ਗੁਣੀ ਗਿਆਨੀ
ਗੁਰਦੀਪ ਢੁੱਡੀ
ਮੇਰੀ ਦਿਲਚਸਪੀ ਅਤੇ ਵਿਚਰਨ ਨਾਲ ਬਹੁਤ ਸਾਰੇ ਬੰਦਿਆਂ ਨੂੰ ਇਤਫ਼ਾਕ ਨਹੀਂ ਹੁੰਦਾ ਤੇ ਅਕਸਰ ਮੈਂ ਨੁਕਤਾਚੀਨੀ ਦਾ ਸ਼ਿਕਾਰ ਹੁੰਦਾ ਹਾਂ। ਮੈਂ ਇਸ ਦੀ ਪਰਵਾਹ ਤਾਂ ਨਹੀਂ ਕਰਦਾ ਪਰ ਆਪਣੇ ਇਨ੍ਹਾਂ ਨੁਕਤਾਚੀਨਾਂ ਨਾਲ ਵਿਚਰਦਿਆਂ ਜਾਂ ਗੱਲਬਾਤ ਕਰਦਿਆਂ ਮੈਂ ਆਪਣੀ ਉਸ ਦਿਲਚਸਪੀ ਜਾਂ ਫਿਰ ਵਿਚਰਨ ਨੂੰ ਜਾਂ ਤਾਂ ਲੁਕੋਣ ਦੀ ਕੋਸ਼ਿਸ਼ ਕਰਦਾ ਹਾਂ, ਜਾਂ ਫਿਰ ਗੱਲ ਨੂੰ ਵਲ਼ੇਵਾਂ ਪਾ ਲੈਂਦਾ ਹਾਂ। ਮੈਨੂੰ ਇਹ ਅਹਿਸਾਸ ਵੀ ਹੈ ਕਿ ਮੇਰੀ ਜ਼ਿੰਦਗੀ ਦਾ ਜੇ ਕੋਈ ਹਾਸਲ ਹੈ ਤਾਂ ਇਸ ਵਿਚ ਵੱਡਾ ਹਿੱਸਾ ਕਥਿਤ ਉਨ੍ਹਾਂ ਅਨਪੜ੍ਹ ਜਾਂ ਫਿਰ ਪੇਂਡੂਆਂ ਜਾਂ ਛੋਟੀਆਂ ਨੌਕਰੀਆਂ ਵਾਲਿਆਂ ਦਾ ਹੈ ਜਿਨ੍ਹਾਂ ਨੂੰ ਆਮ ਤੌਰ ’ਤੇ ‘ਚਾਰ ਜਮਾਤਾਂ ਪੜ੍ਹੇ’ ਐਵੇਂ ਹੀ ਸਮਝਦੇ ਹਨ।
1984 ਵਿਚ ਮੈਂ ਆਪਣੀ ਬਦਲੀ ਥੋੜ੍ਹੇ ਜਿਹੇ ਤਰੱਦਦ ਨਾਲ ਸਰਕਾਰੀ ਹਾਈ ਸਕੂਲ ਕੁਰਾਈਵਾਲਾ ਦੀ ਕਰਵਾ ਲਈ। ਇੱਥੇ ਹਾਜ਼ਰ ਹੋਣ ਤੋਂ ਬਾਅਦ ਜਲਦੀ ਹੀ ਪੰਜਾਬ ਦਾ ਵੱਡਾ ਦੁਖਾਂਤ ਸਾਕਾ ਨੀਲਾ ਤਾਰਾ ਵਾਪਰ ਗਿਆ। ਸਕੂਲ ਕੁਝ ਸਮੇਂ ਲਈ ਬੰਦ ਹੋਏ। ਪਹਿਲਾਂ ਅਧਿਆਪਕ ਸਕੂਲ ਆਉਣ ਲੱਗੇ ਅਤੇ ਅਮਨ ਕਾਨੂੰਨ ਦੀ ਸਥਿਤੀ ਦੇ ਜਾਇਜ਼ੇ ਮਗਰੋਂ ਵਿਦਿਆਰਥੀ ਵੀ ਸਕੂਲ ਆਉਣ ਲੱਗ ਪਏ। ਵਿਹਲੇ ਦਿਨਾਂ ਵਿਚ ਕੁਝ ਸਮਾਂ ਆਪਣੇ ਸਾਥੀ ਅਧਿਆਪਕਾਂ ਨਾਲ ਤਤਕਾਲੀ ਸਮੇਂ ਦੇ ਹਾਲਾਤ ’ਤੇ ਵਿਚਾਰ-ਵਟਾਂਦਰਾ ਕਰ ਲੈਣਾ। ਜਿ਼ਆਦਾ ਸਾਥੀਆਂ ਅਨੁਸਾਰ ਕੇਂਦਰ ਸਰਕਾਰ ਦੁਆਰਾ ਕੀਤੇ ਗਏ ‘ਨੀਲੇ ਤਾਰੇ’ ਨੂੰ ਗ਼ਲਤ ਆਖਿਆ ਜਾਂਦਾ ਸੀ। ਇਸ ਦੇ ਨਾਲ ਹੀ ਇਕ ਫ਼ਿਰਕੇ ਬਾਰੇ ਕੁਝ ਨਿੰਦਣਯੋਗ ਟਿੱਪਣੀਆਂ ਵੀ ਕੀਤੀਆਂ ਜਾਂਦੀਆਂ। ਬੜੀ ਵਾਰੀ ਮੈਂ ਬਹਾਨਾ ਜਿਹਾ ਬਣਾ ਕੇ ਉੱਠ ਕੇ ਚਲੇ ਜਾਣਾ। ਮੈਨੂੰ ਲੱਗਦਾ ਜਿਵੇਂ ਦੋ ਜਣੇ ਹੋਰ ਵੀ ਮੇਰੇ ਨਾਲ ਗੱਲਬਾਤ ਕਰਨ ਦੇ ਇੱਛਕ ਹੋਣ। ਇਹ ਦੋਨੇ ਜਣੇ ਦਫ਼ਤਰੀ ਭਾਸ਼ਾ ਵਿਚ ਸੇਵਾਦਾਰ ਜਾਂ ਫਿਰ ਦਰਜਾਚਾਰ ਕਰਮਚਾਰੀ ਸਨ। ਇਨ੍ਹਾਂ ਵਿਚੋਂ ਇਕ ਦਾ ਪਿਛੋਕੜ ਉੱਤਰ ਪ੍ਰਦੇਸ਼ ਦਾ ਸੀ; ਦੂਜਾ, ਤੋਤਾ ਰਾਮ ਨੇੜਲੇ ਪਿੰਡ ਗੁਰੂਸਰ ਦਾ ਵਸਨੀਕ ਸੀ।
ਤੋਤਾ ਰਾਮ ਆਪਣੇ ਬਹੁਤ ਪੁਰਾਣੇ ਸਾਈਕਲ ’ਤੇ ਸਕੂਲ ਆਉਂਦਾ ਹੁੰਦਾ ਸੀ। ਇਸ ਦੀ ਗੱਲਬਾਤ ਬੜੀ ਕੜਾਕੇਦਾਰ ਹੁੰਦੀ ਸੀ ਅਤੇ ਕੋਈ ਅਣਜਾਣ ਬੰਦਾ ਉਸ ਦੇ ਬੋਲਣ ਤੋਂ ਉਸ ਦੇ ਵੈਲੀ ਹੋਣ ਦਾ ਅੰਦਾਜ਼ਾ ਵੀ ਲਾ ਸਕਦਾ ਸੀ। ਉਸ ਦੇ ਸਿਰ ਦੇ ਵਾਲ਼ ਬਹੁਤ ਛੋਟੇ ਛੋਟੇ ਜਿਹੇ ਕਤਰੇ ਹੁੰਦੇ ਸਨ। ਸਿਰ ਦੇ ਦੋਨੇ ਪਾਸੇ ਵਾਲ਼ ਵਾਹਵਾ ਜਿਹਾ ਮੱਥਾ ਨੰਗਾ ਕਰਦੇ ਦਿਸਦੇ ਸਨ। ਮੁੱਛਾਂ ਉਹ ਕਤਰ ਕੇ ਰੱਖਿਆ ਕਰਦਾ ਸੀ। ਝੱਟੇ-ਬਿੰਦੇ ਉਹ ਮੁੱਛਾਂ ’ਤੇ ਆਪਣਾ ਹੱਥ ਮੁੱਛਾਂ ਨੂੰ ਵੱਟ ਦੇਣ ਵਾਲਿਆਂ ਵਾਂਗ ਕਰਦਾ ਸੀ। ਉਸ ਦੀਆਂ ਗੱਲਾਂ ਵਿਚੋਂ ਮੈਨੂੰ ਵੀ ਉਸ ਦੇ ਲੜਾਕਾ ਜਿਹਾ ਹੋਣ ਦਾ ਭੁਲੇਖਾ ਪੈਂਦਾ ਪਰ ਉਸ ਦੀਆਂ ਗੱਲਾਂ ਦਿਲਚਸਪ ਹੋਣ ਕਰ ਕੇ ਮੈਂ ਬੜੀ ਵਾਰੀ ਸੁਣਨ ਵਾਸਤੇ ਹੀ ਉਸ ਕੋਲ ਆਪ ਚੱਲ ਕੇ ਜਾਂਦਾ ਹੁੰਦਾ ਸਾਂ। ਉਸ ਦੀਆਂ ਗੱਲਾਂ ਦੇ ਟੋਟਕਿਆਂ ਵਿਚੋਂ ਉਸ ਦੇ ਤਜਰਬੇ ਦੀ ਝਲਕ ਮਿਲਦੀ ਸੀ ਜਿਸ ਤੋਂ ਮੈਂ ਆਪਣੀ ਨੌਕਰੀ ’ਤੇ ਲੱਗਣ ਕਰ ਕੇ ਵਾਂਝਾਂ ਹੋ ਗਿਆ ਸਾਂ।
ਇਕ ਦਿਨ ਮੈਂ ਉਸ ਨੂੰ ਆਪਣੀ ਇਕ ਮੁਸ਼ਕਲ ਦੱਸੀ। ਨਵਾਂ ਨਵਾਂ ਮੈਂ ਸਕੂਟਰ ਖਰੀਦਿਆ ਸੀ ਅਤੇ ਸਕੂਲੋਂ ਛੁੱਟੀ ਹੋਣ ਬਾਅਦ ਘਰ ਨੂੰ ਜਾਣ ਸਮੇਂ ਮੈਂ ਜਿਹੜੇ ਰਾਹੇ ਜਾਣਾ ਹੁੰਦਾ ਸੀ, ਉਸ ਰਾਹ ਵਿਚ ਇਕ ਘਰ ਦਾ ਰੱਖਿਆ ਹੋਇਆ ਕੁੱਤਾ ਅਕਸਰ ਘਰ ਦੇ ਬੂਹੇ ਅੱਗੇ ਬੈਠਾ ਹੁੰਦਾ। ਇਹ ਕੁੱਤਾ ਮੈਨੂੰ ਵੱਢਣ ਵਾਲਿਆਂ ਵਾਂਗ ਪੈਂਦਾ ਅਤੇ ਸਕੂਟਰ ਨਾਲ ਕੁਝ ਦੂਰ ਤੱਕ ਭੱਜਦਾ ਵੀ ਸੀ। ਕੁੱਤਾ ਵੱਡਾ ਹੋਣ ਕਰ ਕੇ ਡਰ ਵੀ ਲੱਗਦਾ ਸੀ। ਆਪਣੇ ਡਰ ਨੂੰ ਉਸ ਨਾਲ ਸਾਂਝਾਂ ਕਰਦਿਆਂ ਮੈਂ ਆਖਿਆ, “ਯਾਰ ਤੋਤਾ ਰਾਮ, ਇਕ ਕੁੱਤਾ ਬੜਾ ਤੰਗ ਕਰਦਾ ਹੈ। ਹਰ ਰੋਜ਼ ਮੈਨੂੰ ਪੈਂਦਾ।”
“ਹੱਛਿਆ” ਆਖਦਿਆਂ ਉਸ ਨੇ ਪਹਿਲਾਂ ਆਪਣੇ ਘੋਨਿਆਂ ਵਰਗੇ ਸਿਰ ’ਤੇ ਹੱਥ ਫੇਰਿਆ ਅਤੇ ਫਿਰ ਕੱਟੀਆਂ ਹੋਈਆਂ ਮੁੱਛਾਂ ਨੂੰ ਤਾਅ ਦੇਣ ਵਾਲਿਆਂ ਵਾਂਗ ਕੀਤਾ। “ਅੱਜ ਤੁਸੀਂ ਮੈਨੂੰ ਆਪਣੇ ਨਾਲ ਬਿਠਾ ਕੇ ਲਿਜਾਇਓ, ਦੇਖਦੇ ਆਂ ਫਿਰ।” ਉਹ ਮੁਛਕੜੀਆਂ ਹੱਸਿਆ।
