ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰੂ ਨਾਨਕ ਦੇ ਸ਼ਬਦਾਂ ਨੂੰ ਸੰਗੀਤ ਦੇਣ ਵਾਲੇ ਰਬਾਬੀ ਭਾਈ ਮਰਦਾਨਾ ਜੀ

06:54 AM Nov 27, 2024 IST
ਚਿੱਤਰ: ਸਿਧਾਰਥ

ਜਸਵਿੰਦਰ ਸਿੰਘ ਰੁਪਾਲ
Advertisement

ਗੁਰੂ ਨਾਨਕ ਦੇਵ ਜੀ ਨੇ ਸ਼ਬਦ ਰਾਹੀਂ ਜਗਤ ਨੂੰ ਤਾਰਿਆ ਸੀ, ਸ਼ਬਦ ਰਾਹੀਂ ਆਪਣਾ ਵਿਲੱਖਣ ਫਲਸਫਾ ਦਿੱਤਾ ਸੀ ਅਤੇ ਸ਼ਬਦ ਰਾਹੀਂ ਹੀ ਨਿਰਗੁਣਿਆਰਿਆਂ ਨੂੰ ਗੁਣਵਾਨ ਬਣਾਇਆ ਸੀ। ਇਹ ਬਾਬਾ ਨਾਨਕ ਦੇ ਸ਼ਬਦਾਂ ਦੀ ਚੋਟ ਹੀ ਸੀ ਜਿਸ ਨੇ ਕੌਡੇ ਰਾਖਸ਼, ਵਲੀ ਕੰਧਾਰੀ, ਸੱਜਣ ਠੱਗ ਅਤੇ ਹੋਰ ਲੱਖਾਂ ਦੇ ਜੀਵਨ ਵਿੱਚ ਵੱਡਾ ਇਨਕਲਾਬ ਲੈ ਆਂਦਾ ਸੀ। ਸੰਗੀਤ ਵਿੱਚ ਡੁੱਬਾ ਹੋਇਆ ਸ਼ਬਦ ਜਿਸ ਵੀ ਹਿਰਦੇ ’ਤੇ ਪੈਂਦਾ ਸੀ, ਉਹ ਗੁਰੂ ਨਾਨਕ ਦੇਵ ਜੀ ਦਾ ਹੀ ਹੋ ਕੇ ਰਹਿ ਜਾਂਦਾ ਸੀ। ਸ਼ਬਦ ਨੂੰ ਸੰਗੀਤਬੱਧ ਕਰਨ ਵਾਲੇ ਰਬਾਬੀ ਭਾਈ ਮਰਦਾਨਾ ਜੀ ਦਾ ਵੀ ਇਹ ਇਨਕਲਾਬ ਲਿਆਉਣ ਵਿੱਚ ਬਰਾਬਰ ਦਾ ਯੋਗਦਾਨ ਹੈ। ਕਿਹਾ ਜਾਂਦਾ ਹੈ ਕਿ ਬਾਬਾ ਨਾਨਕ ਆਖਦੇ ਸਨ, ‘ਮਰਦਾਨਿਆ ਰਬਾਬ ਵਜਾ, ਬਾਣੀ ਆਈ ਏ।’ ਇਹ ਸਰਗਮ ਅਤੇ ਕਾਵਿ ਦਾ ਅਨੂਠਾ ਮੇਲ ਸੀ ਜਿਸ ਨੇ ਕਰਾਮਾਤ ਕਹੀਆਂ ਜਾ ਸਕਣ ਵਾਲੀਆਂ ਘਟਨਾਵਾਂ ਨੂੰ ਜਨਮ ਦਿੱਤਾ।
ਭਾਈ ਮਰਦਾਨੇ ਦਾ ਬਾਬੇ ਨਾਨਕ ਦਾ ਪੱਕਾ ਸਾਥੀ ਬਣ ਜਾਣਾ ਆਪਣੇ ਆਪ ਵਿੱਚ ਇੱਕ ਵੱਡੀ ਕਰਾਮਾਤ ਸੀ। ਉਸ ਸਮੇਂ ਜਦੋਂ ਜਾਤ-ਪਾਤ ਅਤੇ ਛੂਤ-ਛਾਤ ਪੂਰੇ ਜੋਬਨ ’ਤੇ ਸੀ, ਉਦੋਂ ਨੀਵੀਂ ਜਾਤ ਵਜੋਂ ਜਾਣੀ ਜਾਂਦੀ ਮਰਾਸੀ ਜਾਤ ਨਾਲ ਸਬੰਧ ਰੱਖਣ ਵਾਲੇ ਮਰਦਾਨੇ ਨੂੰ ਸਦਾ ਆਪਣੇ ਨਾਲ ਰੱਖਣਾ, ਗੁਰੂ ਨਾਨਕ ਦੀ ਬਾਣੀ ਵਿੱਚ ਦੱਸਿਆ ਸਿਧਾਂਤ ਅਮਲੀ ਤੌਰ ’ਤੇ ਜੀਅ ਕੇ ਦਿਖਾਉਣ ਦਾ ਸਬੱਬ ਸੀ। ਨਾਨਕ ਬਾਣੀ ਵਿੱਚ ਸਾਫ਼ ਲਿਖਿਆ ਹੈ;
