ਆਰ ਢਾਂਗਾ ਪਾਰ ਢਾਂਗਾ...
ਜਗਵਿੰਦਰ ਜੋਧਾ
ਸੱਤਰਵਿਆਂ ਦੇ ਅੱਧ ਵਿਚ ਪੰਜਾਬ ਵਿਚ ਇੰਜਣ ਵਾਲੇ ਟਿਊਬਵੈੱਲਾਂ ਦਾ ਰਿਵਾਜ ਆਮ ਹੋ ਗਿਆ। ਹਰੀ ਕ੍ਰਾਂਤੀ ਨੇ ਜੋ ਖੇਤੀ ਮਸ਼ੀਨਰੀ ਲਿਆਂਦੀ, ਉਸ ਦੀ ਲੋੜ ਉਤਪਾਦਨ ਵਿਚ ਵਾਧੇ ਲਈ ਬਣੇ ਮਾਹੌਲ ਨੂੰ ਗੂੜ੍ਹਾ ਕਰਨ ਲਈ ਸੀ। ਇਸ ਨਾਲ ਖੇਤੀ ਕਾਰਜਾਂ ਵਿਚ ਸੌਖ ਵੀ ਪੈਦਾ ਹੋਈ। ਹੁਣ ਵਾਲੀ ਮੱਛੀ ਮੋਟਰ ਚਲਾਉਣ ਵਾਲੀਆਂ ਪੀੜ੍ਹੀਆਂ ਨੂੰ ਸੱਤਰਵਿਆਂ ਤੋਂ ਪਹਿਲਾਂ ਦੀ ਫਲ੍ਹਿਆਂ ਅਤੇ ਹਲਟਾਂ ਵਾਲੀ ਮਿਹਨਤ ਦਾ ਅੰਦਾਜ਼ਾ ਨਹੀਂ ਹੋ ਸਕਦਾ। ਕਿਸੇ ਜ਼ਮਾਨੇ ਵਿਚ ਬੱਚੇ ਨੂੰ ਖੇਤੀ ਕਾਰਜ ਦਾ ਹਿੱਸਾ ਬਣਾਉਣ ਲਈ ਹਲਟ ਦੀ ਗਾਧੀ ਉੱਪਰ ਝੁੰਭ ਮਾਰ ਕੇ ਬਿਠਾ ਦਿੱਤਾ ਜਾਂਦਾ ਸੀ। ਹਲਟ ਪੰਜਾਬ ਦੀ ਜ਼ਮੀਨੀ ਸਿੰਜਾਈ ਲਈ ਸਭ ਤੋਂ ਲੰਮਾ ਸਮਾਂ ਚੱਲਣ ਵਾਲੀ ਤਕਨੀਕ ਸੀ। ਇਹ ਉਸ ਯੁਗ ਦਾ ਮਹਿੰਗਾ ਢਾਂਚਾ ਸੀ। ਉਸ ਦੇ ਸਸਤੇ ਬਦਲਾਂ ਵਜੋਂ ਕੋਹ, ਚਰਸ ਜਾਂ ਚੜਸ ਤੇ ਹੋਰ ਵੀ ਪੱਧਰੀ ਤਕਨੀਕ ਡੱਲ ਸੀ। ਡੱਲ ਵਿਚ ਬੱਠਲ ਨੂੰ ਆਹਮੋ-ਸਾਹਮਣੇ ਦੋ-ਦੋ ਰੱਸੀਆਂ ਬੰਨ੍ਹ ਕੇ ਦੋ ਬੰਦੇ ਢਿੱਲ ਦੇ ਕੇ ਪਾਣੀ ਵਿਚ ਛੱਡਦੇ ਅਤੇ ਭਰਨ ’ਤੇ ਖਿੱਚ ਕੇ ਖ਼ਾਲ ਵਿਚ ਸੁੱਟਦੇ। ਚੜਸ ਵਿਚ ਚੰਮ ਦਾ ਵੱਡਾ ਬੋਕਾ ਬਲਦਾਂ ਦੀ ਮਦਦ ਨਾਲ ਖੂਹ ਵਿੱਚੋਂ ਖਿੱਚ ਕੇ ਚੁਬੱਚੇ ਵਿਚ ਉਲੱਦਿਆ ਜਾਂਦਾ। ਇਸ ਦੇ ਮੁਕਾਬਲੇ ਹਲਟ ਜਿਸ ਨੂੰ ਖੂਹ ਚੱਲਣਾ ਕਹਿੰਦੇ ਸਨ, ਸੌਖੀ ਪਰ ਰਤਾ ਮਹਿੰਗੀ ਵਿਧੀ ਸੀ ਜਿਸ ਲਈ ਚੜਸ ਦੇ ਮੁਕਾਬਲੇ ਘੱਟ ਮਨੁੱਖੀ ਕਿਰਤ ਦੀ ਲੋੜ ਸੀ।
ਹਲਟ ਪੰਜਾਬੀਆਂ ਨੇ ਵਿਗਾੜ ਕੇ ਰੱਖਿਆ ਨਾਂ ਹੈ। ਅਸਲ ਨਾਂ ਰੇਹਟ ਹੈ ਜਿਸ ਦਾ ਮੂਲ ਸੰਸਕ੍ਰਿਤ ਸ਼ਬਦ ਅਰਘਟ ਜਾਂ ਅਰਹਟ ਹੈ। ਸੰਸਕ੍ਰਿਤ ਸ਼ਬਦ ‘ਅਰਘ’ ਨੂੰ ਪੂਜਾ ਦੇ ਭਾਵ ਲਈ ਵਰਤਿਆ ਜਾਂਦਾ ਸੀ। ਪਿਆਸੀ ਵਨਸਪਤੀ ਲਈ ਪਾਣੀ ਦਾ ਅਰਘ ਦੇਣ ਦੇ ਸਥਾਨ ਤੋਂ ਅਰਘਟ ਸ਼ਬਦ ਹੋਂਦ ਵਿਚ ਆਇਆ। ਉਸ ਤੋਂ ਸਥਾਨਕ ਸ਼ਬਦ ਹਰਟ ਤੇ ਫਿਰ ਹਲਟ ਬਣ ਗਿਆ। ਮਹਾਂਕਵੀ ਤੁਲਸੀ ਦਾਸ ਨੇ ਆਪਣੀ ਕਵਿਤਾ ਵਿਚ ਹਰਟ ਦਾ ਹਵਾਲਾ ਦਿੱਤਾ ਹੈ।
ਹਲਟ ਦਾ ਆਰੰਭ ਕਦੋਂ ਹੋਇਆ, ਇਸ ਬਾਰੇ ਪੱਕੀ ਤਰ੍ਹਾਂ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ। ਤੁਲਸੀ ਦਾਸ 16ਵੀਂ ਸਦੀ ਵਿਚ ਇਹ ਦੋਹਾ ਲਿਖਦਾ ਹੈ। ਉਦੋਂ ਤਕ ਹਲਟ ਪ੍ਰਚਲਿਤ ਹੋ ਚੁੱਕਾ ਹੋਵੇਗਾ। ਬਾਬੇ ਨਾਨਕ ਦੇ ਹਲਟ ਹੱਕਣ ਬਾਰੇ ਸਾਖੀਆਂ ਪ੍ਰਚਲਤ ਹਨ। ਗੁਰੂ ਸਾਹਿਬ ਵਲੋਂ ਖੇਤੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਕਈ ਕੰਮ ਕੀਤੇ ਗਏ। ਗੁਰੂ ਅਰਜਨ ਦੇਵ ਜੀ ਦਾ ਵਸਾਇਆ ਸ਼ਹਿਰ ਛੇਹਰਟਾ ਅਸਲ ਵਿਚ ਛੇ ਹਰਟਾਂ ਕਾਰਨ ਜਾਣਿਆ ਗਿਆ। ਇਰਫ਼ਾਨ ਹਬੀਬ ਇਸ ਤਕਨੀਕ ਨੂੰ ਇਸਲਾਮ ਨਾਲ ਆਇਆ ਸਿੰਜਾਈ ਤਰੀਕਾ ਕਹਿੰਦਾ ਹੈ। ਇਸਲਾਮੀ ਵਿਦਵਾਨ ਅਲ-ਹਮਦ-ਉਲ-ਕਸਨੀ ਨੇ ਤੁਰਕੀ ਦੀ ਇਕ ਨਦੀ ਵਿਚੋਂ ਕੋਲ ਵਸੇ ਕਿਲ੍ਹੇ ਦੀ ਛੱਤ ’ਤੇ ਪਾਣੀ ਪਹੁੰਚਾਉਣ ਲਈ ਇਸ ਤਰੀਕੇ ਦੀ ਵਰਤੋਂ ਹੁੰਦੀ ਦੇਖੀ। ਉਸ ਨੂੰ ਅਫਗਾਨਾਂ ਨੇ ਆਪਣੇ ਇਲਾਕੇ ਵਿਚ ਮਿੱਟੀ ਦੇ ਕੁੱਜਿਆਂ ਦੀਆਂ ਟਿੰਡਾਂ ਬਣਾ ਕੇ ਵਰਤੋਂ ਵਿਚ ਲਿਆਂਦਾ। ਭਾਰਤ ਵਿਚ ਇਹੀ ਤਕਨੀਕ ਪ੍ਰਚਲਿਤ ਕੀਤੀ ਗਈ।
ਹਲਟ ਦਾ ਮੈਕੇਨਿਜ਼ਮ ਬਹੁਤ ਸਰਲ ਜਾਪਦਾ ਹੋਣ ਦੇ ਬਾਵਜੂਦ ਕਈ ਪੀੜ੍ਹੀਆਂ ਦਾ ਤਜਰਬਾ ਇਸ ਵਿਚ ਸ਼ਾਮਿਲ ਸੀ। ਖੂਹ ਦੇ ਐਨ ਵਿਚਕਾਰ ਆਰ-ਪਾਰ ਭਾਰ ਚੁੱਕਣ ਯੋਗ ਸਲੈਬ ਹੁੰਦੀ ਸੀ ਜਿਸ ਨੂੰ ਝੱਲਣ ਕਹਿੰਦੇ ਸਨ। ਉਸ ਉੱਪਰ ਵੱਡਾ ਚਕਲਾ ਜਿਸ ਨੂੰ ਬੈੜ ਕਹਿੰਦੇ, ਅੰਬਰਮੁਖੀ ਘੁੰਮਦਾ ਸੀ ਜਿਸ ਉੱਪਰ ਟਿੰਡਾਂ ਵਾਲੀ ਮਾਲ੍ਹ ਘੁੰਮਦੀ ਸੀ। ਇਹ ਮਾਲ੍ਹ ਇਕ ਪਾਸਿਓਂ ਖਾਲੀ ਟਿੰਡਾਂ ਲੈ ਕੇ ਪਾਣੀ ਵੱਲ ਜਾਂਦੀ ਤੇ ਭਰ ਕੇ ਲੈ ਆਉਂਦੀ। ਟਿੰਡਾਂ ਪਰਨਾਲੇ ਵਿਚ ਖਾਲੀ ਹੁੰਦੀਆਂ ਜੋ ਚੁਬੱਚੇ ਵਿਚ ਪਾਣੀ ਪਹੁੰਚਾਉਂਦਾ। ਪਹਿਲਾਂ ਟਿੰਡਾਂ ਮਿੱਟੀ ਦੇ ਕੁੱਜੇ ਹੁੰਦੇ ਸਨ, ਬਾਅਦ ਵਿਚ ਲੋਹੇ ਦੀਆਂ ਬਣਨ ਲੱਗੀਆਂ। ਬੈੜ ਨੂੰ ਘੁਮਾਉਣ ਲਈ ਲੱਠ ਹੁੰਦੀ ਜੋ ਪੈੜ ਦੇ ਕੇਂਦਰ ਵਿਚ ਥੜ੍ਹੇ ਨਾਲ ਛੋਟੇ ਖੱਡੇ ਵਿਚ ਅੰਬਰਮੁਖੀ ਘੁੰਮਦੇ ਚੱਕਲੇ ਨਾਲ ਜੁੜੀ ਹੁੰਦੀ। ਉਹ ਚਕਲਾ ਦੁਮੇਲਮੁਖੀ ਘੁੰਮਦੇ ਵੱਡੇ ਚਕਲੇ ਨਾਲ ਦੰਦਿਆਂ ਰਾਹੀਂ ਘੁੰਮਦਾ। ਦੰਦਿਆਂ ਨੂੰ ਬੂੜੀਏ ਕਹਿੰਦੇ ਸਨ। ਉਸ ਉੱਪਰ ਵਾਲੇ ਚਕਲੇ ਨੂੰ ਸਾਵਾਂ ਰੱਖਣ ਲਈ ਉਸ ਦੀ ਸਿੱਧੀ ਲੱਠ ਨੂੰ ਪਹਿਲਾਂ ਪਹਿਲ ਪੈੜ ਦੇ ਆਰ-ਪਾਰ ਵੱਡੇ ਗਾਡਰ ਨਾਲ ਸੰਭਾਲਿਆ ਜਾਂਦਾ ਸੀ ਜਿਸ ਨੂੰ ਕਾਂਜਣ ਕਿਹਾ ਜਾਂਦਾ ਸੀ। ਬਾਅਦ ਵਿਚ ਜਦੋਂ ਊਠ ਹਲਟ ਚਲਾਉਣ ਲਈ ਵਰਤੇ ਜਾਣ ਲੱਗੇ, ਉਹ ਕਾਂਜਣ ਵਿਚ ਫਸ ਸਕਦੇ ਸਨ, ਇਸ ਲਈ ਵੱਡੇ ਚਕਲੇ ਨੂੰ ਪੱਕੇ ਥੜ੍ਹੇ ਵਿਚ ਚੰਗੀ ਤਰ੍ਹਾਂ ਸਥਾਪਿਤ ਕੀਤਾ ਜਾਣ ਲੱਗਾ। ਇਸ ਚਕਲੇ ਨੂੰ ਵੱਡੀ ਗਾਧੀ ਨਾਲ ਘੁਮਾਇਆ ਜਾਂਦਾ ਸੀ। ਗਾਂਧੀ ਨਾਲ ਬੇਲਾ ਪਾ ਕੇ ਬਲਦਾਂ ਦੀ ਪੰਜਾਲੀ ਨਾਲ ਜੋੜਿਆ ਹੁੰਦਾ ਤੇ ਬਲਦਾਂ ਨੂੰ ਪੈੜ ਵਿਚ ਨਿਯਮਤ ਰੱਖਣ ਲਈ ਹੇਠਲੇ ਬਲਦ ਨੂੰ ਨਕੇਲ ਪਾਈ ਜਾਂਦੀ ਸੀ। ਤਕੜੇ ਬਲਦਾਂ ਦੀਆਂ ਦੋ ਜੋੜੀਆਂ ਹਲਟ ਨਾਲ ਸਾਰੇ ਦਿਨ ਵਿਚ ਮਸਾਂ ਇਕ ਏਕੜ ਦੀ ਸਿੰਜਾਈ ਕਰਦੀਆਂ ਸਨ।
