ਖੇਤੀ ਉਤਪਾਦਾਂ ਦੇ ਸਫਲ ਵਪਾਰ ਲਈ ਗੁਣਵੱਤਾ ਮਾਪਦੰਡ
ਡਾ. ਮਨਮੀਤ ਮਾਨਵ*
‘ਉੱਚ ਮਿਆਰ , ਸਫ਼ਲ ਵਪਾਰ’ ਅੱਜ ਮੁਕਾਬਲੇ ਦੇ ਬਾਜ਼ਾਰ ਵਿੱਚ ਗੁਣਵੱਤਾ ਹਰ ਕਿਸਮ ਦੇ ਉਤਪਾਦਾਂ ਖ਼ਾਸ ਕਰ ਕੇ ਖੇਤੀਬਾੜੀ ਭੋਜਨ ਉਤਪਾਦਾਂ ਲਈ ਇਕ ਵਿਲੱਖਣ ਅਤੇ ਮਹੱਤਵਪੂਰਨ ਪਹਿਲੂ ਬਣ ਗਈ ਹੈ। ਮਿਲਾਵਟ ਦੇ ਵਧ ਰਹੇ ਰੁਝਾਨ ਅਤੇ ਉਸ ਦੇ ਸਿਹਤ ਤੇ ਮਾੜੇ ਪ੍ਰਭਾਵਾਂ ਕਾਰਨ ਖ਼ਪਤਕਾਰਾਂ ਵਿੱਚ ਭੋਜਨ ਪਦਾਰਥਾਂ ਦੀ ਸ਼ੁੱਧਤਾ ਅਤੇ ਗੁਣਵੱਤਾ ਨੂੰ ਲੈ ਕੇ ਜਾਗਰੂਕਤਾ ਬਹੁਤ ਵਧੀ ਹੈ। ਹੁਣ ਲੋਕ ‘ਭੋਜਨ ਸੁਰੱਖਿਆ’ ਲਈ ਨਹੀਂ ਬਲਕਿ ‘ਪੋਸ਼ਣ ਸੁਰੱਖਿਆ’ ਲਈ ਜ਼ਿਆਦਾ ਸੁਚੇਤ ਹਨ। ਖ਼ਾਸ ਕਰ ਕੇ ਕਰੋਨਾ ਮਹਾਮਾਰੀ ਤੋਂ ਬਾਅਦ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਸਿਹਤਮੰਦ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਸ਼ੁੱਧ ਖਾਧ ਪਦਾਰਥਾਂ ਦੀ ਗਾਹਕਾਂ ਵਿੱਚ ਮੰਗ ਬਹੁਤ ਵਧੀ ਹੈ। ਕੁਦਰਤੀ ਭੌਤਿਕ ਅਤੇ ਰਸਾਇਣਕ ਗੁਣਾਂ ਨੂੰ ਘੱਟ ਤੋਂ ਘੱਟ ਬਦਲ ਕੇ, ਇੱਕਸਾਰ ਗੁਣਵੱਤਾ ਪ੍ਰਦਾਨ ਕਰਨ ਵਾਲੇ ਭੋਜਨ ਪਦਾਰਥ ਖ਼ਪਤਕਾਰਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ ਤਾਂ ਜੋ ਉਹ ਖਾਣ ਵਾਲੀਆਂ ਵਸਤੂਆਂ ਵਿੱਚੋਂ ਉਸ ਦੀ ਅਸਲੀ ਗੰਧ, ਸਵਾਦ, ਰੰਗ ਅਤੇ ਬਣਤਰ ਨੂੰ ਮਹਿਸੂਸ ਕਰ ਸਕਣ ਜੋ ਕਈ ਸਾਲਾਂ ਪਹਿਲਾਂ ਅਨੁਭਵ ਕਰਦੇ ਸਨ। ਇਸ ਤੋਂ ਇਲਾਵਾ ਵਧ ਰਹੀ ਕੀਟਨਾਸ਼ਕਾਂ/ ਦਵਾਈਆਂ ਦੀ ਵਰਤੋਂ ਕਾਰਨ ਖ਼ਪਤਕਾਰ ਉਤਪਾਦਾਂ ਤੋਂ ਆਪਣੀ ਸਿਹਤ ਦੀ ਸੁਰੱਖਿਆ ਦਾ ਭਰੋਸਾ ਵੀ ਚਾਹੁੰਦਾ ਹੈ।
ਗੁਣਵੱਤਾ ਨਿਰਧਾਰਤ ਕਰਨ ਵਾਲੇ ਕਾਰਕ: ਖੇਤ ਤੋਂ ਰਸੋਈ ਤੱਕ ਪਹੁੰਚਣ ਲਈ ਭੋਜਨ ਪਦਾਰਥਾਂ ਨੂੰ ਬਹੁਤ ਸਾਰੇ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ ਅਤੇ ਹਰ ਪੜਾਅ ਦੀ ਗਤੀਵਿਧੀ ਉਸ ਦੀ ਗੁਣਵੱਤਾ ਨੂੰ ਨਿਰਧਾਰਤ ਕਰਦੀ ਹੈ। ਇਹ ਕਾਰਕ ਹਨ:
