ਆਰ ਮੁਹੱਬਤ ਪਾਰ ਮੁਹੱਬਤ...
ਸਰਹੱਦ ਦੇ ਆਰ-ਪਾਰ ਪੰਜਾਬ ’ਚ ਬੋਲੀ ਅਤੇ ਦਿਲਾਂ ਦੀ ਧੜਕਣ ਸਾਂਝੀ ਹੈ। ਵੰਡ ਦੀ ਲਕੀਰ ਨੇ ਪੰਜਾਬ ਦੀ ਜ਼ਮੀਨ ਵੰਡ ਦਿੱਤੀ, ਦੇਸ਼ ਵੰਡ ਦਿੱਤਾ ਪਰ ਪੰਜਾਬੀਆਂ ਦੀਆਂ ਮੋਹ ਦੀਆਂ ਤੰਦਾਂ ਜੁੜੀਆਂ ਰਹੀਆਂ। ਵਿਰਸੇ ਤੇ ਬੋਲੀ ਦੀ ਸਾਂਝ ਵੀ ਭਲਾ ਕਦੇ ਟੁੱਟਦੀ ਹੈ। ਜਿਨ੍ਹਾਂ ਨੂੰ ਉਜਾੜੇ ਦੀ ਮਾਰ ਝੱਲਣੀ ਪਈ ਉਹ ਸਦਾ ਆਪਣੀ ਮਿੱਟੀ ਲਈ ਤਾਂਘਦੇ ਰਹੇ। ਜਿਨ੍ਹਾਂ ਇਹ ਪੀੜ ਹੰਢਾਈ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਵਿਰਸੇ ’ਚ ਮੁੜ ਆਪਣੀਆਂ ਜੜ੍ਹਾਂ ਤਲਾਸ਼ਣ ਦੀ ਖ਼ਾਹਿਸ਼ ਮਿਲੀ ਤੇ ਅਖੀਰ ਮੇਲ ਮਿਲਾਪ ਦਾ ਸਬੱਬ ਬਣਨ ਲੱਗਿਆ। ਕਦੇ ਧਾਰਮਿਕ ਅਕੀਦਤ ਵਾਸਤੇ ਬਾਬੇ ਦੇ ਦਰ ’ਤੇ ਅਤੇ ਕਦੇ ਪੰਜਾਬੀ ਬੋਲੀ ਤੇ ਸੱਭਿਆਚਾਰ ਦੀ ਸਾਂਝ ਵਾਸਤੇ। ਅਜਿਹਾ ਹੀ ਇੱਕ ਸਬੱਬ ਲੰਘੇ ਦਿਨੀਂ ਲਾਹੌਰ ਵਿੱਚ ਹੋਈ ਪੰਜਾਬੀ ਕਾਨਫਰੰਸ ਮੌਕੇ ਬਣਿਆ ਜਿੱਥੇ ਲਹਿੰਦੇ ਤੇ ਚੜ੍ਹਦੇ ਪੰਜਾਬ ਨੇ ਗਲਵੱਕੜੀ ਪਾਈ, ਖ਼ੁਸ਼ੀਆਂ ਸਾਂਝੀਆਂ ਕੀਤੀਆਂ ਤੇ ਦਿਲਾਂ ਦੇ ਦਰਦ ਫਰੋਲੇ। ਇਨ੍ਹਾਂ ਪਲਾਂ ਦੀ ਬਾਤ ਪਾਉਂਦਾ ਹੈ ਇਹ ਲੇਖ।
ਜਿਉਂ-ਜਿਉਂ ਅਟਾਰੀ ਦੇ ਕਿਲੋਮੀਟਰ ਘਟੀ ਜਾਣ, ਚਾਅ ਵਧੀ ਜਾਵੇ। ਬਿਲਕੁਲ ਉਵੇਂ, ਜਿਵੇਂ ਨਿੱਕੇ ਹੁੰਦਿਆਂ ਜੂਨ ਮਹੀਨੇ ਦੀਆਂ ਛੁੱਟੀਆਂ ਮੌਕੇ ਨਾਨਕੇ ਸਰਾਵਾਂ ਜਾਣ ਦਾ ਹੁੁੰਦਾ ਸੀ। ਨਾਨਾ-ਨਾਨੀ ਅਕਸਰ ਲਾਹੌਰ ਦੀਆਂ ਗੱਲਾਂ ਕਰਦੇ। ਦੇਖਿਆ ਉਨ੍ਹਾਂ ਨੇ ਵੀ ਨਹੀਂ ਸੀ ਤੇ ਮੈਂ ਤਾਂ ਕਾਹਦਾ ਦੇਖਣਾ। ਨਿਆਣਮੱਤ ਸੀ, ਕੀ ਪਤਾ ਉੱਥੇ ਹੈ ਕੀ, ਕਿਵੇਂ ਹੈ। ਉਮਰ ਦੀਆਂ ਪੌੜੀਆਂ ਚੜ੍ਹੇ ਤਾਂ ਲਾਹੌਰ ਗੀਤਾਂ, ਬੋਲੀਆਂ ’ਚ ਸੁਣਿਆ। ਕਿੱਸੇ ਪੜ੍ਹੇ। ਸਿੱਖ ਇਤਿਹਾਸ ਤੇ ਸੱਭਿਆਚਾਰ ਦੀ ਅਮੀਰੀ ਏਧਰ ਵਾਂਗ ਓਧਰ ਕਿੰਨੀ ਹੈ, ਜਾਣਿਆ ਤੇ ਹੁਣ ਅਟਾਰੀ ਵੱਲ ਜਾਂਦਿਆਂ ਸਾਰਾ ਕੁਝ ਜ਼ਿਹਨ ’ਚ ਘੁੰਮ ਰਿਹਾ ਸੀ।
ਸੱਚੀਂ ਮਾਂ ਤਾਂ ਮਾਂ ਹੁੰਦੀ ਹੈ, ਮਾਂ ਦੀ ਬੋਲੀ, ਉਹਦੀ ਵੀ ਮਾਂ ਦੀ ਬੋਲੀ। ਅੱਜ ਮਾਂ ਹੀ ਤਾਂ ਵਾਹਗਾ ਪਾਰ ਕਰਾਉਣ ਵਾਲੀ ਸੀ। ਲਾਹੌਰ ਵੱਲ ਤੋਰਨ ਵਾਲੀ ਸੀ। ਗੱਡੀ ਸ਼ੂਕਦੀ ਜਾਵੇ ਤੇ ਨਾਲ ਦੇ ਸਾਥੀ ਆਖੀ ਜਾਣ, ‘‘ਅੱਜ ਆਪਾਂ ਜੰਮ ਪੈਣੈ।’’
‘‘ਉਹ ਕਿਵੇਂ?’’
ਕਹਿੰਦੇ, ‘‘ਸੁਣਦੇ ਸਾਂ ਜੀਹਨੇ ਲਾਹੌਰ ਨਹੀਂ ਦੇਖਿਆ, ਉਹ ਜੰਮਿਆ ਨਹੀਂ। ਅੱਜ ਜੰਮਣ ਦਿਨ ਹੈ।’’
ਹਾਂ ਸੱਚ, ਮਾਂ ਬੋਲੀ ਦੇ ਆਸ਼ਕਾਂ ਦਾ ਬੁਲਾਵਾ ਸੀ। ਤਿੰਨ ਰੋਜ਼ਾ ਕਾਨਫਰੰਸ ਲਈ। ਖਾਲਸ ਪੰਜਾਬੀਆਂ ਦਾ ਸੱਦਾ। ਉਹ ਪੰਜਾਬੀ, ਜਿਨ੍ਹਾਂ ਨੂੰ ਮਾਂ ਦੀ ਬੋਲੀ ਦਾ ਫ਼ਿਕਰ ਹੈ। ਜਿਹੜੇ ਲੰਮੇ ਸਮੇਂ ਤੋਂ ਲੜ ਰਹੇ ਨੇ ਕਿ ਸਾਡੀ ਬੋਲੀ ਗਾਲ੍ਹਾਂ ਵਾਲੀ ਨਹੀਂ, ਗੁਰੂਆਂ, ਪੀਰਾਂ, ਫ਼ਕੀਰਾਂ ਵਾਲੀ ਹੈ। ਕਿੰਨਾ ਕੁਝ ਰਚਿਆ ਗਿਆ ਇਸ ਬੋਲੀ ’ਚ। ਅਸੀਂ ਉਸ ਰਚੇ ਨੂੰ ਪੜ੍ਹਿਆ ਹੀ ਨਹੀਂ, ਤਾਹੀਓਂ ਤਾਂ ਇਹਨੂੰ ਅਨਪੜ੍ਹਾਂ ਵਾਲੀ ਸਮਝ ਲਿਆ। ਅਹਿਮਦ ਰਜ਼ਾ ਪੰਜਾਬੀ, ਨਾਸਿਰ ਢਿੱਲੋਂ, ਅੰਜੁਮ ਗਿੱਲ ਤੇ ਉਨ੍ਹਾਂ ਦੇ ਸਾਥੀਆਂ ਦਾ ਯਤਨ ਸੀ ਦੂਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ। ਤਿਆਰੀਆਂ ਦੋ ਮਹੀਨਿਆਂ ਤੋਂ ਚੱਲ ਰਹੀਆਂ ਸਨ ਤੇ ਸਾਡਾ ਵੀਜ਼ਾ ਸੱਤਵੇਂ ਦਿਨ ਮੁੜਨ ਦਾ ਸੀ।
ਅਟਾਰੀ ਤੋਂ ਵਾਹਗਾ ਤੇ ਵਾਹਗਿਓਂ ਲਾਹੌਰ। ਅਟਾਰੀਓਂ ਲਾਹੌਰ ਮਸਾਂ ਅੱਧੇ ਘੰਟੇ ਦਾ ਰਾਹ, ਜਿਵੇਂ ਜਲੰਧਰੋਂ ਫਗਵਾੜੇ ਜਾਂ ਨਕੋਦਰ ਜਾਣਾ ਹੋਵੇ। ਵਾਹਗੇ ਵੱਲ ਖੜ੍ਹ ਮੈਂ ਦੇਖਿਆ ਅਟਾਰੀ ਤੇ ਏਧਰ ਦੀਆਂ ਚਿੱਟੀਆਂ ਲਕੀਰਾਂ ਦਾ ਫ਼ਾਸਲਾ ਮਸਾਂ ਦੋ-ਢਾਈ ਮੀਟਰ ਦਾ ਹੈ। ਪਰ ਹੈ ਕਿੰਨਾ ਔਖਾ। ਵਾਹਗੇ ਵੱਲ ਪਹਿਲਾ ਪੈਰ ਧਰਦਿਆਂ ਵੰਡ ਵਾਲਾ ਮੰਜ਼ਰ ਜ਼ਿਹਨ ’ਚੋਂ ਲੰਘਿਆ। ਕਿੰਨਾ ਕੁਝ ਹੰਢਾਇਆ ਸਭ ਨੇ। ਕਿੰਨੇ ਬੇਕਸੂਰ ਮਾਰੇ ਗਏ। ਕਿੰਨਿਆਂ ਦੇ ਜ਼ਖ਼ਮ ਅੱਜ ਵੀ ਅੱਲੇ ਨੇ। ਕਿੰਨੇ ਆਪਣੇ ਪਿੰਡ ਦੀ ਮਿੱਟੀ ਚੁੰਮਣ ਲਈ ਕਾਹਲ਼ੇ ਨੇ।
ਵਾਹਗੇ ਇਮੀਗ੍ਰੇਸ਼ਨ ’ਤੇ ਦਰਜਨਾਂ ਪੰਜਾਬੀ ਪਿਆਰੇ ਫੁੱਲਾਂ ਦੇ ਹਾਰ ਲੈ ਖੜ੍ਹੇ ਸਨ। ਪਹਿਲੀ ਵਾਰ ਇਨ੍ਹਾਂ ਆਪਣਿਆਂ ਨੂੰ ਜੱਫੀਆਂ ਪਾਈਆਂ। ਉਨ੍ਹਾਂ ਦੀਆਂ ਅੱਖਾਂ ’ਚ ਅੱਥਰੂ ਨੱਚਦੇ ਸਨ। ਸਾਡੀਆਂ ’ਚ ਵੀ। ਉਹ ਹੱਥ ਚੁੰਮੀ ਜਾਣ। ਅਸੀਂ ਨੀਵੀਂਆਂ ਪਾਈਆਂ, ਜਿਵੇਂ ਬੋਲਣਾ ਭੁੱਲ ਗਏ ਹੋਈਏ।
