ਮਾਮੂਲੀ ਬਹਿਸ ਮਗਰੋਂ ਦੋ ਧੜਿਆਂ ’ਚ ਝਗੜਾ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਮਾਰਚ
ਸਨਅਤੀ ਸ਼ਹਿਰ ’ਚ ਅਪਰਾਧਕ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸੁਭਾਨੀ ਬਿਲਡਿੰਗ ਕੋਲ ਨਵਾਂ ਮੁਹੱਲਾ ’ਚ ਦੋ ਧੜਿਆਂ ’ਚ ਹੋਈ ਗੈਂਗਵਾਰ ਦਾ ਮਾਮਲਾ ਹਾਲੇ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ ਕਿ ਬੀਤੀ ਦੇਰ ਰਾਤ ਇੱਕ ਵਾਰ ਫਿਰ ਸਰਕਟ ਹਾਊਸ ਦੇ ਨੇੜੇ ਦੋ ਧੜਿਆਂ ’ਚ ਲੜਾਈ ਹੋ ਗਈ। ਕੁੱਟਮਾਰ ਤੋਂ ਬਾਅਦ ਇੱਕ ਧੜੇ ਦੇ ਨੌਜਵਾਨਾਂ ਵੱਲੋਂ ਗੋਲੀ ਚਲਾਉਣ ਦੀ ਵੀ ਸੂਚਨਾ ਹੈ। ਹਾਲਾਂਕਿ ਪੁਲੀਸ ਦਾ ਕਹਿਣਾ ਹੈ ਕਿ ਗੋਲੀ ਨਹੀਂ ਚਲਾਈ ਗਈ, ਪਰ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਕੁੱਟਮਾਰ ਵੀ ਹੋਈ ਹੈ ਅਤੇ ਗੋਲੀ ਵੀ ਚੱਲੀ ਹੈ। ਦੋਵਾਂ ਧੜਿਆਂ ਦੇ ਨੌਜਵਾਨਾਂ 2 ਤੋਂ 3 ਗੱਡੀਆਂ ’ਚ ਸਵਾਰ ਹੋ ਕੇ ਆਏ ਸਨ। ਸੂਚਨਾ ਮਿਲਣ ਤੋਂ ਬਾਅਦ ਥਾਣਾ ਪੀਏਯੂ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਆਸਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਸਰਕਟ ਹਾਊਸ ਕੋਲ ਫਿਰੋਜ਼ਪੁਰ ਰੋਡ ’ਤੇ ਬੀਤੀ ਦੇਰ ਰਾਤ ਅਚਾਨਕ 2-3 ਕਾਰਾਂ ਆ ਕੇ ਰੁਕੀਆਂ ਅਤੇ ਉਸ ’ਚੋਂ ਨਿਕਲੇ ਨੌਜਵਾਨਾਂ ਦੀ ਆਪਸ ’ਚ ਬਹਿਸ ਹੋ ਗਈ। ਬਹਿਸ ਕੁੱਟਮਾਰ ’ਚ ਬਦਲ ਗਈ। ਇਸ ਦੌਰਾਨ ਇੱਕ ਨੌਜਵਾਨ ਨੇ ਗੋਲੀ ਚਲਾ ਦਿੱਤੀ। ਗੋਲੀ ਚੱਲਦੇ ਹੀ ਉਥੇ ਮੌਜੂਦ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉਧਰ ਭੱਜਣ ਲੱਗੇ। ਆਵਾਜ਼ ਸੁਣ ਕੇ ਜਦੋਂ ਲੋਕ ਇਕੱਤਰ ਹੋਣ ਲੱਗੇ ਤਾਂ ਕਾਰ ਸਵਾਰ ਫ਼ਰਾਰ ਹੋ ਗਏ। ਇਸ ਤੋਂ ਬਾਅਦ ਲੋਕਾਂ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਪੀਏਯੂ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੂੰ ਜਾਂਚ ਦੌਰਾਨ ਕੋਈ ਖੋਲ੍ਹ ਨਹੀਂ ਮਿਲਿਆ। ਇਲਾਕੇ ਦੇ ਲੋਕਾਂ ਤੋਂ ਪੁਲੀਸ ਪੁੱਛ-ਪੜਤਾਲ ਕਰ ਰਹੀ ਹੈ। ਆਸਪਾਸ ਲੱਗੇ ਸੀਸੀਟੀਵੀ ਕੈਮਰੇ ਵੀ ਚੈਕ ਕੀਤੇ ਜਾ ਰਹੇ ਹਨ।