ਕਾਸ਼ਤ ਵਿਧੀ: ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦੀ ਕਾਸ਼ਤ ਕਰਨ ਦੀ ਪ੍ਰਕਿਰਿਆ ਤੋਂ ਹੀ ਉਨ੍ਹਾਂ ਦੇ ਅੰਤਿਮ ਉਤਪਾਦ ਦੀ ਗੁਣਵੱਤਾ ਤੈਅ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਕਿ ਸ਼ਹਿਦ ਦੀ ਗੁਣਵੱਤਾ ਮਧੂ ਮੱਖੀ ਪਾਲਣ ਦਾ ਤਰੀਕਾ, ਬਕਸਿਆਂ ਦੀ ਸਾਫ਼-ਸਫ਼ਾਈ, ਬਨਸਪਤੀ ਸਰੋਤ (ਫਲੋਰਾ), ਛੱਤੇ ਤੋਂ ਸ਼ਹਿਦ ਕੱਢਣ ਦੇ ਢੁੱਕਵੇਂ ਸਮੇਂ ’ਤੇ ਨਿਰਭਰ ਕਰਦਾ ਹੈ। ਫ਼ਸਲਾਂ ਦੀ ਕਾਸ਼ਤ ਵੇਲੇ ਬੀਜ ਦੀ ਗੁਣਵੱਤਾ, ਮਿੱਟੀ ਦੀ ਸਿਹਤ, ਰੇਆਂ-ਸਪਰੇਆਂ ਦੀ ਵਰਤੋਂ, ਸਿੰਜਾਈ ਦੀ ਮਾਤਰਾ, ਕਟਾਈ ਦਾ ਸਮਾਂ ਆਦਿ ਖੇਤੀ-ਉਤਪਾਦਾਂ ਦੇ ਮਿਆਰ ਨੂੰ ਪ੍ਰਭਾਵਿਤ ਕਰਦੇ ਹਨ। ਇਸ ਤਰ੍ਹਾਂ ਹੀ ਡੇਅਰੀ ਅਤੇ ਪੋਲਟਰੀ ਫਾਰਮਿੰਗ ਦੇ ਵਿਗਿਆਨਕ ਤਕਨੀਕੀ ਅਭਿਆਸ ਨਾਲ ਉੱਚ ਮਿਆਰ ਦੇ ਉਤਪਾਦ (ਘਿਓ, ਦੁੱਧ, ਮੀਟ, ਆਂਡੇ) ਤਿਆਰ ਹੁੰਦੇ ਹਨ।
ਪ੍ਰਾਸੈਸਿੰਗ ਤਕਨੀਕ: ਉਪਜ ਤੋਂ ਉਤਪਾਦ ਬਣਾਉਣ ਦੀ ਪ੍ਰਾਸੈਸਿੰਗ ਤਕਨੀਕ ਵੀ ਉਸ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀ ਹੈ। ਕਿਸੇ ਵੀ ਉਪਜ (ਖੇਤੀ/ ਸ਼ਹਿਦ/ ਪਸ਼ੂ ਉਤਪਾਦ) ਦੀ ਪ੍ਰਾਸੈਸਿੰਗ ਲਈ ਸਾਫ਼ ਸਫ਼ਾਈ ਦਾ ਧਿਆਨ ਰੱਖਣਾ ਅਤੀ ਲਾਜ਼ਮੀ ਹੈ। ਪ੍ਰਾਸੈਸਿੰਗ ਲਈ ਵਰਤੇ ਜਾਣ ਵਾਲੇ ਉਪਕਰਨ, ਬਰਤਨ, ਸੰਦ, ਜਗ੍ਹਾ ਬਹੁਤ ਸਾਫ਼, ਸੁੱਕੇ, ਨਮੀ ਰਹਿਤ ਅਤੇ ਕਿਸੇ ਵੀ ਤਰ੍ਹਾਂ ਦੀ ਗੰਦਗੀ ਰਹਿਤ ਹੋਣੇ ਚਾਹੀਦੇ ਹਨ। ਪ੍ਰਾਸੈਸਿੰਗ ਕਰਨ ਵਾਲੇ ਕਾਮਿਆਂ ਦੇ ਹੱਥ, ਸਰੀਰ, ਕੱਪੜੇ ਸਭ ਸਾਫ਼-ਸੁਥਰੇ ਹੋਣੇ ਚਾਹੀਦੇ ਹਨ। ਹਰ ਉਤਪਾਦ ਦੀ ਪ੍ਰਾਸੈਸਿੰਗ ਲਈ ਢੁੱਕਵਾਂ ਤਕਨੀਕੀ ਅਭਿਆਸ ਉਸ ਦੀ ਗੁਣਵੱਤਾ ਵਧਾਉਂਦਾ ਹੈ। ਜਿਵੇਂ ਕਿ ਸ਼ਹਿਦ ਦੀ ਫਿਲਟ੍ਰੇਸ਼ਨ ਤਕਨੀਕ ਵੇਲੇ ਤਾਪਮਾਨ ਸੀਮਾ (65°C ਤੋਂ ਘੱਟ); ਸਰ੍ਹੋਂ ਦੇ ਤੇਲ ਕੱਢਣ ਵੇਲੇ ਸਰ੍ਹੋਂ ਵਿੱਚ ਘੱਟ ਨਮੀ ਦੀ ਮਾਤਰਾ, ਘੱਟ ਤਾਪਮਾਨ ਸੀਮਾ; ਮਸਾਲਿਆਂ, ਆਟਾ ਵੇਸਣ ਆਦਿ ਨੂੰ ਪੀਸਣ ਵੇਲੇ ਉਸ ਦੇ ਕੁਦਰਤੀ ਗੁਣਾਂ ਨੂੰ ਬਰਕਰਾਰ ਰੱਖਣ ਲਈ ਢੁੱਕਵੀਂ ਤਕਨੀਕ ਆਦਿ ਇਨ੍ਹਾਂ ਉਤਪਾਦਾਂ ਦੀ ਗੁਣਵੱਤਾ ਅਤੇ ਪੌਸ਼ਟਿਕਤਾ ਨੂੰ ਸੁਰੱਖਿਅਤ ਰੱਖਦੇ ਹਨ।
ਪੈਕਿੰਗ ਸਮੱਗਰੀ: ਪੈਕਿੰਗ ਸਮੱਗਰੀ ਦੀ ਗੁਣਵੱਤਾ ਵੀ ਉਤਪਾਦ ਦੀ ਗੁਣਵੱਤਾ ਤੇ ਵਿਕਰੀ ਨੂੰ ਤੈਅ ਕਰਨ ਵਾਲਾ ਸਭ ਤੋਂ ਮਹੱਤਵਪੂਰਨ ਮਾਪਦੰਡ ਹੈ। ਬਹੁਤ ਘੱਟ ਘਣਤਾ ਵਾਲੇ ਪਲਾਸਟਿਕ, ਪਾਲੀਥੀਨ, ਸਟਾਇਰੋਫੋਮ ਵੱਧ ਤਾਪਮਾਨ ਜਾਂ ਗਰਮੀ ਵਿੱਚ ਜ਼ਹਿਰੀਲੇ ਪਦਾਰਥ ਛੱਡ ਸਕਦੇ ਹਨ। ਇਸ ਲਈ ਭੋਜਨ ਪਦਾਰਥਾਂ ਦੇ ਸਿੱਧੇ ਸੰਪਰਕ ਵਿੱਚ ਆਉਣ ਵਾਲੀ ਪੈਕਿੰਗ ਸਮੱਗਰੀ ਸਰਕਾਰ ਵੱਲੋਂ ਪ੍ਰਮਾਣਿਤ ਮਾਪਦੰਡਾਂ ਅਨੁਸਾਰ ਫੂਡ ਗ੍ਰੇਡ (ਉੱਚ ਮਿਆਰ ਅਤੇ ਗੁਣਵੱਤਾ) ਦੀ ਹੋਣੀ ਚਾਹੀਦੀ ਹੈ ਤਾਂ ਜੋ ਭੋਜਨ ਪਦਾਰਥਾਂ ਦੇ ਅਸਲੀ ਅਤੇ ਕੁਦਰਤੀ ਗੁਣਾਂ ਨੂੰ ਸੰਭਾਲ ਕੇ ਸਿਹਤ ਲਈ ਸੁਰੱਖਿਆਦਾਇਕ ਰੱਖਿਆ ਜਾ ਸਕੇ।
ਭੰਡਾਰਨ ਹਾਲਾਤ: ਭੋਜਨ ਉਤਪਾਦਾਂ ਨੂੰ ਢੁੱਕਵੇਂ ਤਾਪਮਾਨ, ਘੱਟ ਨਮੀ, ਸੰਤੁਲਿਤ ਹਵਾ ਦੀ ਮਾਤਰਾ, ਚੂਹੇ/ ਕੀੜੇ ਮਕੌੜੇ/ ਸੂਖਮ ਜੀਵਾਣੂਆਂ ਰਹਿਤ ਸਾਫ਼-ਸੁਥਰੇ ਸੁੱਕੇ ਸਟੋਰੇਜ ਰੂਮ/ ਸਾਈਲੋਜ/ ਕੰਟੇਨਰਾਂ ਵਿੱਚ ਰੱਖਣਾ ਚਾਹੀਦਾ ਹੈ ਤਾਂ ਜੋ ਉਤਪਾਦਾਂ ਦੀ ਪੌਸ਼ਟਿਕਤਾ, ਸੁਰੱਖਿਅਤਾ ਅਤੇ ਤਾਜ਼ਗੀ ਨੂੰ ਲੰਮੇ ਸਮੇਂ ਤੱਕ ਬਣਾਈ ਰੱਖਿਆ ਜਾਵੇ।