ਹਲਟ ਲਈ ਪਾਣੀ ਦਾ ਪੱਧਰ ਉੱਪਰ ਹੋਣਾ ਬਹੁਤ ਜ਼ਰੂਰੀ ਸੀ। ਦੁਆਬੇ ਵਿਚ ਤਾਂ ਅੱਸੀਵਿਆਂ ਦੇ ਅੱਧ ਤਕ ਵੀ ਹਲਟ ਚਲਦੇ ਰਹੇ। ਹੁਣ ਵੀ ਹਲਟ ਤੇ ਬਲਦਾਂ ਦੀ ਦੌੜ ਦੁਆਬੇ ਦੀ ਪਛਾਣ ਹੈ। ਹਲਟ ਪੰਜਾਬ ਦੀ ਖੇਤੀ ਦਾ ਬੜਾ ਜ਼ਿਕਰਯੋਗ ਅਧਿਆਇ ਹੈ। ਲੋਕ ਗੀਤਾਂ, ਬੁਝਾਰਤਾਂ ਵਿਚ ਵੀ ਇਸ ਤਕਨੀਕ ਦਾ ਜ਼ਿਕਰ ਬੜੇ ਭਰਵੇਂ ਰੂਪ ਵਿਚ ਹੋਇਆ।
ਕੰਨੇ ਨੂੰ ਕੰਨਾ ਸਾਮਣਾ, ਕਾਂਜਣ ਸਿੱਧੀ ਸ਼ਤੀਰ ਕਾਂਜਣ ਵਿਚਲਾ ਮੱਕੜਾ, ਮੱਕੜੇ ਵਿਚਲਾ ਤੀਰ ਲੱਠ ਘੁੰਮੇਟੇ ਖਾਂਦੀ, ਜਿਉਂ ਸਈਆਂ ਵਿਚ ਹੀਰ ਬੂੜੀਏ ਨੂੰ ਬੂੜੀਏ ਮਿਲਣ, ਜਿਉਂ ਭੈਣਾਂ ਨੂੰ ਵੀਰ ਕੁੱਤਾ ਟਿਕ-ਟਿਕ ਕਰ ਰਿਹਾ, ਸਮਿਆਂ ਦੀ ਤਹਿਰੀਰ ਬਲਦਾਂ ਗਲੀਂ ਪੰਜਾਲੀਆਂ, ਜਿਉਂ ਸ਼ੇਰਾਂ ਗਲ ਜ਼ੰਜੀਰ ਟਿੰਡਾਂ ਦੇ ਗਲ ਗਾਨੀਆਂ, ਲਿਆਉਣ ਪਤਾਲੋਂ ਨੀਰ ਚਲ੍ਹੇ ’ਚ ਪਾਣੀ ਡੋਲਦਾ, ਜਿਉਂ ਸੱਪ ਤੁਰੇ ਦਿਲਗੀਰ ਨੱਕਿਆਂ ਪਾਣੀ ਵੰਡਿਆ, ਜਿਉਂ ਭਾਈ ਵੰਡਣ ਜਗੀਰ ਨਾਕੀ ਇੰਝ ਤੁਰਿਆ ਫਿਰੇ, ਜਿਉਂ ਦਰ-ਦਰ ਫਿਰੇ ਫਕੀਰ ਗਾਧੀ ਤਖ਼ਤ ਲਾਹੌਰ ਦਾ, ਜਿੱਥੇ ਆ ਆ ਬਹਿਣ ਅਮੀਰ ਹਲਟ ਦੇ ਜਾਣ ਨਾਲ ਬਹੁਤ ਸਾਰੀ ਸ਼ਬਦਾਵਲੀ ਵੀ ਪੰਜਾਬੀ ਭਾਸ਼ਾ ਵਿੱਚੋਂ ਰੇਤ ਵਾਂਗ ਕਿਰ ਗਈ।
ਸੰਪਰਕ: 94654-64502