For the best experience, open
https://m.punjabitribuneonline.com
on your mobile browser.
Advertisement

ਪੱਕਾ ਪੰਜਾਬੀ ਐਮੀ ਵਿਰਕ

08:48 AM Sep 07, 2024 IST
ਪੱਕਾ ਪੰਜਾਬੀ ਐਮੀ ਵਿਰਕ
Advertisement

ਗੁਰਨਾਜ਼

ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਆਪਣੀ ਹਾਲੀਆ ਬੌਲੀਵੁੱਡ ਫਿਲਮ ‘ਖੇਲ ਖੇਲ ਮੇਂ’ ਨਾਲ ਦਰਸ਼ਕਾਂ ’ਤੇ ਵਿਸ਼ੇਸ਼ ਛਾਪ ਛੱਡੀ ਹੈ। ਉਸ ਦਾ ਕਹਿਣਾ ਹੈ ਕਿ ਪੰਜਾਬੀ ਫਿਲਮ ਉਦਯੋਗ ਨੂੰ ਬਿਹਤਰ ਪ੍ਰਬੰਧਨ ਤੇ ਵੱਡੇ ਬਜਟ ਦੀ ਲੋੜ ਹੈ। ਪੇਸ਼ ਹਨ ਇਸ ਫਿਲਮ ਦੇ ਸਿਲਸਿਲੇ ਵਿੱਚ ਪਿਛਲੇ ਦਿਨੀਂ ਉਸ ਨਾਲ ਚੰਡੀਗੜ੍ਹ ਵਿਖੇ ਹੋਈ ਮੁਲਾਕਾਤ ਦੇ ਅੰਸ਼।

Advertisement

ਜੇਕਰ ਤੁਹਾਨੂੰ ਕਦੇ ਐਮੀ ਵਿਰਕ ਨਾਲ ਬੈਠਣ ਦਾ ਮੌਕਾ ਮਿਲੇ, ਤਾਂ ਜਲਦੀ ਹੀ ਤੁਹਾਨੂੰ ਅਹਿਸਾਸ ਹੋ ਜਾਵੇਗਾ ਕਿ ਉਹ ਵਿਲੱਖਣ ਅਦਾਕਾਰ ਹੈ। ਨਿਮਰਤਾ ਤੇ ਟੀਚੇ ਮਿੱਥਣ ਦਾ ਦੁਰਲੱਭ ਸੁਮੇਲ ਉਸ ਨੂੰ ਬਾਕੀਆਂ ਨਾਲੋਂ ਵੱਖਰਾ ਕਰਦਾ ਹੈ। ਸਾਡੀ ਇਸ ਗੱਲਬਾਤ ਦੌਰਾਨ, ਜਿਹੜੀ ਚੀਜ਼ ਨੇ ਮੈਨੂੰ ਸਭ ਤੋਂ ਵੱਧ ਟੁੰਬਿਆ, ਉਹ ਸੀ ਉਸ ਵੱਲੋਂ ਖ਼ਰੀ ਗੱਲ ਕਰਨਾ ਅਤੇ ਸਹਿਯੋਗ ਨੂੰ ਸਭ ਤੋਂ ਵੱਧ ਤਰਜੀਹ ਦੇਣਾ। ਇਹ ਅਜਿਹੇ ਗੁਣ ਹਨ ਜੋ ਪੰਜਾਬੀ ਤੇ ਬੌਲੀਵੁੱਡ ਸਿਨੇਮਾ ਪ੍ਰਤੀ ਉਸ ਦੀ ਪਹੁੰਚ ਨੂੰ ਪਰਿਭਾਸ਼ਿਤ ਕਰਦੇ ਹਨ।