ਸੋ ਉਪਜ ਦੀ ਕਾਸ਼ਤ, ਕਟਾਈ, ਪ੍ਰਾਸੈਸਿੰਗ, ਪੈਕਿੰਗ, ਸਟੋਰੇਜ ਅਤੇ ਵੰਡ ਆਦਿ ਹਰ ਪ੍ਰਕਿਰਿਆ ਵਿੱਚ ਖੇਤੀ ਭੋਜਨ ਪਦਾਰਥਾਂ ਦੀ ਸਿਹਤ ਲਈ ਸੁਰੱਖਿਆ, ਸ਼ੁੱਧਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣਾ ਲਾਜ਼ਮੀ ਹੈ।
ਗੁਣਵੱਤਾ ਮਾਪਦੰਡ/ ਗੁਣਵੱਤਾ ਦੇ ਮਿਆਰ: ਕਿਸੇ ਭੋਜਨ ਪਦਾਰਥ ਦੀ ਗੁਣਵੱਤਾ ਉਸ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਦਾ ਮਿਸ਼ਰਨ ਹੈ। ਗੁਣਵੱਤਾ ਨੂੰ ਨਿਯੰਤਰਤ ਕਰਨ ਲਈ ਉਤਪਾਦ ਦੇ ਸੰਵੇਦੀ, ਭੌਤਿਕ ਅਤੇ ਰਸਾਇਣਕ ਗੁਣਾਂ ਦੇ ਮਾਪਦੰਡਾਂ ਨੂੰ ਸਮਝਣਾ ਅਤੇ ਅਪਣਾਉਣਾ ਅਤਿ ਜ਼ਰੂਰੀ ਹੈ।
ਸੰਵੇਦੀ ਗੁਣ: ਕਿਸੇ ਭੋਜਨ ਪਦਾਰਥਾਂ ਦੇ ਸੰਵੇਦੀ ਗੁਣ ਉਹ ਵਿਸ਼ੇਸਤਾਵਾਂ ਹਨ ਜਿਨ੍ਹਾਂ ਨੂੰ ਅਸੀਂ ਸਰੀਰਕ ਗਿਆਨ ਇੰਦਰੀਆਂ ਦੀਆਂ ਪ੍ਰਤੀਕਿਰਿਆਵਾਂ (ਦੇਖਣਾ, ਸੁੰਘਣਾ, ਚੱਖਣਾ, ਸੁਣਨਾ ਅਤੇ ਛੂਹਨਾ) ਨਾਲ ਅਨੁਭਵ ਕਰਦੇ ਹਾਂ। ਇਹ ਗੁਣ ਰੰਗ, ਸਵਾਦ, ਗੰਧ, ਦਿੱਖ, ਬਣਤਰ ਹਨ ਜੋ ਉਸ ਪ੍ਰੋਡਕਟ ਦੀ ਗੁਣਵੱਤਾ ਦਾ ਪਹਿਲਾ ਪ੍ਰਭਾਵ ਪਾਉਂਦੇ ਹਨ।
ਰੰਗ: ਕਿਸੇ ਵੀ ਉਤਪਾਦ ਦਾ ਰੰਗ ਕੁਦਰਤੀ ਹੋਣਾ ਚਾਹੀਦਾ ਹੈ। ਗ਼ੈਰ-ਕੁਦਰਤੀ ਤਿੱਖਾ ਰੰਗ ਜਿਵੇਂ ਕਿ ਦਾਲਾਂ ਦਾ ਤਿੱਖਾ ਪੀਲਾ ਰੰਗ ਮੈਟਾਨਿਲ ਯੈਲੋ ਰਸਾਇਣ ਦਾ ਹੋ ਸਕਦਾ ਹੈ। ਸਬਜ਼ੀਆਂ ਅਤੇ ਫਲਾਂ ਦਾ ਨਕਲੀ ਲੱਗਣ ਵਾਲਾ ਗੂੜ੍ਹਾ ਹਰਾ ਅਤੇ ਲਾਲ ਰੰਗ ਮੈਲਾਕਾਈਟ ਅਤੇ ਰੋਡਾਮਾਈਨ ਬੀ ਰਸਾਇਣ ਕਰ ਕੇ ਹੋ ਸਕਦਾ ਹੈ ਜੋ ਕਿ ਸਿਹਤ ’ਤੇ ਖ਼ਤਰਨਾਕ ਪ੍ਰਭਾਵ ਪਾਉਂਦੇ ਹਨ।
ਸਵਾਦ: ਉਤਪਾਦ ਦਾ ਮਿੱਠਾ, ਕੌੜਾ, ਖੱਟਾ, ਨਮਕੀਨ ਸਵਾਦ ਉਸ ਦੀ ਗੁਣਵੱਤਾ ਅਤੇ ਤਾਜ਼ਗੀ ਨੂੰ ਪ੍ਰਭਾਵਿਤ ਕਰਦਾ ਹੈ। ਸ਼ਹਿਦ ਵਿੱਚ ਕੁੜੱਤਣ ਵੱਧ ਤਾਪਮਾਨ ਤੇ ਗਰਮ ਕਰਨ ਨਾਲ ਜਾਂ ਫਿਰ ਪੁਰਾਣਾ ਹੋਣ ਕਰ ਕੇ ਹੋ ਸਕਦੀ ਹੈ। ਡੇਅਰੀ ਉਤਪਾਦਾਂ ਵਿੱਚ ਖਟਾਸ ਵੀ ਉਸ ਦੀ ਮਿਆਦ ਖ਼ਤਮ ਹੋਣ ਨੂੰ ਦਰਸਾਉਂਦੀ ਹੈ।
