ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦੋ ਧਿਰਾਂ ’ਚ ਝਗੜਾ
ਗਗਨਦੀਪ ਅਰੋੜਾ
ਲੁਧਿਆਣਾ, 7 ਨਵੰਬਰ
ਇਥੋਂ ਦੇ ਸਿਵਲ ਹਸਪਤਾਲ ਵਿੱਚ ਬੁੱਧਵਾਰ ਦੇਰ ਰਾਤ ਨੂੰ ਦੋ ਧਿਰਾਂ ਵਿੱਚ ਝੜੱਪ ਹੋ ਗਈ। ਇਹ ਦੋਵੇਂ ਧਿਰਾਂ ਅਸਲ ਵਿੱਚ ਇਲਾਜ ਲਈ ਐਮਰਜੈਂਸੀ ਵਾਰਡ ਵਿੱਚ ਦਾਖਲ ਸਨ। ਦੋਵੇਂ ਧਿਰਾਂ ਦੇ ਕਈ ਬੰਦੇ ਜ਼ਖ਼ਮੀ ਸਨ ਤੇ ਕਈਆਂ ਦੇ ਸਿਰਾਂ ਤੋਂ ਖੂਨ ਵੀ ਵਗ ਰਿਹਾ ਸੀ, ਪਰ ਦੋਵੇਂ ਧਿਰਾਂ ਹਸਪਤਾਲ ਵਿੱਚ ਵੀ ਇੱਕ ਦੂਜੇ ’ਤੇ ਵਾਰ ਕਰਨ ਤੋਂ ਨਹੀਂ ਹਟ ਰਹੀਆਂ ਸਨ।
ਇਲਾਜ ਦੌਰਾਨ ਦੋਵੇਂ ਧਿਰਾਂ ਦੇ ਬੰਦਿਆਂ ਦੇ ਭਿੜਨ ਦੀ ਖਬਰ ਮਿਲਣ ਮਗਰੋਂ ਜਦੋਂ ਹਸਪਤਾਲ ਵਿੱਚ ਹਾਜ਼ਰ ਪੁਲੀਸ ਮੁਲਜ਼ਮਾਂ ਨੂੰ ਮਿਲੀ ਤਾਂ ਉਨ੍ਹਾਂ ਬਚਾਅ ਲਈ ਵਿੱਚ ਪੈ ਕੇ ਦੋਵੇਂ ਧਿਰਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਦੋਵੇਂ ਧਿਰਾਂ ਪੁਲੀਸ ਵਾਲਿਆਂ ਨਾਲ ਵੀ ਭਿੜ ਗਈਆਂ। ਇਸ ਮੌਕੇ ਸਟਰੈਚਰ ’ਤੇ ਬੈਠੇ ਇੱਕ ਧਿਰ ਦੇ ਵਿਅਕਤੀ ਦੀ ਦੂਜੀ ਧਿਰ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਕਿਸੇ ਤਰ੍ਹਾਂ ਪੁਲੀਸ ਮੁਲਾਜ਼ਮਾਂ ਨੇ ਦੋਵੇਂ ਧਿਰਾਂ ਨੂੰ ਸਮਝਾ ਕੇ ਉਥੋਂ ਭੇਜਿਆ। ਜ਼ਿਕਰਯੋਗ ਹੈ ਕਿ ਪਾਰਕਿੰਗ ਨੂੰ ਲੈ ਕੇ ਉਕਤ ਦੋਵੇਂ ਧਿਰਾਂ ਵਿੱਚ ਝਗੜਾ ਹੋਇਆ ਸੀ। ਸਿਵਲ ਹਸਪਤਾਲ ’ਚ ਲਗਾਤਾਰ 15 ਦਿਨਾਂ ’ਚ ਕੁੱਟਮਾਰ ਦੀ ਇਹ ਤੀਸਰੀ ਘਟਨਾ ਵਾਪਰੀ ਹੈ, ਜਿਸ ਮਗਰੋਂ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ ਹੈ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਹਰਪ੍ਰੀਤ ਨੇ ਕਿਹਾ ਕਿ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਹਨ, ਪਰ ਕਈ ਵਾਰ ਝਗੜਾ ਕਰਨ ਵਾਲੀਆਂ ਦੋਵੇਂ ਧਿਰਾਂ ਜਦੋਂ ਇਲਾਜ ਲਈ ਇਥੇ ਆਉਂਦੀਆਂ ਹਨ ਤਾਂ ਮਾਹੌਲ ਤਣਾਅਪੂਰਨ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਨੂੰ ਸੁਰੱਖਿਆ ਵਧਾਉਣ ਲਈ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਅਧਿਕਾਰੀਆਂ ਨਾਲ ਦੁਬਾਰਾ ਗੱਲ ਕਰਕੇ ਇਹ ਮੁੱਦਾ ਉਠਾਇਆ ਜਾਵੇਗਾ। ਥਾਣਾ ਡਿਵੀਜ਼ਨ 2 ਦੇ ਇੰਚਾਰਜ ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਰਾਤ ਦੀ ਘਟਨਾ ਉਨ੍ਹਾਂ ਦੇ ਧਿਆਨ ਵਿੱਚ ਆਈ ਹੈ। ਪੁਲੀਸ ਸੁਰੱਖਿਆ ਤਾਂ ਸੀ ਪਰ ਇਲਾਜ ਦੌਰਾਨ ਹੀ ਦੋਵਾਂ ਗੁੱਟਾਂ ਵਿੱਚ ਮੁੜ ਲੜਾਈ ਹੋ ਗਈ।