ਐਮੀ ਵਿਰਕ ਨਾ ਸਿਰਫ਼ ਫਿਲਮ ਉਦਯੋਗ ਵਿੱਚ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ, ਬਲਕਿ ਅਰਥਪੂਰਨ ਸੂਖਮਤਾ ਨਾਲ ਇਨ੍ਹਾਂ ਨੂੰ ਆਕਾਰ ਵੀ ਦੇ ਰਿਹਾ ਹੈ। ਚਾਹੇ ਉਹ ਆਪਣੀ ਹਾਲੀਆ ਫਿਲਮ ‘ਖੇਲ ਖੇਲ ਮੇਂ’ ਵਿੱਚ ਆਪਣੇ ਰੋਲ ਬਾਰੇ ਚਰਚਾ ਕਰ ਰਿਹਾ ਹੋਵੇ ਜਾਂ ‘ਬੈਡ ਨਿਊਜ਼’ ਦੀ ਸਫਲਤਾ ’ਤੇ ਝਾਤ ਮਾਰ ਰਿਹਾ ਹੋਵੇ, ਐਮੀ ਆਪਣੀ ਕਲਾ ਪ੍ਰਤੀ ਪੂਰਾ ਉਤਸ਼ਾਹ ਜ਼ਾਹਿਰ ਕਰਦਾ ਦਿਖਾਈ ਦਿੰਦਾ ਹੈ। ਐਮੀ ਉਤਸ਼ਾਹ ਨਾਲ ਦੱਸਦਾ ਹੈ, ‘‘ਇਹ ਫਿਲਮ, ਜੋ ਕਿ ਇਟਾਲੀਅਨ ਫਿਲਮ ‘ਦਿ ਪਰਫੈਕਟ ਸਟਰੇਂਜਰ’ ਦਾ ਰੂਪਾਂਤਰ ਹੈ, ਜੋ ਇੱਕ ਡਾਇਨਿੰਗ ਟੇਬਲ ਤੇ ਸੋਫੇ ’ਤੇ ਫਿਲਮਾਈ ਗਈ ਹੈ ਜਿਸ ’ਤੇ ਅਸੀਂ ਬੈਠੇ ਹਾਂ। 85 ਪ੍ਰਤੀਸ਼ਤ ਫਿਲਮ ਇੱਕ ਰਾਤ ਜਾਂ ਅਸੀਂ ਕਹਿ ਸਕਦੇ ਹਾਂ ਕਿ ਦੋ ਦਿਨਾਂ ਦੀ ਕਹਾਣੀ ਹੈ। ਇਹ ਬਹੁਤ ਮਨੋਰੰਜਕ ਹੈ। ਹਾਲਾਂਕਿ ਫਿਲਮ ਦਾ ਵਿਚਾਰ ਇੱਕ ਇਟਾਲੀਅਨ ਫਿਲਮ ਵਿੱਚੋਂ ਲਿਆ ਗਿਆ ਹੈ, ਪਰ ‘ਖੇਲ ਖੇਲ ਮੇਂ’ ਨੂੰ ਇਸ ਤਰ੍ਹਾਂ ਸ਼ੂਟ ਕੀਤਾ ਗਿਆ ਹੈ ਕਿ ਇਹ ਭਾਰਤੀ ਸੱਭਿਆਚਾਰ ਨਾਲ ਮੇਲ ਖਾਂਦੀ ਹੋਵੇ।’’ ਅਕਸ਼ੈ ਕੁਮਾਰ, ਤਾਪਸੀ ਪਨੂੰ ਤੇ ਫਰਦੀਨ ਖਾਨ ਜਿਹੇ ਕਈ ਵੱਡੇ ਅਦਾਕਾਰ ਇਸ ਫਿਲਮ ਦਾ ਹਿੱਸਾ ਹਨ।
