ਬ੍ਰਿਜੇਸ਼ ਮਿਸ਼ਰਾ ਦੇ ਕੈਨੇਡਾ ਵਿੱਚ ਦਾਖਲ ਹੋਣ ਬਾਰੇ ਸਵਾਲ ਉਠੇ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 28 ਜੂਨ
ਜਲੰਧਰ ਦੇ ਟਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਵਲੋਂ ਸੈਂਕੜੇ ਭਾਰਤੀ ਵਿਦਿਆਰਥੀਆਂ, ਜਿਨ੍ਹਾਂ ‘ਚ ਬਹੁਤੇ ਪੰਜਾਬ ਨਾਲ ਸਬੰਧਤ ਹਨ, ਨਾਲ ਕਥਿਤ ਤੌਰ ‘ਤੇ ਕੀਤੀ ਗਈ ਧੋਖਾਧੜੀ ਦਾ ਮਾਮਲਾ ਬ੍ਰਿਜੇਸ਼ ਮਿਸ਼ਰਾ ਦੇ ਕੈਨੇਡਾ ‘ਚ ਫੜੇ ਜਾਣ ਤੋਂ ਬਾਅਦ ਗੁੰਝਲਦਾਰ ਬਣਦਾ ਜਾ ਰਿਹਾ ਹੈ। ਉਹ ਤਰਕੀਬਨ 4-5 ਮਹੀਨੇ ਪਹਿਲਾਂ ਗੈਰਕਨੂੰਨੀ ਢੰਗ ਨਾਲ ਕੈਨੇਡਾ ਵਿੱਚ ਦਾਖਲ ਹੋਇਆ ਸੀ। ਉਸ ਦਾ ਕੈਨੇਡੀਅਨ ਵੀਜ਼ਾ 2019 ਵਿਚ ਰੱਦ ਹੋ ਗਿਆ ਸੀ ਤੇ ਸਵਾਲ ਉਠ ਰਹੇ ਹਨ ਕਿ ਉਹ ਅਮਰੀਕਾ ਤੋਂ ਕੈਨੇਡਾ ਕਿਸ ਦੇ ਦਖਲ ਨਾਲ ਪਹੁੰਚਿਆ ਸੀ। ਇਹ ਜ਼ਰੂਰ ਹੈ ਕਿ ਇਸ ਮਾਮਲੇ ਕਾਰਨ ਕੈਨੇਡੀਅਨ ਸਿਸਟਮ ਵਿਚਲੀਆਂ ਚੋਰ-ਮੋਰੀਆਂ ਉੱਤੇ ਸਵਾਲ ਉਠ ਰਹੇ ਹਨ।
ਬ੍ਰਿਜੇਸ਼ ਮਿਸ਼ਰਾ ਦੀਆਂ ਜਨਤਕ ਹੋਈਆਂ ਫੋਟੋਆਂ ਵੇਖ ਕੇ ਕਈ ਲੋਕਾਂ ਨੂੰ ਉਸ ਦੀਆਂ ਗਤੀਵਿਧੀਆਂ ਦਾ ਚੇਤਾ ਆਉਣ ਲੱਗਾ ਹੈ। ਬੇਸ਼ੱਕ ਕੋਈ ਵੀ ਵਿਅਕਤੀ ਸਿੱਧੇ ਰੂਪ ਵਿਚ ਸਾਹਮਣੇ ਆਉਣ ਲਈ ਤਿਆਰ ਨਹੀਂ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਬਾਰਡਰ ਏਜੰਸੀ ਵੱਲੋਂ ਫੜਿਆ ਗਿਆ ਬ੍ਰਿਜੇਸ਼ ਮਿਸ਼ਰਾ ਹੁਣ ਪੁਲੀਸ ਦੀ ਹਿਰਾਸਤ ‘ਚ ਹੈ। ਏਜੰਸੀ ਨੇ ਉਸ ਤੋਂ ਕੀਤੀ ਗਈ ਪੁੱਛਗਿੱਛ ਨੂੰ ਫਿਲਹਾਲ ਜਨਤਕ ਨਹੀਂ ਕੀਤਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਨੇ ਫਰਜ਼ੀ ਦਸਤਾਵੇਜ਼ਾਂ ‘ਤੇ ਪਹੁੰਚੇ 700 ਤੋਂ ਵੱਧ ਭਾਰਤੀਆਂ ਦੇ ਦੇਸ਼ ਨਿਕਾਲੇ ‘ਤੇ ਫਿਲਹਾਲ ਰੋਕ ਲਾਈ ਹੋਈ ਹੈ।