ਖ਼ੁਸ਼ਬੋ: ਮਸਾਲਿਆਂ ਦੀ ਚੰਗੀ ਸੁਗੰਧ ਉਸ ਵਿੱਚ ਜ਼ਰੂਰੀ ਤੇਲਾਂ (Volatile oil) ਦੀ ਮੌਜੂਦਗੀ ਦਰਸਾਉਂਦੀ ਹੈ। ਸਰ੍ਹੋਂ ਦੇ ਤੇਲ ਦੀ ਤਿੱਖੀ ਗੰਧ ਉਸ ਦੀ ਸ਼ੁੱਧਤਾ ਨੂੰ ਜ਼ਾਹਿਰ ਕਰਦੀ ਹੈ। ਖਮੀਰਨ ਵਾਲੀ ਗੰਧ ਉਤਪਾਦ ਵਿੱਚ ਯੀਸਟ ਸੈਲ ਦੇ ਵਧਣ ਕਾਰਨ ਹੋ ਸਕਦੀ ਹੈ ਅਤੇ ਸਮੋਕੀ ਗੰਧ ਉਤਪਾਦ ਦੇ ਪ੍ਰਾਸੈਸਿੰਗ ਵੇਲੇ ਤੇਜ਼ ਗਰਮ ਕਰਨ ਨਾਲ ਆਉਂਦੀ ਹੈ। ਸੋ ਭੋਜਨ ਉਤਪਾਦਾਂ ਦੀ ਗੰਧ ਹਮੇਸ਼ਾਂ ਮਨ ਨੂੰ ਚੰਗੀ ਲੱਗਣ ਵਾਲੀ ਹੋਵੇ। ਅਣਵਾਂਛਿਤ ਗੰਧ ਉਸ ਉਤਪਾਦ ਦੀ ਤਾਜ਼ਗੀ ਅਤੇ ਸੁਰੱਖਿਅਤਾ ਨੂੰ ਖ਼ਤਮ ਕਰ ਦਿੰਦੀ ਹੈ।
ਦਿੱਖ: ਕੋਈ ਵੀ ਭੋਜਨ ਉਤਪਾਦ ਦੀ ਦਿੱਖ ਉਸ ਦੀ ਗੁਣਵੱਤਾ ਦਾ ਪਹਿਲਾ ਮਾਪਦੰਡ ਹੈ ਜਿਸ ਲਈ ਉਹ ਅਣਲੋੜੀਂਦੀਆਂ ਪਦਾਰਥਾਂ ਜਿਵੇਂ ਕਿ ਅਜੈਵਿਕ ਅਸ਼ੁੱਧੀਆਂ, ਜੈਵਿਕ ਅਸ਼ੁੱਧੀਆਂ, ਕੀੜੇ ਮਕੌੜਿਆਂ, ਉੱਲੀ ਤੋਂ ਰਹਿਤ ਹੋਵੇ। ਅਨਾਜ ਤੇ ਦਾਲਾਂ ਵਿੱਚ ਟੁੱਟੇ ਸੁੰਗੜੇ, ਖ਼ਰਾਬ ਤੇ ਬਦਰੰਗੇ, ਕੀੜੇ ਖਾਧੇ ਦਾਣੇ ਨਹੀਂ ਦਿਖਣੇ ਚਾਹੀਦੇ। ਦੇਸੀ ਘਿਓ ਦੀ ਦਾਣੇਦਾਰ ਦਿੱਖ, ਸਰ੍ਹੋਂ ਦੇ ਤੇਲ ਦੀ ਪਾਰਦਰਸ਼ੀ ਦਿੱਖ, ਸ਼ਹਿਦ ਦਾ ਸੰਘਣਾਪਣ ਉਸ ਦੀ ਵਧੀਆ ਗੁਣਵੱਤਾ ਨੂੰ ਪ੍ਰਗਟਾਉਂਦਾ ਹੈ।
ਭੌਤਿਕ ਗੁਣ: ਖੇਤੀ ਜਿਣਸਾਂ/ ਉਤਪਾਦਾਂ ਦਾ ਭਾਰ, ਬਣਤਰ, ਆਕਾਰ, ਘਣਤਾ, ਨਮੀ ਦੀ ਮਾਤਰਾ ਇਨ੍ਹਾਂ ਦੀ ਗੁਣਵੱਤਾ ਨਿਰਧਾਰਤ ਕਰਨ ਵਾਲੇ ਭੌਤਿਕ ਗੁਣ ਹਨ। ਜਿਵੇਂ ਕਿ ਫ਼ਲ ਸਬਜ਼ੀਆਂ ਦਾ ਸੰਤੁਲਿਤ ਆਕਾਰ ਅਤੇ ਢੁੱਕਵਾਂ ਸਾਈਜ਼ ਖ਼ਪਤਕਾਰਾਂ ਨੂੰ ਆਕਰਸ਼ਿਤ ਕਰਦਾ ਹੈ। ਚੌਲਾਂ ਦੀ ਲੰਬੀ ਬਣਤਰ, ਸ਼ਹਿਦ ਅਤੇ ਦੁੱਧ ਦਾ ਉਚਿੱਤ ਸੰਘਣਾਪਣ, ਦੇਸੀ ਘਿਓ ਦੀ ਦਾਣੇਦਾਰ ਬਣਾਵਟ ਵੀ ਉਸ ਦੀ ਉੱਤਮਤਾ ਨੂੰ ਦਰਸਾਉਂਦਾ ਹੈ। ਪੀਸੇ ਅਤੇ ਸਾਬਤ ਮਸਾਲਿਆਂ, ਗੁੜ-ਸ਼ੱਕਰ ਵਿੱਚ ਘੱਟ ਨਮੀ ਦੀ ਮਾਤਰਾ ਇਨ੍ਹਾਂ ਦੀ ਮਿਆਦ ਅਤੇ ਮਿਆਰ ਵਧਾਉਂਦੀ ਹੈ। ਖੇਤੀ ਜਿਣਸਾਂ ਜਿਵੇਂ ਕਿ ਸਾਬਤ ਅਨਾਜ, ਸਾਬਤ ਦਾਲਾਂ, ਤੇਲਬੀਜ ਜਿਣਸਾਂ ਦਾ ਸਹੀ ਮਾਪ (ਲੰਬਾਈ ਮੋਟਾਈ), ਢੁੱਕਵਾਂ ਆਕਾਰ (ਸੁੰਗੜੇ ਨਾ ਹੋਣ) ਉੱਚਿਤ ਪਰਿਪੱਕਤਾ ਅਤੇ ਦਾਣਿਆਂ ਦੀ ਇਕਸਾਰਤਾ ਇਨ੍ਹਾਂ ਦੀ ਉੱਚ ਮਿਆਰੀ ਮਾਪਦੰਡ ਹਨ।
ਰਸਾਇਣਕ ਗੁਣ: ਖੇਤੀ ਜਿਣਸਾਂ/ ਉਤਪਾਦਾਂ ਦੀਆਂ ਮਹੱਤਵਪੂਰਨ ਰਸਾਇਣਕ ਵਿਸ਼ੇਸ਼ਤਾਵਾਂ ਉਨ੍ਹਾਂ ਦੀ ਉੱਤਮਤਾ ਦੀ ਡਿਗਰੀ ਹਨ। ਇਹ ਗੁਣ ਬਿਨਾਂ ਬਦਲੇ ਜੇ ਉਤਪਾਦ ਖੇਤ ਤੋਂ ਰਸੋਈ ਤੱਕ ਪਹੁੰਚਦਾ ਹੈ ਤਾਂ ਇਹ ਉੱਚ ਗੁਣਵੱਤਾ ਦਾ ਹੋਵੇਗਾ ਕਿਉਂਕਿ ਇਹ ਉਹ ਗੁਣ ਹਨ ਜੋ ਉਸ ਦੀ ਸ਼ੁੱਧਤਾ ਤਾਜ਼ਗੀ, ਪੌਸ਼ਟਿਕਤਾ, ਗੰਧ, ਸੁਆਦ ਨੂੰ ਉਪਯੁਕਤ ਬਣਾਉਂਦਾ ਹੈ ਪਰ ਇਹ ਗੁਣ ਕਿਸੇ ਵੀ ਪ੍ਰਕਿਰਿਆ ਜਿਵੇਂ ਕਿ ਪ੍ਰਾਸੈਸਿੰਗ, ਪੈਕਿੰਗ, ਸਟੋਰੇਜ ਵੇਲੇ ਬਦਲਣੇ ਨਹੀਂ ਚਾਹੀਦੇ ਅਤੇ ਨਿਰਧਾਰਤ ਮਾਪਦੰਡਾਂ ਅਨੁਸਾਰ ਹੀ ਹੋਣੇ ਚਾਹੀਦੇ ਹਨ। ਜਿਵੇਂ ਕਿ ਕੁਦਰਤੀ ਪੱਕੇ ਸ਼ਹਿਦ ਵਿੱਚ ਸੁਕਰੋਜ਼, ਗੁਲੂਕੋਜ਼ ਅਤੇ ਫਰਕਟੋਜ਼ ਦਾ ਢੁੱਕਵਾਂ ਅਨੁਪਾਤ; ਉੱਚਿਤ ਤਰੀਕੇ ਨਾਲ ਪ੍ਰਾਸੈਸ ਕੀਤੇ ਦੇਸੀ ਘਿਓ ਵਿੱਚ ਸਹੀ ਫੈਟੀ ਐਸਿਡ ਦੀ ਮਾਤਰਾ; ਸ਼ੁੱਧ ਸਰ੍ਹੋਂ ਦੇ ਤੇਲ ਦਾ ਕੁਦਰਤੀ ਇਸੈਂਸ਼ਲ ਆਇਲ, ਘੱਟ ਐਸਿਡਿਕ ਮੁੱਲ, ਮਸਾਲਿਆਂ ਦੀ ਸੁਗੰਧ ਲਈ ਸਹੀ ਮਾਤਰਾ ਵਿੱਚ ਵੋਲਾਟਾਈਲ ਆਇਲ; ਦਾਲਾਂ, ਆਟਾ, ਵੇਸਣ ਦੀ ਸਹੀ ਪ੍ਰੋਟੀਨ ਮਾਤਰਾ; ਇਸ ਤੋਂ ਇਲਾਵਾ ਖੇਤੀ ਜਿਣਸਾਂ ਵਿੱਚ ਮੌਜੂਦ ਵਿਟਾਮਿਨਜ਼, ਮਿਨਰਲ, ਐਨਜ਼ਾਈਮ ਨੂੰ ਪ੍ਰਾਸੈਸਿੰਗ ਦੌਰਾਨ ਘੱਟ ਤੋਂ ਘੱਟ ਨਸ਼ਟ ਕੀਤੇ ਬਿਨਾਂ ਤਿਆਰ ਉਤਪਾਦ ਉੱਚ ਮਿਆਰ ਦੇ ਹੋਣਗੇ।
