ਮੇਲੇ ਵਿੱਚ ਕੱਵਾਲਾਂ ਨੇ ਸੂਫ਼ੀਆਨਾ ਰੰਗ ਬਿਖੇਰੇ
ਦਸੂਹਾ: ਇੱਥੇ ਨੇੜਲੇ ਪਿੰਡ ਹਰਦੋਥਲਾ ਦੇ ਦਰਬਾਰੇ ਔਲੀਆ ਹਜ਼ੂਰ ਅਹਿਮਦ ਸ਼ਾਹ ਸਖੀ ਸਰਵਰ (ਆਰ.ਏ) ਵਿਖੇ ਗੱਦੀਨਸ਼ੀਨ ਬਾਬਾ ਮਨਜੀਤ ਸ਼ਾਹ ਦੀ ਰਹਿਨੁਮਾਈ ਹੇਠ ਕਰਵਾਇਆ ਸਾਲਾਨਾ ਜੋੜ ਮੇਲਾ ਯਾਦਗਾਰੀ ਹੋ ਨਿੱਬੜਿਆ। ਦਿਨ-ਰਾਤ ਚੱਲੇ ਮੇਲੇ ਵਿੱਚ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ, ਸਾਬਕਾ ਕਮਿਸ਼ਨਰ ਲਖਵਿੰਦਰ ਸਿੰਘ ਲੱਖੀ ਗਿੱਲਜੀਆ, ਧਾਰਮਿਕ ਹਸਤੀ ਪੀਰ ਸਰਦਾਰ ਸ਼ਾਹ ਅਜਮੇਰ ਸ਼ਰੀਫ ਤਾਰਾਗੜ੍ਹ ਤੇ ਰਾਜਾ ਬਾਈ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਵੱਡੀ ਗਿਣਤੀ ’ਚ ਸੰਗਤ ਦੀ ਹਾਜ਼ਰੀ ’ਚ ਬਾਬਾ ਮਨਜੀਤ ਸ਼ਾਹ ਨੇ ਚਿਰਾਗ ਦੀ ਰਸਮ ਅਦਾ ਕੀਤੀ। ਦੁਪਿਹਰ ਦੀ ਸੂਫ਼ੀਆਨਾ ਮਹਿਫਿਲ ਵਿੱਚ ਮੁਕੇਸ਼ ਇਨਾਇਤ, ਸਰਦਾਰ ਅਲੀ, ਸੰਨੀ ਸਲੀਮ ਤੇ ਅਸ਼ਰਫ ਅਲੀ ਐਂਡ ਪਾਰਟੀ ਨੇ ਸੂਫ਼ੀਆਨਾ ਰੰਗ ਬਿਖੇਰੇ ਜਦੋਂਕਿ ਰਾਤ ਦੀ ਮਹਿਫਿਲ ਵਿੱਚ ਕੱਵਾਲ ਕੁਲਦੀਪ ਕਾਦਰ, ਸ਼ੋਕਤ ਸਾਬਰੀ ਤੇ ਅਲੀ ਬ੍ਰਦਰਜ਼ ਨੇ ਸਰੋਤੇ ਕੀਲੇ। ਬਾਬਾ ਮਨਜੀਤ ਸ਼ਾਹ ਵੱਲੋਂ ਮਹਿਮਾਨਾਂ, ਗਾਇਕਾਂ ਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੇਲਾ ਪ੍ਰਬੰਧਕ ਤਰਸੇਮ ਸਿੰਘ, ਡਾ. ਸੁਖਵਿੰਦਰ ਸਿੰਘ, ਸਾਂਈ ਕਾਲੇ ਸ਼ਾਹ, ਅਮਿਤ ਹਾਂਡਾ, ਵਿਵਾਨ ਸ਼ਾਹ ਤੇ ਮਨਦੀਪ ਕੌਰ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