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥
ਇਹ ਸੱਚਮੁੱਚ ਨਦਰਿ ਹੋਈ ਵੀ। ਭਾਈ ਮਰਦਾਨਾ ਜੀ ਦਾ ਜਨਮ ਰਾਇ ਭੋਇ ਦੀ ਤਲਵੰਡੀ ਵਿਖੇ ਹੀ ਪਿਤਾ ਮੀਰ ਬਾਦਰੇ ਦੇ ਘਰ ਮਾਤਾ ਲੱਖੋ ਦੀ ਕੁੱਖੋਂ 1459 ਈਸਵੀ ਨੂੰ ਹੋਇਆ। ਉਨ੍ਹਾਂ ਦੇ ਪਿਤਾ ਜੀ ਡੂਮਾਂ ਵਾਲਾ ਖਾਨਦਾਨੀ ਕਿੱਤਾ ਕਰਦੇ ਸਨ, ਜਿਸ ਵਿੱਚ ਜਿੱਥੇ ਲੋਕਾਂ ਦੇ ਘਰ ਸੁਨੇਹੇ ਆਦਿ ਦੇਣ ਦਾ ਕੰਮ ਵੀ ਹੁੰਦਾ ਸੀ, ਉੱਥੇ ਲੋਕਾਂ ਦੇ ਮਨੋਰੰਜਨ ਲਈ ਗਾਉਣਾ ਵੀ ਸ਼ਾਮਲ ਸੀ। ਕਿਹਾ ਜਾਂਦਾ ਹੈ ਕਿ ਮਾਤਾ ਲੱਖੋ ਦੇ ਛੇ ਬੱਚੇ ਹੋ ਕੇ ਮਰ ਗਏ ਸਨ ਅਤੇ ਇਹ ਸੱਤਵਾਂ ਬੱਚਾ ਸੀ, ਜਿਸ ਦਾ ਨਾਮ ਮਾਤਾ ਨੇ ‘ਮਰ ਜਾਣਾ’ ਰੱਖਿਆ ਹੋਇਆ ਸੀ। ਉਸ ਨੂੰ ਇਸ ਦੇ ਵੀ ਛੇਤੀ ਮਰ ਜਾਣ ਦਾ ਡਰ ਸੀ। ਭਾਈ ਮਰਦਾਨੇ ਨੂੰ ਨਿੱਕੇ ਹੁੰਦੇ ਤੋਂ ਹੀ ਗਾਉਣ ਵਜਾਉਣ ਦਾ ਸ਼ੌਕ ਸੀ ਅਤੇ ਜਦੋਂ 1480 ਈਸਵੀ ਵਿੱਚ ਉਨ੍ਹਾਂ ਦੀ ਰਬਾਬ ਦੀ ਟੁਣਕਾਰ ਬਾਬੇ ਨਾਨਕ ਦੇ ਕੰਨਾਂ ਵਿੱਚ ਪਈ, ਬਾਬਾ ਨਾਨਕ ਮੋਹੇ ਗਏ ਅਤੇ ਮਰਦਾਨੇ ਨੂੰ ਸਦਾ ਲਈ ਆਪਣਾ ਸਾਥੀ ਬਣਾ ਲਿਆ। ਬਾਬਾ ਜੀ ਨੇ ‘ਮਰ ਜਾਣਾ’ ਦੀ ਥਾਂ ‘ਮਰਦਾ ਨਾ’ ਆਖਿਆ ਅਤੇ ਉਨ੍ਹਾਂ ਦਾ ਨਾਂ ਮਰਦਾਨਾ ਪ੍ਰਸਿੱਧ ਹੋਇਆ। ਦੋਵਾਂ ਦੀ ਪ੍ਰੀਤ ਗੂੜ੍ਹੀ ਹੁੰਦੀ ਗਈ। ਕੁਝ ਸਮਾਂ ਦੋਵੇਂ ਤਲਵੰਡੀ ਵਿਖੇ ਹੀ ਸਤਿ ਕਰਤਾਰ ਦੀ ਉਸਤਤ ਵਿੱਚ ਗੀਤ ਗਾਉਂਦੇ ਰਹੇ।
