For the best experience, open
https://m.punjabitribuneonline.com
on your mobile browser.
Advertisement

ਸੰਗਰੂਰ-ਲੁਧਿਆਣਾ ਰਾਜਮਾਰਗ- 11 ਦੇ ਕੰਮ ’ਤੇ ਖੜ੍ਹੇ ਹੋਏ ਸਵਾਲ

08:30 AM Nov 22, 2024 IST
ਸੰਗਰੂਰ ਲੁਧਿਆਣਾ ਰਾਜਮਾਰਗ  11 ਦੇ ਕੰਮ ’ਤੇ ਖੜ੍ਹੇ ਹੋਏ ਸਵਾਲ
ਧੂਰੀ ਰੋਡ ਓਵਰਬ੍ਰਿਜ ਹੇਠ ਸਲਿੱਪ ਰੋਡ ਦੀ ਖਸਤਾ ਹਾਲਤ (ਫਾਈਲ)।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਨਵੰਬਰ
ਇੱਥੇ ਸੰਗਰੂਰ-ਲੁਧਿਆਣਾ ਸਟੇਟ ਹਾਈਵੇਅ-11 ਦੇ ਕੰਮ ਉਪਰ ਸਵਾਲ ਖੜ੍ਹੇ ਹੋਏ ਹਨ ਅਤੇ ਪੰਜਾਬ ਸਰਕਾਰ ਤੋਂ ਇਨ੍ਹਾਂ ਕੰਮਾਂ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਹੈ। ਪਾਰਕ ਸੰਭਾਲ ਤੇ ਸੋਸ਼ਲ ਵੈੱਲਫੇਅਰ ਸੁਸਾਇਟੀ ਸੰਗਰੂਰ ਦੇ ਮੈਂਬਰ ਵੱਲੋਂ ਲੋਕ ਨਿਰਮਾਣ ਵਿਭਾਗ, ਉਸਾਰੀ ਮੰਡਲ ਮਾਲੇਰਕੋਟਲਾ ਤੋਂ ਆਰ.ਟੀ.ਆਈ. ਐਕਟ ਅਧੀਨ ਪ੍ਰਾਪਤ ਸੂਚਨਾ ਦੇ ਆਧਾਰ ’ਤੇ ਸਟੇਟ ਹਾਈਵੇਅ ਦੇ ਕੰਮ ਵਿੱਚ ਅਨੇਕਾਂ ਖਾਮੀਆਂ ਹੋਣ ਦੇ ਦੋਸ਼ ਲਾਏ ਗਏ ਹਨ। ਸੁਸਾਇਟੀ ਮੈਂਬਰ ਮਨਧੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਸਟੇਟ ਹਾਈਵੇਅ ’ਤੇ ਪਾਈ ਪ੍ਰੀਮਿਕਸ ਅਤੇ ਮੁਰੰਮਤ ਵਿੱਚ ਖਾਮੀਆਂ ਹਨ। ਓਵਰਬ੍ਰਿਜ ਦੇ ਹੇਠਾਂ ਸੜਕਾਂ ਦਾ ਕੰਮ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਜਨਤਕ ਥਾਵਾਂ ’ਤੇ ਸਪੀਡ ਬਰੇਕਰਾਂ ਤੋਂ ਪਹਿਲਾਂ ਜਾਣਕਾਰੀ ਦੇਣ ਲਈ ਬੋਰਡ ਨਹੀਂ ਲਾਏ ਗਏ। ਉਨ੍ਹਾਂ ਦੋਸ਼ ਲਾਇਆ ਕਿ ਸਟੇਟ ਹਾਈਵੇਅ ’ਤੇ ਧੂਰੀ ਅਤੇ ਸੰਗਰੂਰ ਵਿੱਚ ਬਣੇ ਓਵਰਬ੍ਰਿਜ ਦੇ ਹੇਠ ਬਣੀਆਂ ਸਲਿੱਪ ਰੋਡਾਂ ’ਤੇ ਪ੍ਰੀਮਿਕਸ ਨਹੀਂ ਪਾਇਆ ਗਿਆ ਜਦਕਿ ਬਰਨਾਲਾ ਚੌਕ ਤੋਂ ਸੰਗਰੂਰ ਓਵਰਬਿਜ੍ਰ ਦੇ ਵਿਚਕਾਰ ਤੱਕ ਪ੍ਰੀਮਿਕਸ ਨਹੀਂ ਪਾਇਆ ਗਿਆ। ਇਸ ਸਟੇਟ ਹਾਈਵੇਅ ’ਤੇ ਲਿੰਕ ਸੜਕਾਂ ਵੱਖ-ਵੱਖ ਪਿੰਡਾਂ ਨੂੰ ਨਿਕਲਦੀਆਂ ਹਨ, ਇਨ੍ਹਾਂ ਦੇ ਜੋ ਟੀ-ਜੰਕਸ਼ਨ ਬਣਦੇ ਹਨ, ਉਨ੍ਹਾਂ ਦੀ ਕੁੱਝ ਦੂਰੀ ਤੱਕ ਪ੍ਰੀਮਿਕਸ ਪਾਉਣਾ ਹੁੰਦਾ ਹੈ ਜੋ ਨਹੀਂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਲਿੰਕ ਸੜਕਾਂ ਜਦੋਂ ਹਾਈਵੇਅ ’ਤੇ ਚੜ੍ਹਦੀਆਂ ਹਨ ਤਾਂ ਉੱਥੇ ਰੁਕਣ ਲਈ ਸਾਈਡ ਬੋਰਡ ਲਗਾਉਣੇ ਹੁੰਦੇ ਹਨ ਜੋ ਨਹੀਂ ਲਾਏ ਗਏ। ਦੇਸ਼ ਭਗਤ ਕਾਲਜ ਧੂਰੀ ਅੱਗੇ ਪੀਲੀਆਂ ਪੱਟੀਆਂ ਵਾਲੇ ਸਪੀਡ ਬਰੇਕਰਾਂ ਦੇ ਸਾਈਨ ਬੋਰਡ ਲੱਗੇ ਹੋਏ ਹਨ ਪਰ ਇਸ ਤੋਂ ਅੱਗੇ ਸੰਗਰੂਰ ਤੱਕ ਸਪੀਡ ਬਰੇਕਰਾਂ ਨੂੰ ਦਰਸਾਉਣ ਜਾਂ ਸਪੀਡ ਘੱਟ ਕਰਨ ਲਈ ਸਾਈਨ ਬੋਰਡ ਨਹੀਂ ਲਾਏ ਗਏ ਜੋ ਕਿ ਐਸਟੀਮੇਟ ਵਿੱਚ ਲਏ ਗਏ ਹਨ। ਉਨ੍ਹਾਂ ਕਿਹਾ ਕਿ ਸਟੇਟ ਹਾਈਵੇਅ ਦੀ ਕੁੱਲ ਲੰਬਾਈ 77.290 ਕਿਲੋਮੀਟਰ ਹੈ ਜਿਸ ਉਪਰ ਪ੍ਰੀਮਿਕਸ ਪਾਉਣਾ ਬਣਦਾ ਸੀ ਪਰ 76.340 ਤੱਕ ਪਾਇਆ ਗਿਆ।
ਸੰਗਰੂਰ ਅਤੇ ਧੂਰੀ ਓਵਰਬ੍ਰਿਜ ਦੇ ਹੇਠਾਂ ਵਾਲੀਆਂ ਸੜਕਾਂ ਦਾ ਐਸਟੀਮੇਟ ਹੀ ਨਹੀਂ ਬਣਾਇਆ ਗਿਆ। ਸੰਗਰੂਰ ਓਵਰਬ੍ਰਿਜ ਦੇ ਹੇਠਾਂ ਵਾਲੀਆਂ ਸੜਕਾਂ ਨਗਰ ਕੌਂਸਲ ਸੰਗਰੂਰ ਹਵਾਲੇ ਕਰਨ ਦਾ ਪੱਤਰ ਨੰਬਰ ਦਿੱਤਾ ਗਿਆ ਜਦਕਿ ਧੂਰੀ ਓਵਰਬ੍ਰਿਜ ਦੀਆਂ ਸੜਕਾਂ ਨੂੰ ਨਗਰ ਕੌਂਸਲ ਧੂਰੀ ਦੇ ਹਵਾਲੇ ਕਰਨ ਦਾ ਕੋਈ ਪੱਤਰ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ 19.6 ਕਿਲੋਮੀਟਰ ਤੱਕ ਸਟੇਟ ਹਾਈਵੇਅ ’ਤੇ ਚੜ੍ਹਨ ਵਾਲੀਆਂ ਲਿੰਕ ਸੜਕਾਂ ਗੁਰਦਾਸਪੁਰਾ, ਹਰੇੜੀ, ਅਕੋਈ ਸਾਹਿਬ, ਬੰਗਾਂਵਾਲੀ, ਛੰਨਾਂ, ਸਾਰੋਂ, ਦੇਹ ਕਲਾਂ, ਬੇਨੜਾ, ਮਾਨਵਾਲਾ, ਧੂਰੀ ਅਨਾਜ ਮੰਡੀ, ਧੂਰੀ ਸ਼ਹਿਰ, ਸੂਏ ਵਾਲੀ ਸੜਕ, ਓਵਰਬ੍ਰਿਜ ਸ਼ੇਰਪੁਰ ਰੋਡ, ਧੂਰੀ ਬਾਈਪਾਸ, ਬਰੜਵਾਲ ਅਤੇ ਦੌਲਤਪੁਰ ਆਦਿ ਦੇ ਟੀ-ਜੰਕਸ਼ਨਾਂ ’ਤੇ ਸਪੀਡ ਬਰੇਕਰ, ਸਾਈਨ ਬੋਰਡ, ਚਿੱਟੀਆਂ-ਪੀਲੀਆਂ ਪੱਟੀਆਂ ਆਦਿ ਦਾ ਬਣਦਾ ਕੰਮ ਨਹੀਂ ਕੀਤਾ ਗਿਆ। ਸੁਸਾਇਟੀ ਦੇ ਮੈਂਬਰ ਅਨੁਸਾਰ 66 ਕਰੋੜ ਦੇ ਬਜਟ ਵਿੱਚੋਂ 47.5 ਕਰੋੜ ਰੁਪਏ ਖਰਚ ਹੋਏ ਜਦੋਂਕਿ ਕਰੀਬ 18-19 ਕਰੋੜ ਬਚਣ ਦੇ ਬਾਵਜੂਦ ਓਵਰਬ੍ਰਿਜ ਦੀਆਂ ਟੁੱਟੀਆਂ ਸੜਕਾਂ ਦਾ ਲੋਕ ਸੰਤਾਪ ਭੋਗ ਰਹੇ ਹਨ।

Advertisement

ਐੱਸਡੀਓ ਨੇ ਖਾਮੀਆਂ ਦੇ ਦੋਸ਼ ਨਕਾਰੇ

ਲੋਕ ਨਿਰਮਾਣ ਵਿਭਾਗ, ਉਸਾਰੀ ਮੰਡਲ ਮਾਲੇਰਕੋਟਲਾ ਦੇ ਐੱਸਡੀਓ ਮੁਨੀਸ਼ ਕੁਮਾਰ ਨੇ ਖਾਮੀਆਂ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸੰਗਰੂਰ ਤੇ ਧੂਰੀ ਓਵਰਬ੍ਰਿਜ ਹੇਠਾਂ ਸਲਿੱਪ ਰੋਡਜ਼ ਦੇ ਕੰਮ ਸਬੰਧਤ ਨਗਰ ਕੌਂਸਲਾਂ ਹਵਾਲੇ ਕਰ ਦਿੱਤਾ ਸੀ ਅਤੇ ਉਨ੍ਹਾਂ ਵੱਲੋਂ ਹੀ ਕੰਮ ਕਰਵਾਇਆ ਜਾਣਾ ਸੀ। ਉਨ੍ਹਾਂ ਕਿਹਾ ਕਿ ਸਟੇਟ ਹਾਈਵੇਅ ਦਾ ਕੰਮ ਪੂਰਾ ਮੁਕੰਮਲ ਹੈ ਅਤੇ ਕਿਸੇ ਕਿਸਮ ਦਾ ਕੋਈ ਕੰਮ ਅਧੂਰਾ ਨਹੀਂ ਹੈ।

Advertisement

Advertisement
Author Image

sukhwinder singh

View all posts

Advertisement