ਕਾਨਫਰੰਸ ਅਗਲੇ ਦਿਨ ਸੀ। ਇਹ ਕਾਨਫਰੰਸ ਨਹੀਂ, ਵਿਆਹ ਸੀ। ਸੱਚੀਓਂ ਵਿਆਹ ਵਰਗਾ ਮਾਹੌਲ। ਇੱਕ-ਇੱਕ ਪੈਰ ਪੁੱਟਿਆਂ ਪਤਾ ਲੱਗਦਾ ਸੀ ‘ਪੰਜਾਬੀ ਪ੍ਰਚਾਰ’, ‘ਪੰਜਾਬੀ ਲਹਿਰਾਂ’ ਤੇ ‘ਪਿਲਾਕ’ ਨੇ ਕਿੰਨੀ ਮਿਹਨਤ ਕੀਤੀ। ਕਾਨਫਰੰਸ ਵਾਲੀ ਥਾਂ ਦੋਹਾਂ ਪੰਜਾਬਾਂ ਦੇ ਮਹਾਨ ਕਲਾਕਾਰਾਂ, ਸਾਹਿਤਕਾਰਾਂ ਅਤੇ ਪੱਤਰਕਾਰਾਂ ਦੀਆਂ ਵੱਡੀਆਂ ਫੋਟੋਆਂ ਲਾ ਕੇ ਸਲਾਮ ਕੀਤੀ ਗਈ ਸੀ। ਉਧਰਲੇ ਤੇ ਏਧਰਲੇ ਫ਼ਨਕਾਰ ਇੱਕੋ ਬੋਰਡ ’ਤੇ ਸਨ। ਮੋਢੇ ਨਾਲ ਮੋਢਾ ਜੋੜੀ ਖੜ੍ਹੇ। ਸਾਰੇ ਇੱਕ ਹੀ ਤਾਂ ਸਾਂ, ਕੌਣ ਅੱਡ ਹੋਣਾ ਚਾਹੁੰਦਾ ਸੀ। ਜਿੰਨੀ ਪੀੜ ਉਨ੍ਹਾਂ ਵੱਡੇ ਲੋਕਾਂ ਲਿਖੀ ਤੇ ਗਾਈ, ਕਿੰਨਾ ਵੱਡਾ ਦਰਦ ਹੋਣਾ ਉਨ੍ਹਾਂ ਅੰਦਰ। ਸੋਚ-ਸੋਚ ਅੰਦਰਲਾ ਸੁੰਨ ਹੋਈ ਜਾਂਦਾ।
ਇਕੱਠ ਤੇ ਸਮਰਪਣ ਪੱਖੋਂ ਕਾਨਫਰੰਸ ਕਮਾਲ ਸੀ। ਪੰਜਾਬੀ ਬਾਰੇ ਗੱਲ ਹੋਵੇ ਤਾਂ ਦੋ ਸੌ ਬੰਦਾ ਇਕੱਠਾ ਕਰਨਾ ਔਖਾ ਹੋ ਜਾਂਦਾ ਹੈ। ਇੰਨਾ ਵਕਤ ਕੀਹਦੇ ਕੋਲ ਹੁੰਦਾ ਹੈ। ਰੀਲਾਂ ’ਚ ਰੁੱਝੇ ਪੰਜਾਬੀ। ਸੋਸ਼ਲ ਮੀਡੀਆ ’ਤੇ ਇਨਕਲਾਬ ਲਿਆਉਣ ’ਚ ਮਸਰੂਫ਼ ਪੰਜਾਬੀ। ਪਰ ਏਥੇ ਇਉਂ ਸੀ ਜਿਵੇਂ ਕਿਸੇ ਰਈਸ ਲਾਹੌਰੀਏ ਦਾ ਵਿਆਹ ਧਰਿਆ ਹੋਵੇ। ਕੋਈ ਰਵਾਇਤੀ ਪਹਿਰਾਵੇ ’ਚ ਕੋਈ ਖੂੰਡੇ ਵਾਲਾ, ਕੋਈ ਤੁਰਲੇ ਵਾਲਾ, ਕੋਈ ਪਠਾਣੀ ਰੂਪ ’ਚ, ਕੋਈ ਫੁਲਕਾਰੀ ’ਚ, ਕੋਈ ਕੈਂਠੇ ਵਾਲਾ। ਤਿੰਨ ਰੋਜ਼ਾ ਸੈਸ਼ਨ ਸਨ। ਵਿਸ਼ੇ ਵੀ ਕਮਾਲ ਤੇ ਮਾਹਿਰ ਵੀ। ਮੈਂ ਤੇ ਚੜ੍ਹਦੇ ਪਾਸਿਓਂ ਗਏ ਦੋ ਦਰਜਨ ਤੋਂ ਵੱਧ ਸਾਥੀ ਹੈਰਾਨ ਵੀ ਸਾਂ ਤੇ ਖ਼ੁਸ਼ ਵੀ। ਕੋਈ ਸਮਝੌਤਾ ਨਹੀਂ। ਕੋਈ ਸਿਫ਼ਾਰਸ਼ੀ ਮਾਹਿਰ ਨਹੀਂ। ਕੋਈ ਆਰ ਲਾਉਣ ਵਾਲੀ ਗੱਲ ਨਹੀਂ। ਕੋਈ ਨਫ਼ਰਤ ਨਹੀਂ। ਕਮਾਲ ਇਹ ਵੀ ਕਿ ਹਾਲ ’ਚ ਜਿੰਨੇ ਪੰਜਾਬੀ ਪਿਆਰੇ ਕੁਰਸੀਆਂ ’ਤੇ ਸਨ, ਓਨੇ ਹੀ ਖੜ੍ਹੇ। ਜਿੰਨੇ ਖੜ੍ਹੇ ਸਨ, ਉਸ ਤੋਂ ਵੀਹ ਗੁਣਾ ਬਾਹਰ ਸਿਰਫ਼ ਇਸ ਕਰਕੇ ਕਿ ਖੜ੍ਹੀਏ, ਬੈਠੀਏ ਕਿੱਥੇ। ਖਿੱਚ ਏਨੀ ਕਿ ਨਾਲ ਦੇ ਨੂੰ ਕਹਿ ਕੇ ਜਾਣਾ ਪੈਂਦਾ ਸੀ ਕਿ ਮੈਂ ਪੰਜ ਮਿੰਟ ’ਚ ਮੁੜਿਆ, ਕੁਰਸੀ ਸਾਂਭੀਂ।
ਪਹਿਲੇ ਦਿਨ ਦੇ ਪਹਿਲੇ ਮਿੰਟ ਤੋਂ ਆਖ਼ਰੀ ਦਿਨ ਦੇ ਆਖ਼ਰੀ ਮਿੰਟ ਤੱਕ ਵੱਡੇ ਸ਼ਾਇਰ ਅਫ਼ਜ਼ਲ ਸਾਹਿਰ ਨੇ ਮੰਚ ਸੰਚਾਲਨ ਮੌਕੇ ਸ਼ਬਦਾਂ ਦੀਆਂ ਜਿਹੜੀਆਂ ਬਾਘੀਆਂ ਪਵਾਈਆਂ, ਕਮਾਲ। ‘‘ਤੁਸੀਂ ਸ਼ਾਇਰ ਓ ਜਾਂ ਜੁਗਤਾਂ ਪੇਸ਼ ਕਰਨ ਵਾਲੇ?’’ ਮੈਂ ਛੇ ਦਿਨਾਂ ’ਚ ਘੱਟੋ-ਘੱਟ ਵੀਹ ਵਾਰ ਪੁੱਛਿਆ ਹੋਣਾ। ਉਹ ਸੱਜਾ ਹੱਥ ਆਪਣੀ ਢਿੱਲੀ ਗੱਲ੍ਹ ’ਤੇ ਰੱਖ ਇੱਕ ਗੱਲ ਕਹਿੰਦੇ, ‘‘ਅੱਲ੍ਹਾ ਤਾਅਲਾ ਦਾ ਕਰਮ ਹੈ। ਮਾਹੌਲ ਤਾਂ ਬੰਨ੍ਹਣਾ ਪੈਣਾ। ਹਾਸੇ-ਠੱਠੇ ’ਚ ਕਹੀ ਗੱਲ ਕੀਹਨੂੰ ਚੰਗੀ ਨਹੀਂ ਲੱਗਦੀ।’’