1487 ਈ ਵਿੱਚ ਬਾਬਾ ਨਾਨਕ ਦਾ ਵਿਆਹ ਹੋ ਗਿਆ ਅਤੇ ਉਪਰੰਤ ਪਿਤਾ ਕਾਲੂ ਨੇ ਕੰਮ ਵਿੱਚ ਪਾਉਣ ਲਈ ਗੁਰੂ ਨਾਨਕ ਦੇਵ ਨੂੰ ਭੈਣ ਕੋਲ ਸੁਲਤਾਨਪੁਰ ਲੋਧੀ ਭੇਜ ਦਿੱਤਾ। ਇੱਕ ਵਾਰੀ ਤਾਂ ਦੋ ਦੋਸਤਾਂ ਵਿੱਚ ਵਿਛੋੜਾ ਪੈ ਗਿਆ, ਪਰ ਜਲਦੀ ਹੀ ਮਰਦਾਨੇ ਨੂੰ ਬਾਬਾ ਨਾਨਕ ਦੀ ਖ਼ਬਰਸਾਰ ਲੈ ਆਉਣ ਲਈ ਮਹਿਤਾ ਕਾਲੂ ਨੇ ਤਲਵੰਡੀ ਘੱਲ ਦਿੱਤਾ। ਫਿਰ ਤਾਂ ਮਰਦਾਨਾ ਪੱਕਾ ਹੀ ਬਾਬਾ ਨਾਨਕ ਦਾ ਸਾਥੀ ਬਣ ਗਿਆ ਅਤੇ ਉਨ੍ਹਾਂ ਦੀ ਰਬਾਬ ਦਾ ਸੰਗੀਤ ਬਾਬਾ ਨਾਨਕ ਦੇ ਸ਼ਬਦਾਂ ਦਾ ਆਧਾਰ ਬਣਿਆ। ਬਾਬੇ ਨਾਨਕ ਨੇ ਵੱਖ ਵੱਖ ਦਿਸ਼ਾਵਾਂ ਵਿੱਚ ਚਾਰ ਉਦਾਸੀਆਂ ਕੀਤੀਆਂ ਅਤੇ ਜੰਗਲ ਬੇਲਿਆਂ, ਰੇਗਿਸਤਾਨਾਂ, ਪਿੰਡਾਂ ਸ਼ਹਿਰਾਂ, ਸੰਤਾਂ ਅਤੇ ਠੱਗਾਂ ਨਾਲ ਮੁਲਾਕਾਤਾਂ ਸਮੇ ਭਾਈ ਮਰਦਾਨਾ ਜੀ ਹਮੇਸ਼ਾ ਬਾਬੇ ਨਾਨਕ ਦੇ ਨਾਲ ਸਨ ਅਤੇ ਬਾਬਾ ਨਾਨਕ ਦੇ ਸ਼ਬਦਾਂ ਨੇ ਰਬਾਬ ਦੇ ਸੰਗੀਤ ਵਿੱਚੋਂ ਹੋ ਕੇ ਹੀ ਤਪਦੇ ਹਿਰਦਿਆਂ ਨੂੰ ਠਾਰਿਆ।
ਜਨਮ ਸਾਖੀਆਂ ਦੇ ਲੇਖਕਾਂ ਨੇ ਭਾਈ ਮਰਦਾਨੇ ਨੂੰ ਭੁੱਖ ਦਾ ਸਤਾਇਆ ਹੋਇਆ ਲਿਖਿਆ ਹੈ, ਭਾਵੇ ਇਹ ਉਨ੍ਹਾਂ ਨੇ ਬਾਬਾ ਨਾਨਕ ਦੇ ਨਾਲ ਵਾਪਰੀਆਂ ਘਟਨਾਵਾਂ ਦਾ ਆਧਾਰ ਬਣਾਉਣ ਲਈ ਇਸ ਦੀ ਨਾਟਕੀ ਕਲਪਨਾ ਹੀ ਕੀਤੀ ਹੋਵੇ ਕਿਉਂਕਿ ਇਹ ਗੱਲ ਹੈਰਾਨੀ ਵਾਲੀ ਹੈ ਕਿ ਲਗਭਗ 50 ਸਾਲ ਤੋਂ ਵੀ ਵੱਧ ਸਮਾਂ ਜਿਸ ਨੇ ਬਾਬਾ ਨਾਨਕ ਅਤੇ ਨਾਨਕ ਬਾਣੀ ਦਾ ਸਾਥ ਧੁਰ ਹਿਰਦੇ ਤੋਂ, ਰੂਹ ਤੋਂ ਮਾਣਿਆ ਹੋਵੇ ਉਸ ਨੂੰ ਦੁਨਿਆਵੀ ਭੁੱਖ ਤੰਗ ਕਰੇ, ਇਹ ਯਕੀਨ ਕਰਨਾ ਮੁਸ਼ਕਿਲ ਹੈ।
