ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਰਗਾਹ ’ਤੇ ਸਿਜਦਾ ਕਰਨ ਵਾਲਿਆਂ ਦੀਆਂ ਕਤਾਰਾਂ

07:37 AM Feb 26, 2024 IST
ਪੀਰ ਮੋਹਕਮਦੀਨ ਦੀ ਦਰਗ਼ਾਹ ’ਤੇ ਚਾਦਰ ਚੜ੍ਹਾਉਂਦੇ ਹੋਏ ਸ਼ਰਧਾਲੂ।

ਜਸਬੀਰ ਸ਼ੇਤਰਾ
ਜਗਰਾਉਂ, 25 ਫਰਵਰੀ
ਮਾਲਵੇ ਦਾ ਪ੍ਰਸਿੱਧ ਤੇ ਪੁਰਾਤਨ ਰੋਸ਼ਨੀ ਮੇਲਾ ਅੱਜ ਸ਼ੁਰੂ ਹੋ ਗਿਆ। ਪਹਿਲੇ ਦਿਨ ਹੀ ਅੱਜ ਇਥੇ ਕਮਲ ਚੌਕ ਨੇੜੇ ਸਥਿਤ ਪੀਰ ਬਾਬਾ ਮੋਹਕਮਦੀਨ ਦੀ ਦਰਗਾਹ ’ਤੇ ਸਿਜਦਾ ਕਰਨ ਵਾਲੇ ਲੰਬੀਆਂ ਕਤਾਰਾਂ ’ਚ ਲੱਗੇ ਨਜ਼ਰ ਆਏ। ਦਰਗਾਹ ’ਤੇ ਮੱਥਾ ਟੇਕਣ ਲਈ ਇਹ ਸ਼ਰਧਾਲੂ ਕਮਲ ਚੌਕ ਤੱਕ ਕਤਾਰਾਂ ’ਚ ਖੜ੍ਹੇ ਸਨ ਅਤੇ ਚੌਕ ਦੁਆਲੇ ਪੂਰੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਓਧਰ ਐਤਕੀਂ ਪਹਿਲੀ ਵਾਰ ਦੋ ਥਾਂਵਾਂ ’ਤੇ ਚੰਡੋਲ ਅਤੇ ਹੋਰ ਮਨੋਰੰਜਨ ਦੇ ਸਾਧਨ ਲੱਗੇ ਹੋਏ ਹਨ। ਨਵੀਂ ਦਾਣਾ ਮੰਡੀ ’ਚ ਇਹ ਪਹਿਲੀ ਵਾਰ ਲੱਗੇ ਅਤੇ ਦੋ ਹਫਤੇ ਪਹਿਲਾਂ ਹੀ ਸ਼ੁਰੂ ਹੋ ਗਏ ਸਨ। ਪੁਰਾਣੀ ਥਾਂ ਡਿਸਪੋਜ਼ਲ ਰੋਡ ’ਤੇ ਵੀ ਦੋ ਦਿਨ ਤੋਂ ਇਹ ਚੰਡੋਲ, ਜਾਦੂ ਦਾ ਸ਼ੋਅ, ਸਰਕਸ, ਝੂਲੇ ਆਦਿ ਚੱਲ ਰਹੇ ਹਨ, ਜਿੱਥੇ ਵੱਡੀ ਗਿਣਤੀ ਲੋਕ ਅੱਜ ਪਹੁੰਚੇ ਹੋਏ ਸਨ। ਸ਼ਰਧਾਲੂਆਂ ਨੇ ਦਰਗਾਹ ’ਤੇ ਚਾਦਰ ਤੋਂ ਇਲਾਵਾ ਚੱਲੀ ਆਉਂਦੀ ਪੁਰਾਤਨ ਰਵਾਇਤ ਮੁਤਾਬਕ ਸਰ੍ਹੋਂ ਦਾ ਤੇਲ ਤੇ ਪ੍ਰਸ਼ਾਦ ਵੀ ਚੜ੍ਹਾਇਆ। ਭਲਕੇ ਦਰਗਾਹ ’ਤੇ ਚੌਂਕੀਆਂ ਭਰਨ ਦਾ ਵਾਰੀ ਔਰਤਾਂ ਦੀ ਹੋਵੇਗੀ। ਅੱਜ ਐਤਵਾਰ ਹੋਣ ਦੇ ਬਾਵਜੂਦ ਸਾਰਾ ਦਿਨ ਬਾਜ਼ਾਰਾਂ ’ਚ ਚਹਿਲ ਪਹਿਲ ਰਹੀ। ਦੂਰ-ਦੁਰਾਡੇ ਤੋਂ ਲੋਕ ਮੇਲੇ ’ਚ ਸ਼ਿਰਕਤ ਕਰਨ ਪਹੁੰਚੇ। ਪੀਰ ਮੋਹਕਮਦੀਨ ਦੀ ਦਰਗਾਹ ਤੋਂ ਇਲਾਵਾ ਮਾਈ ਜੀਨਾ ਵਿੱਚ ਵੀ ਲੋਕ ਨਤਮਸਤਕ ਹੋਣ ਪੁੱਜੇ। ਇਸੇ ਤਰ੍ਹਾਂ ਨੇੜਲੇ ਪਿੰਡ ਪੋਨਾ ਵਿੱਚ ਵੀ ਰੋਸ਼ਨੀ ਮੇਲਾ ਸ਼ੁਰੂ ਹੋਇਆ ਅਤੇ ਉਥੇ ਵੀ ਸੰਗਤ ਪਹੁੰ ਰਹੀ ਹੈ। ਜਗਰਾਉਂ ’ਚ ਮੇਲੇ ਅੰਦਰ ਬੱਚਿਆਂ ਸਮੇਤ ਵੱਡੇ ਵੀ ਚੰਡੋਲ, ਝੂਲੇ, ਸਰਕਸ, ਮੌਤ ਦਾ ਖੂਹ, ਭੂਤ ਬੰਗਲਾ, ਕਿਸ਼ਤੀ ਆਦਿ ਮਨੋਰੰਜਨ ਦੇ ਸਾਧਨਾਂ ਦਾ ਆਨੰਦ ਲੈਂਦੇ ਦਿਖਾਈ ਦਿੱਤੇ। ਕਮਲ ਚੌਕ ਦੇ ਆਲੇ-ਦੁਆਲੇ ਸਮੇਤ ਥਾਂ-ਥਾਂ ਆਰਜ਼ੀ ਦੁਕਾਨਾਂ ਸਜੀਆਂ ਹੋਈਆਂ ਹਨ। ਪੁਰਾਣੀ ਸਬਜ਼ੀ ਮੰਡੀ ਤੋਂ ਲੈ ਕੇ ਡਿਸਪੋਜ਼ਲ ਰੋਡ ਜਿੱਥੇ ਐਤਕੀਂ ਖੁੱਲ੍ਹੀ ਥਾਂ ’ਚ ਚੰਡੋਲ ਤੇ ਹੋਰ ਮਨੋਰੰਜਨ ਦੇ ਸਾਧਨ ਲੱਗੇ ਹਨ, ਵਿਖੇ ਇਹ ਆਰਜ਼ੀ ਦੁਕਾਨਾਂ ਖੁੱਲ੍ਹੀਆਂ ਹਨ। ਬੇਸ਼ਕ ਇਨ੍ਹਾਂ ਕਰਕੇ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ ਪਰ ਫਿਰ ਵੀ ਲੋਕ ਉਤਸ਼ਾਹ ਨਾਲ ਮੇਲਾ ਦੇਖਣ ਪੁੱਜੇ ਹੋਏ ਸਨ। ਤਿੰਨ ਦਿਨ ਦੇ ਮੇਲੇ ਦੀ ਸਮਾਪਤੀ ਤੋਂ ਬਾਅਦ ਵੀ ਹਫ਼ਤੇ ਤੱਕ ਰੌਣਕਾਂ ਲੱਗੀਆਂ ਰਹਿਣਗੀਆਂ। ਸ਼ਰਧਾਲੂ ਢੋਲੀਆਂ ਨਾਲ ਦਰਗਾਹ ’ਤੇ ਅਤੇ ਕਈਆਂ ਨੇ ਮੁਰਾਦਾਂ ਪੂਰੀਆਂ ਹੋਣ ’ਤੇ ਚੌਂਕੀਆਂ ਭਰੀਆਂ। ਸੰਗਤਾਂ ਦੇ ਇਕੱਠ ਨੂੰ ਦੇਖਦੇ ਹੋਏ ਪੁਲੀਸ ਵੀ ਮੁਸਤੈਦ ਨਜ਼ਰ ਆਈ ਅਤੇ ਟਰੈਫਿਕ ਪੁਲੀਸ ਨੇ ਵੀ ਸੁਚਾਰੂ ਆਵਾਜਾਈ ਬਹਾਲ ਰੱਖਣ ਲਈ ਲੋੜੀਂਦੇ ਪ੍ਰਬੰਧ ਕੀਤੇ ਸਨ। ਟਰੈਫਿਕ ਪੁਲੀਸ ਦੇ ਮੁਲਾਜ਼ਮ ਵੀ ਅੱਜ ਸੜਕਾਂ ’ਤੇ ਦਿਖਾਈ ਦਿੱਤੇ। ਨਹਿਰੂ ਮਾਰਕੀਟ, ਨਗਰ ਕੌਂਸਲ ਦਫ਼ਤਰ, ਕਮਲ ਚੌਕ, ਪੁਰਾਣੀ ਸਬਜ਼ੀ ਮੰਡੀ ਅਤੇ ਡਿਸਪੋਜ਼ਲ ਰੋਡ ’ਤੇ ਕਾਰਾਂ ਸਮੇਤ ਹੋਰ ਵੱਡੇ ਵਾਹਨਾਂ ਦਾ ਦਾਖ਼ਲਾ ਬੈਰੀਕੇਡ ਲਾ ਕੇ ਰੋਕ ਦਿੱਤਾ ਗਿਆ, ਜਿਸ ਨਾਲ ਆਮ ਲੋਕਾਂ ਤੇ ਮੇਲੇ ’ਚ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਰਾਹਤ ਮਿਲੀ ਕਿਉਂਕਿ ਪੈਦਲ ਤੁਰ-ਫਿਰ ਕੇ ਮੇਲਾ ਦੇਖਣਾ ਮੇਲੀਆਂ ਲਈ ਸੌਖਾ ਰਿਹਾ।

Advertisement

Advertisement