ਪਹਿਲੇ ਦਿਨ ਪਹਿਲੀ ਚਰਚਾ ‘ਪੰਜਾਬੀਆਂ ਦੀ ਕੌਮੀ ਤੇ ਸਿਆਸੀ ਚੇਤਨਾ’ ਸੀ। ਮਾਹਿਰ ਸਨ ਨੈਨਸੁਖ, ਸੋਹੇਲ ਵੜੈਚ, ਫਾਰੁਖ ਸੋਹੇਲ ਗੋਇੰਦੀ ਤੇ ਅਸ਼ੋਕ ਭੌਰਾ। ਕਮਾਲ ਦੀ ਚਰਚਾ। ਪਹਿਲੀ ਵਾਰ ਮੈਂ ਨੈਨਸੁਖ ਨੂੰ ਸੁਣਿਆ ਤੇ ਸਰਸ਼ਾਰ ਹੋਇਆ। ‘ਮਾਂ ਬੋਲੀ ਰਾਹੀਂ ਸਿੱਖਿਆ’ ਵਿਸ਼ੇ ’ਤੇ ਜਸਵੰਤ ਜ਼ਫ਼ਰ ਦੇ ਵਿਚਾਰ ਕਮਾਲ ਸਨ। ‘ਪੰਜਾਬੀ ਸਾਹਿਤ ਤੇ ਪੰਜਾਬੀ’ ਵਿਸ਼ੇ ’ਤੇ ਮਾਹਿਰ ਸਹਿਜਪ੍ਰੀਤ ਮਾਂਗਟ, ਖਾਲਿਦ ਹੁਸੈਨ, ਜ਼ੁਬੈਰ ਅਹਿਮਦ ਤੇ ਹੋਰ ਸਨ। ਇਸ ਦਿਨ ਪੰਜ ਵਿਸ਼ਿਆਂ ’ਤੇ ਚਰਚਾ ਹੋਈ। ਹਾਜ਼ਰੀਨ ਨੇ ਸਵਾਲ ਕੀਤੇ। ਕਮਾਲ ਇਹ ਕਿ ਦਰਸ਼ਕਾਂ ’ਚ ਜਿੰਨੇ ਅਧਖੜ ਸਨ, ਉਸ ਤੋਂ ਵੱਧ ਨੌਜਵਾਨ। ਸਭ ਨੂੰ ਸਭ ਰੰਗ ਮਿਲੇ। ਵੱਡੇ ਗਾਇਕ ਸਾਈਂ ਜ਼ਹੂਰ ਦੀ ਗਾਇਕੀ ਤੋਂ ਲੈ ਕੇ ਹੋਰ ਕਮਾਲ ਦੀਆਂ ਪੇਸ਼ਕਾਰੀਆਂ ਨੇ ਰੰਗ ਬੰਨ੍ਹੀ ਰੱਖਿਆ। ਗਿੱਧੇ, ਭੰਗੜੇ ਨੇ ਸੱਚੀਓਂ ਕਮਾਲ ਕਰ ਦਿੱਤੀ।
ਦੂਜੇ ਦਿਨ ਪਹਿਲੇ ਨਾਲੋਂ ਜਾਨਣ-ਸਮਝਣ ਦੀ ਜ਼ਿਆਦਾ ਖਿੱਚ ਸੀ। ਮੇਰੇ ਲਈ ਖਿੱਚ ਦਾ ਵਿਸ਼ਾ ‘ਫ਼ਰੀਦ, ਨਾਨਕ, ਬੁੱਲ੍ਹਾ ਤੇ ਅਜੋਕਾ ਸਮਾਜ’ ਵਿਸ਼ੇ ’ਤੇ ਮਾਹਿਰਾਂ ਨੂੰ ਸੁਣਨਾ ਸੀ ਤੇ ’ਕੱਲੇ-’ਕੱਲੇ ਮਾਹਿਰ ਨੇ ਆਪਣੀ ਬੌਧਿਕਤਾ ਦਾ ਜਲਵਾ ਪੇਸ਼ ਕੀਤਾ। ‘ਪੰਜਾਬੀ ਸਿਨੇਮਾ ਦਾ ਬਦਲਦਾ ਸਰੂਪ’ ਵਿਸ਼ੇ ’ਤੇ ਸੁਹੇਲ ਅਹਿਮਦ, ਗੁਰਪ੍ਰੀਤ ਕੌਰ ਭੰਗੂ ਸਮੇਤ ਹੋਰਾਂ ਦੀ ਚਰਚਾ ਸੀ। ਗੁਰਪ੍ਰੀਤ ਭੰਗੂ ਨੇ ਆਪਣੇ ਉਮਰ ਪੰਧ ਦਾ ਤਜਰਬਾ ਸਾਂਝਾ ਕੀਤਾ ਤੇ ਦੋਹਾਂ ਦੇਸ਼ਾਂ ਦੀ ਮੁਹੱਬਤ ’ਚ ਸਿਨੇਮੇ ਦੇ ਯੋਗਦਾਨ ’ਤੇ ਚਰਚਾ ਕੀਤੀ। ‘ਪੰਜਾਬੀ ਸਿਆਸਤਦਾਨ ਤੇ ਪੰਜਾਬ’, ‘ਪੰਜਾਬ ਦੇ ਮੁੱਖ ਮੁੱਦੇ’, ‘ਸੁਰ ਸੰਗੀਤ ਤੇ ਪੰਜਾਬੀ ਦੇ ਮਹਾਨ ਗਾਇਕ’ ਵਿਸ਼ੇ ’ਤੇ ਸਭ ਨੇ ਕਮਾਲ ਕੀਤੀ। ਪੰਜਾਬ ਦੀ ਕੋਇਲ ਬੇਬੇ ਸੁਰਿੰਦਰ ਕੌਰ ਦੀ ਦੋਹਤੀ ਸੁਨੈਨੀ ਸ਼ਰਮਾ ਨੇ ਜਿੱਥੇ ਨਾਨੀ ਦੇ ਪੰਧ ਦੀ ਬਾਤ ਪਾਈ, ਉੱਥੇ ਗਾਇਕੀ ਦੇ ਬਦਲੇ ਮੁਹਾਂਦਰੇ ਦੀ ਵੀ ਸੋਹਣੀ ਸਾਰ ਲਈ।