ਭਾਵੇਂ ਮਰਦਾਨਾ ਜੀ ਉਮਰ ਵਿੱਚ ਬਾਬੇ ਤੋਂ 10 ਸਾਲ ਵੱਡੇ ਸਨ, ਪਰ ਉਨ੍ਹਾਂ ਦੀ ਨਿਮਰਤਾ ਨੇ ਉਨ੍ਹਾਂ ਨੂੰ ਸਦਾ ਹੀ ਗੁਰ ਚਰਨਾਂ ਦਾ ਭੌਰਾ ਬਣਾਈ ਰੱਖਿਆ। ਮਰਦਾਨਾ ਜੀ ਦਾ ਵਿਆਹ ਕਦੋਂ ਹੋਇਆ, ਇਤਿਹਾਸ ਵਿੱਚ ਕੋਈ ਸਰੋਤ ਨਹੀਂ ਮਿਲਦਾ, ਪਰ ਉਨ੍ਹਾਂ ਦੇ ਦੋ ਪੁੱਤਰਾਂ ਰਜਾਦਾ ਅਤੇ ਸਜਾਦਾ ਦਾ ਜ਼ਿਕਰ ਜ਼ਰੂਰ ਆਉਂਦਾ ਹੈ, ਜਿਨ੍ਹਾਂ ਵਿੱਚੋਂ ਸਜਾਦਾ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਕੀਰਤਨ ਕਰਦਾ ਸੀ। ਭਾਈ ਮਰਦਾਨੇ ਦਾ ਗੁਰੂ ਨਾਨਕ ਨਾਲ ਕਿੰਨਾ ਜ਼ਿਆਦਾ ਪ੍ਰੇਮ ਸੀ, ਇਸ ਇੱਕ ਛੋਟੀ ਜਿਹੀ ਘਟਨਾ ਤੋਂ ਅੰਦਾਜ਼ਾ ਲੱਗ ਸਕਦਾ ਹੈ। ਕਹਿੰਦੇ ਮਰਦਾਨਾ ਜੀ ਨੇ ਬਾਬਾ ਨਾਨਕ ਨੂੰ ਪੂਰੀ ਅਪਣੱਤ ਨਾਲ ਆਖਿਆ ਸੀ, ‘‘ਬਹੁਤਾ ਮਾਣ ਨਾ ਕਰੀਂ ਬਾਬਾ, ਤੇਰੇ ਤੇ ਮੇਰੇ ਵਿੱਚ ਬਹੁਤਾ ਫ਼ਰਕ ਨਹੀਂ। ਤੂੰ ਰੱਬ ਦਾ ਡੂਮ ਤੇ ਮੈਂ ਤੇਰਾ ਡੂਮ’’ ਅਤੇ ਬਾਬਾ ਨਾਨਕ ਨੇ ਕਦੀ ਮਾਣ ਕੀਤਾ ਵੀ ਨਹੀਂ ਸੀ। ਮਰਦਾਨੇ ਨੂੰ ਅੰਤਮ ਸਮਾਂ ਆਉਣ ਤੋਂ ਪਹਿਲਾਂ ਬਾਬਾ ਨਾਨਕ ਨੇ ਪਰਖਣ ਦੇ ਲਹਿਜੇ ਵਿੱਚ ਪੁੱਛਿਆ ਕਿ ਜੇ ਤੂੰ ਆਖੇਂ ਤੇਰੇ ਮਰਨ ਪਿੱਛੋਂ ਤੇਰੀ ਸਮਾਧ ਬਣਵਾ ਦੇਈਏ। ਮਰਦਾਨੇ ਨੇ ਹੱਥ ਜੋੜ ਕੇ ਕਿਹਾ, ‘ਬਾਬਾ ਤੁਹਾਡੇ ਨਾਲ ਰਹਿ ਕੇ ਇਹੀ ਤਾਂ ਸਿੱਖਿਆ ਹੈ। ਇੱਕ ਕਬਰ ’ਚੋਂ ਕੱਢ ਕੇ ਦੂਜੀ ਵਿੱਚ ਕਿਉਂ ਪਾਉਣਾ ਏ?’ ਬਾਬਾ ਨਾਨਕ ਨੇ ਖ਼ੁਸ਼ ਹੋ ਕੇ ਉਨ੍ਹਾਂ ਨੂੰ ਬ੍ਰਹਮ-ਗਿਆਨੀ ਹੋਣ ਦੀ ਉਪਾਧੀ ਦਿੱਤੀ।
