ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਸਲਵਾਦੀ ਘਟਨਾ

06:20 AM Sep 15, 2023 IST

ਅਮਰੀਕਾ ਦੇ ਸ਼ਹਿਰ ਸੀਏਟਲ ਦੀ ਪੁਲੀਸ ਨੇ ਆਪਣੇ ਇਕ ਅਧਿਕਾਰੀ ਡੈਨੀਅਲ ਆਡੇਰਰ ਖ਼ਿਲਾਫ਼ ਜਾਂਚ ਆਰੰਭ ਕੀਤੀ ਹੈ। ਇਸ ਅਧਿਕਾਰੀ ਨੇ ਜਨਵਰੀ 2023 ਵਿਚ ਕਾਰ ਹਾਦਸੇ ਵਿਚ ਮਾਰੀ ਗਈ ਭਾਰਤੀ ਵਿਦਿਆਰਥਣ ਜਾਹਨਵੀ ਕੁੰਡਲਾ ਦੀ ਮੌਤ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਅਤੇ ਉਸ (ਮ੍ਰਿਤਕਾ) ਦਾ ਮਖੌਲ ਉਡਾਇਆ। ਜਾਹਨਵੀ ਦੀ ਮੌਤ ਪੁਲੀਸ ਅਧਿਕਾਰੀ ਕੈਵਿਨ ਡੇਵ ਦੀ ਕਾਰ ਨਾਲ ਟਕਰਾ ਕੇ ਹੋਈ ਸੀ ਜੋ 119 ਕਿਲੋਮੀਟਰ ਦੀ ਗਤੀ ਨਾਲ ਕਾਰ ਚਲਾ ਰਿਹਾ ਸੀ। ਉਸ ਸਮੇਂ ਡੈਨੀਅਲ ਆਡੇਰਰ, ਜੋ ਸੀਏਟਲ ਪੁਲੀਸ ਆਫੀਸਰਜ਼ ਗਿਲਡ ਦਾ ਉਪ-ਪ੍ਰਧਾਨ ਵੀ ਹੈ, ਨੇ ਜਥੇਬੰਦੀ ਦੇ ਪ੍ਰਧਾਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਡੇਵ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਅਤੇ ਸਰਕਾਰ ਨੂੰ 11000 ਡਾਲਰ ਦਾ ਚੈਕ ਤਿਆਰ ਰੱਖਣਾ ਚਾਹੀਦਾ ਹੈ; ਉਹਨੇ ਕਿਹਾ ਕਿ ਮ੍ਰਿਤਕਾ ਦੀ ਜ਼ਿੰਦਗੀ ‘ਸੀਮਤ ਕੀਮਤ’ ਦੀ ਸੀ। ਇਸ ਗੱਲਬਾਤ ਦੌਰਾਨ ਉਸ ਨੂੰ 23 ਸਾਲਾਂ ਦੀ ਨੌਜਵਾਨ ਕੁੜੀ ਦੀ ਮੌਤ ਬਾਰੇ ਨਾ ਤਾਂ ਕੋਈ ਮਲਾਲ ਸੀ ਅਤੇ ਨਾ ਹੀ ਕੋਈ ਦੁੱਖ ਤੇ ਉਹ ਵਾਰ ਵਾਰ ਹੱਸ ਰਿਹਾ ਸੀ। ਇਹ ਸਾਰਾ ਘਟਨਾਕ੍ਰਮ ਅਮਰੀਕਾ ਦੇ ਗੋਰੇ ਲੋਕਾਂ ਦੇ ਮਨਾਂ ਵਿਚ ਮੌਜੂਦ ਨਸਲਵਾਦ ਦੀ ਸ਼ਾਹਦੀ ਭਰਦਾ ਹੈ ਭਾਵੇਂ ਇਹ ਕਿਹਾ ਜਾਣਾ ਵੀ ਜ਼ਰੂਰੀ ਹੈ ਕਿ ਸਾਰੇ ਗੋਰੇ ਨਸਲਵਾਦੀ ਨਹੀਂ ਹਨ ਅਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਲੋਕਾਂ ਨੇ ਨਸਲਵਾਦ ਦਾ ਲਗਾਤਾਰ ਵਿਰੋਧ ਕੀਤਾ ਹੈ। ਇਸ ਦੇ ਬਾਵਜੂਦ ਨਸਲਵਾਦ ਇਕ ਜ਼ਹਿਰੀਲੀ ਵਿਚਾਰਧਾਰਾ ਵਾਂਗ ਗੋਰੇ ਲੋਕਾਂ ਦੀ ਮਾਨਸਿਕਤਾ ਵਿਚ ਮੌਜੂਦ ਹੈ।
ਜਦ ਡੈਨੀਅਲ ਆਡੇਰਰ ਨੇ ਉਪਰੋਕਤ ਗੱਲਬਾਤ ਕੀਤੀ ਤਾਂ ਉਸ ਨੇ ਆਪਣੀ ਵਰਦੀ ਦੇ ਨਾਲ ਟੰਗੇ ਕੈਮਰੇ ਨੂੰ ਬੰਦ ਨਹੀਂ ਸੀ ਕੀਤਾ ਅਤੇ ਇਹ ਗੱਲਬਾਤ ਰਿਕਾਰਡ ਹੋ ਗਈ। ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੀ ਜਾਹਨਵੀ ਨਾਰਥਈਸਟਰਨ ਯੂਨੀਵਰਸਿਟੀ ਵਿਚ ਪੜ੍ਹ ਰਹੀ ਸੀ ਅਤੇ ਇਸ ਦਸੰਬਰ ਉਸ ਨੇ ਇੰਜਨੀਅਰ ਬਣ ਜਾਣਾ ਸੀ। ਉਹ ਆਪਣੀ ਮਾਂ ਦੀ ਇਕੱਲੀ ਧੀ ਸੀ। ਇਸ ਦੁਖਾਂਤ ਵਿਚ ਆਪਣੇ ਸਾਥੀ ਦੀ ਲਾਪਰਵਾਹੀ ’ਤੇ ਗੁੱਸੇ ਹੋਣ ਅਤੇ ਪੀੜਤ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਣ ਦੀ ਥਾਂ ’ਤੇ ਆਡੇਰਰ ਨੇ ਮ੍ਰਿਤਕਾ ਬਾਰੇ ਮਖੌਲਨੁਮਾ ਟਿੱਪਣੀਆਂ ਕਰ ਕੇ ਨਸਲਵਾਦੀ ਜਹਿਨੀਅਤ ਦਾ ਪ੍ਰਗਟਾਵਾ ਕੀਤਾ। ਸੀਏਟਲ ਪੁਲੀਸ ਨੂੰ ਕੁਝ ਦਿਨ ਪਹਿਲਾਂ ਆਡੇਰਰ ਦੇ ਇਸ ਰਵੱਈਏ ਬਾਰੇ ਜਾਣਕਾਰੀ ਮਿਲੀ। ਹੁਣ ਸੀਏਟਲ ਦਾ ‘ਪੁਲੀਸ ਜਵਾਬਦੇਹੀ ਦਾ ਦਫ਼ਤਰ (Office of Police Accountability)’ ਇਸ ਘਟਨਾ ਦੀ ਤਫ਼ਤੀਸ਼ ਕਰ ਰਿਹਾ ਹੈ। ਭਾਰਤੀ ਸਫ਼ਾਰਤਖਾਨੇ ਨੇ ਮਾਮਲੇ ਵਿਚ ਦਖ਼ਲ ਦਿੰਦਿਆਂ ਇਸ ਨੂੰ ‘ਬੇਹੱਦ ਪਰੇਸ਼ਾਨੀ’ ਵਾਲੀ ਘਟਨਾ ਦੱਸਿਆ ਹੈ।
ਨਸਲਵਾਦ ਦੀ ਜ਼ਹਿਰੀਲੀ ਵਿਚਾਰਧਾਰਾ ਅਮਰੀਕਾ ਤੇ ਯੂਰੋਪ ਵਿਚ ਸਦੀਆਂ ਤੋਂ ਮੌਜੂਦ ਰਹੀ ਹੈ। ਇਹ ਸਿਰਫ਼ ਗ਼ੈਰ-ਗੋਰੇ ਲੋਕਾਂ ਵਿਰੁੱਧ ਘਿਰਣਾ ਅਤੇ ਤੁਅੱਸਬ ਹੀ ਨਹੀਂ ਉਪਜਾਉਂਦੀ ਸਗੋਂ ਉਨ੍ਹਾਂ (ਗ਼ੈਰ-ਗੋਰੇ) ’ਤੇ ਵੱਡੇ ਜਬਰਾਂ ਦਾ ਕਾਰਨ ਵੀ ਬਣੀ ਹੈ। ਇਹ ਵਿਚਾਰ ਸਦੀਆਂ ਤੋਂ ਪਨਪਦਾ ਰਿਹਾ ਹੈ ਕਿ ਗੋਰੀ ਚਮੜੀ ਵਾਲੇ ਲੋਕ ਹੋਰ ਰੰਗਾਂ ਵਾਲੇ ਲੋਕਾਂ ਤੋਂ ਜ਼ਿਆਦਾ ਬੁੱਧੀਮਾਨ ਤੇ ਸੂਝ-ਬੂਝ ਵਾਲੇ ਹਨ; ਇਸ ਤੋਂ ਇਹ ਵਿਚਾਰਧਾਰਾ ਪਨਪੀ ਕਿ ਗੋਰੀ ਨਸਲ ਸ੍ਰੇਸ਼ਟ ਨਸਲ ਹੈ ਅਤੇ ਦੂਸਰੀਆਂ ਨਸਲਾਂ ਉਸ ਦੇ ਮੁਕਾਬਲੇ ਘਟੀਆ ਹਨ। ਇਹੀ ਵਿਚਾਰਧਾਰਾ ਯੂਰੋਪ ਤੇ ਅਮਰੀਕਾ ਵਿਚ ਵੱਡੀ ਪੱਧਰ ’ਤੇ ਅਫਰੀਕੀ ਮੂਲ ਦੇ ਲੋਕਾਂ ਨੂੰ ਗ਼ੁਲਾਮ ਬਣਾਉਣ ਤੇ ਉਨ੍ਹਾਂ ’ਤੇ ਅਕਹਿ ਜ਼ੁਲਮ ਕਰਨ ਦਾ ਆਧਾਰ ਬਣੀ। ਭਾਰਤੀ ਮੂਲ ਦੇ ਲੋਕ ਕਈ ਵਾਰ ਆਪਣੇ ਆਪ ਨੂੰ ਸਿਆਹਫ਼ਾਮ ਲੋਕਾਂ ਤੋਂ ਵੱਖਰੇ ਕਰ ਕੇ ਦੇਖਦੇ ਹਨ; ਉਹ ਭੁੱਲ ਜਾਂਦੇ ਹਨ ਕਿ 1833 ਤੋਂ 1917 ਤਕ ਈਸਟ ਇੰਡੀਆ ਕੰਪਨੀ ਅਤੇ ਅੰਗਰੇਜ਼ ਸਰਕਾਰ ਨੇ ਲੱਖਾਂ ਭਾਰਤੀਆਂ ਨੂੰ ਭਾਰਤੀ ਇੰਡੈਂਚਰ ਸਿਸਟਮ (Indian Indenture System) ਦੇ ਤਹਿਤ ਪਹਿਲਾਂ ਮਾਰੀਸ਼ੀਅਸ, ਫਿਜੀ ਤੇ ਦੱਖਣੀ ਅਫਰੀਕਾ ਅਤੇ ਬਾਅਦ ਵਿਚ ਜਮੈਕਾ, ਟ੍ਰਿਨੀਡਾਡ, ਗੁਆਨਾ (Guyana) ਆਦਿ ਦੇਸ਼ਾਂ ਵਿਚ ਭੇਜਿਆ। ਇਨ੍ਹਾਂ ਬੰਧੂਆ ਮਜ਼ਦੂਰਾਂ ਦੀ ਹਾਲਤ ਲਗਭਗ ਗ਼ੁਲਾਮਾਂ ਵਰਗੀ ਸੀ। ਭਾਰਤੀ ਮੂਲ ਦੇ ਲੋਕ ਬਹੁਤ ਵਾਰ ਆਪਣੇ ਆਪ ਨੂੰ ਅਫਰੀਕੀ, ਚੀਨੀ-ਜਾਪਾਨੀ, ਲਾਤੀਨੀ ਅਮਰੀਕੀ ਤੇ ਅਮਰੀਕਾ ਦੇ ਮੂਲ ਨਿਵਾਸੀਆਂ ਤੋਂ ਸ੍ਰੇਸ਼ਟ ਸਮਝਦੇ ਹਨ। ਅਜਿਹੀ ਸੋਚ ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਵਧਾਉਣ ਦੇ ਉਪਰਾਲਿਆਂ ਵਿਚ ਰੋਕ ਬਣਦੀ ਹੈ। ਇਕ ਹੋਰ ਦ੍ਰਿਸ਼ਟੀਕੋਣ ਤੋਂ ਦੇਖਿਆਂ ਭਾਰਤ ਦੇ ਵੱਖ ਵੱਖ ਸਮਾਜਾਂ ਵਿਚ ਮੌਜੂਦ ਜਾਤੀਵਾਦ ਵੀ ਇਕ ਤਰ੍ਹਾਂ ਦਾ ਨਸਲਵਾਦ ਹੈ। ਜਾਤੀਵਾਦੀ ਵਿਚਾਰਧਾਰਾ ਤਹਿਤ ਤਥਾਕਥਿਤ ਉੱਚੀਆਂ ਜਾਤਾਂ ਦੇ ਲੋਕ ਆਪਣੇ ਆਪ ਨੂੰ ਬੁੱਧੀਮਾਨ ਅਤੇ ਉੱਚੇ ਸਮਾਜਿਕ ਦਰਜੇ ਦੇ ਸਮਝਦੇ ਹਨ ਜਦੋਂਕਿ ਤਥਾਕਥਿਤ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਤੁੱਛ ਅਤੇ ਘੱਟ ਸਮਾਜਿਕ ਦਰਜੇ ਵਾਲੇ ਸਮਝਿਆ ਜਾਂਦਾ ਹੈ। ਨਸਲਵਾਦ, ਜਾਤੀਵਾਦ ਤੇ ਇਸ ਤਰ੍ਹਾਂ ਦੀਆਂ ਹੋਰ ਵੰਡੀਆਂ ਮਨੁੱਖਤਾ ਦੇ ਨਾਂ ’ਤੇ ਕਲੰਕ ਹਨ। ਅਜਿਹੇ ਰੁਝਾਨਾਂ ਦਾ ਸਾਹਮਣਾ ਕਰਨ ਲਈ ਜਿੱਥੇ ਲਗਾਤਾਰ ਵਿਚਾਰਧਾਰਕ ਲੜਾਈ ਦੀ ਲੋੜ ਹੈ, ਉੱਥੇ ਜ਼ੁਲਮ-ਜਬਰ ਦੀ ਹਰ ਵਾਰਦਾਤ ਵਿਚ ਵੀ ਅਜਿਹੀਆਂ ਵਿਚਾਰਧਾਰਾਵਾਂ ਨੂੰ ਬੇਨਕਾਬ ਕਰਨਾ ਜ਼ਰੂਰੀ ਹੈ। ਸੀਏਟਲ ਦੀ ਘਟਨਾ ਨਸਲਵਾਦ ਦੀ ਕੋਝੀ ਉਦਾਹਰਨ ਹੈ ਅਤੇ ਭਾਰਤ ਸਰਕਾਰ ਨੂੰ ਪੀੜਤਾ ਤੇ ਪਰਿਵਾਰ ਨੂੰ ਨਿਆਂ ਦਿਵਾਉਣ ਵਿਚ ਸਹਾਇਤਾ ਕਰਨੀ ਚਾਹੀਦੀ ਹੈ।

Advertisement

Advertisement
Advertisement