ਪਾਇਟੈਕਸ ਵਪਾਰ ਮੇਲਾ: ਪੀਐੱਚਡੀ ਚੈਂਬਰ ਵੱਲੋਂ ਮਹਿਲਾ ਉੱਦਮੀਆਂ ਦਾ ਸਨਮਾਨ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਦਸੰਬਰ
ਪੀਐੱਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਕਰਵਾਏ ਗਏ 17ਵੇਂ ਪਾਇਟੈਕਸ ਵਪਾਰ ਮੇਲੇ ਵਿਚ ਅੱਜ ਪਹਿਲੀ ਵਾਰ ਉਨ੍ਹਾਂ ਮਹਿਲਾ ਕਾਰੋਬਾਰੀਆਂ ਦਾ ਸਨਮਾਨ ਕੀਤਾ ਗਿਆ ਜੋ ਪਿਛਲੇ ਕਈ ਸਾਲਾਂ ਤੋਂ ਇਥੇ ਆ ਕੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰ ਰਹੀਆਂ ਹਨ ਅਤੇ ਇਸ ਵਪਾਰ ਮੇਲੇ ਦਾ ਹਿੱਸਾ ਬਣੀਆਂ ਹਨ। ਇਸ ਦੌਰਾਨ ਅੱਜ ਤੀਜੇ ਦਿਨ ਵਪਾਰ ਮੇਲੇ ਵਿਚ ਸ਼ਾਮ ਵੇਲੇ ਲੋਕਾਂ ਦੀ ਭਾਰੀ ਆਮਦ ਹੋਈ। ਇਸ ਦੌਰਾਨ ਡਿਪਟੀ ਕਮਿਸ਼ਨਰ ਦੀ ਪਤਨੀ ਤੇ ਆਈਆਰਐੱਸ ਅਧਿਕਾਰੀ ਡਾ. ਗਗਨ ਕੁੰਦਨ ਥੋਰੀ, ਡਾ. ਤਰੁਣਦੀਪ ਕੌਰ, ਡਾ. ਕੰਚਨ ਗਰਗ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ ਅਤੇ ਮਹਿਲਾ ਉੱਦਮੀਆਂ ਦਾ ਸਨਮਾਨ ਕੀਤਾ।
ਪੀਐੱਚਡੀ ਚੈਂਬਰ ਦੀ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਨੇ ਕਿਹਾ ਕਿ ਵਪਾਰ ਮੇਲੇ ਵਿਚ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਵਾਰ ਵੀ ਕੁੱਲ ਸਟਾਲਾਂ ’ਚੋਂ 35 ਫੀਸਦੀ ਸਟਾਲ ਔਰਤਾਂ ਉੱਦਮੀਆਂ ਕੋਲ ਹਨ। ਇਨ੍ਹਾਂ ਵਿੱਚ ਪੰਜਾਬ, ਹਿਮਾਚਲ, ਜੰਮੂ-ਕਸ਼ਮੀਰ ਵਿੱਚ ਚੱਲ ਰਹੇ ਔਰਤਾਂ ਦੇ ਸਵੈ-ਸਹਾਇਤਾ ਗਰੁੱਪ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਸਮਾਗਮ ਰਾਹੀਂ ਮਹਿਲਾ ਉੱਦਮੀਆਂ ਦੇ ਉਤਪਾਦਾਂ ਨੂੰ ਨਵੀਂ ਪਛਾਣ ਮਿਲੀ ਹੈ।
ਇਸ ਮੌਕੇ ਰੇਵੜੀ-ਗੱਚਕ ਦਾ ਕਾਰੋਬਾਰ ਚਲਾਉਣ ਵਾਲੀ ਮਹਿਲਾ ਕਾਰੋਬਾਰੀ ਰਾਜ ਕੁਮਾਰੀ, ਫੁਲਕਾਰੀ ਉਦਯੋਗਪਤੀ ਇਸ਼ਾਨੀ ਬੱਤਰਾ, ਥਾਈਲੈਂਡ ਤੋਂ ਆਈ ਅਜ਼ਰਾ, ਇਲੈਕਟ੍ਰਿਕ ਕੰਬਲ ਦਾ ਕਾਰੋਬਾਰ ਚਲਾਉਣ ਵਾਲੀ ਰਿਪਤੀ ਟੁਟੇਜਾ, ਕੁਆਲਿਟੀ ਗਾਰਡਨ ਸੈਂਟਰ ਦੀ ਡਾਇਰੈਕਟਰ ਸਿਲਕੀਆਨਾ ਮਲਹੋਤਰਾ, ਅਚਾਰ-ਚਟਨੀ ਦਾ ਕਾਰੋਬਾਰ ਚਲਾ ਰਹੀ ਸ਼ਰੂਤੀ ਗੋਇਲ, ਸੈਲਫ ਹੈਲਪ ਗਰੁੱਪ ਚਲਾਉਣ ਵਾਲੀ ਹਰਜਿੰਦਰ ਕੌਰ ਅਤੇ ਪੇਂਟਿੰਗ ਵਿਕਰੇਤਾ ਸ਼ਵੇਤਾ ਕਪੂਰ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼ੀ ਫੋਰਮ ਦੀ ਖੇਤਰੀ ਕੋਆਰਡੀਨੇਟਰ ਟੀਨਾ ਅਗਰਵਾਲ ਨੇ ਕਿਹਾ ਕਿ ਫੋਰਮ ਜਿਥੇ ਮਹਿਲਾ ਉੱਦਮੀਆਂ ਨੂੰ ਵਧੀਆ ਪਲੇਟਫਾਰਮ ਪ੍ਰਦਾਨ ਕਰ ਰਿਹਾ ਹੈ, ਉਥੇ ਉਨ੍ਹਾਂ ਦੇ ਉਤਪਾਦਾਂ ਨੂੰ ਵਿਸ਼ਵ ਪੱਧਰ ’ਤੇ ਨਵੀਂ ਪਛਾਣ ਮਿਲੀ ਹੈ। ਇਸ ਮੌਕੇ ਸ਼ੀ ਫੋਰਮ ਦੀ ਕੋ-ਕਨਵੀਨਰ ਮੀਨਾ ਸਿੰਘ, ਸਰਗੁਣ ਸਚਦੇਵ ਸਮੇਤ ਕਈ ਪਤਵੰਤੇ ਹਾਜ਼ਰ ਸਨ।
ਪਾਇਟੈਕਸ ਵਪਾਰ ਮੇਲੇ ’ਚ ਪਹਿਲੀ ਵਾਰ ਦੋ ਰੋਜ਼ਾ ਖੂਨਦਾਨ ਕੈਂਪ
ਪਾਇਟੈਕਸ ਵਪਾਰ ਮੇਲੇ ਦੌਰਾਨ ਅੱਜ ਪੀਐੱਚਡੀ ਚੈਂਬਰ ਦੇ ਮਹਿਲਾ ਵਿੰਗ ਸ਼ੀ ਫੌਰਮ ਵਲੋਂ ਇੱਥੇ ਦੋ ਰੋਜ਼ਾ ਖੂਨਦਾਨ ਕੈਂਪ ਲਾਇਆ ਗਿਆ, ਜਿਸ ਦੇ ਪਹਿਲੇ ਦਿਨ 40 ਲੋਕਾਂ ਨੇ ਖੂਨਦਾਨ ਕੀਤਾ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਖੂਨਦਾਨ ਕੈਂਪ ਦੀ ਸ਼ੁਰੂਆਤ ਕੀਤੀ। ਕੈਂਪ ਸ਼ੀ ਫੌਰਮ ਵਲੋਂ ਖ਼ਾਲਸਾ ਬਲੱਡ ਡੋਨੇਟ ਯੂਨਿਟੀ ਅਤੇ ਪਲਸ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ। ਚੈਂਬਰ ਵੱਲੋਂ ਵਪਾਰ ਮੇਲੇ ਦੌਰਾਨ ਇੱਥੇ ਪਹਿਲੀ ਵਾਰ ਖੂਨਦਾਨ ਕੈਂਪ ਲਗਾਇਆ ਗਿਆ ਹੈ। ਇੱਥੇ ਆਉਣ ਵਾਲਾ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਖੂਨਦਾਨ ਕਰ ਸਕਦਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ 53 ਵਾਰ ਖ਼ੂਨਦਾਨ ਕਰਨ ਵਾਲੇ ਪੰਜਾਬ ਪੁਲੀਸ ਦੇ ਏਐੱਸਆਈ ਦਰਸ਼ਨ ਸਿੰਘ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।