ਤੀਜਾ ਦਿਨ ‘ਪੰਜਾਬੀ ਪੱਤਰਕਾਰੀ, ਕੱਲ੍ਹ, ਅੱਜ ਤੇ ਭਲਕ’ ਸੀ। ਮਾਹਿਰਾਂ ’ਚ ਸੁਕੀਰਤ ਆਨੰਦ, ਡਾ. ਸੁਰਿੰਦਰ ਸਿੰਘ, ਹਰਮਨ ਥਿੰਦ ਨਾਲ ਮੈਨੂੰ ਮੌਕਾ ਮਿਲਿਆ। ਸੁਕੀਰਤ ਆਨੰਦ ਨੇ ਮੀਡੀਆ ਦੇ ਬਦਲਦੇ ਸਰੋਕਾਰਾਂ ਬਾਰੇ ਸੋਹਣੀ ਚਰਚਾ ਕੀਤੀ ਤੇ ਮੇਰਾ ਕਹਿਣਾ ਸਿਰਫ਼ ਇੰਨਾ ਸੀ ਕਿ ਸਮਾਂ ਬਦਲ ਗਿਆ ਤੇ ਅੱਜ ਹਰ ਕੋਈ ਪੱਤਰਕਾਰ ਹੈ। ਮੋਬਾਈਲ ਪੱਤਰਕਾਰੀ ’ਤੇ ਕੋਈ ਸੈਂਸਰ ਨਹੀਂ। ਕੁਝ ਵੀ, ਕਿਤੇ ਵੀ, ਕਿਵੇਂ ਵੀ ਵਾਲੇ ਸਮੇਂ ਨੇ ਸੱਤਿਆਨਾਸ ਵੀ ਕੀਤਾ ਤੇ ਜਾਣਕਾਰੀ ਦੇ ਮੌਕੇ ਵੀ ਵਧਾਏ। ‘ਸੋਸ਼ਲ ਮੀਡੀਆ ਰਾਹੀਂ ਪੰਜਾਬੀ ਦਾ ਵਿਕਾਸ’ ਵਿਸ਼ੇ ’ਤੇ ਚੰਗੀ ਚਰਚਾ ਹੋਈ।
ਸੋਹਣੀ ਗੱਲ ਇਹ ਰਹੀ ਕਿ ਕਿਸੇ ਵੀ ਵਿਸ਼ੇ ’ਤੇ ਚਰਚਾ ਮੌਕੇ ਤਾੜੀਆਂ ਮੱਧਮ ਨਹੀਂ ਸੀ ਪੈਂਦੀਆਂ। ਜਿਵੇਂ ਸ਼ਾਇਰ ਦੇ ਸ਼ਿਅਰਾਂ ਜਾਂ ਗਾਇਕ ਦੇ ਗੀਤਾਂ ’ਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਤਾੜੀਆਂ ਦਾ ਮੀਂਹ ਵਰ੍ਹਦਾ, ਉਵੇਂ ਵਰ੍ਹੀ ਜਾਂਦਾ। ਜਿੱਥੇ ਦੋਹਾਂ ਪੰਜਾਬਾਂ ਦੇ ਪਿਆਰ, ਬੋਲੀ ਦੀ ਸਾਂਝ ਤੇ ਸੱਭਿਆਚਾਰ ਦੀ ਗੱਲ ਆਉਂਦੀ, ਤਾੜੀਆਂ ਦਾ ਮੀਂਹ ਹੋਰ ਤੇਜ਼ ਹੋ ਜਾਂਦਾ।
ਸਮਾਪਤੀ ਮੌਕੇ ਆਰਿਫ਼ ਲੁਹਾਰ ਦਾ ਗਾਣਾ ਸੀ। ਕਮਾਲ ਦਾ ਬੰਦਾ। ਕਮਾਲ ਗਾਇਕੀ। ’ਕੱਲੇ-’ਕੱਲੇ ਪੰਜਾਬੀ ਨੇ ਭੰਗੜਾ ਪਾਇਆ। ਸਟੇਜ ’ਤੇ ਚੜ੍ਹ-ਚੜ੍ਹ ਪਾਇਆ। ਕੀ ਨਿਆਣਾ, ਕੀ ਸਿਆਣਾ। ਕੀ ਲਹਿੰਦਾ, ਕੀ ਚੜ੍ਹਦਾ। ਕੀ ਬੀਬੀ, ਕੀ ਬੰਦਾ। ਸਭ ‘ਦਮ ਗੁਟਕੂੰ ਗੁਟਕੂੰ ਕਰਦਾ ਏ’ ’ਚ ਮਗਨ। ਵਾਹ, ਸੱਚੀਓਂ ਇਹੀ ਤਾਂ ਪਿਆਰ ਹੈ। ਇਹੀ ਸਾਡੀ ਪਛਾਣ। ਸੱਚ ਹਾਂ, ਲਹਿੰਦੇ ਵੱਲ ਇਕੱਲੇ ਚੜ੍ਹਦੇ ਪੰਜਾਬ ਤੋਂ ਹੀ ਨਹੀਂ ਸੀ ਗਏ। ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟਰੇਲੀਆ, ਇੰਗਲੈਂਡ, ਯੂਰਪੀ ਦੇਸ਼ਾਂ ਸਮੇਤ ਹੋਰ ਥਾਵਾਂ ਤੋਂ ਪੰਜਾਬੀ ਉਚੇਚੇ ਚੱਲ ਕੇ ਆਏ। ਸਭ ਨੇ ਆਪੋ ਆਪਣੀਆਂ ਟਿਕਟਾਂ ਲਾਈਆਂ। ਆਪੋ ਆਪਣਾ ਟਿਕਾਣਾ। ਖਿੱਚ ਮਾਂ ਦੀ ਸੀ, ਮਾਂ ਬੋਲੀ ਦੀ, ਤਾਂ ਸਭ ਉੱਡੇ ਆਏ।
ਸ਼ਾਇਦ ਕਦੀ ਨਾ ਭੁੱਲਾਂ...
