ਸਵਰਾਜਬੀਰ ਨੂੰ ਪਿਆਰਾ ਸਿੰਘ ਭੋਗਲ ਯਾਦਗਾਰੀ ਪੁਰਸਕਾਰ
ਜਸਬੀਰ ਸਿੰਘ ਚਾਨਾ
ਫਗਵਾੜਾ, 22 ਅਕਤੂਬਰ
ਪ੍ਰੋ. ਪਿਆਰਾ ਸਿੰਘ ਭੋਗਲ ਯਾਦਗਾਰੀ ਪੁਰਸਕਾਰ ਨਾਟਕਕਾਰ, ਸ਼ਾਇਰ ਤੇ ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਸੰਪਾਦਕ ਡਾ. ਸਵਰਾਜਬੀਰ ਸਿੰਘ ਨੂੰ ਉਨ੍ਹਾਂ ਦੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਦੇ ਪ੍ਰਸ਼ੰਸਾਯੋਗ ਉਪਰਾਲਿਆਂ ਲਈ ਦਿੱਤਾ ਗਿਆ। ਇਹ ਪਲੇਠਾ ਪੁਰਸਕਾਰ ਉਨ੍ਹਾਂ ਨੂੰ ਬਲੱਡ ਬੈਂਕ ਫਗਵਾੜਾ ’ਚ ਕਰਵਾਏ ਸਮਾਗਮ ਦੌਰਾਨ ਭੇਟ ਕੀਤਾ ਗਿਆ। ਇਸ ਵਿੱਚ 51,000 ਰੁਪਏ, ਲੋਈ, ਮੋਮੈਂਟੋ ਤੇ ਸਨਮਾਨ ਪੱਤਰ ਸ਼ਾਮਲ ਹਨ। ਇਹ ਪੁਰਸਕਾਰ ਪ੍ਰੋ. ਪਿਆਰਾ ਸਿੰਘ ਭੋਗਲ ਯਾਦਗਾਰੀ ਪੁਰਸਕਾਰ ਕਮੇਟੀ, ਜਿਸ ਦੀ ਅਗਵਾਈ ਪ੍ਰੋਂ. ਜਸਵੰਤ ਸਿੰਘ ਗੰਡਮ ਕਰਦੇ ਹਨ, ਵੱਲੋਂ ਕਮੇਟੀ ਮੈਂਬਰਾਂ ਸਣੇ ਦਿੱਤਾ ਗਿਆ।
ਇਸ ਮੌਕੇ ‘ਦੇਸ਼ ਦੀ ਅਜੋਕੀ ਸਥਿਤੀ ’ਚ ਪੰਜਾਬ ਦਾ ਰੋਲ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਪ੍ਰੋ. ਗੰਡਮ ਨੇ ਕਿਹਾ ਕਿ ਡਾ. ਸਵਰਾਜਬੀਰ ਨੇ ਦਰਜਨ ਤੋਂ ਵੱਧ ਨਾਟਕ, ਤਿੰਨ ਕਾਵਿ-ਸੰਗ੍ਰਹਿ ਤੇ ਲੇਖ ਪੁਸਤਕ ਪੰਜਾਬੀ ਦੀ ਝੋਲੀ ਪਾਏ ਹਨ। ਇਸ ਮੌਕੇ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਪ੍ਰੋ. ਪਿਆਰਾ ਸਿੰਘ ਭੋਗਲ ਬਾਰੇ ਜਾਣਕਾਰੀ ਸਾਂਝੀ ਕੀਤੀ।
ਡਾ. ਸਵਰਾਜਬੀਰ ਸਿੰਘ ਨੇ ਕਿਹਾ ਕਿ ਭਾਰਤ ਦੀ ਅਜੋਕੀ ਸਿਆਸੀ ਸਥਿਤੀ ’ਚ ਕੇਂਦਰ ਸਰਕਾਰ ਕੁਝ ਸੂਬਿਆਂ ’ਤੇ ਹਾਵੀ ਹੋ ਕੇ ਆਪਣੀ ਸਿਆਸਤ ਤਹਿਤ ਸਾਰੇ ਦੇਸ਼ ਦੀ ਨੁਹਾਰ ਇੱਕ ਖ਼ਾਸ ਪਾਸੇ ਵੱਲ ਮੋੜਨਾ ਚਾਹੁੰਦੀ ਹੈ ਪਰ ਅਜਿਹਾ ਕਦੇ ਨਹੀਂ ਹੋ ਸਕਦਾ, ਕਿਉਂਕਿ ਦੇਸ਼ ਇਕਸਾਰ ਤੇ ਇੱਕ ਰੰਗ ਵਿੱਚ ਨਹੀਂ ਵੇਖਿਆ ਜਾ ਸਕਦਾ। 2021 ਵਾਲੇ ਕਿਸਾਨ ਅੰਦੋਲਨ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੇ ਸਦੀ ਦੇ ਸਭ ਤੋਂ ਉਦਾਸ ਸਮਿਆਂ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ ਕਿਸਾਨ, ਕਿਰਤੀ, ਦਲਿਤ, ਕਾਰੀਗਰ ਇਕੱਠੇ ਹੋ ਕੇ ਵੱਖਵਾਦੀ ਨਿਜ਼ਾਮ ਨਾਲ ਲੋਹਾ ਲੈ ਸਕਣ ਦੇ ਸਮਰੱਥ ਹਨ।
ਸਮਾਗਮ ਨੂੰ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ, ਮੰਗਤ ਰਾਮ ਪਾਸਲਾ ਨੇ ਵੀ ਸੰਬੋਧਨ ਕੀਤਾ। ਪ੍ਰੋ. ਪਿਆਰਾ ਸਿੰਘ ਭੋਗਲ ਦੇ ਪਰਿਵਾਰ ਵੱਲੋਂ ਡਾ. ਗੁਲਜ਼ਾਰ ਸਿੰਘ ਵਿਰਦੀ ਨੇ ਧੰਨਵਾਦ ਕੀਤਾ। ਇਸ ਮੌਕੇ ਭੋਗਲ ਦੀ ਪੁੱਤਰੀ ਦੀਪ ਭੋਗਲ, ਦੋਹਤੀ ਡਾ. ਹਰਲੀਨ ਕੌਰ ਵਾਲੀਆ, ਕਰਨਜੀਤ ਸਿੰਘ ਵਾਲੀਆ, ਰਵਿੰਦਰ ਚੋਟ, ਸੁਰਜੀਤ ਜੱਜ, ਡਾ. ਭੁਪਿੰਦਰ ਕੌਰ ਸ਼ਾਮਲ ਸਨ।