ਪੂਰਵਾਂਚਲ ਜਨ ਕਲਿਆਣ ਸੰਗਠਨ ਦੀ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਸਤੰਬਰ
ਪੂਰਵਾਂਚਲ ਜਨ ਕਲਿਆਣ ਸੰਗਠਨ ਦੀ ਸੂਬਾ ਪੱਧਰੀ ਮੀਟਿੰਗ ਹੋਈ ਜਿਸ ਵਿੱਚ ਯੂਪੀ, ਬਿਹਾਰ ਅਤੇ ਪੂਰਵਾਂਚਲੀਆਂ ਖ਼ਿਲਾਫ਼ ਇੱਕ ਸਾਜ਼ਿਸ਼ ਤਹਿਤ ਸੂਬੇ ’ਚ ਫ਼ੈਲਾਈ ਜਾ ਰਹੀ ਨਫ਼ਰਤ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸਦਾ ਕਰੜਾ ਜਵਾਬ ਦੇਣ ਦਾ ਫ਼ੈਸਲਾ ਕੀਤਾ ਗਿਆ।
ਅੱਜ ਇੱਥੇ ਸੂਬਾ ਪ੍ਰਧਾਨ ਰਾਜੇਸ਼ ਮਿਸ਼ਰਾ ਨੇ ਕਿਹਾ ਕਿ ਪੰਜਾਬ ’ਚ ਲੱਖਾਂ ਦੀ ਗਿਣਤੀ ਵਿੱਚ ਵਸਦੇ ਉੱਤਰ ਪ੍ਰਦੇਸ਼, ਬਿਹਾਰ ਅਤੇ ਪੂਰਵਾਂਚਲ ਦੇ ਲੋਕ ਇਸ ਦੇਸ਼ ਅਤੇ ਸੂਬੇ ਦੇ ਨਾਗਰਿਕ ਹਨ ਅਤੇ ਇਸ ਦੇਸ਼ ਦੇ ਸੂਬੇ ਪੰਜਾਬ ਦੀ ਤਰੱਕੀ ਅਤੇ ਵਿਕਾਸ ਵਿੱਚ ਇਸ ਵਰਗ ਦਾ ਸੱਭ ਤੋਂ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕੁੱਝ ਚੋਣਵੇਂ ਪਿੰਡਾਂ ਵਿੱਚ ਕਈ ਕੱਟੜਵਾਦੀ ਲੋਕਾਂ ਵੱਲੋਂ ਇਸ ਵਰਗ ਖ਼ਿਲਾਫ਼ ਨਫ਼ਰਤ ਦਾ ਬੀਜ ਬੀਜਣ ਦੀ ਕੋਸ਼ਿਸ਼ ਕਰਦਿਆਂ ਆਪਸੀ ਭਾਈਚਾਰੇ ਵਿੱਚ ਕੁੜੱਤਣ ਪਾਉਣ ਦਾ ਜੋ ਯਤਨ ਕੀਤਾ ਜਾ ਰਿਹਾ ਹੈ ਉਸਨੂੰ ਕਿਸੇ ਵੀ ਕੀਮਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੂਰਵਾਂਚਲੀ ਸਮਾਜ ਖ਼ਿਲਾਫ਼ ਹੋ ਰਹੀਆਂ ਸਾਜ਼ਿਸ਼ਾਂ ਪ੍ਰਤੀ ਸਮਾਜ ਨੂੰ ਇਕਜੁੱਟ ਹੋਣ ਦਾ ਸੱਦਾ ਵੀ ਦਿੱਤਾ। ਸ੍ਰੀ ਮਿਸ਼ਰਾ ਨੇ ਕਿਹਾ ਕਿ ਯੂਪੀ/ਬਿਹਾਰ ਅਤੇ ਪੂਰਵਾਂਚਲ ਦੇ ਲੋਕਾਂ ਖ਼ਿਲਾਫ਼ ਫੈਲਾਈ ਜਾ ਰਹੀ ਨਫ਼ਰਤ ਪ੍ਰਤੀ ਸਰਕਾਰ ਦੀ ਕੋਈ ਕਾਰਵਾਈ ਨਹੀਂ ਹੋਈ ਹੈ।