ਪੁਰੀ: ਭਗਵਾਨ ਜਗਨਨਾਥ ਦੀ ਵਾਪਸੀ ਯਾਤਰਾ
* ਪਵਿੱਤਰ ਜਲ ਛਿੜਕ ਕੇ ਸੋਨੇ ਦੇ ਝਾੜੂ ਨਾਲ ਤਿੰਨੋਂ ਰੱਥਾਂ ਨੂੰ ਸਾਫ਼ ਕੀਤਾ
ਪੁਰੀ, 15 ਜੁਲਾਈ
ਹਜ਼ਾਰਾਂ ਸ਼ਰਧਾਲੂਆਂ ਵੱਲੋਂ ‘ਜੈ ਜਗਨਨਾਥ’ ਦੇ ਜੈਕਾਰਿਆਂ ਵਿਚਾਲੇ, ਭਗਵਾਨ ਬਲਭੱਦਰ, ਦੇਵੀ ਸੁਭੱਦਰਾ ਅਤੇ ਭਗਵਾਨ ਜਗਨਨਾਥ ਦੀ ‘ਬਹੁੜਾ ਯਾਤਰਾ’ ਜਾਂ ਵਾਪਸੀ ਯਾਤਰਾ ਅੱਜ ਸ਼ੁਰੂ ਹੋਈ। ਤੈਅ ਪ੍ਰੋਗਰਾਮ ਮੁਤਾਬਕ ‘ਬਹੁੜਾ ਯਾਤਰਾ’ ਬਾਅਦ ਦੁਪਹਿਰ 4 ਵਜੇ ਸ਼ੁਰੂ ਹੋਣੀ ਸੀ ਪਰ ਕਈ ਘੰਟੇ ਪਹਿਲਾਂ ਤੋਂ ਹੀ ਸ਼ਰਧਾਲੂਆਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਸੀ। ਸ਼ਰਧਾਲੂਆਂ ਨੇ ਭਗਵਾਨ ਬਲਭੱਦਰ ਦੇ ਰੱਥ ‘ਤਲਧਵੱਜ’ ਨੂੰ ਬਾਅਦ ਦੁਪਹਿਰ 3.25 ਵਜੇ ਹੀ ਖਿੱਚਣਾ ਸ਼ੁਰੂ ਕਰ ਦਿੱਤਾ ਸੀ। ਦੇਵੀ ਸੁਭੱਦਰਾ ਦਾ ਰੱਥ ‘ਦੇਵਦਲਨ’ ਬਾਅਦ ਦੁਪਹਿਰ 4 ਵਜੇ ਵਾਪਸੀ ਯਾਤਰਾ ’ਤੇ ਨਿਕਲਿਆ ਜਦਕਿ ਭਗਵਾਨ ਜਗਨਨਾਥ ਦੇ ਰੱਥ ‘ਨੰਦੀਘੋਸ਼’ ਦੀ ‘ਬਹੁੜਾ ਯਾਤਰਾ’ ਬਾਅਦ ਦੁਪਹਿਰ 4.15 ਵਜੇ ਸ਼ੁਰੂ ਹੋਈ। ਪੁਰੀ ਦੇ ਰਾਜਾ ‘ਗਜਪਤੀ ਮਹਾਰਾਜ’ ਦਿਵਿਆ ਸਿੰਘ ਦੇਬ ਵੱਲੋਂ ‘ਚੀਰਾਪਹਨਰਾ’ ਦੀ ਰਸਮ ਅਦਾ ਕੀਤੇ ਜਾਣ ਤੋਂ ਬਾਅਦ ਰੱਥ ਖਿੱਚਣ ਦੀ ਸ਼ੁਰੂਆਤ ਹੋਈ। ਇਸ ਦੌਰਾਨ ਉਨ੍ਹਾਂ ਪਵਿੱਤਰ ਜਲ ਛਿੜਕ ਕੇ ਸੋਨੇ ਦੇ ਝਾੜੂ ਨਾਲ ਤਿੰਨੋਂ ਰੱਥਾਂ ਨੂੰ ਸਾਫ਼ ਕੀਤਾ।
7 ਜੁਲਾਈ ਨੂੰ ਰੱਥ ਯਾਤਰਾ ਦੌਰਾਨ ਭਗਵਾਨ ਨੇ ਜਗਨਨਾਥ ਮੰਦਰ ਛੱਡ ਦਿੱਤਾ ਸੀ ਅਤੇ ਗੁੰਡਿਚਾ ਮੰਦਰ ਪਹੁੰਚ ਗਏ ਸਨ, ਜਿਸ ਨੂੰ ਕਿ ਉਨ੍ਹਾਂ ਦੀ ਜਨਮ ਭੂਮੀ ਮੰਨਿਆ ਜਾਂਦਾ ਹੈ। ਉਹ ਉੱਥੇ ਇਕ ਹਫ਼ਤਾ ਰਹੇ ਅਤੇ ਅੱਜ ਜਗਨਨਾਥ ਮੰਦਰ ਪਰਤ ਰਹੇ ਹਨ। ਇਸ ਯਾਤਰਾ ਨੂੰ ‘ਬਹੁੜਾ ਯਾਤਰਾ’ ਕਿਹਾ ਜਾਂਦਾ ਹੈ। -ਪੀਟੀਆਈ