ਗੁਣਵੱਤਾ ਦਾ ਭਰੋਸਾ: (Quality Assurance) ਖੇਤੀ ਉਪਾਦਕਾਂ/ ਪ੍ਰਾਸੈਸਰਾਂ ਨੂੰ ਆਪਣੇ ਖੇਤੀ ਉਤਪਾਦਾਂ ਤੋਂ ਚੋਖਾ ਮੁਨਾਫ਼ਾ ਕਮਾਉਣ ਲਈ ਹਰ ਹਾਲ ਵਿੱਚ ਖ਼ਪਤਕਾਰਾਂ ਨੂੰ ਗੁਣਵੱਤਾ ਦਾ ਭਰੋਸਾ ਦੇਣਾ ਹੀ ਹੋਵੇਗਾ। ਜਿਸ ਸਮੇਂ ਖ਼ਪਤਕਾਰ ਸ਼ੁੱਧਤਾ ਨੂੰ ਲੈ ਕੇ ਵਪਾਰੀਆਂ ਨਾਲੋਂ ਵੱਧ ਭਰੋਸਾ ਉਤਪਾਦਕਾਂ ’ਤੇ ਕਰ ਰਹੇ ਹਨ, ਉਸ ਸਮੇਂ ਉਨ੍ਹਾਂ ਦਾ ਭਰੋਸਾ ਬਣਾਏ ਰੱਖਣ ਅਤੇ ਆਪਣੇ ਨਾਲ ਸਥਾਈ ਤੌਰ ’ਤੇ ਜੋੜਨ ਲਈ ਖੇਤੀ ਜਿਣਸਾਂ/ ਉਤਪਾਦਾਂ ਦੇ ਸਰਕਾਰ ਵੱਲੋਂ ਤੈਅ ਮਿਆਰੀ ਮਾਪਦੰਡਾਂ ਨੂੰ ਸਮਝਣਾ ਅਤੇ ਅਪਣਾਉਣਾ ਲਾਜ਼ਮੀ ਹੈ। ਸਿਹਤ ਪ੍ਰਤੀ ਵਧੀ ਹਰ ਵਿਅਕਤੀ ਦੀ ਚੇਤਨਾ ਕਾਰਨ ਉੱਚ ਕੀਮਤਾਂ ਤੇ ਕੁਦਰਤੀ ਖੇਤੀ ਉਤਪਾਦਾਂ ਨੂੰ ਖ਼ਰੀਦਣ ਦੀ ਖਾਹਸ਼ ਰੱਖਣ ਵਾਲੇ ਖ਼ਪਤਕਾਰਾਂ ਲਈ ਖੇਤੀ ਉਤਪਾਦਕਾਂ ਦੀ ਇੱਕ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਨ੍ਹਾਂ ਦੀ ਸਿਹਤ ਦੀ ਸੁਰੱਖਿਆ ਲਈ ਫ਼ਸਲਾਂ ਦੀ ਕਾਸ਼ਤ ਹਾਨੀਕਾਰਕ ਦਵਾਈਆਂ/ ਸਪਰੇਆਂ/ ਗਰੋਥ ਪ੍ਰੋਮੋਟਰਾਂ ਤੋਂ ਪਰਹੇਜ਼ ਰੱਖ ਕੇ ਕੀਤੀ ਜਾਵੇ। ਪ੍ਰਾਸੈਸਿੰਗ, ਪੈਕਿੰਗ, ਸਟੋਰੇਜ ਲਈ ਵਿਗਿਆਨਕ ਤਕਨੀਕੀ ਅਭਿਆਸ ਅਪਣਾਇਆ ਜਾਵੇ ਤਾਂ ਜੋ ਕੁਦਰਤੀ ਭੌਤਿਕ ਅਤੇ ਰਸਾਇਣਕ ਗੁਣ ਬਦਲੇ ਬਿਨਾਂ ਹੀ ਉਤਪਾਦਾਂ ਨੂੰ ਖ਼ਪਤਕਾਰਾਂ ਤੱਕ ਪਹੁੰਚਾਇਆ ਜਾਵੇ। ਸਰਕਾਰੀ ਮਾਪਦੰਡਾਂ ਅਨੁਸਾਰ ਆਪਣੀ ਜਿਣਸ/ ਉਤਪਾਦ ਦੀ ਆਪਣੇ ਪੱਧਰ ’ਤੇ ਦਰਜਾਬੰਦੀ ਕਰ ਕੇ ਅਲੱਗ-ਅਲੱਗ ਲਾਟ ਵਿੱਚ ਪੈਕ ਕੀਤਾ ਜਾਵੇ।
ਭਾਰਤ ਸਰਕਾਰ ਵੱਲੋਂ ਪ੍ਰਮਾਣਿਤ ਹਰ ਖੇਤੀ ਉਪਜ ਅਤੇ ਉਤਪਾਦਾਂ ਦੇ ਮਾਪਦੰਡਾਂ ਦੀ ਪੂਰੀ ਜਾਣਕਾਰੀ ਲਈ www.dmi.gov.in ਦੀ ਸਾਈਟ ’ਤੇ ਜਾ ਕੇ AGMARK ’ਤੇ Click ਕਰੋ ਅਤੇ ਫਿਰ Grading and Standadization ’ਤੇ ਜਾ ਕੇ ਕਿਸੇ ਵੀ ਖੇਤੀ, ਡੇਅਰੀ, ਪੋਲਟਰੀ ਉਪਜ ਤੇ ਉਤਪਾਦਾਂ ਦੇ ਗ੍ਰੇਡ ਅਤੇ ਉਨ੍ਹਾਂ ਦੇ ਮਾਪਦੰਡ ਦੇਖ ਸਕਦੇ ਹੋ।
