਵਿਆਹੁਤਾ ਜ਼ਿੰਦਗੀ?” ਉਹ ਫਿੱਕੀ ਜਿਹੀ ਹਾਸੀ ਹੱਸਦਿਆਂ ਬੋਲਿਆ, “ਪਹਿਲਾਂ ਤੈਨੂੰ ਮੈਂ ਆਪਣੇ ਘਰ ਦੀ ਫੋਟੋ ਵਿਖਾਉਂਦਾ ਹਾਂ।” ਉਸ ਨੇ ਪਰਸ ਵਿੱਚੋਂ ਫੋਟੋ ਕੱਢੀ ਅਤੇ ਰਾਧਿਕਾ ਵੱਲ ਵਧਾ ਦਿੱਤੀ। ਘਰ ਦੇ ਗੇਟ ’ਤੇ ਮੋਟੇ ਅੱਖਰਾਂ ਵਿੱਚ ਲਿਖਿਆ ਸੀ “ਰਾਧਿਕਾ ਨਿਵਾਸ” ਅਤੇ ਫਿਰ ਮੁਸਕਰਾ ਕੇ ਕਿਹਾ, “ਭਲਾ ਰਾਧਿਕਾ ਨਿਵਾਸ ਵਿੱਚ ਤੇਰੇ ਬਿਨਾਂ ਕੌਣ ਆ ਸਕਦਾ ਸੀ?’’
ਫਿਰ ਦੋਵੇਂ ਖਿੜਖਿੜਾ ਕੇ ਹੱਸ ਪਏ। ਉਸ ਦੇ ਚਿਹਰੇ ’ਤੇ ਨਜ਼ਰਾਂ ਗੱਡਦਿਆਂ ਕਿਹਾ, “ਰਾਧਿਕਾ ਨਿਵਾਸ ਬੜੀ ਦੇਰ ਤੋਂ ਤੇਰੀ ਉਡੀਕ ਕਰ ਰਿਹਾ ਹੈ। ਆਉਣ ਲਈ ਤਿਆਰ ਹੈਂ ਨਾ?” ਰਾਧਿਕਾ ਨੇ ਉਸ ਦਾ ਹੱਥ ਘੁੱਟ ਕੇ ਫੜਦਿਆਂ ਕਿਹਾ, “ਇਨ੍ਹਾਂ ਬੋਲਾਂ ਲਈ ਤਾਂ ਮੈਂ ਤਰਸ ਗਈ ਹਾਂ। ਬੋਲ, ਅੱਜ ਹੀ ਤੇਰੇ ਨਾਲ ਚੱਲਾਂ?”
ਉਸ ਨੇ ਮੁਸਕਰਾਉਂਦਿਆਂ ਕਿਹਾ, “ਜਿੱਥੇ ਆਪਾਂ 20-22 ਸਾਲ ਬਿਨਾਂ ਮਿਲਿਆਂ ਗੁਜ਼ਾਰ ਦਿੱਤੇ, ਉੱਥੇ ਕੁਝ ਦਿਨ ਹੋਰ ਗੁਜ਼ਾਰ ਲਈਏ। ਤੈਨੂੰ ਸ਼ਾਨ ਨਾਲ ਲੈ ਕੇ ਜਾਵਾਂਗਾ।’’ ਉਨ੍ਹਾਂ ਦਾ ਸੰਦਲੀ ਹਾਸਾ ਇੰਜ ਲੱਗਦਾ ਸੀ ਜਿਵੇਂ ਬੰਸਰੀਵਾਦਨ ਹੋ ਰਿਹਾ ਹੋਵੇ।
ਵਿਦਾ ਹੋਣ ਵੇਲੇ ਛੇਤੀ ਮਿਲਣ ਦੇ ਵਾਅਦੇ ਨਾਲ ਉਹ ਕਾਰ ਵਿੱਚ ਬਹਿ ਗਿਆ।
ਰਾਧਿਕਾ ਜਾਂਦੀ ਕਾਰ ਵੱਲ ਨੀਝ ਨਾਲ ਵਿਹੰਦੀ ਰਹੀ ਅਤੇ ਉਹ ਸਟੀਅਰਿੰਗ ਹੱਥ ਵਿੱਚ ਫੜੀ ਮੁਸਕੁਰਾਉਂਦਿਆਂ ਗਾ ਰਿਹਾ ਸੀ, “ਅੱਜ ਦਾ ਦਿਨ ਮਹਿਕ ਭਿੱਜਾ ਹੋ ਗਿਆ, ਸੱਜਣਾਂ ਦੇ ਨੈਣਾਂ ’ਚੋਂ ਮਿਲਿਐ ਸਲਾਮ।” ਰਾਹ ਵਿੱਚ ਜਾਂਦਿਆਂ ਉਹ ਰਾਧਿਕਾ ਨਿਵਾਸ ਨੂੰ ਪੂਰੀ ਤਰ੍ਹਾਂ ਸਜਾਉਣ ਲਈ ਵਿਉਂਤਬੰਦੀ ਕਰ ਰਿਹਾ ਸੀ।
ਸੰਪਰਕ: 94171-48866