- ਸੋਹੇਲ ਅਹਿਮਦ ਵੱਡਾ ਫ਼ਨਕਾਰ ਹੈ। ਸਭ ਜਾਣਦੇ ਹਨ। ਪਰ ਜਦੋਂ ਉਹਨੇ ਇਹ ਆਖਿਆ ਕਿ ਜਾਹਲ ਲੋਕ ਮਾਂ ਨੂੰ ਜਾਹਲ ਸਮਝਣ ਲੱਗੇ ਨੇ ਤਾਂ ਗੱਚ ਭਰ ਆਇਆ। ਉਹ ਕਹਿੰਦਾ, ‘‘ਜਿਹੜਾ ਮਾਂ ਦਾ ਨਾ ਹੋਇਆ, ਹੋਰ ਕਿਸੇ ਦਾ ਕੀ ਹੋਣਾ। ਮਾਂ ਤਾਂ ਮਾਂ ਏ। ਲੱਤਾਂ ਖਿੱਚਣ ਵਾਲੇ ਵੀ ਬਥੇਰੇ ਨੇ। ਪਰ ਮਾਂ ਬੋਲੀ ਪੰਜਾਬੀ ਲਈ ’ਕੱਠੇ ਹੋਣਾ ਸਮੇਂ ਦੀ ਲੋੜ ਸੀ, ਜੋ ਇੱਥੋਂ ਦੇ ਪ੍ਰਬੰਧਕਾਂ ਨੇ ਕਰ ਕੇ ਦਿਖਾ ਦਿੱਤਾ ਤੇ ਤੁਸੀਂ ਏਥੇ ਪਹੁੰਚ ਕੇ।’’
- ਅਸੀਂ ਸਾਈਂ ਜ਼ਹੂਰ ਦੇ ਘਰ ਗਏ। ਮੈਂ ਏਨਾ ਲੱਠਾ ਬੰਦਾ ਤੇ ਮਿਲਣਸਾਰ ਪਰਿਵਾਰ ਕਦੇ ਨਹੀਂ ਦੇਖਿਆ। ਸਾਧਾਰਨ ਘਰ। ਬੈੱਡ ਕੋਲ ਹੁੱਕਾ। ਬੁੱਲ੍ਹੇ ਸ਼ਾਹ, ਬਾਬਾ ਫ਼ਰੀਦ, ਸੁਲਤਾਨ ਬਾਹੂ ਕਿੰਨਾ ਕੁਝ ਚੇਤੇ ਉਨ੍ਹਾਂ ਨੂੰ। ਕੰਨ ਨਾਲ ਤੂੰਬਾ ਲਾ ਕੇ ਗੱਲਾਂ ਕਰਨ ਲੱਗਦੇ ਨੇ।
ਮੈਂ ਉਨ੍ਹਾਂ ਦੇ ਪੋਤੇ ਨੂੰ ਕਿਹਾ, ‘‘ਤੁਸੀਂ ਨੌਜਵਾਨ ਓ, ਥੋਡਾ ਚਿੱਤ ਨਹੀਂ ਕਰਦਾ ਕਿ ਰੈਪ ਸ਼ੈਪ ਕਰੀਏ। ਦਾਦੇ ਨਾਲੋਂ ਵੱਖਰਾ। ਲੋਕ ਪਿੱਛੇ ਭੱਜਣ। ਰੁਪੱਈਆਂ ਦਾ ਮੀਂਹ ਵਰ੍ਹੇ।’’
ਕਹਿੰਦਾ, ‘‘ਭੋਰਾ ਵੀ ਖ਼ਿਆਲ ਨਹੀਂ ਆਇਆ। ਦਾਦੂ ਦੇ ਪਿੱਛੇ-ਪਿੱਛੇ ਤੁਰਾਂਗੇ।’’
- ਲਹਿੰਦੇ ਜਾਂ ਚੜ੍ਹਦੇ ਪੰਜਾਬ ਹੀ ਨਹੀਂ, ਦੁਨੀਆ ਭਰ ’ਚ ਵਸਦੇ ਪੰਜਾਬੀ ਸਲੀਮ ਅਲਬੇਲਾ ਤੇ ਗੋਗਾ ਪਸਰੂਰੀ ਦੀ ਕਾਮੇਡੀ ਬਾਰੇ ਜਾਣਦੇ ਨੇ। ਕਮਾਲ ਦੇ ਬੰਦੇ। ਨਾ ਕੁਝ ਲਿਖਿਆ ਹੁੰਦਾ, ਨਾ ਕੁਝ ਰਟਿਆ ਹੁੰਦਾ ਹੈ। ਕਲ਼-ਕਲ਼ ਵਗਦੀ ਨਦੀ ਵਾਂਗ ਆਪਮੁਹਾਰੇ ਗੱਲਾਂ ਉਤਰੀ ਜਾਂਦੀਆਂ। ਗੋਗਾ ਹੱਸਦਾ ਹੀ ਨਹੀਂ, ਜਿੰਨਾ ਮਰਜ਼ੀ ਜ਼ੋਰ ਲਾ ਲਵੋ। ਪਰ ਸਭ ਨੂੰ ਹਸਾ-ਹਸਾ ਵੱਖੀਆਂ ਦੁਖਣ ਲਾ ਦਿੰਦੇ ਨੇ।
ਜਿੰਨੇ ਦਿਨ ਅਸੀਂ ਉੱਥੇ ਰਹੇ, ਹਰ ਰਾਤ ਸਲੀਮ ਤੇ ਗੋਗਾ ਮੇਰੇ ਕਮਰੇ ’ਚ ਆ ਜਾਂਦੇ। ਚਾਰ-ਪੰਜ ਘੰਟੇ ਮਾਝੇ ਵਿਚਲੇ ਆਪਣੇ ਪਿੰਡਾਂ ਬਾਰੇ ਗੱਲਾਂ ਕਰਦੇ। ਦੋ ਵਾਰ ਘਰ ਲੈ ਕੇ ਗਏ। ਕਹਿੰਦੇ, ‘‘ਸਾਨੂੰ ਚਾਅ ਚੜ੍ਹ ਜਾਂਦੈ, ਜਦੋਂ ਚੜ੍ਹਦੇ ਵੱਲੋਂ ਕੋਈ ਆਉਂਦੈ।’’
- ਆਰਿਫ਼ ਲੁਹਾਰ ਸਟੇਜ ’ਤੇ ਸੀ। ਪੂਰੇ ਜੋਸ਼ ’ਚ। ਵਿਚਾਲੇ ਗਾਇਕੀ ਰੋਕ ਹਰਮਨ ਥਿੰਦ ਨੂੰ ਆਪਣੀ ਸ਼ਾਲ ਦੇ ਕੇ ਕਹਿੰਦਾ, ‘‘ਇਹ ਮੇਰੀ ਭੈਣ ਏ। ਲਹਿੰਦੇ ਵੱਲ ਦੇ ਭਰਾ ਦੀ ਭੇਟ ਕਬੂਲ ਕਰਿਓ।’’
- ਅੰਜੁਮ ਸਰੋਆ, ਜ਼ੈਬੀ ਹੰਜਰਾ ਤੇ ਸੋਸ਼ਲ ਮੀਡੀਆ ਦੇ ਹੋਰ ਚਰਚਿਤ ਚਿਹਰੇ ਹਰ ਰੋਜ਼ ਕਾਨਫਰੰਸ ’ਚ ਆਉਂਦੇ। ਟਿੱਕ ਟਾਕ ’ਤੇ ਉਹ ਇੰਨੇ ਮਸ਼ਹੂਰ ਕਿ ਲੋਕ ਫੋਟੋਆਂ ਖਿਚਵਾਈ ਜਾਂਦੇ।
