ਫਿਲਮ ‘ਪੁਸ਼ਪਾ 2’ ਦੇ ਅਦਾਕਾਰ ਅੱਲੂ ਅਰਜੁਨ ਨੂੰ ਅੰਤਰਿਮ ਜ਼ਮਾਨਤ
ਹੈਦਰਾਬਾਦ:
ਤੇਲਗੂ ਅਦਾਕਾਰ ਅੱਲੂ ਅਰਜੁਨ ਨੂੰ ਫਿਲਮ ‘ਪੁਸ਼ਪਾ 2: ਦਿ ਰੂਲ’ ਦੇ ਪ੍ਰੀਮੀਅਰ ਦੌਰਾਨ ਮਚੀ ਭਗਦੜ ’ਚ ਮਹਿਲਾ ਦੀ ਮੌਤ ਦੇ ਮਾਮਲੇ ’ਚ ਅੱਜ ਗ੍ਰਿਫ਼ਤਾਰੀ ਮਗਰੋਂ ਤਿਲੰਗਾਨਾ ਹਾਈ ਕੋਰਟ ਤੋਂ ਰਾਹਤ ਮਿਲ ਗਈ। ਜਦੋਂ ਉਸ ਨੂੰ ਹੇਠਲੀ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਤਾਂ ਤਿਲੰਗਾਨਾ ਹਾਈ ਕੋਰਟ ਨੇ ਉਸ ਨੂੰ ਚਾਰ ਹਫ਼ਤਿਆਂ ਲਈ ਅੰਤਰਿਮ ਜ਼ਮਾਨਤ ਦੇ ਦਿੱਤੀ। ਹਾਈ ਕੋਰਟ ਨੇ ਆਪਣੇ ਹੁਕਮਾਂ ’ਚ ਕਿਹਾ ਕਿ ਅੱਲੂ ਅਰਜੁਨ ਜਾਂਚ ’ਚ ਅਧਿਕਾਰੀਆਂ ਨਾਲ ਸਹਿਯੋਗ ਕਰੇ। ਅਦਾਕਾਰ ਨੇ ਐੱਫਆਈਆਰ ਰੱਦ ਕਰਾਉਣ ਲਈ 11 ਦਸੰਬਰ ਨੂੰ ਤਿਲੰਗਾਨਾ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਇਸ ਤੋਂ ਪਹਿਲਾਂ ਅੱਲੂ ਅਰਜੁਨ ਨੂੰ ਅੱਜ ਸਵੇਰੇ ਉਸ ਦੀ ਰਿਹਾਇਸ਼ ਤੋਂ ਹਿਰਾਸਤ ’ਚ ਲਿਆ ਗਿਆ ਸੀ ਅਤੇ ਭਾਰੀ ਸੁਰੱਖਿਆ ਹੇਠ ਚਿੱਕੜਪੱਲੀ ਪੁਲੀਸ ਸਟੇਸ਼ਨ ਲਿਆਂਦਾ ਗਿਆ, ਜਿਥੋਂ ਪੁੱਛ-ਪੜਤਾਲ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸੇ ਦੌਰਾਨ ਭਗਦੜ ’ਚ ਮਰੀ ਮਹਿਲਾ ਦੇ ਪਤੀ ਨੇ ਕਿਹਾ ਕਿ ਉਹ ਇਸ ਹਾਦਸੇ ਲਈ ਅਦਾਕਾਰ ਨੂੰ ਜ਼ਿੰਮੇਵਾਰ ਨਹੀਂ ਮੰਨਦਾ। -ਪੀਟੀਆਈ