ਛੁੱਟੀ ਵੇਲੇ ਉਸ ਨੇ ਆਪਣੇ ਉੱਤੇ ਖੇਸੀ ਲਈ ਹੋਈ ਸੀ ਅਤੇ ਉਹ ਮੇਰੇ ਨਾਲ ਜਾਣ ਵਾਸਤੇ ਤਿਆਰ-ਬਰ-ਤਿਆਰ ਸੀ। ਸਕੂਟਰ ’ਤੇ ਉਹ ਮੇਰੇ ਨਾਲ ਬੈਠ ਗਿਆ ਅਤੇ ਜਦੋਂ ਅਸੀਂ ਉਸ ਕੁੱਤੇ ਕੋਲ ਦੀ ਲੰਘਣ ਲੱਗੇ ਤਾਂ ਕੁੱਤਾ ਉਸੇ ਤਰ੍ਹਾਂ ਸਾਡੇ ਵੱਲ ਵਧਦਾ ਹੋਇਆ ਭੌਂਕਿਆ। ਪਲ ਵਿਚ ਹੀ ਪਿਛੋਂ ਕੁਝ ਵਾਪਰਿਆ ਤੇ ਕੁੱਤਾ ਚੀਕਦਾ ਹੋਇਆ ਪਿਛਾਂਹ ਨੂੰ ਭੱਜ ਗਿਆ। ਥੋੜ੍ਹਾ ਅੱਗੇ ਜਾ ਕੇ ਉਸ ਨੇ ਮੈਨੂੰ ਵਾਪਸ ਸਕੂਲ ਛੱਡ ਕੇ ਆਉਣ ਲਈ ਆਖਿਆ, “ਲਓ ਜੀ, ਹੁਣ ਕੁੱਤਾ ਥੋਨੂੰ ਦੇਖ ਕੇ ਅੰਦਰ ਵੜ ਜਾਇਆ ਕਰੇਗਾ।”
ਗੱਲ ਉਸੇ ਤਰ੍ਹਾਂ ਹੋਈ। ਹੁਣ ਜਦੋਂ ਵੀ ਮੈਂ ਉੱਥੋਂ ਦੀ ਲੰਘਦਾ, ਕੁੱਤਾ ਉੱਠ ਕੇ ਘਰ ਵਿਚ ਵੜ ਜਾਇਆ ਕਰੇ। ਸਚਮੁੱਚ ਜ਼ਿੰਦਗੀ ਦਾ ਤਜਰਬਾ ਇੱਥੇ ਕਾਰਗਰ ਸਾਬਤ ਹੋਇਆ ਸੀ। ਮੇਰੇ ਪੜ੍ਹੇ ਲਿਖੇ, ਅਧਿਆਪਕ ਲੱਗੇ ਦੇ ਇਹ ਗੱਲ ਦਿਮਾਗ ਵਿਚ ਨਹੀਂ ਆਈ ਸੀ ਪਰ ਅੱਖਰ ਗਿਆਨ ਤੋਂ ਕੋਰੇ ਤੋਤਾ ਰਾਮ ਕੋਲ ਕਿੰਨਾ ਗਿਆਨ ਸੀ, ਇਸ ਦਾ ਅਹਿਸਾਸ ਉਸ ਦਿਨ ਹੋਇਆ ਸੀ। ਇਸੇ ਕਰ ਕੇ ਮੇਰੇ ਮਨ ਵਿਚ ਇਹ ਧਾਰਨਾ ਪੱਕੀ ਹੋ ਗਈ ਸੀ ਕਿ ‘ਜ਼ਿੰਦਗੀ ਦਾ ਤਜਰਬਾ ਵੱਡੀਆਂ ਤੋਂ ਵੱਡੀਆਂ ਪੜ੍ਹਾਈਆਂ ਤੋਂ ਵੀ ਵਧੇਰੇ ਗਿਆਨ ਨਾਲ ਭਰਪੂਰ ਹੁੰਦਾ ਹੈ’। ਇਨ੍ਹਾਂ ਗੁਣੀ ਗਿਆਨੀ ਬੰਦਿਆਂ ਦੁਅਰਾ ਸਿਰਜੇ ਮੁਹਾਵਰੇ ਅਤੇ ਅਖਾਣ ਅੱਜ ਵੀ ਸਾਨੂੰ ਆਪਣੀ ਗੱਲ ਤਰਕਸੰਗਤ ਬਣਾਉਣ ਵੇਲੇ ਕੰਮ ਆਉਂਦੇ ਹਨ।
ਸੰਪਰਕ: 95010-20731