For the best experience, open
https://m.punjabitribuneonline.com
on your mobile browser.
Advertisement

ਪੁਰੋਹਿਤ ਵੱਲੋਂ ਨੇਮਾਂ ਨੂੰ ਅਣਗੌਲਿਆਂ ਕਰਨ ’ਤੇ ਪੀਜੀਆਈ ਪ੍ਰਸ਼ਾਸਨ ਦੀ ਖਿਚਾਈ

08:03 AM Apr 23, 2024 IST
ਪੁਰੋਹਿਤ ਵੱਲੋਂ ਨੇਮਾਂ ਨੂੰ ਅਣਗੌਲਿਆਂ ਕਰਨ ’ਤੇ ਪੀਜੀਆਈ ਪ੍ਰਸ਼ਾਸਨ ਦੀ ਖਿਚਾਈ
ਪੀਜੀਆਈ ਦੇ ਅਧਿਕਾਰੀਆਂ ਨਾਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 22 ਅਪਰੈਲ
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਪੀਜੀਆਈ ਵਿੱਚ ਮਰੀਜ਼ਾਂ ਅਤੇ ਸਟਾਫ਼ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੀਜੀਆਈਐੱਮਈਆਰ ਦੇ ਅਧਿਕਾਰੀਆਂ ਨੂੰ ਕਿਹਾ ਕਿ ਅਧਿਕਾਰੀਆਂ ਨੂੰ ਨੈਸ਼ਨਲ ਬਿਲਡਿੰਗ ਕੋਡ (ਐੱਨਬੀਸੀ) ਅਤੇ ਸਥਾਨਕ ਸਿਵਲ ਬਾਡੀ ਵੱਲੋਂ ਦਿੱਤੇ ਗਏ ਗਏ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਪੀਜੀਆਈ ਕੈਂਪਸ ਵਿੱਚ ਹਾਲ ਹੀ ਵਿੱਚ ਵਾਪਰੀਆਂ ਅੱਗ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਚੰਡੀਗੜ੍ਹ ਦੇ ਸੈਕਟਰ 9 ਸਥਿਤ ਸਕੱਤਰੇਤ ਭਵਨ ਵਿੱਚ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਪ੍ਰਧਾਨਗੀ ਹੇਠ ਹੋਈ ਇੱਕ ਉੱਚ ਪੱਧਰੀ ਮੀਟਿੰਗ ਹੋਈ। ਇਸ ਦੌਰਾਨ ਪ੍ਰਸ਼ਾਸਕ ਨੇ ਪੀਜੀਆਈ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੁਰੱਖਿਆ ਨਿਯਮਾਂ ਅਤੇ ਐੱਨਬੀਸੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਅਤੇ ਪੀਜੀਆਈ ਦੇ ਮਰੀਜ਼ਾਂ ਤੇ ਸਟਾਫ਼ ਦੀ ਸੁਰੱਖਿਆ ਲਈ ਜੰਗੀ ਪੱਧਰ ’ਤੇ ਲੋੜੀਂਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ।
ਪ੍ਰਸ਼ਾਸਕ ਨੇ ਕਿਹਾ ਕਿ ਪੀਜੀਆਈ ਨੂੰ ਸੁਵਿਧਾ ਨਿਰੀਖਣ ਕਰਨਾ ਚਾਹੀਦਾ ਹੈ, ਸਟਾਫ ਨੂੰ ਨਿਯਮਤ ਤੌਰ ’ਤੇ ਸਿਖਲਾਈ ਦੇਣੀ ਚਾਹੀਦੀ ਹੈ, ਸਾਜੋ-ਸਾਮਾਨ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ, ਨਿਕਾਸੀ ਯੋਜਨਾਵਾਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਅੱਗ ਸੁਰੱਖਿਆ ਜਾਗਰੂਕਤਾ ਵਧਾਉਣੀ ਚਾਹੀਦੀ ਹੈ। ਉਨ੍ਹਾਂ ਪੀਜੀਆਈ ਦੇ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਗਰ ਨਿਗਮ ਚੰਡੀਗੜ੍ਹ ਦੀਆਂ ਹਦਾਇਤਾਂ ਦੀ ਪਾਲਣਾ ਨਾ ਕੀਤੇ ਜਾਣ ਦਾ ਗੰਭੀਰ ਨੋਟਿਸ ਲੈਂਦੇ ਹੋਏ ਕਿਹਾ ਕਿ ਇਹ ਬਹੁਤ ਹੀ ਨਿਰਾਸ਼ਾਜਨਕ ਹੈ ਕਿ ਨਗਰ ਨਿਗਮ ਦੇ ਫਾਇਰ ਐਂਡ ਰੈਸਕਿਊ ਸਰਵਿਸਿਜ਼ ਵਿਭਾਗ ਵੱਲੋਂ ਕੀਤੇ ਗਏ ਨਿਰੀਖਣ ਦੌਰਾਨ ਬਹੁਤ ਸਾਰੀਆਂ ਖਾਮੀਆਂ ਪਾਈਆਂ ਗਈਆਂ। ਇਸ ਬਾਰੇ ਪੀਜੀਆਈ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ, ਪਰ ਕੁਝ ਨਹੀਂ ਹੋਇਆ। ਰਿਕਾਰਡ ਅਨੁਸਾਰ ਪੀਜੀਆਈ ਅਧਿਕਾਰੀਆਂ ਨੇ ਕੈਂਪਸ ਵਿਚਲੀਆਂ ਕੁੱਲ 17 ਇਮਾਰਤਾਂ ਵਿੱਚੋਂ ਸਿਰਫ ਇੱਕ ਇਮਾਰਤ ਲਈ ਅੱਗ ਸੁਰੱਖਿਆ ਸਰਟੀਫਿਕੇਟ ਪ੍ਰਾਪਤ ਕੀਤਾ ਹੈ। ਪੀਜੀਆਈ ਦੇ ਇੰਜਨੀਅਰਿੰਗ ਵਿਭਾਗ ਨੇ 2021 ਵਿੱਚ ਸਰਟੀਫਿਕੇਟ ਲਈ ਅਰਜ਼ੀ ਦਿੱਤੀ ਸੀ, ਜਿਸ ਤੋਂ ਬਾਅਦ ਸੈਕਟਰ 11 ਫਾਇਰ ਸਟੇਸ਼ਨ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਕੌਮੀ ਸੁਰੱਖਿਆ ਕੋਡ ਅਨੁਸਾਰ ਅੱਗ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਸੀ। ਫਾਇਰ ਵਿਭਾਗ ਨੇ ਪੀਜੀਆਈ ਦੇ ਸਬੰਧਤ ਅਧਿਕਾਰੀਆਂ ਨੂੰ ਇਮਾਰਤ ਦੀ ਫਾਇਰ ਸੁਰੱਖਿਆ ਪ੍ਰਕਿਰਿਆ ਨੂੰ ਅਪਗ੍ਰੇਡ ਕਰਨ ਬਾਰੇ ਕਈ ਰੀਮਾਈਂਡਰ ਭੇਜੇ ਪਰ ਸਭ ਵਿਅਰਥ ਰਹੇ।
ਪ੍ਰਸ਼ਾਸਕ ਨੇ ਪੀਜੀਆਈ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਲਕ ਵੇਸਟ ਜੈਨਰੇਟਰਾਂ ਵਜੋਂ ਅੱਗ ਸੁਰੱਖਿਆ ਨਿਯਮਾਂ ਅਤੇ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਦੋ ਮਹੀਨਿਆਂ ਦੇ ਫ਼ਰਕ ਨਾਲ ਅੱਗ ਸੁਰੱਖਿਆ ਅਤੇ ਵਿਗਿਆਨਕ ਸੁਰੱਖਿਆ ਪ੍ਰੋਟੋਕੋਲ ਦੇ ਮਾਹਿਰਾਂ ਦੀ ਮਦਦ ਨਾਲ ਸਮੀਖਿਆ ਕੀਤੀ। ਉਨ੍ਹਾਂ ਇਸ ਗੱਲ ’ਤੇ ਵੀ ਅਫਸੋਸ ਜ਼ਾਹਿਰ ਕੀਤਾ ਕਿ ਪੀਜੀਆਈ ਅਧਿਕਾਰੀਆਂ ਨੇ ਨਾ ਤਾਂ ਗਿੱਲੇ ਕੂੜੇ ਤੋਂ ਸਿਹਤ ਸੰਭਾਲ ਕੂੜੇ ਨੂੰ ਵੱਖ ਕਰਨ ਦੀ ਖੇਚਲ ਕੀਤੀ ਅਤੇ ਨਾ ਹੀ ਗਿੱਲੇ ਕੂੜੇ ਦਾ ਪ੍ਰੋਸੈਸਿੰਗ ਪਲਾਂਟ ਸਥਾਪਤ ਕੀਤਾ। ਉਨ੍ਹਾਂ ਹਦਾਇਤ ਕੀਤੀ ਕਿ ਬਾਇਓਮੈਡੀਕਲ ਰਹਿੰਦ-ਖੂੰਹਦ ਨੂੰ ਗਿੱਲੇ ਕੂੜੇ ਤੋਂ ਵੱਖ ਕਰਨ ਲਈ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਜਾਵੇ ਤੇ ਨਗਰ ਨਿਗਮ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ ਦੰਡਕਾਰੀ ਕਾਰਵਾਈ ਤੋਂ ਬਚਣ ਲਈ ਤੁਰੰਤ ਇਮਾਰਤ ਦੇ ਅੰਦਰ ਇੱਕ ਪਲਾਂਟ ਸਥਾਪਤ ਕੀਤਾ ਜਾਵੇ। ਮੀਟਿੰਗ ਦੌਰਾਨ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ, ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ, ਵਿੱਤ ਸਕੱਤਰ ਵਿਜੇ ਨਾਮਦੇਵ ਰਾਓ ਆਦਿ ਮੌਜੂਦ ਸਨ।

Advertisement

Advertisement
Author Image

Advertisement
Advertisement
×