ਭਾਈ ਸਾਹਿਬ ਦੇ ਦੇਹਾਂਤ ਬਾਰੇ ਵਿਦਵਾਨਾਂ ਵਿੱਚ ਮਤਭੇਦ ਹਨ। ਕੁਝ 1534 ਈਸਵੀ ਨੂੰ ਦੱਸਦੇ ਹਨ ਤੇ ਕੁਝ 1538 ਈ ਵਿੱਚ। ਇਸੇ ਤਰ੍ਹਾਂ ਇੱਕ ਵਿਚਾਰ ਵਿੱਚ ਭਾਈ ਸਾਹਿਬ ਨੇ ਆਪਣਾ ਸਰੀਰ ਅਫ਼ਗਾਨਿਸਤਾਨ ਵਿੱਚ ਕੁਰਮ ਨਦੀ ਦੇ ਕੰਢੇ ਕੁਰਮ ਨਗਰ ਵਿੱਚ ਛੱਡਿਆ, ਜਦੋਂ ਕਿ ਦੂਜੇ ਵਿਚਾਰ ਵਿੱਚ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਦੇਹ ਤਿਆਗੀ। ਇਹ ਸਾਰੇ ਵਿਦਵਾਨ ਮੰਨਦੇ ਹਨ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਨਾਲ ਉਨ੍ਹਾਂ ਦੇ ਕਰਤਾਰਪੁਰ ਸਾਹਿਬ ਵਿਖੇ ਸਵਰਗਵਾਸ ਹੋਣ ਦਾ ਵਿਚਾਰ ਵਧੇਰੇ ਠੀਕ ਜਾਪਦਾ ਹੈ ਕਿਉਂਕਿ ਸਿਰਫ਼ ਸੰਸਕਾਰ ਕਰਨ ਲਈ ਨਾਨਕ ਜੀ ਦਾ ਅਫ਼ਗਾਨਿਸਤਾਨ ਜਾਣ ਦਾ ਕਿਤੇ ਜ਼ਿਕਰ ਨਹੀਂ ਮਿਲਦਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਰਦਾਨਾ ਜੀ ਦੇ ਨਾਮ ਹੇਠ ਦੋ ਸਲੋਕ ਦਰਜ ਹਨ। ਵਿਦਵਾਨਾਂ ਦੇ ਵਿਚਾਰ ਅਨੁਸਾਰ ਭਾਈ ਮਰਦਾਨਾ ਜੀ ਦੇ ਵਿਚਾਰਾਂ ਨੂੰ ਕਾਵਿ-ਰੂਪ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪ ਪ੍ਰਗਟਾਇਆ ਹੈ ਅਤੇ ਅੰਤ ਤੇ ਨਾਨਕ ਨਾਂ ਦੀ ਮੋਹਰ ਛਾਪੀ ਹੈ। ਇਸ ਬਾਣੀ ਰਾਹੀਂ ਮਰਦਾਨੇ ਨੂੰ ਸਦਾ ਲਈ ਅਮਰ ਕਰ ਦਿੱਤਾ ਹੈ। ਇਹ ਸਲੋਕ ਹਨ;
ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ।।
ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ।।
ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ।।
ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ।।
ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ।।
ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ।।
***
ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ।।
ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ।।
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟਿਅਹਿ ਬਿਕਾਰ।।
ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ।।
ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ।।
ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ।।
ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ।।
ਦੋਹਾਂ ਸ਼ਬਦਾਂ ਦਾ ਅਰਥ ਭਾਵ ਲਗਭਗ ਇੱਕੋ ਜਿਹਾ ਹੈ। ਜਿਨ੍ਹਾਂ ਵਿੱਚ ਵਿਕਾਰਾਂ ਦੇ ਨਸ਼ਿਆਂ ਤੋਂ ਵਰਜਦੇ ਹੋਏ ਇੱਕੋ ਇੱਕ ਸਦੀਵੀ ਨਸ਼ਾ ਨਾਮ ਦਾ ਕੀਤੇ ਜਾਣ ਦੀ ਹਦਾਇਤ ਹੈ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕਰਨ ਸਮੇਂ ਭਾਈ ਮਰਦਾਨਾ ਜੀ ਦਾ ਜ਼ਿਕਰ ਵੀ ਪੂਰੇ ਸਤਿਕਾਰ ਸਹਿਤ ਕੀਤਾ ਹੈ;
ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ।
ਦੁਆ ਕਰਦੇ ਹਾਂ ਕਿ ਸਾਨੂੰ ਸ਼ਬਦ ਦੇ ਨਾਲ ਨਾਲ ਰਬਾਬ ਦੀ ਧੁਨ ਵੀ ਹਮੇਸ਼ਾ ਸੁਣਦੀ ਰਹੇ। ਜਿੰਨੀ ਦੇਰ ਬਾਬਾ ਨਾਨਕ ਦਾ ਅਤੇ ਉਨ੍ਹਾਂ ਦੀ ਬਾਣੀ ਦਾ ਜ਼ਿਕਰ ਹੁੰਦਾ ਰਹੇਗਾ, ਭਾਈ ਮਰਦਾਨਾ ਜੀ ਦਾ ਨਾਂ ਵੀ ਓਨੇ ਹੀ ਸਤਿਕਾਰ ਨਾਲ ਲਿਆ ਜਾਂਦਾ ਰਹੇਗਾ।
ਸੰਪਰਕ: 98147-15796

Advertisement
Advertisement