ਪੂਤਿਨ ਨੇ ਬਗ਼ਾਵਤ ਨੂੰ ਦੇਸ਼ਧ੍ਰੋਹ ਅਤੇ ਵਿਸ਼ਵਾਸਘਾਤ ਕਰਾਰ ਦਿੱਤਾ
ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਨਿੱਜੀ ਫ਼ੌਜ ‘ਵੈਗਨਰ ਗਰੁੱਪ’ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਵੱਲੋਂ ਕੀਤੀ ਗਈ ਬਗ਼ਾਵਤ ਨੂੰ ‘ਦੇਸ਼ਧ੍ਰੋਹ’ ਅਤੇ ਵਿਸ਼ਵਾਸਘਾਤ ਕਰਾਰ ਦਿੱਤਾ ਹੈ। ਉਨ੍ਹਾਂ ਅਹਿਦ ਲਿਆ ਹੈ ਕਿ ਉਹ ਹਰ ਕੀਮਤ ‘ਤੇ ਰੂਸ ਅਤੇ ਮੁਲਕ ਦੇ ਲੋਕਾਂ ਦੀ ਰੱਖਿਆ ਕਰਨਗੇ। ਪੂਤਿਨ ਨੇ ਕਿਹਾ ਕਿ ਪ੍ਰਿਗੋਜ਼ਿਨ ਨੇ ‘ਪਿੱਠ ‘ਚ ਛੁਰਾ’ ਮਾਰਿਆ ਹੈ। ਦੇਸ਼ ਦੇ ਨਾਮ ਆਪਣੇ ਸੰਬੋਧਨ ‘ਚ ਪੂਤਿਨ ਨੇ ਕਿਹਾ ਕਿ ਰੂਸ ਆਪਣੇ ਭਵਿੱਖ ਲਈ ਸਭ ਤੋਂ ਮੁਸ਼ਕਲ ਲੜਾਈ ਲੜ ਰਿਹਾ ਹੈ। ਉਨ੍ਹਾਂ ਪ੍ਰਿਗੋਜ਼ਿਨ ਦਾ ਨਾਮ ਲਏ ਬਿਨਾਂ ਕਿਹਾ ਕਿ ਬਗ਼ਾਵਤ ਦੇਸ਼ ਲਈ ਵੱਡਾ ਖ਼ਤਰਾ ਹੈ ਅਤੇ ਬਾਗ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਗ਼ਾਵਤ ਦੀ ਸਾਜ਼ਿਸ਼ ਘੜਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਪੂਤਿਨ ਨੇ ਕਿਹਾ ਕਿ ਹਥਿਆਰਬੰਦ ਬਲਾਂ ਅਤੇ ਹੋਰ ਸਰਕਾਰੀ ਏਜੰਸੀਆਂ ਨੂੰ ਲੋੜੀਂਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਰੂਸੀ ਸੁਰੱਖਿਆ ਸੇਵਾਵਾਂ ਨੇ ਪ੍ਰਿਗੋਜ਼ਿਨ ਦੀ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ ਹਨ। ਅਧਿਕਾਰੀਆਂ ਨੇ ਮਾਸਕੋ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਸੁਰੱਖਿਆ ਵਧਾਉਂਦਿਆਂ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਹੈ। ਉਧਰ ਪ੍ਰਿਗੋਜ਼ਿਨ ਨੇ ਪੂਤਿਨ ਵੱਲੋਂ ਉਨ੍ਹਾਂ ‘ਤੇ ਵਿਸ਼ਵਾਸਘਾਤ ਕਰਨ ਦੇ ਲਗਾਏ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਬਾਗ਼ੀ ਨਹੀਂ ਸਗੋਂ ਦੇਸ਼ਭਗਤ ਹਨ। ਟੈਲੀਗ੍ਰਾਮ ਚੈਨਲ ‘ਤੇ ਆਡੀਓ ਸੁਨੇਹੇ ‘ਚ ਪ੍ਰਿਗੋਜ਼ਿਨ ਨੇ ਕਿਹਾ ਕਿ ਉਸ ਦੇ ਲੜਾਕੇ ਪੂਤਿਨ ਦੇ ਐਲਾਨ ਮਗਰੋਂ ਪਿੱਛੇ ਨਹੀਂ ਹਟਣਗੇ ਕਿਉਂਕਿ ਉਹ ਨਹੀਂ ਚਾਹੁੰਦੇ ਹਨ ਕਿ ਦੇਸ਼ ਭ੍ਰਿਸ਼ਟਾਚਾਰ, ਬੇਈਮਾਨੀ ਤੇ ਅਫ਼ਸਰਸ਼ਾਹੀ ਦੇ ਜਾਲ ‘ਚ ਫਸਿਆ ਰਹੇ। ਉਸ ਨੇ ਕਿਹਾ ਕਿ ਇਹ ਫ਼ੌਜੀ ਬਗ਼ਾਵਤ ਨਹੀਂ ਹੈ ਸਗੋਂ ਇਨਸਾਫ਼ ਲਈ ਮਾਰਚ ਹੈ। -ਏਪੀ