ਿਸਆਸੀ ਲਾਹੇ ਲਈ ‘ਆਪ’ ਤੇ ਕਾਂਗਰਸ ਵਿਚਾਲੇ ਦੌੜ
ਐੱਨਪੀ ਧਵਨ
ਪਠਾਨਕੋਟ, 24 ਸਤੰਬਰ
ਹਲਕਾ ਭੋਆ ਦੀ ਸੜਕ ਦਾ ਕਰੈਡਿਟ ਲੈਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵੇਂ ਹੀ ਪਾਰਟੀਆਂ ’ਚ ਦੌੜ ਲੱਗੀ ਹੋਈ ਹੈ। ਇਹ ਸਰਨਾ ਤੋਂ ਫਰੀਦਾਨਗਰ ਹੁੰਦੇ ਹੋਏ ਭੀਮਪੁਰ ਤੱਕ ਦੀ 12 ਕਿਲੋਮੀਟਰ ਲੰਬਾਈ ਵਾਲੀ ਅਜਿਹੀ ਸੜਕ ਹੈ, ਜਿਸ ਦਾ ਨਿਰਮਾਣ ਕਾਰਜ 8 ਦਿਨ ਪਹਿਲਾਂ 16 ਸਤੰਬਰ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਨਾਰੀਅਲ ਤੋੜ ਕੇ ਸ਼ੁਰੂ ਕਰਵਾਇਆ ਸੀ ਪਰ ਇਸੇ ਹੀ ਸੜਕ ਦਾ ਨੀਂਹ ਪੱਥਰ ਅੱਜ ਦੁਬਾਰਾ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੰਸਦ ਮੈਂਬਰ ਤੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਰੱਖ ਦਿੱਤਾ। ਇਸ ਤਰ੍ਹਾਂ ਕਈ ਸਾਲਾਂ ਤੋਂ ਟੁੱਟੀ ਹੋਈ ਸੜਕ ਦਾ ਨਿਰਮਾਣ ਕਾਰਜ ਰਾਜਨੀਤੀ ਦਾ ਅਖਾੜਾ ਬਣ ਗਿਆ ਹੈ। ਇੱਕੋ ਹੀ ਸੜਕ ਦੇ 2 ਵਾਰ ਨੀਂਹ ਪੱਥਰ ਰੱਖੇ ਜਾਣ ਨਾਲ ਪੂਰੇ ਇਲਾਕੇ ਅੰਦਰ ਚਰਚਾ ਜ਼ੋਰਾਂ ’ਤੇ ਹੈ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪ੍ਰਧਾਨ ਮੰਤਰੀ ਯੋਜਨਾ ਵਾਲੀ ਉਕਤ ਸੜਕ ਦਾ ਜਦ 8 ਦਿਨ ਪਹਿਲਾਂ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਸੀ ਤਾਂ ਉਨ੍ਹਾਂ ਦੱਸਿਆ ਕਿ ਇਸ ਸੜਕ ’ਤੇ ਲੱਗਭੱਗ 15.15 ਕਰੋੜ ਰੁਪਏ ਖਰਚ ਆਉਣਗੇ। ਇਸ 12 ਕਿਲੋਮੀਟਰ ਲੰਬੀ ਸੜਕ ਵਿੱਚ 2 ਕਿਲੋਮੀਟਰ ਕੰਕਰੀਟ ਅਤੇ 10 ਕਿਲੋਮੀਟਰ ਪ੍ਰੀਮਿਕਸ ਵਾਲੀ ਸੜਕ ਹੋਵੇਗੀ, ਜਿਸ ਦੀ ਚੌੜਾਈ ਕਰੀਬ 12.5 ਫੁੱਟ ਹੋਵੇਗੀ। ਇਸ ਸੜਕ ਦੇ ਨਿਰਮਾਣ ਨਾਲ ਕਰੀਬ 35-40 ਪਿੰਡਾਂ ਦੇ ਲੋਕਾਂ ਨੂੰ ਲਾਭ ਮਿਲੇਗਾ।
ਦੂਸਰੇ ਪਾਸੇ ਅੱਜ ਉਕਤ ਸੜਕ ਦਾ ਨੀਂਹ ਪੱਥਰ ਰੱਖਣ ਸਮੇਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਿਹੜੀਆਂ ਯੋਜਨਾਵਾਂ ਭਾਰਤ ਸਰਕਾਰ ਦੀਆਂ ਅਤੇ ਮੈਂਬਰ ਪਾਰਲੀਮੈਂਟ ਅਧੀਨ ਆਉਂਦੀਆਂ ਹਨ, ਉਨ੍ਹਾਂ ਦੇ ਨੀਂਹ ਪੱਥਰ ’ਤੇ ਸਥਾਨਕ ਵਿਧਾਇਕ ਜਾਂ ਮੰਤਰੀ ਦਾ ਨਾਂ ਤਾਂ ਲਿਖਿਆ ਜਾ ਸਕਦਾ ਹੈ ਪਰ ਉਹ ਕਿਸੇ ਵੀ ਤਰ੍ਹਾਂ ਨੀਂਹ ਪੱਥਰ ਨਹੀਂ ਰੱਖ ਸਕਦਾ। ਉਹ ਮੰਤਰੀ ਕਟਾਰੂਚੱਕ ਨੂੰ ਇਹ ਵੀ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਜੋ ਪ੍ਰਧਾਨ ਮੰਤਰੀ ਸੜਕ ਯੋਜਨਾ ਹੈ, ਉਸ ਨੂੰ ਜਿੰਨੀ ਦੇਰ ਐੱਮਪੀ ਲਿਖ ਕੇ ਨਹੀਂ ਭੇਜਦਾ ਤਦ ਤੱਕ ਉਹ ਸ਼ੁਰੂ ਨਹੀਂ ਹੁੰਦੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸੜਕ ਤਾਂ ਫੇਜ਼-3 ਦੀ ਹੈ ਜਦ ਕਿ ਹੁਣ ਤਾਂ ਫੇਜ਼-4 ਸ਼ੁਰੂ ਹੋ ਰਿਹਾ ਹੈ। ਇਸ ਕਰਕੇ ਮੰਤਰੀ ਕਟਾਰੂਚੱਕ ਨੂੰ ਦਿੱਲੀ ਜਾ ਕੇ ਜ਼ੋਰ ਲਗਾਉਣਾ ਚਾਹੀਦਾ ਹੈ ਕਿ ਕੇਂਦਰ ਫੇਜ਼-4 ਦੇ ਦੌਰਾਨ ਪੰਜਾਬ ਦੀਆਂ ਪਹਿਲੀਆਂ ਲਿੰਕ ਸੜਕਾਂ ਨੂੰ ਯੋਜਨਾ ਤੋਂ ਬਾਹਰ ਨਾ ਰੱਖੇ। ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਪਾਲ, ਕਾਂਗਰਸੀ ਆਗੂ ਆਸ਼ੀਸ਼ ਵਿੱਜ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।