ਦੋ ਔਰਤਾਂ ਤੋਂ ਪਰਸ ਤੇ ਮੋਬਾਈਲ ਖੋਹੇ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਦਸੰਬਰ
ਇੱਥੇ ਅਣਪਛਾਤੇ ਵਿਅਕਤੀ ਵੱਖ-ਵੱਖ ਥਾਵਾਂ ਤੋਂ ਇੱਕ ਔਰਤ ਤੋਂ ਮੋਬਾਈਲ ਅਤੇ ਇੱਕ ਹੋਰ ਵਿਅਕਤੀ ਤੋਂ ਉਸਦਾ ਪਰਸ ਖੋਹਕੇ ਲੈ ਗਏ ਹਨ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੂੰ ਵਿਵੇਕ ਨਗਰ ਵਾਸੀ ਨੇਹਾ ਪੁੱਤਰੀ ਸੰਤੋਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਕੰਮ ਤੋਂ ਛੁੱਟੀ ਕਰਕੇ ਪੈਦਲ ਘਰ ਜਾ ਰਹੀ ਸੀ ਤਾਂ ਕਾਲਜ ਰੋਡ ਨੇੜੇ ਰਮਾ ਸੋਫ਼ਤ ਹਸਪਤਾਲ ਕੋਲ ਦੋ ਅਣਪਛਾਤੇ ਐਕਟਿਵਾ ਸਵਾਰ ਲੜਕਿਆਂ ਨੇ ਉਸਨੂੰ ਨੁਕੀਲੀ ਚੀਜ਼ ਦਿਖਾਕੇ ਉਸਦਾ ਮੋਬਾਈਲ ਖੋਹ ਲਿਆ ਅਤੇ ਫ਼ਰਾਰ ਹੋ ਗਏ। ਇਸੇ ਤਰ੍ਹਾਂ ਥਾਣਾ ਹੈਬੋਵਾਲ ਦੀ ਪੁਲੀਸ ਨੂੰ ਸੰਨ ਸਿਟੀ ਕਲੋਨੀ, ਪਿੰਡ ਜੱਸੀਆਂ ਵਾਸੀ ਦਿਲਪ੍ਰੀਤ ਕੌਰ ਪੁੱਤਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਕੰਮ ਤੋਂ ਛੁੱਟੀ ਕਰਕੇ ਘਰ ਵਾਲੀ ਗਲੀ ਵਿੱਚ ਪੁੱਜੀ ਤਾਂ ਦੋ ਅਣਪਛਾਤੇ ਵਿਅਕਤੀ ਐਕਟਿਵਾ ’ਤੇ ਉਸਦੇ ਬਰਾਬਰ ਆਏ ਅਤੇ ਅੱਗੇ ਟੰਗਿਆ ਪਰਸ ਖਿੱਚ ਕੇ ਫਰਾਰ ਹੋ ਗਏ। ਪਰਸ ਵਿੱਚ ਆਧਾਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਕਾਰਡ, ਐਕਟਿਵਾ ਸਕੂਟਰ ਦੀ ਅਸਲ ਆਰਸੀ, 4 ਪੈਨ ਡਰਾਈਵ, 2 ਕਰੈਡਿਟ ਕਾਰਡ, 3 ਏਟੀਐੱਮ ਕਾਰਡ, ਇੱਕ ਸਿੰਮ ਅਤੇ ਇੱਕ ਮੋਬਾਈਲ ਸੀ। ਪੁਲੀਸ ਵੱਲੋਂ ਤਫ਼ਤੀਸ਼ ਦੌਰਾਨ ਗੌਰਵ ਅਤੇ ਰਵੀ ਵਾਸੀ ਦੁੱਗਰੀ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।