For the best experience, open
https://m.punjabitribuneonline.com
on your mobile browser.
Advertisement

ਪੂਤਿਨ ਅਤੇ ਮੋਦੀ ਨੇ ਫੋਨ ’ਤੇ ਯੂਕਰੇਨ ਜੰਗ ਸਮੇਤ ਹੋਰ ਮੁੱਦੇ ਵਿਚਾਰੇ

06:45 AM Jul 01, 2023 IST
ਪੂਤਿਨ ਅਤੇ ਮੋਦੀ ਨੇ ਫੋਨ ’ਤੇ ਯੂਕਰੇਨ ਜੰਗ ਸਮੇਤ ਹੋਰ ਮੁੱਦੇ ਵਿਚਾਰੇ
Advertisement

ਮਾਸਕੋ/ਨਵੀਂ ਦਿੱਲੀ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ’ਤੇ ਅਰਥ ਭਰਪੂਰ ਗੱਲਬਾਤ ਕੀਤੀ ਅਤੇ ਯੂਕਰੇਨ ਜੰਗ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਦੋਵੇਂ ਆਗੂਆਂ ਨੇ ਦੁਵੱਲੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ਦਾ ਅਹਿਦ ਵੀ ਦੁਹਰਾਇਆ। ਦੋਵੇਂ ਆਗੂਆਂ ਵਿਚਕਾਰ ਟੈਲੀਫੋਨ ਵਾਰਤਾ ਉਸ ਸਮੇਂ ਹੋਈ ਹੈ ਜਦੋਂ ਭਾਰਤ 4 ਜੁਲਾਈ ਨੂੰ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਕ ਦਿਨ ਪਹਿਲਾਂ ਰੂਸ ਦੇ ਸੁਰੱਖਿਆ ਕੌਂਸਲ ਸਕੱਤਰ ਨਿਕੋਲਾਈ ਪੈਤਰੂਸ਼ੇਵ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਰੂਸ ਦੇ ਤਾਜ਼ਾ ਸੁਰੱਖਿਆ ਘਟਨਾਕ੍ਰਮ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੋਦੀ ਅਤੇ ਪੂਤਿਨ ਨੇ ਆਪਸੀ ਹਿੱਤਾਂ ਵਾਲੇ ਖੇਤਰੀ ਅਤੇ ਆਲਮੀ ਮੁੱਦਿਆਂ ਬਾਰੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ ਕਿ ਦੋਵੇਂ ਆਗੂਆਂ ਨੇ ਇਕ-ਦੂਜੇ ਦੇ ਸੰਪਰਕ ’ਚ ਰਹਿਣ ਅਤੇ ਰਣਨੀਤਕ ਮਾਮਲਿਆਂ ’ਚ ਗੱਲਬਾਤ ਜਾਰੀ ਰੱਖਣ ’ਤੇ ਸਹਿਮਤੀ ਜਤਾਈ। ਰੂਸੀ ਖ਼ਬਰ ਏਜੰਸੀ ਤਾਸ ਮੁਤਾਬਕ ਰਾਸ਼ਟਰਪਤੀ ਪੂਤਿਨ ਨੇ ਮੋਦੀ ਨੂੰ ਦੱਸਿਆ ਕਿ ਯੂਕਰੇਨ ਨੇ ਕੂਟਨੀਤਕ ਢੰਗ ਨਾਲ ਜੰਗ ਖ਼ਤਮ ਕਰਨ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਯੂਕਰੇਨ ਮਾਮਲੇ ਨੂੰ ਵਿਚਾਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਇਸ ਮੁੱਦੇ ਦਾ ਹੱਲ ਵਾਰਤਾ ਅਤੇ ਕੂਟਨੀਤਕ ਢੰਗ ਰਾਹੀਂ ਕੱਢਣ ਦਾ ਮੁੜ ਸੱਦਾ ਦਿੱਤਾ। ਕਰੈਮਲਿਨ ਦੇ ਬਿਆਨ ਮੁਤਾਬਕ ਮੋਦੀ ਨੇ ਵੈਗਨਰ ਗਰੁੱਪ ਵੱਲੋਂ ਪਿਛਲੇ ਹਫ਼ਤੇ ਕੀਤੀ ਗਈ ਬਗ਼ਾਵਤ ਦੇ ਸਬੰਧ ’ਚ ਰੂਸ ਵੱਲੋਂ ਕੀਤੀ ਗਈ ਕਾਰਵਾਈ ਦੀ ਹਮਾਇਤ ਕੀਤੀ। ਬਿਆਨ ’ਚ ਕਿਹਾ ਗਿਆ ਕਿ ਦੋਵੇਂ ਆਗੂਆਂ ਨੇ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਅਤੇ ਜੀ-20 ਸਿਖਰ ਸੰਮੇਲਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। -ਪੀਟੀਆਈ

