For the best experience, open
https://m.punjabitribuneonline.com
on your mobile browser.
Advertisement

ਸਭ ਤੋਂ ਵੱਧ ਪੰਜਾਬੀ ਪਾਇਲਟ ਬਣਾਉਣ ਵਾਲਾ ‘ਪੁਸ਼ਪਕ’ ਕਬਾੜ ਬਣਿਆ

08:18 AM Sep 22, 2023 IST
ਸਭ ਤੋਂ ਵੱਧ ਪੰਜਾਬੀ ਪਾਇਲਟ ਬਣਾਉਣ ਵਾਲਾ ‘ਪੁਸ਼ਪਕ’ ਕਬਾੜ ਬਣਿਆ
ਪਟਿਆਲਾ ਏਵੀਏਸ਼ਨ ਕਲੱਬ ਵਿੱਚ ਬਿਨਾਂ ਹੈਂਗਰ ਤੋਂ ਬਾਹਰ ਖੜ੍ਹਾ ਪੁਸ਼ਪਕ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 21 ਸਤੰਬਰ
1960 ਤੋਂ ਲੈ ਕੇ 90ਵਿਆਂ ਤੱਕ ਪੰਜਾਬੀਆਂ ਨੂੰ ਪਾਇਲਟ ਬਣਾਉਂਦਾ ਰਿਹਾ ‘ਪੁਸ਼ਪਕ’ ਜਹਾਜ਼ ਹੁਣ ਪੰਜਾਬ ਵਿੱਚ ਦਿਖਣਾ ਬੰਦ ਹੋ ਗਿਆ ਹੈ। ਖ਼ਾਸ ਕਰ ਕੇ ਪਟਿਆਲਾ, ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਏਵੀਏਸ਼ਨ ਕਲੱਬਾਂ ਵਿੱਚ ਪੁਸ਼ਪਕ ਨੇ ਬਹੁਤ ਸਾਰੇ ਪੰਜਾਬੀ ਪਾਇਲਟ ਬਣਾਏ, ਜਿਸ ਕਰਕੇ ਭਾਰਤ ਵਿੱਚ ਪੰਜਾਬੀ ਪਾਇਲਟਾਂ ਦਾ ਰਾਜ ਰਿਹਾ ਪਰ ਅੱਜ ਪ‌ਟਿਆਲਾ ਵਿੱਚ ਪੁਸ਼ਪਕ ਇਸ ਹਾਲਤ ਵਿੱਚ ਹੈ ਕਿ ਇਸ ’ਤੇ ਕੱਪੜੇ ਸੁਕਾਏ ਜਾ ਰਹੇ ਹਨ। ਇਸ ਤੋਂ ਉਲਟ ਭਾਰਤ ਵਿੱਚ ਬਣਿਆ ਪੁਸ਼ਪਕ ਬਰਤਾਨੀਆ ਵਰਗੇ ਮੁਲਕਾਂ ਵਿੱਚ ਅਜੇ ਵੀ ਚੱਲ ਰਿਹਾ ਹੈ।
ਪੁਸ਼ਪਕ ਨਾਲ ਕਈਆਂ ਨੂੰ ਪਾਇਲਟ ਬਣਾਉਣ ਵਾਲੇ ਕਈ ਫਲਾਈਟ ਕਲੱਬਾਂ ਸਮੇਤ ਪਟਿਆਲਾ ਏਵੀਏਸ਼ਨ ਕਲੱਬ ਦੇ ਚੀਫ਼ ਫਲਾਈਟ ਇੰਸਟਰੱਕਟਰ ਰਹੇ ਕੈਪਟਨ (ਸੇਵਾਮੁਕਤ) ਮਲਕੀਤ ਸਿੰਘ ਨੇ ‘ਪੁਸ਼ਪਕ’ ਬਾਰੇ ਕਿਹਾ ਕਿ 90ਵਿਆਂ ਤੱਕ ਪੰਜਾਬੀਆਂ ਦਾ ਪਾਇਲਟ ਜਗਤ ਵਿੱਚ ਰਾਜ ਰਿਹਾ, ਜਿਸ ਦਾ ਮੁੱਖ ਕਾਰਨ ‘ਪੁਸ਼ਪਕ’ ਹੈ ਪਰ ਪੰਜਾਬ ਸਰਕਾਰ ਨੇ ਇਸ ਨੂੰ ਸੰਭਾਲਿਆ ਨਹੀਂ ਜਿਸ ਕਰਕੇ ਹੁਣ ਇਸ ਦੀ ਹਾਲਤ ਚੰਗੀ ਨਹੀਂ ਹੈ। ਪੁਸ਼ਪਕ ਨੂੰ 1950ਵਿਆਂ ਵਿੱਚ ਹਿੰਦੁਸਤਾਨ ਐਰੋਨੌਟਿਕਸ ਲਿਮਿਟਡ (ਐੱਚਏਐਲ) ਨੇ ਡਿਜ਼ਾਈਨ ਕਰ ਕੇ ਬਣਾਉਣਾ ਸ਼ੁਰੂ ਕੀਤਾ ਜੋ ਕਿ ਐਰੋਨਕਾ ਚੀਫ਼ ’ਤੇ ਆਧਾਰਿਤ ਸੀ। ਦੋ ਸੀਟਾਂ ਵਾਲੇ ਪੁਸ਼ਪਕ ਨੇ ਪਹਿਲੀ ਵਾਰ 28 ਸਤੰਬਰ 1958 ਨੂੰ ਉਡਾਣ ਭਰੀ ਸੀ। 1958 ਤੋਂ 1968 ਤੱਕ ਲਗਪਗ 160 ਜਹਾਜ਼ ਭਾਰਤੀ ਫਲਾਇੰਗ ਕਲੱਬਾਂ ਲਈ ਮੂਲ ਟਰੇਨਰਾਂ ਵਜੋਂ ਵਰਤਣ ਵਾਸਤੇ ਤਿਆਰ ਕੀਤੇ ਗਏ ਸਨ। 1967 ਵਿੱਚ ਇੰਦਰਾ ਗਾਂਧੀ ਨੇ ਦੋ ਪੁਸ਼ਪਕ ਮਲੇਸ਼ੀਆ ਨੂੰ ਤੋਹਫ਼ੇ ਵਿੱਚ ਦਿੱਤੇ ਤੇ ਬਾਅਦ ਵਿੱਚ ਬਰਤਾਨੀਆ ਵਿੱਚ ਪ੍ਰਾਈਵੇਟ ਮਾਲਕਾਂ ਨੂੰ ਵੀ ਵੇਚੇ ਗਏ। 1990 ਤੋਂ ਬਾਅਦ ‘ਪੁਸ਼ਪਕ’ ਦੀ ਬੇਕਦਰੀ ਹੋਣੀ ਸ਼ੁਰੂ ਹੋਈ ਜਦ ਕਿ ਬਰਤਾਨੀਆ ਵਿੱਚ ‘ਪੁਸ਼ਪਕ’ ਅੱਜ ਵੀ ਉੱਡਦਾ ਹੈ।
ਕੈਪਟਨ ਮਲਕੀਤ ਸਿੰਘ ਕਹਿੰਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਇਕ-ਦੋ ਪੁਸ਼ਪਕ ਵਿਰਾਸਤ ਵਜੋਂ ਸਾਂਭੇ ਹੋ ਸਕਦੇ ਹਨ ਪਰ ਉਹ ਕਿਤੇ ਨਜ਼ਰ ਨਹੀਂ ਆਉਂਦੇ। ਪੁਸ਼ਪਕ ਨੂੰ ਸਭ ਤੋਂ ਪਹਿਲਾਂ ਜਲੰਧਰ ਵਿੱਚ ਉਡਾਇਆ ਗਿਆ ਸੀ। ਉਸ ਤੋਂ ਬਾਅਦ ਇਹ ਪਟਿਆਲਾ ਵਿੱਚ ਬਹੁਤ ਉਡਾਇਆ ਗਿਆ, ਜਿਸ ਕਰਕੇ ਭਾਰਤ ਵਿੱਚ ਸਭ ਤੋਂ ਵੱਧ ਪਾਇਲਟ ਪੰਜਾਬ ਦੇ ਹੀ ਸਨ। 1990 ਤੋਂ ਬਾਅਦ ਇਹ ਪਾਇਲਟ ਸੇਵਾਮੁਕਤ ਹੁੰਦੇ ਗਏ ਤੇ ਪਾਇਲਟਾਂ ਦੀ ਸੂਚੀ ਵਿੱਚ ਪੰਜਾਬੀਆਂ ਦਾ ਨਾਮ ਘਟਦਾ ਗਿਆ, ਪਰ ਹੁਣ ਫਿਰ ਪੰਜਾਬੀਆਂ ਦਾ ਨਾਮ ਪਾਇਲਟਾਂ ਦੀ ਸੂਚੀ ਵਿੱਚ ਬੋਲਣ ਲੱਗ ‌ਪਿਆ ਹੈ।

Advertisement

Advertisement
Advertisement
Author Image

sukhwinder singh

View all posts

Advertisement