ਖ਼ਪਤਕਾਰਾਂ ਨੂੰ ਗੁਣਵੱਤਾ ਦਾ ਪੱਕਾ ਭਰੋਸਾ ਅਤੇ ਗਾਰੰਟੀ ਦਿਵਾਉਣ ਲਈ ਭਾਰਤ ਸਰਕਾਰ ਦੀ ਗੁਣਵੱਤਾ ਪ੍ਰਮਾਣਿਕਤਾ ਸਕੀਮ-ਐਗਮਾਰਕ ਅਧੀਨ ਆਪਣੇ ਉਤਪਾਦਾਂ ਦੀ ਐਗਮਾਰਕ ਪ੍ਰਮਾਣੀਕਰਨ ਵੀ ਕਰਵਾਇਆ ਜਾ ਸਕਦਾ ਹੈ। ਐਗਮਾਰਕ ਪ੍ਰਮਾਣਿਕਤਾ ਦੇ ਚਾਹਵਾਨ ਕਿਸਾਨ/ ਪ੍ਰਾਸੈਸਰਜ਼ ਆਪਣੇ ਜ਼ਿਲ੍ਹੇ ਵਿੱਚ ਖੇਤੀਬਾੜੀ ਵਿਭਾਗ ਦੇ ਮਾਰਕੀਟਿੰਗ ਵਿੰਗ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਕੇ ਐਗਮਾਰਕ ਦਾ ਸੀਏ-ਸਰਟੀਫਿਕੇਟ ਆਫ ਆਥੋਰਾਈਜੇਸ਼ਨ (ਅਧਿਕਾਰ ਪੱਤਰ) ਪ੍ਰਾਪਤ ਕਰ ਸਕਦੇ ਹਨ। ਐਗਮਾਰਕ ਸਰਟੀਫਿਕੇਸ਼ਨ ਪ੍ਰਾਸੈਸਰਜ਼/ ਕਿਸਾਨਾਂ ਨੂੰ ਕਾਇਦੇ ਅਨੁਸਾਰ ਸਹੀ ਤਰੀਕੇ ਨਾਲ ਪੈਕਡ, ਲੇਬਲਡ, ਬਰਾਂਡਿਡ ਅਤੇ ਗੁਣਵੱਤਾ ਪ੍ਰਮਾਣਿਤ ਪ੍ਰੋਡਕਟ ਪੇਸ਼ ਕਰਦਾ ਹੈ। ਉਤਪਾਦਕ ਆਪਣੇ ਪ੍ਰਮਾਣਿਤ ਉਤਪਾਦ ਦਾ ਸਵੈ-ਮੰਡੀਕਰਨ ਕਰ ਕੇ ਬਹੁਤ ਚੰਗਾ ਮੁੱਲ ਪਾਉਂਦੇ ਹਨ, ਆਪਣੇ ਉਤਪਾਦ ਦਾ ਮੁੱਲ ਖ਼ੁਦ ਤੈਅ ਕਰਦੇ ਹਨ ਜਿਸ ਨਾਲ ਉਨ੍ਹਾਂ ਵਿੱਚ ਮਲਕੀਅਤ ਦੀ ਭਾਵਨਾ ਪੈਦਾ ਹੁੰਦੀ ਹੈ ਜੋ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਾਉਂਦਾ ਹੈ। ਗੁਣਵੱਤਾ ਪ੍ਰਮਾਣਿਕਤਾ ਹੋਣ ਕਾਰਨ ਉਹ ਸਥਾਨਕ ਮੰਡੀਆਂ ਤੋਂ ਇਲਾਵਾ ਕੌਮੀ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਵੀ ਵਪਾਰ ਕਰ ਸਕਦੇ ਹਨ, ਇਸ ਨਾਲ ਉੱਦਮੀਕਰਨ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਗੁਣਵੱਤਾ ਉਤਪਾਦ ਨੂੰ ਮਾਰਕੀਟਿੰਗ ਵਿੱਚ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਸੋ ਆਪਣੀ ਉਪਜ ਤੇ ਉਤਪਾਦ ਦਾ ਉੱਚ ਮਿਆਰ ਤੁਹਾਡੇ ਖੇਤੀ ਵਪਾਰ ਨੂੰ ਸਫ਼ਲਤਾ ਦੀਆਂ ਬੁਲੰਦੀਆਂ ’ਤੇ ਪਹੁੰਚਾ ਸਕਦਾ ਹੈ।
*ਸਹਾਇਕ ਮੰਡੀਕਰਨ ਅਫ਼ਸਰ ਲੁਧਿਆਣਾ।