For the best experience, open
https://m.punjabitribuneonline.com
on your mobile browser.
Advertisement

ਹਮਾਸ ਬਾਰੇ ਸਵਾਲ: ਵਿਰੋਧੀ ਧਿਰ ਨੇ ਮੀਨਾਕਸ਼ੀ ਲੇਖੀ ਨੂੰ ਘੇਰਿਆ

08:20 AM Dec 10, 2023 IST
ਹਮਾਸ ਬਾਰੇ ਸਵਾਲ  ਵਿਰੋਧੀ ਧਿਰ ਨੇ ਮੀਨਾਕਸ਼ੀ ਲੇਖੀ ਨੂੰ ਘੇਰਿਆ
Advertisement

ਨਵੀਂ ਦਿੱਲੀ, 9 ਦਸੰਬਰ
ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਅੱਜ ਕਿਹਾ ਕਿ ਉਨ੍ਹਾਂ ਫਲਸਤੀਨੀ ਸਮੂਹ ਨੂੰ ਅਤਿਵਾਦੀ ਸੰਗਠਨ ਐਲਾਨੇ ਜਾਣ ਬਾਰੇ ਲੋਕ ਸਭਾ ’ਚ ਪੁੱਛੇ ਗਏ ਕਿਸੇ ਵੀ ਸਵਾਲ ਦੇ ਜਵਾਬ ਦੀ ਹਮਾਇਤ ਨਹੀਂ ਕੀਤੀ ਹੈ। ਦੂਜੇ ਪਾਸੇ ਵਿਰੋਧੀ ਧਿਰ ਨੇ ਕੇਂਦਰੀ ਮੰਤਰੀ ਨੂੰ ਘੇਰਦਿਆਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਹਮਾਸ ਨੂੰ ਅਤਿਵਾਦੀ ਜਥੇਬੰਦੀ ਐਲਾਨੇ ਜਾਣ ਨਾਲ ਸਬੰਧਤ ਲੋਕ ਸਭਾ ’ਚ ਪੁੱਛੇ ਗਏ ਲਿਖਤੀ ਸਵਾਲ ਤੇ ਉਸ ਦੇ ਜਵਾਬ ਨੂੰ ਲੈ ਕੇ ‘ਐਕਸ’ ’ਤੇ ਪੋਸਟ ਕੀਤਾ, ‘ਤੁਹਾਨੂੰ ਗਲਤ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਮੈਂ ਇਸ ਸਵਾਲ ਅਤੇ ਜਵਾਬ ਵਾਲੇ ਕਿਸੇ ਵੀ ਕਾਗਜ਼ ’ਤੇ ਦਸਤਖ਼ਤ ਨਹੀਂ ਕੀਤੇ ਹਨ।’
‘ਹਮਾਸ ਨੂੰ ਅਤਿਵਾਦੀ ਜਥੇਬੰਦੀ ਐਲਾਨੇ ਜਾਣ ਸਬੰਧੀ’ ਸਵਾਲ ਨੰਬਰ 980 ਕਾਂਗਰਸ ਦੇ ਸੰਸਦ ਮੈਂਬਰ ਕੁੰਭਾਕੁੜੀ ਸੁਧਾਕਰਨ ਨੇ ਪੁੱਛਿਆ ਸੀ। ਇਸ ਸਵਾਲ ਦੇ ਲਿਖਤੀ ਜਵਾਬ ’ਚ ਲੇਖੀ ਦੇ ਹਵਾਲੇ ਨਾਲ ਪੁੱਛਿਆ ਗਿਆ ਸੀ, ‘ਕਿਸੇ ਸੰਗਠਨ ਨੂੰ ਅਤਿਵਾਦੀ ਐਲਾਨਿਆ ਜਾਣਾ ਗ਼ੈਰਕਾਨੂੰਨੀ ਗਤੀਵਿਧੀ ਰੋਕੂ ਐਕਟ ਤਹਿਤ ਆਉਂਦਾ ਹੈ ਅਤੇ ਕਿਸੇ ਵੀ ਸੰਗਠਨ ਨੂੰ ਅਤਿਵਾਦੀ ਐਲਾਨੇ ਜਾਣ ਬਾਰੇ ਸਬੰਧਤ ਸਰਕਾਰੀ ਵਿਭਾਗਾਂ ਵੱਲੋਂ ਐਕਟ ਦੀਆਂ ਮੱਦਾਂ ਅਨੁਸਾਰ ਵਿਚਾਰ ਕੀਤਾ ਜਾਂਦਾ ਹੈ।’
