ਕਿਊਐੱਸ ਰੈਂਕਿੰਗ: ਆਈਆਈਟੀ ਮੁੰਬਈ ਦਾ ਦੇਸ਼ ਵਿਚਲਾ ਸਿਖਰਲਾ ਸਥਾਨ ਬਰਕਰਾਰ
ਨਵੀਂ ਦਿੱਲੀ, 8 ਨਵੰਬਰ
ਭਾਰਤੀ ਤਕਨੀਕੀ ਸੰਸਥਾ (ਆਈਆਈਟੀ), ਮੁੰਬਈ ਨੇ ਕਿਊਐੱਸ ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼-ਏਸ਼ੀਆ ਵਿੱਚ ਭਾਰਤ ਵਿਚਲਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ ਅਤੇ ਭਾਰਤ ਨੇ ਇਸ ਸੂਚੀ ਵਿੱਚ ਰੈਂਕ ਪ੍ਰਾਪਤ ਕਰਨ ਵਾਲੀਆਂ ਯੂਨੀਵਰਸਿਟੀਆਂ ਦੀ ਗਿਣਤੀ ਵਿੱਚ ਚੀਨ ਨੂੰ ਪਛਾੜ ਦਿੱਤਾ ਹੈ। ਅੱਜ ਜਾਰੀ ਕੀਤੀ ਗਈ ਰੈਂਕਿੰਗ (ਦਰਜਾਬੰਦੀ) ਵਿੱਚ ਦੱਸਿਆ ਗਿਆ ਹੈ ਕਿ ਭਾਰਤ ਵਿੱਚ ਹੁਣ ਸਭ ਤੋਂ ਵੱਧ ਪ੍ਰਤੀਨਿਧਤਾ ਵਾਲੀ ਉਚ ਸਿੱਖਿਆ ਵਿਵਸਥਾ ਹੈ ਅਤੇ ਰੈਂਕਿੰਗ ਸੂਚੀ ਵਿੱਚ ਭਾਰਤ ਦੀਆਂ 148 ਯੂਨੀਵਰਸਿਟੀਆਂ ਸ਼ਾਮਲ ਹਨ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 37 ਵੱਧ ਹਨ। ਇਸ ਤੋਂ ਬਾਅਦ ਚੀਨ ਦੀਆਂ 133 ਤੇ ਜਪਾਨ ਦੀਆਂ 96 ਉਚ ਸਿੱਖਿਆ ਸੰਸਥਾਵਾਂ ਹਨ। ਇਸੇ ਦੌਰਾਨ ਮਿਆਂਮਾਰ, ਕੰਬੋਡੀਆ ਤੇ ਨੇਪਾਲ ਨੇ ਪਹਿਲੀ ਵਾਰ ਰੈਂਕਿੰਗ ਵਿੱਚ ਥਾਂ ਬਣਾਈ ਹੈ। ਪਿਛਲੇ ਸਾਲ ਵਾਂਗ ਆਈਆਈਐੱਸਸੀ ਬੰਗਲੂਰੂ, ਦਿੱਲੀ ਯੂਨੀਵਰਸਿਟੀ ਅਤੇ ਪੰਜ ਤਕਨੀਕੀ ਸੰਸਥਾਵਾਂ-ਮੁੰਬਈ, ਦਿੱਲੀ, ਮਦਰਾਸ, ਖੜਗਪੁਰ ਤੇ ਕਾਨਪੁਰ ਨੇ ਏਸ਼ੀਆ ਦੀਆਂ ਸੌ ਸਿਖਰਲੀਆਂ ਸੰਸਥਾਵਾਂ ਵਿੱਚ ਥਾਂ ਹਾਸਲ ਕੀਤੀ ਹੈ। ਕਿਊਐੱਸ ਦੇ ਸੀਨੀਅਰ ਉਪ ਪ੍ਰਧਾਨ ਬੇਨ ਸਾਟਰ ਨੇ ਕਿਹਾ, ‘‘ਕਿਊਐੱਸ ਰੈਂਕਿੰਗ ਵਿੱਚ ਭਾਰਤੀ ਯੂਨੀਵਰਸਿਟੀਆਂ ਦੀ ਵਧਦੀ ਗਿਣਤੀ ਦੇਸ਼ ਦੇ ਉਚ ਸਿੱਖਿਆ ਦੇ ਵਿਸਥਾਰ ਨੂੰ ਦਰਸਾਉਂਦੀ ਹੈ।’’ ਇਸੇ ਦੌਰਾਨ ਭਾਰਤ ਨੇ ਪੀਐੱਚਡੀ ਸੰਕੇਤਕ ਵਿੱਚ ਕਰਮਚਾਰੀਆਂ ਲਈ ਆਪਣੇ ਸਰਵੋਤਮ ਔਸਤਨ ਅੰਕ ਹਾਸਲ ਕੀਤੇ ਹਨ। -ਪੀਟੀਆਈ