ਕਿਊਐਸ ਰੈਂਕਿੰਗਜ਼: ਤਿੰਨ ਆਈਆਈਐਮ ਤੇ ਆਈਐਸਬੀ ਹੈਦਰਾਬਾਦ 100 ਸਿਖਰਲੇ ਅਦਾਰਿਆਂ ’ਚ ਸ਼ਾਮਲ
ਨਵੀਂ ਦਿੱਲੀ, 25 ਸਤੰਬਰ
QS rankings: ਕਿਊਐਸ ਰੈਂਕਿੰਗਜ਼ ਦੇ ਬੁੱਧਵਾਰ ਨੂੰ ਕੀਤੇ ਗਏ ਐਲਾਨ ਮੁਤਾਬਕ ਭਾਰਤ ਦੇ ਤਿੰਨ ਆਈਆਈਐਮਜ਼ ਤੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਹੈਦਰਾਬਾਦ ਨੂੰ ਆਪਣੇ ਐਮਬੀਏ ਕੋਰਸਾਂ ਲਈ ਸੰਸਾਰ ਦੇ ਚੋਟੀ ਦੇ 100 ਬਿਜ਼ਨਸ ਮੈਨੇਜਮੈਂਟ ਅਦਾਰਿਆਂ ਵਿਚ ਥਾਂ ਹਾਸਲ ਹੋਈ ਹੈ। ਦਰਜਾਬੰਦੀ ਮੁਤਾਬਕ ਅਮਰੀਕਾ ਦਾ ਸਟੈਨਫੋਰਡ ਸਕੂਲ ਆਫ਼ ਬਿਜ਼ਨਸ ਇਸ ਸਬੰਧੀ ਦੁਨੀਆਂ ਭਰ ਵਿਚ ਚੋਟੀ ਉਤੇ ਹੈ।
ਭਾਰਤ ਦੇ ਤਿੰਨ ਆਈਆਈਐਮਜ਼ ਹਨ ਆਈਆਈਐਮ ਅਹਿਮਦਾਬਾਦ, ਆਈਆਈਐਮ ਬੰਗਲੌਰ ਅਤੇ ਆਈਆਈਐਮ ਕਲਕੱਤਾ। ਇਹ ਅਤੇ ਤਿੰਨ ਬਿਜ਼ਨਸ ਸਕੂਲ ਐਮਬੀਏ ਕਰੋਸ ਰੁਜ਼ਗਾਰਯੋਗਤਾ ਦੇ ਪੱਖ ਤੋਂ ਚੋਟੀ ਦੇ 50 ਆਲਮੀ ਅਦਾਰਿਆਂ ਵਿਚ ਸ਼ੁਮਾਰ ਹਨ।
ਸਾਲ 2025 ਲਈ ਜਾਰੀ ਕੀਤੀ ਗਈ ਕਿਊਐਸ ਆਲਮੀ ਲਿਸਟ ਵਿਚ ਕੁੱਲ ਮਿਲਾ ਕੇ ਦੇਸ਼ ਦੇ 14 ਐਮਬੀਏ ਪ੍ਰੋਗਰਾਮਾਂ ਨੂੰ ਥਾਂ ਹਾਸਲ ਹੋਈ ਹੈ, ਜਿਨ੍ਹਾਂ ਵਿਚੋਂ ਤਿੰਨ ਅਦਾਰੇ ਐਤਕੀਂ ਪਹਿਲੀ ਵਾਰ ਇਸ ਸੂਚੀ ਵਿਚ ਸ਼ਾਮਲ ਹੋਏ ਹਨ ।
ਕਿਊਐਸ ਗਲੋਬਲ ਐਮਬੀਏ ਐਂਡ ਬਿਜ਼ਨਸ ਮਾਸਟਰਜ਼ ਰੈਂਕਿੰਗਜ਼ 2025 ਦੁਨੀਆਂ ਭਰ ਦੇ 58 ਮੁਲਕਾਂ ਤੇ ਖ਼ਿੱਤਿਆਂ ਵਿਚ ਫੈਲੀ ਹੋਈ ਹੈ, ਜਿਸ ਤਹਿਤ ਦੁਨੀਆਂ ਦੇ ਬਿਹਤਰੀਨ 340 ਸਕੂਲਾਂ ਦਾ ਮੁਲੰਕਣ ਕੀਤਾ ਜਾਂਦਾ ਹੈ। -ਪੀਟੀਆਈ