ਸ਼ਿਵ ਸੈਨਾ (ਯੂਬੀਟੀ) ਦੀ ਰਾਜ ਸਭਾ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਇਸ ਮਾਮਲੇ ਨੂੰ ਲੈ ਕੇ ‘ਐਕਸ’ ’ਤੇ ਪੋਸਟ ਕੀਤਾ, ‘ਕੀ ਉਹ (ਲੇਖੀ) ਦਾਅਵਾ ਕਰ ਰਹੇ ਹਨ ਕਿ ਇਹ ਇੱਕ ਜਾਅਲੀ ਜਵਾਬ ਹੈ। ਜੇਕਰ ਹਾਂ ਤਾਂ ਇਹ ਇੱਕ ਗੰਭੀਰ ਮਾਮਲਾ ਹੈ ਅਤੇ ਤੈਅ ਨਿਯਮਾਂ ਦੀ ਉਲੰਘਣਾ ਹੈ। ਸਪੱਸ਼ਟੀਕਰਨ ਮਿਲਦਾ ਹੈ ਤਾਂ ਵਿਦੇਸ਼ ਮੰਤਰਾਲੇ ਦੀ ਰਿਣੀ ਰਹਾਂਗੀ।’ ਲੋਕ ਸਭਾ ’ਚ ਕੰਨੂਰ ਦੀ ਨੁਮਾਇੰਦਗੀ ਕਰਨ ਵਾਲੇ ਸੁਧਾਕਰਨ ਨੇ ਪੁੱਛਿਆ ਸੀ ਕਿ ਕੀ ਸਰਕਾਰ ਕੋਲ ਹਮਾਸ ਨੂੰ ਭਾਰਤ ’ਚ ਅਤਿਵਾਦੀ ਸੰਗਠਨ ਐਲਾਨੇ ਜਾਣ ਦੀ ਕੋਈ ਤਜਵੀਜ਼ ਹੈ। ਜੇਕਰ ਹਾਂ ਤਾਂ ਉਸ ਦੇ ਵੇਰਵੇ ਅਤੇ ਜੇਕਰ ਨਹੀਂ ਤਾਂ ਕੀ ਕਾਰਨ ਹਨ? ਉਨ੍ਹਾਂ ਇਹ ਵੀ ਪੁੱਛਿਆ ਕਿ ਕੀ ਇਜ਼ਰਾਈਲ ਸਰਕਾਰ ਨੇ ਹਮਾਸ ਨੂੰ ਅਤਿਵਾਦੀ ਸੰਗਠਨ ਐਲਾਨਣ ਲਈ ਭਾਰਤ ਸਰਕਾਰ ਕੋਲ ਕੋਈ ਮੰਗ ਕੀਤੀ ਹੈ। ਜੇਕਰ ਹਾਂ ਤਾਂ ਇਸ ਦੇ ਵੇਰਵੇ ਕੀ ਹਨ? ਸਵਾਲ ਦਾ ਜਵਾਬ ਬੀਤੇ ਦਿਨ ਦਿੱਤਾ ਗਿਆ ਸੀ ਅਤੇ ਇਹ ਲੋਕ ਸਭਾ ਦੀ ਵੈੱਬਸਾਈਟ ’ਤੇ ਸਵਾਲਾਂ ਦੀ ਸੂਚੀ ਵਿੱਚ ਸ਼ਾਮਲ ਹੈ।
ਜਦੋਂ ‘ਐਕਸ’ ’ਤੇ ਇੱਕ ਵਰਤੋਂਕਾਰ ਵੱਲੋਂ ਇਸ ਦਾ ਜ਼ਿਕਰ ਕੀਤਾ ਗਿਆ ਕਿ ਲੋਕ ਸਭਾ ਤੇ ਵਿਦੇਸ਼ ਮੰਤਰਾਲੇ ਦੀਆਂ ਵੈੱਬਸਾਈਟਾਂ ’ਤੇ ਉਨ੍ਹਾਂ ਦੇ ਨਾਂ ਹੇਠ ਸਵਾਲ ਦਰਜ ਹੈ ਤਾਂ ਲੇਖੀ ਨੇ ਕਿਹਾ, ‘ਜਾਂਚ ਨਾਲ ਅਪਰਾਧੀ ਦਾ ਪਤਾ ਚੱਲ ਜਾਵੇਗਾ।’
ਪ੍ਰਿਯੰਕਾ ਚਤੁਰਵੇਦੀ ਨੇ ਕਿਹਾ, ‘ਕਿਸੇ ਹੋਰ ਰਾਹੀਂ ਸਵਾਲ ਪੁੱਛੇ ਜਾਣ ਕਾਰਨ ਬੀਤੇ ਦਿਨ ਇੱਕ ਸੰਸਦ ਮੈਂਬਰ (ਮਹੂਆ ਮੋਇਤਰਾ) ਨੂੰ ਬਰਖਾਸਤ ਕਰ ਦਿੱਤਾ ਗਿਆ। ਅੱਜ ਇੱਕ ਮੰਤਰੀ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਕਿ ਸੰਸਦੀ ਸਵਾਲ ਦੇ ਜਵਾਬ ਦੀ ਉਨ੍ਹਾਂ ਨੇ ਹਮਾਇਤ ਨਹੀਂ ਕੀਤੀ ਸੀ। ਕੀ ਇਸ ਦੀ ਜਾਂਚ ਨਹੀਂ ਕੀਤੀ ਜਾਣੀ ਚਾਹੀਦੀ? ਕੀ ਜਵਾਬਦੇਹੀ ਦੀ ਮੰਗ ਨਹੀਂ ਹੋਣੀ ਚਾਹੀਦੀ? ਚਾਹੇ ਵਿਦੇਸ਼ ਮੰਤਰਾਲੇ ਦੀ ਪ੍ਰਤੀਕਿਰਿਆ ਕਿੰਨੀ ਵੀ ਸਹਿਜ ਕਿਉਂ ਨਾ ਹੋਵੇ।’ ਕਾਂਗਰਸ ਆਗੂ ਅਮਿਤਾਭ ਦੂਬੇ ਨੇ ਤਨਜ਼ ਕਸਦਿਆਂ ਲੇਖੀ ਨੂੰ ਸਵਾਲ ਕੀਤਾ, ‘ਤੁਹਾਡੇ ਲਈ ਕਿਸ ਨੇ ਲੌਗਇਨ ਕੀਤਾ?’ -ਪੀਟੀਆਈ