Advertisement

ਪ੍ਰਧਾਨ ਮੰਤਰੀ ਮੋਦੀ ਰੂਸ ਦੇ ਗੂੜ੍ਹੇ ਦੋਸਤ: ਪੂਤਿਨ

ਮਾਸਕੋ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੂਸ ਦਾ ਗੂੜ੍ਹਾ ਦੋਸਤ ਕਰਾਰ ਦਿੰਦਿਆਂ ਭਾਰਤ ਦੀ ‘ਮੇਕ ਇਨ ਇੰਡੀਆ’ ਮੁਹਿੰਮ ਦੀ ਸ਼ਲਾਘਾ ਕੀਤੀ ਹੈ। ਏਜੰਸੀ ਫਾਰ ਸਟ੍ਰੈਟੇਜਿਕ ਇਨੀਸ਼ਿਏਟਿਵ (ਏਐੱਸਆਈ) ਵੱਲੋਂ ਇਥੇ ਅਰਥਚਾਰੇ ਨਾਲ ਜੁੜੇ ਕਰਵਾਏ ਗਏ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪੂਤਿਨ ਨੇ ਵੀਰਵਾਰ ਨੂੰ ਕਿਹਾ,‘‘ਸਾਡੇ ਭਾਰਤ ਵਿਚਲੇ ਦੋਸਤਾਂ ਅਤੇ ਸਾਡੇ ਵੱਡੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਸਾਲ ਪਹਿਲਾਂ ‘ਮੇਕ ਇਨ ਇੰਡੀਆ’ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦਾ ਭਾਰਤੀ ਅਰਥਚਾਰੇ ’ਤੇ ਜ਼ਬਰਦਸਤ ਪ੍ਰਭਾਵ ਪਿਆ। ਜਿਹੜੀ ਮੁਹਿੰਮ ਵਧੀਆ ਚੱਲ ਰਹੀ ਹੈ, ਉਸ ਨੂੰ ਅਪਣਾਉਣ ’ਚ ਕੋਈ ਨੁਕਸਾਨ ਨਹੀਂ ਹੋਵੇਗਾ। ਇਹ ਭਾਵੇਂ ਸਾਡੇ ਦੋਸਤਾਂ ਵੱਲੋਂ ਹੀ ਕਿਉਂ ਨਾ ਸ਼ੁਰੂ ਕੀਤੀ ਗਈ ਹੋਵੇ।’’ ਪੱਛਮੀ ਮੁਲਕਾਂ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਕਾਰਨ ਰੂਸੀ ਕੰਪਨੀਆਂ ਲਈ ਮੌਕਿਆਂ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਰਾਸ਼ਟਰਪਤੀ ਨੇ ਭਾਰਤ ਦੀ ਮੁਹਿੰਮ ਦਾ ਹਵਾਲਾ ਦਿੱਤਾ। ਸਥਾਨਕ ਮੈਨੂਫੈਕਚਰਿੰਗ ਸਮਰੱਥਾ ਵਿਕਸਤ ਕਰਨ ਦਾ ਢੁੱਕਵਾਂ ਮਾਡਲ ਬਣਾਉਣ ਅਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਆਪਣੇ ਵੱਲ ਖਿੱਚਣ ਲਈ ਭਾਰਤੀ ਲੀਡਰਸ਼ਿਪ ਦੇ ਸਿਰ ਸਿਹਰਾ ਬੰਨ੍ਹਦਿਆਂ ਪੂਤਿਨ ਨੇ ਨਿਵੇਕਲੀ ਦਿਖ ਅਤੇ ਵਧੇਰੇ ਸਹੂਲੀਅਤ ਵਾਲੇ ਉਤਪਾਦ ਮੁਲਕ ’ਚ ਹੀ ਬਣਾਉਣ ’ਤੇ ਜ਼ੋਰ ਦਿੱਤਾ। -ਆਈਏਐੱਨਐੱਸ

Advertisement

Advertisement
Tags :
Author Image

joginder kumar

View all posts

Advertisement