For the best experience, open
https://m.punjabitribuneonline.com
on your mobile browser.
Advertisement

ਕਤਰ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭਾਰਤੀ ਦੂਤਾਵਾਸ ਨੂੰ ਸੌਂਪੇ

06:55 AM Aug 29, 2024 IST
ਕਤਰ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭਾਰਤੀ ਦੂਤਾਵਾਸ ਨੂੰ ਸੌਂਪੇ
Advertisement

ਨਵੀਂ ਦਿੱਲੀ:

Advertisement

ਬਿਨਾਂ ਮਨਜ਼ੂਰੀ ਤੋਂ ਇਕ ਧਾਰਮਿਕ ਸਥਾਨ ਚਲਾਉਣ ’ਤੇ ਕਤਰ ਅਥਾਰਿਟੀਜ਼ ਵੱਲੋਂ ਹਾਸਲ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅੱਜ ਦੋਹਾ ਵਿੱਚ ਭਾਰਤੀ ਦੂਤਾਵਾਸ ਨੂੰ ਸੌਂਪੇ ਗਏ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਦਿੱਤੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਇਕ ਬਿਆਨ ਵਿੱਚ ਕਤਰ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਉਨ੍ਹਾਂ ਖਾੜੀ ਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨੂੰ ਉੱਥੋਂ ਦੇ ਸਥਾਨਕ ਕਾਨੂੰਨਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ ਹੈ। ਜੈਸਵਾਲ ਨੇ ‘ਐਕਸ’ ਉੱਤੇ ਕਿਹਾ, ‘‘ਕਤਰ ਅਥਾਰਿਟੀਜ਼ ਨੇ ਅੱਜ ਦੋਹਾ ਵਿਚਲੇ ਸਾਡੇ ਦੂਤਾਵਾਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਸੌਂਪੇ ਹਨ। ਬਿਨਾ ਮਨਜ਼ੂਰੀ ਤੋਂ ਧਾਰਮਿਕ ਸਥਾਨ ਚਲਾਉਣ ਦੇ ਇਕ ਮਾਮਲੇ ਵਿੱਚ ਭਾਰਤੀ ਨਾਗਰਿਕਾਂ ਕੋਲੋਂ ਇਹ ਪਾਵਨ ਸਰੂਪ ਹਾਸਲ ਕੀਤੇ ਗਏ ਸਨ। ਅਸੀਂ ਇਸ ਲਈ ਕਤਰ ਸਰਕਾਰ ਦਾ ਧੰਨਵਾਦ ਕਰਦੇ ਹਾਂ।’’ ਉਨ੍ਹਾਂ ਨਾਲ ਹੀ ਇਹ ਵੀ ਕਿਹਾ, ‘‘ਅਸੀਂ ਕਤਰ ਜਾਂ ਹੋਰ ਦੇਸ਼ਾਂ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਸਾਰੇ ਮਾਮਲਿਆਂ ਵਿੱਚ ਉੱਥੋਂ ਦੇ ਸਥਾਨਕ ਕਾਨੂੰਨਾਂ ਤੇ ਨਿਯਮਾਂ ਦੀ ਪਾਲਣਾ ਕਰਨ।’’ਇਸ ਤੋਂ ਪਹਿਲਾਂ 23 ਅਗਸਤ ਨੂੰ ਜੈਸਵਾਲ ਨੇ ਦੱਸਿਆ ਸੀ ਕਿ ਕਤਰ ਸਰਕਾਰ ਦੀ ਮਨਜ਼ੂਰੀ ਤੋਂ ਬਿਨਾ ਇਕ ਧਾਰਮਿਕ ਸਥਾਨ ਚਲਾਉਣ ਦੇ ਦੋਸ਼ ਹੇਠ ਕਤਰ ਦੇ ਅਧਿਕਾਰੀਆਂ ਨੇ ਦੋ ਵਿਅਕਤੀਆਂ/ਸਮੂਹਾਂ ਕੋਲੋਂ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਹਾਸਲ ਕੀਤੇ। ਬਠਿੰਡਾ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ 23 ਅਗਸਤ ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਅਪੀਲ ਕੀਤੀ ਸੀ ਕਿ ਕਤਰ ਪੁਲੀਸ ਕੋਲ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਛੁਡਾਇਆ ਜਾਵੇ। ਉਨ੍ਹਾਂ ਜੈਸ਼ੰਕਰ ਨੂੰ ਇਹ ਮਾਮਲਾ ਕਤਰ ਅਥਾਰਿਟੀਜ਼ ਨਾਲ ਉਠਾਉਣ ਅਤੇ ਕਤਰ ਦੇ ਸਿੱਖਾਂ ਨੂੰ ਉੱਥੇ ਗੁਰਦੁਆਰੇ ਸਥਾਪਤ ਕਰਨ ਦੀ ਇਜਾਜ਼ਤ ਦਿਵਾਉਣ ਦੀ ਅਪੀਲ ਵੀ ਕੀਤੀ ਸੀ। -ਏਐੱਨਆਈ