Advertisement

ਤਕਨੀਕੀ ਸੋਧ ਕੀਤੀ ਜਾ ਰਹੀ ਹੈ: ਵਿਦੇਸ਼ ਮੰਤਰਾਲਾ

ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਮੰਤਰੀ ਦੇ ਰੂਪ ਵਿੱਚ ਵੀ ਮੁਰਲੀਧਰਨ ਦੇ ਨਾਂ ਦਾ ਜ਼ਿਕਰ ਕਰਦਿਆਂ ਤਕਨੀਕੀ ਸੋਧ ਕੀਤੀ ਜਾ ਰਹੀ ਹੈ ਜਿਨ੍ਹਾਂ ਹਮਾਸ ਬਾਰੇ ਸੰਸਦ ’ਚ ਇੱਕ ਸਵਾਲ ਦਾ ਜਵਾਬ ਦਿੱਤਾ ਸੀ। ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਇਹ ਕਹੇ ਜਾਣ ਕਿ ਉਨ੍ਹਾਂ ਕਿਸੇ ਅਜਿਹੇ ਜਵਾਬ ਦੀ ਹਮਾਇਤ ਨਹੀਂ ਕੀਤੀ, ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਰ ਬਾਗਚੀ ਨੇ ਇਹ ਸਪੱਸ਼ਟੀਕਰਨ ਦਿੱਤਾ ਹੈ। ਲੇਖੀ ਤੇ ਮੁਰਲੀਧਰਨ ਦੋਵੇਂ ਹੀ ਵਿਦੇਸ਼ ਰਾਜ ਮੰਤਰੀ ਹਨ। ਉਨ੍ਹਾਂ ਕਿਹਾ, ‘ਸਾਡੇ ਧਿਆਨ ਵਿੱਚ ਆਇਆ ਹੈ ਕਿ 8 ਦਸੰਬਰ ਨੂੰ ਲੋਕ ਸਭਾ ’ਚ ਪੁੱਛੇ ਗਏ ਸਵਾਲ ਨੰਬਰ 980 ਵਿੱਚ ਤਕਨੀਕੀ ਸੋਧ ਦੀ ਲੋੜ ਹੈ ਕਿਉਂਕਿ ਇਸ ਦਾ ਜਵਾਬ ਰਾਜ ਮੰਤਰੀ ਵੀ ਮੁਰਲੀਧਰਨ ਨੇ ਦਿੱਤਾ ਸੀ।’ -ਪੀਟੀਆਈ

Advertisement

Advertisement
Author Image

sukhwinder singh

View all posts

Advertisement