ਕੁਈਨਜ਼ਲੈਂਡ: ਸਕੂਲ ’ਚ ਕਿਰਪਾਨ ਪਹਿਨ ਸਕਣਗੇ ਸਿੱਖ ਵਿਦਿਆਰਥੀ
ਮੈਲਬਰਨ: ਆਸਟਰੇਲੀਆ ਸਥਿਤ ਕੁਈਨਜ਼ਲੈਂਡ ਦੇ ਸੁਪਰੀਮ ਕੋਰਟ ਨੇ ਸਕੂਲਾਂ ਵਿੱਚ ਸਿੱਖ ਵਿਦਿਆਰਥੀਆਂ ਦੇ ਕਿਰਪਾਨ ਪਹਿਨਣ ’ਤੇ ਪਾਬੰਦੀ ਲਾਉਣ ਵਾਲੇ ਕਾਨੂੰਨ ਨੂੰ ਪਲਟਦਿਆਂ ਇਸ ਨੂੰ ਗ਼ੈਰਸੰਵਿਧਾਨਕ ਕਰਾਰ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ ਸਾਲ ਕਮਲਜੀਤ ਕੌਰ ਅਠਵਾਲ ਵੱਲੋਂ ਸੂਬਾ ਸਰਕਾਰ ਨੂੰ ਅਦਾਲਤ ’ਚ ਚੁਣੌਤੀ ਦੇਣ ਸਬੰਧੀ ਦਾਇਰ ਕੀਤੀ ਗਈ ਪਟੀਸ਼ਨ ’ਤੇ ਇਹ ਫ਼ੈਸਲਾ ਆਇਆ ਹੈ। ਉਸ ਨੇ ਆਪਣੀ ਪਟੀਸ਼ਨ ’ਚ ਦਾਅਵਾ ਕੀਤਾ ਸੀ ਕਿ ਇਹ ਪਾਬੰਦੀ ਪੱਖਪਾਤ ਕਰਦੀ ਹੈ। ਕਿਰਪਾਨ ਸਿੱਖ ਧਰਮ ਦੇ ਪੰਜ ਧਾਰਮਿਕ ਪ੍ਰਤੀਕਾਂ ’ਚੋਂ ਇੱਕ ਹੈ। ਕਿਰਪਾਨ ਸਿੱਖ ਧਰਮ ਦਾ ਅਟੁੱਟ ਹਿੱਸਾ ਹੈ। ਸਿੱਖਾਂ ਦੀਆਂ ਧਾਰਮਿਕ ਮਾਨਤਾਵਾਂ ਅਨੁਸਾਰ ਇਸ ਧਰਮ ਨੂੰ ਮੰਨਣ ਵਾਲੇ ਲੋਕ ਹਰ ਸਮੇਂ ਕਿਰਪਾਨ ਆਪਣੇ ਕੋਲ ਰੱਖਦੇ ਹਨ। ਆਸਟਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟ ਅਨੁਸਾਰ ਕੁਈਨਜ਼ਲੈਂਡ ਸੁਪਰੀਮ ਕੋਰਟ ਨੇ ਲੰਘੇ ਵੀਰਵਾਰ ਨੂੰ ਆਪਣੇ ਫ਼ੈਸਲੇ ’ਚ ਕਿਹਾ ਕਿ ਨਸਲੀ ਪੱਖਪਾਤ ਕਾਨੂੰਨ (ਆਰਡੀਏ) ਤਹਿਤ ਵਿਦਿਆਰਥੀਆਂ ਨੂੰ ਸਕੂਲ ’ਚ ਕਿਰਪਾਨ ਲਿਜਾਣ ’ਤੇ ਪਾਬੰਦੀ ਗ਼ੈਰ-ਸੰਵਿਧਾਨਕ ਹੈ।
ਜ਼ਿਕਰਯੋਗ ਹੈ ਕਿ ਇੱਕ ਹੇਠਲੀ ਅਦਾਲਤ ਨੇ ਆਪਣੇ ਫ਼ੈਸਲੇ ’ਚ ਇਹ ਦਾਅਵਾ ਖਾਰਜ ਕਰ ਦਿੱਤਾ ਸੀ ਕਿ ਇਹ ਐਕਟ ਪੱਖਪਾਤੀ ਹੈ ਪਰ ਹੁਣ ਇੱਕ ਅਪੀਲ ਮਗਰੋਂ ਸੁਪਰੀਮ ਕੋਰਟ ਨੇ ਇਹ ਫ਼ੈਸਲਾ ਸੁਣਾਇਆ ਹੈ। -ਪੀਟੀਆਈ