- ਮਲਕੀਤ ਰੌਣੀ, ਕਰਮਜੀਤ ਅਨਮੋਲ, ਨਿਰਮਲ ਕੌਰ ਭੰਗੂ, ਬੀਰ ਸਿੰਘ ਤੇ ਹੋਰ ਮੋਹਬਤਰ ਸਾਡੇ ਕਾਫ਼ਲੇ ’ਚ ਸਨ। ਰੌਣੀ ਦਾ ਵਾਰ-ਵਾਰ ਇਹ ਕਹਿਣਾ, ‘‘ਆਪਾਂ ਇਹ ਕਰਜ਼ ਕਿਵੇਂ ਲਾਹਵਾਂਗੇ। ਕੈਸੇ ਬੰਦੇ ਹਨ ਯਾਰ ਇਹ।’’ ਤੇ ਬੀਰ ਸਿੰਘ ਵੱਲੋਂ ਵਾਰ-ਵਾਰ ਇਹ ਗਾਉਣਾ ‘ਜਿੱਥੇ ਮਾਲਕ ਰੱਖਦਾ ਓਥੇ ਰਹਿਣਾ ਪੈਂਦਾ’ ਨਾ ਭੁੱਲਣਯੋਗ ਹੈ।
- ਸੰਤਾਲੀ ਦੀ ਵੰਡ ਵੇਲ਼ੇ ਸਾਡੇ ਪਿੰਡ ਟਹਿਣਾ ਦਾ ਇੱਕ ਪਰਿਵਾਰ ਲਹਿੰਦੇ ਵਾਲੇ ਪਾਸੇ ਆ ਗਿਆ। ਪਿੰਡ ਦੇ ਨੌਜਵਾਨ ਗਜੱਨਫ਼ਰ ਅਲੀ ਨੂੰ ਜਦੋਂ ਪਤਾ ਲੱਗਾ ਕਿ ਮੈਂ ਆ ਰਿਹਾ ਤਾਂ ਉਹ ਢਾਈ ਸੌ ਕਿਲੋਮੀਟਰ ਦਾ ਸਫ਼ਰ ਕਰਕੇ ਆਇਆ। ਹੱਥ ਚੁੰਮੀ ਜਾਵੇ। ਕਹਿੰਦਾ, ‘‘ਮੈਂ ਆਪਣੇ ਦਾਦੂ ਦੀ ਧਰਤੀ ਵੇਖਣੀ। ਜਦੋਂ ਹੁਣ ਪਿੰਡ ਗਏ ਤਾਂ ਵੀਡੀਓ ਕਾਲ ’ਤੇ ਗਲੀਆਂ ਦਿਖਾ ਦਿਓ। ਜੇ ਪਿੰਡ ਦੇ ਕਿਸੇ ਵਟਸਐਪ ਗਰੁੱਪ ’ਚ ਮੈਨੂੰ ਸ਼ਾਮਲ ਕਰਾ ਦਿਓ ਤਾਂ ਸ਼ੁਕਰੀਆ। ਮੈਨੂੰ ਪਿੰਡ ਲੈ ਚੱਲੋ। ਮੈਂ ਪਿੰਡ ਵੇਖਣੈ।’’
- ਸਾਡੇ ਕਾਫ਼ਲੇ ਦੀ ਅਗਵਾਈ ਕਰਨ ਵਾਲੇ ਸਹਿਜਪ੍ਰੀਤ ਮਾਂਗਟ ਨੇ ਕਿਹਾ, ‘‘ਲਾਹੌਰ ਦੇਖਣ ਤੇ ਵਾਰ-ਵਾਰ ਆਉਣ ਦਾ ਭੁੱਸ ਪੈ ਜਾਂਦੈ। ਮੈਂ ਸੱਤਵੀਂ-ਅੱਠਵੀਂ ਵਾਰ ਕਾਨਫਰੰਸ ਵਾਸਤੇ ਆਇਆ। ਜਿਹੜੇ-ਜਿਹੜੇ ਮੇਰੇ ਨਾਲ ਆਏ, ਉਹ ਖ਼ੁਦ ਕਿਹਾ ਕਰਨਗੇ ਕਿ ਅਗਲੀ ਕਾਨਫਰੰਸ ਕਦੋਂ ਹੈ।’’ ਉਨ੍ਹਾਂ ਦੀ ਇਹ ਗੱਲ ਮੈਨੂੰ ਸਮਾਪਤੀ ਤੋਂ ਬਾਅਦ ਸੱਚ ਲੱਗ ਰਹੀ ਹੈ।
- ਇੱਕ ਦਿਨ ਨਾਸਿਰ ਢਿੱਲੋਂ, ਤਾਹਿਰ ਅਲੀ ਬੰਦੇਸ਼ਾ, ਨਬੀਲ, ਸ਼ਹਿਜ਼ੇਬ ਤੇ ਸ਼ਾਹਿਬਾਜ਼ ਸਾਨੂੰ ਨਨਕਾਣਾ ਸਾਹਿਬ ਲੈ ਕੇ ਗਏ। ਬਾਬਾ ਨਾਨਕ ਦੇ ਜਨਮ ਅਸਥਾਨ ’ਤੇ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਹੋ ਗਿਆ। ਕਿੰਨੀਆਂ ਮਹਾਨ ਨੇ ਉਹ ਗਲੀਆਂ, ਜਿੱਥੇ ਬਾਬਾ ਨਾਨਕ ਖੇਡੇ। ਕਿੰਨੀ ਸ਼ਰਧਾ ਹੈ। ਅੱਖਾਂ ਮੱਲੋਜ਼ੋਰੀ ਚੋਅ ਗਈਆਂ।
ਇੱਥੇ ਅੱਸੀ ਸਾਲ ਤੋਂ ਵੱਧ ਉਮਰ ਦੀ ਬਸ਼ੀਰਾਂ ਬੀਬੀ ਮਿਲੀ। ਕਹਿੰਦੀ, ਮੇਰਾ ਪਿੱਛਾ ਵਲਟੋਹੇ ਵੱਲ ਦਾ। ਕੋਈ ਮਿਲਾ ਦੇਵੇ ਤਾਂ ਮੈਂ ਜਵਾਨ ਹੋ ਜਾਵਾਂ।
- ਲਾਹੌਰ ’ਚ ਦੁੱਲੇ ਭੱਟੀ ਦੀ ਸਮਾਧ ਵੇਖ ਕੇ ਸੁੱਤੇ ਪਏ ਅਣਖੀ ਯੋਧੇ ਚੇਤੇ ਆਉਂਦੇ ਨੇ। ਅਸੀਂ ਚਕਾਚੌਂਧ ’ਚ ਗੁਆਚ ਗਏ। ਸਾਡੀ ਅਣਖ, ਬਹਾਦਰੀ, ਸਭ ਕੁਝ ਸੋਸ਼ਲ ਮੀਡੀਆ ’ਤੇ ਰਹਿ ਗਿਆ, ਪਰ ਇਹ ਅਸਲ ਸੂਰਮੇ ਕਦੇ ਵਿਸਾਰੇ ਨਹੀਂ ਜਾਣੇ। ਇੱਥੋਂ ਪੰਜ ਮਿੰਟ ਦੀ ਦੂਰੀ ’ਤੇ ਸਆਦਤ ਹਸਨ ਮੰਟੋ ਦੀ ਸਮਾਧ ਹੈ। ਉਹ ਮੰਟੋ, ਜੀਹਦੇ ਸੱਚ ਨੇ ਤਰਥੱਲੀ ਮਚਾਈ।