Advertisement

ਕਤਰ ’ਚ ਪੁਲੀਸ ਪਾਸੋਂ ਵਾਪਸ ਲਏ ਪਾਵਨ ਸਰੂਪ ਭਾਰਤ ਲਿਆਵੇ ਕੇਂਦਰ ਸਰਕਾਰ: ਧਾਮੀ

ਅੰਮ੍ਰਿਤਸਰ (ਟਨਸ):

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਦੇਸ਼ ਮੰਤਰਾਲੇ ਵੱਲੋਂ ਕਤਰ ਦੀ ਸਥਾਨਕ ਪੁਲੀਸ ਪਾਸੋਂ ਦੋ ਪਾਵਨ ਸਰੂਪ ਹਾਸਲ ਕੀਤੇ ਜਾਣ ਦਾ ਸਵਾਗਤ ਕਰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਪਾਵਨ ਸਰੂਪ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਢੁੱਕਵੀਂ ਕਾਰਵਾਈ ਕਰਨ ਲਈ ਕਿਹਾ ਗਿਆ ਸੀ। ਉਪਰੰਤ ਸ਼੍ਰੋਮਣੀ ਕਮੇਟੀ ਨੇ ਵਿਦੇਸ਼ ਮੰਤਰਾਲੇ ਅਤੇ ਕਤਰ ਵਿੱਚ ਭਾਰਤੀ ਦੂਤਾਵਾਸ ਨੂੰ ਪੱਤਰ ਭੇਜ ਕੇ ਇਸ ਮਾਮਲੇ ’ਚ ਦਖ਼ਲ ਦੇਣ ਦੀ ਅਪੀਲ ਕੀਤੀ ਸੀ। ਅੱਜ ਵਿਦੇਸ਼ ਮੰਤਰੀ ਦੇ ਅੰਡਰ ਸੈਕਟਰੀ ਵਿਭੂਤੀ ਨਾਥ ਪਾਂਡੇ ਨੇ ਐੱਸਜੀਪੀਸੀ ਨੂੰ ਜਾਣਕਾਰੀ ਦਿੱਤੀ ਕਿ ਕਤਰ ਵਿਚਲੇ ਭਾਰਤੀ ਦੂਤਾਵਾਸ ਨੇ ਉੱਥੋਂ ਦੀ ਸਥਾਨਕ ਪੁਲੀਸ ਕੋਲੋਂ ਦੋ ਪਾਵਨ ਸਰੂਪ ਵਾਪਸ ਲੈ ਲਏ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਪਾਵਨ ਸਰੂਪ ਭਾਰਤ ਲਿਆਉਣ ਦੀ ਮੰਗ ਕੀਤੀ ਹੈ। ਧਾਮੀ ਨੇ ਕਿਹਾ ਕਿ ਇਹ ਮਾਮਲਾ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੋਣ ਕਰ ਕੇ ਬੇਹੱਦ ਸੰਜੀਦਾ ਹੈ। ਭਾਰਤ ਸਰਕਾਰ ਨੇ ਜਿੱਥੇ ਇਸ ’ਤੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ, ਉੱਥੇ ਹੀ ਹੁਣ ਇਸ ਉੱਤੇ ਅਗਲੀ ਕਾਰਵਾਈ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਵੇਂ ਪਾਵਨ ਸਰੂਪ ਭਾਰਤ ਲਿਆਂਦੇ ਜਾਣ। ਉਨ੍ਹਾਂ ਕਿਹਾ ਕਿ ਕਤਰ ਪੁਲੀਸ ਪਾਸੋਂ ਵਾਪਸ ਲਏ ਪਾਵਨ ਸਰੂਪ ਸ਼੍ਰੋਮਣੀ ਕਮੇਟੀ ਨੂੰ ਸੌਂਪੇ ਜਾਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਦੀ ਅਦਬ ਸਤਿਕਾਰ ਸਹਿਤ ਸੇਵਾ ਸੰਭਾਲ ਕੀਤੀ ਜਾ ਸਕੇ ਜਾ ਸਕੇ।

Advertisement
Author Image

joginder kumar

View all posts

Advertisement