- ਗੁਰਦੁਆਰਾ ਡੇਰਾ ਸਾਹਿਬ, ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ’ਤੇ ਬਿਠਾਇਆ ਗਿਆ, ਦੇ ਦਰਸ਼ਨ ਕਰ ਮਨ ਵੈਰਾਗਮਈ ਹੋ ਗਿਆ। ਕੇਹੀ ਰਾਜਨੀਤੀ ਸੀ, ਸਾਡੇ ਗੁਰਧਾਮ ਵਿਛੋੜ ਦਿੱਤੇ। ਵਕਤ ਦੀ ਤੱਤੀ ’ਵਾ ਕਦੇ ਠੰਢੇ ਬੁੱਲੇ ’ਚ ਬਦਲੇ, ਇਸ ਲਈ ਅਰਦਾਸ ਹੀ ਕੀਤੀ ਜਾ ਸਕਦੀ ਹੈ।
ਕੀ-ਕੀ ਦੱਸਾਂ, ਕੀ ਕੀ ਛੱਡਾਂ। ਵਾਪਸ ਆਏ ਨੂੰ ਕਈ ਦਿਨ ਹੋ ਗਏ ਨੇ, ਪਰ ’ਕੱਲਾ ’ਕੱਲਾ ਪਲ਼ ਚੇਤੇ ’ਚ ਤੈਰਦਾ ਹੈ। ਸਰਦਾਰ ਬੰਦੇ ਪਿੱਛੇ ਹੱਟੀਆਂ, ਰੇਹੜੀਆਂ ਵਾਲੇ ਭੱਜਦੇ ਨੇ। ਕਹਿੰਦੇ, ‘‘ਸਰਦਾਰ ਸਾਹਿਬ ਇੱਕ ਫੋਟੋ ਬਨਵਾਣੀ ਸੀ। ਤੁਸੀਂ ਸਾਡੇ ਹਮਸਾਏ ਹੋ, ਮਹਿਮਾਨ ਓ।’’ ਧੱਕੇ ਨਾਲ ਆਪਣੀਆਂ ਦੁਕਾਨਾਂ ’ਚ ਲਿਜਾ-ਲਿਜਾ ਖੁਆਉਂਦੇ ਪਿਆਉਂਦੇ ਨੇ। ਪੈਸੇ ਜ਼ਬਰਦਸਤੀ ਦੇਣੇ ਪੈਂਦੇ ਨੇ, ਲੈਂਦੇ ਨਹੀਂ।
ਇੱਕ ਦਿਨ ਸਾਨੂੰ ਤੁਰਦਿਆਂ ਵੇਖ ਆਟੋ ਵਾਲਾ ਕੋਲ ਆ ਗਿਆ। ਉਹਨੇ ਸਵਾਰੀ ਸਮਝਿਆ। ਜਦੋਂ ਸਾਡੇ ਚੜ੍ਹਦੇ ਪੰਜਾਬ ਤੋਂ ਹੋਣ ਦਾ ਪਤਾ ਲੱਗਾ ਤਾਂ ਨੰਬਰ ਦੇ ਗਿਆ। ਕਹਿੰਦਾ, ‘‘ਕਿਤੇ ਵੀ ਜਾਣਾ ਹੋਇਆ, ਟੱਲੀ ਖੜਕਾ ਦਿਓ। ਤੁਸੀਂ ਸਾਡੇ ਮਹਿਮਾਨ ਓ। ਮੈਂ ਲੈਣਾ ਕੁਝ ਨਹੀਂ, ਬਸ ਸੇਵਾ ਕਰਨੀ ਏ।’’
ਸ਼ਹਿਜ਼ਾਦ ਕਹਿੰਦਾ, ‘‘ਮੇਰੇ ਦਾਦੂ ਜਾਨ ਨੇ ਆਖ਼ਰੀ ਸਾਹ ਤੱਕ ਕਿਹਾ, ‘ਮੇਰੇ ਪੈਰ ਤੇ ਮੰਜੇ ਦੀ ਪੈਂਦ ਕਦੇ ਅਬੋਹਰ ਵੱਲ ਨਾ ਕਰਿਓ, ਓਧਰ ਆਪਣਾ ਪਿੰਡ ਏ’।’’
ਇੱਕ ਨੌਜਵਾਨ ਮੈਨੂੰ ਕਹਿੰਦਾ, ‘‘ਜੇ ਕਦੇ ਅਜਮੇਰ ਸ਼ਰੀਫ਼ ਗਏ ਤਾਂ ਸਾਡੇ ਵੱਲੋਂ ਦੁਆ ਕਰ ਆਇਓ।’’ ਇੱਕ ਹੋਰ ਕਹਿੰਦਾ, ‘‘ਅਗਲੀ ਵਾਰ ਜੇ ਆਏ ਤਾਂ ਸਾਡੇ ਪਿੰਡੋਂ ਮਿੱਟੀ ਲਿਆ ਦਿਓ।’’
ਸ਼ਮਾਇਲਾ ਤੇ ਨਾਸਿਰ ਅਦੀਬ ਲਹਿੰਦੇ ਪੰਜਾਬ ਦੇ ਇੰਨੇ ਮੁਹੱਬਤੀ ਬੰਦੇ ਕਿ ਮਿੰਟਾਂ ’ਚ ਫਿੱਸ ਜਾਂਦੇ। ਸ਼ਮਾਇਲਾ ਕਹਿੰਦੀ, ‘‘ਮੈਨੂੰ ਲੱਗਦਾ ਮੈਂ ਉਸ ਪੰਜਾਬ ਦੀ ਹਾਂ। ਮੈਨੂੰ ਨਾਲ ਲੈ ਚੱਲੋ।’’ ਕਹਿੰਦੇ ਕਹਿੰਦੇ ਉਹ ਹੁਬਕੀਂ ਰੋ ਪਈ।
ਬਿਲਾਲ ਤੇ ਰਾਣਾ ਸਾਹਿਬ ਨਾਲ ਗੱਲਾਂ ਦਾ ਭੁਸ ਜਾ ਨਹੀਂ ਰਿਹਾ। ਦਿਨ ਛੇ ਸਨ। ਯਾਦਾਂ ਸ਼ਾਇਦ ਆਖ਼ਰੀ ਸਾਹ ਤੱਕ ਨਾ ਭੁੱਲਾਂ। ਕਮਾਲ ਇਹ ਕਿ ਛੇ ਦਿਨਾਂ ’ਚ ਕਿਸੇ ਨੇ ਕਿਸੇ ਦੇਸ਼, ਧਰਮ, ਜਾਤ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਪਿਆਰ, ਸਾਂਝ ਦੀਆਂ ਬਾਤਾਂ ਪਈਆਂ। ਜਿੰਨੇ ਵੀ ਸਾਥੀ ਨਾਲ ਸਨ, ਸਾਰੇ ਕਮਾਲ। ਸਾਂਝ ਗੂੜ੍ਹੀ ਕਰਨ ਵਾਲੇ। ਗੁਰਪ੍ਰੇਮ ਲਹਿਰੀ ਹੋਵੇ ਜਾਂ ਸੁਖਨੈਬ ਸਿੱਧੂ, ਵਧੀਆ ਬੰਦੇ। ਬਸਿਆਲਾ ਹੁਰੀਂ ਹੋਣ ਜਾਂ ਗੁਰਚਰਨ ਕੌਰ ਥਿੰਦ, ਸਭ ਚਿੱਤ ਲਾਉਣ ਵਾਲੇ। ਜੀਅ ਕਰਦਾ ਅਗਲੇ ਮਹੀਨੇ ਫੇਰ ਪੰਜਾਬੀ ਕਾਨਫਰੰਸ ਹੋਵੇ ਤੇ ਮੈਂ ਉੱਡ ਕੇ ਚਲਾ ਜਾਵਾਂ।
ਸੰਪਰਕ: 98141-78883