ਆਪਣੀ ਹਾਲੀਆ ਸਫਲਤਾ ਦੀ ਗੱਲ ਕਰਦਿਆਂ ਐਮੀ ਕਹਿੰਦਾ ਹੈ, ‘‘ਸਰੋਤਿਆਂ ਨੇ ‘ਬੈਡ ਨਿਊਜ਼’ ਕਾਫ਼ੀ ਪਸੰਦ ਕੀਤੀ ਹੈ। ਬੌਲੀਵੁੱਡ ’ਚ ਪ੍ਰਮੁੱਖ ਅਦਾਕਾਰ ਵਜੋਂ ਇਹ ਮੇਰੀ ਪਹਿਲੀ ਫਿਲਮ ਸੀ ਤੇ ਇਸ ਨੂੰ ਟਿਕਟ ਖਿੜਕੀ ’ਤੇ 100 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰਦਿਆਂ ਦੇਖਣਾ ਇੱਕ ਸ਼ਾਨਦਾਰ ਅਹਿਸਾਸ ਸੀ। ਸਹਿ-ਅਦਾਕਾਰ ਵਿਕੀ ਕੌਸ਼ਲ ਤੇ ਤ੍ਰਿਪਤੀ ਦਿਮਰੀ ਨਾਲ ਕੰਮ ਕਰਨਾ ਬਹੁਤ ਵਧੀਆ ਸੀ।’’ ਐਮੀ ਹੁਣ ‘ਸੌਂਕਣ ਸੌਂਕਣੇ 2’ ਤੇ ‘ਨਿੱਕਾ ਜ਼ੈਲਦਾਰ 4’ ਦੀ ਸ਼ੂਟਿੰਗ ਮੁੜ ਤੋਂ ਸ਼ੁਰੂ ਕਰਨ ਵਾਲਾ ਹੈ। ਉਹ ਗਿੱਪੀ ਗਰੇਵਾਲ ਨਾਲ ਆਪਣੇ ਅਗਲੇ ਪ੍ਰਾਜੈਕਟ ‘ਸਰਬਾਲਾ ਜੀ’ ਨੂੰ ਲੈ ਕੇ ਉਤਸ਼ਾਹਿਤ ਹੈ। ਉਸ ਨੇ ਕਿਹਾ, ‘‘ਹੁਣ ਤੱਕ ਸਾਲ ਬਹੁਤ ਵਧੀਆ ਰਿਹਾ ਹੈ ਤੇ ਮੈਨੂੰ ਆਸ ਹੈ ਕਿ ਅਗਲਾ ਇਸ ਤੋਂ ਵੀ ਵੱਡਾ ਹੋਵੇਗਾ।’’
ਐਮੀ ਦੀਆਂ ਆਪਣੀਆਂ ਪੰਜਾਬੀ ਫਿਲਮਾਂ ਬਾਰੇ ਗੱਲ ਕਰਨ ’ਤੇ ਉਹ ਭਾਸ਼ਾ ਤੇ ਪੰਜਾਬੀ ਫਿਲਮ ਸਨਅਤ ਪ੍ਰਤੀ ਆਪਣੇ ਜਨੂੰਨ ਨੂੰ ਪ੍ਰਗਟ ਕਰਦਾ ਹੈ। ਉਹ ਮੰਨਦਾ ਹੈ ਕਿ ਪੰਜਾਬੀ ਫਿਲਮ ਉਦਯੋਗ ਨੇ ਤਰੱਕੀ ਕੀਤੀ ਹੈ, ਪਰ ਨਾਲ ਹੀ ਇਹ ਵੀ ਸਵੀਕਾਰਦਾ ਹੈ ਕਿ ਅਜੇ ਵੀ ਕਾਫ਼ੀ ਗੁੰਜਾਇਸ਼ ਹੈ। ‘ਕੈਰੀ ਆਨ ਜੱਟਾ 3’ ਅਤੇ ‘ਜੱਟ ਐਂਡ ਜੂਲੀਅਟ 3’ ਦੀ ਹਾਲੀਆ ਸਫਲਤਾ ਦਾ ਹਵਾਲਾ ਦਿੰਦਿਆਂ ਐਮੀ ਕਹਿੰਦਾ ਹੈ, ‘‘ਪੰਜਾਬੀ ਫਿਲਮਾਂ ਨੇ ਦਰਸ਼ਕਾਂ ’ਤੇ ਆਪਣੀ ਛਾਪ ਛੱਡੀ ਹੈ। ਹੌਲੀ-ਹੌਲੀ ਫਿਲਮਾਂ ਵੱਡੇ ਬਜਟ ਵੱਲ ਵਧ ਰਹੀਆਂ ਹਨ।’’ ਦੋਵਾਂ ਫਿਲਮਾਂ ਨੇ 100 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ। ਉਸ ਨੂੰ ਆਸ ਹੈ ਕਿ ਆਉਣ ਵਾਲੇ ਸਮੇਂ ’ਚ ਪੰਜਾਬੀ ਫਿਲਮਾਂ 200 ਤੇ 250 ਕਰੋੜ ਰੁਪਏ ਦੇ ਪੱਧਰ ਨੂੰ ਵੀ ਪਾਰ ਕਰਨਗੀਆਂ। ਪੰਜਾਬੀ ਫਿਲਮਾਂ ਲਈ ਅਜਿਹੇ ਕਿਹੜੇ ਵਿਸ਼ੇ ਹਨ ਜਿਨ੍ਹਾਂ ਨੂੰ ਛੂਹਿਆ ਜਾ ਸਕਦਾ ਹੈ, ’ਤੇ ਉਹ ਕਹਿੰਦਾ ਹੈ, ‘‘ਸਾਨੂੰ ਹੋਰ ਜ਼ਿਆਦਾ ਐਕਸ਼ਨ ਫਿਲਮਾਂ ਬਣਾਉਣੀਆਂ ਚਾਹੀਦੀਆਂ ਹਨ ਤੇ ਅਜਿਹੀਆਂ ਫਿਲਮਾਂ ਵੀ ਹੋ ਸਕਦੀਆਂ ਹਨ ਜੋ ਸਾਡੇ ਅਮੀਰ ਇਤਿਹਾਸ ਨੂੰ ਦਰਸਾਉਂਦੀਆਂ ਹੋਣ।’’
ਐਮੀ ਪੰਜਾਬੀ ਸਿਨੇਮਾ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ ਖੁੱਲ੍ਹ ਕੇ ਗੱਲ ਕਰਦਾ ਹੈ। ਉਹ ਕਹਿੰਦਾ ਹੈ ਕਿ ਬਿਹਤਰ ਪ੍ਰਬੰਧਕੀ ਢਾਂਚੇ ਦੀ ਲੋੜ ਹੈ ਅਤੇ ਸਨਅਤ ਦੇ ਅੰਦਰੋਂ ਹੀ ਇੱਕ ਸਹਾਇਕ ਢਾਂਚਾ ਵੀ ਉਸਰਨਾ ਚਾਹੀਦਾ ਹੈ। ਉਹ ਕਹਿੰਦਾ ਹੈ, ‘‘ਇੱਥੇ ਕੋਈ ਐਸੋਸੀਏਸ਼ਨ ਨਹੀਂ ਹੈ, ਨਾਇਕ ਤੇ ਨਾਇਕਾਵਾਂ ਵੀ ਗਿਣਤੀ ਦੇ ਹੀ ਹਨ।’’ ਐਮੀ ਵਿਰਕ ਦਾ ਮੰਨਣਾ ਹੈ ਕਿ ਫਿਲਮ ਸਨਅਤ ਤੇ ਸਰੋਤਿਆਂ, ਦੋਵਾਂ ਨੂੰ ਨਵੇਂ ਕਲਾਕਾਰਾਂ ਅਤੇ ਪ੍ਰਾਜੈਕਟਾਂ ਦੇ ਵਿਕਾਸ ਵਿੱਚ ਹਿੱਸਾ ਪਾਉਣ ਦੀ ਲੋੜ ਹੈ। ਵਿਰਕ ਨੇ ਹਾਲ ਹੀ ਵਿੱਚ ਰਿਲੀਜ਼ ਫਿਲਮ ‘ਰੋਡੇ ਕਾਲਜ’ ਦੀ ਮਿਸਾਲ ਦਿੰਦਿਆਂ ਕਿਹਾ, ‘‘ਇਸ ਫਿਲਮ ਨੂੰ ਵੀ ਬਾਕੀ ਵੱਡੇ ਬਜਟ ਦੀਆਂ ਫਿਲਮਾਂ ਵਾਂਗ ਸਰੋਤਿਆਂ ਦੇ ਸਾਥ ਦੀ ਲੋੜ ਹੈ। ਕਈ ਨਵੇਂ ਚਿਹਰੇ ਇਸ ਵਿੱਚ ਹਨ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਨਵੀਂ ਪ੍ਰਤਿਭਾ ਦਾ ਹੌਸਲਾ ਵਧਾਇਆ ਜਾਵੇ।’’
ਐਮੀ ਕਹਿੰਦਾ ਹੈ ਕਿ ਜਦ ਕੋਈ ਪੰਜਾਬੀ ਫਿਲਮ ਚੰਗਾ ਕਾਰੋਬਾਰ ਕਰਦੀ ਹੈ ਤਾਂ ਉਹ ਨਿੱਜੀ ਤੌਰ ’ਤੇ ਬਹੁਤ ਖ਼ੁਸ਼ ਹੁੰਦਾ ਹੈ। ‘‘ਜਦ ਜਗਜੀਤ ਦੀ ‘ਓਏ ਭੋਲੇ ਓਏ’ ਨੇ ਚੰਗਾ ਕਾਰੋਬਾਰ ਕੀਤਾ ਤਾਂ ਤੁਸੀਂ ਯਕੀਨ ਨਹੀਂ ਮੰਨੋਗੇ ਕਿ ਇਸ ਦੀ ਸਫਲਤਾ ਦੀ ਪਾਰਟੀ ਵਿੱਚ ਮੈਂ ਕਿੰਨਾ ਭੰਗੜਾ ਪਾਇਆ। ਉਂਜ, ਮੇਰਾ ਇਸ ਫਿਲਮ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਪਰ ਮੈਂ ਇਸ ਦੀ ਸਫਲਤਾ ਤੋਂ ਬਹੁਤ ਖ਼ੁਸ਼ ਸੀ।’’
ਐਮੀ ਵਿਰਕ ਫਿਲਮਸਾਜ਼ੀ ’ਚ ਤਿਆਰੀ ਤੇ ਯੋਜਨਾਬੰਦੀ ਦੀ ਅਹਿਮੀਅਤ ’ਤੇ ਵੀ ਜ਼ੋਰ ਦਿੰਦਾ ਹੈ। ਉਸ ਮੁਤਾਬਕ ‘‘ਜਦ ਨਵੀਂ ਫਿਲਮ ਬਣਦੀ ਹੈ, ਪਹਿਲਾਂ, ਲੇਖਕ ਤੇ ਨਿਰਦੇਸ਼ਕ ਸਭ ਤੋਂ ਵੱਧ ਮਹੱਤਵਪੂਰਨ ਹੁੰਦੇ ਹਨ। ਦੂਜਾ ਪੱਖ ਕਲਾਕਾਰਾਂ ਨੂੰ ਫਿਲਮ ਦੀ ਤਿਆਰੀ ਲਈ ਮਿਲਿਆ ਸਮਾਂ ਹੈ। ਹਰ ਕਿਸੇ ਨੂੰ ਫਿਲਮ ਬਣਾਉਣ ਲਈ ਢੁੱਕਵਾਂ ਸਮਾਂ ਮਿਲਣਾ ਚਾਹੀਦਾ ਹੈ। ਜੇ ਸਾਨੂੰ ਪਟਕਥਾ ਹੀ ਸ਼ੂਟਿੰਗ ਤੋਂ ਇੱਕ ਦਿਨ ਪਹਿਲਾਂ ਮਿਲੇਗੀ ਤਾਂ ਸੈੱਟ ਉੱਤੇ ਮੁਸ਼ਕਲਾਂ ਆਉਣਗੀਆਂ। ਤਿਆਰੀ ਨਾਲ ਅਸੀਂ ਬਹੁਤ ਸਾਰਾ ਸਮਾਂ, ਪੈਸਾ ਤੇ ਮਿਹਨਤ ਬਚਾ ਸਕਦੇ ਹਾਂ।’’
ਆਖਰ ਵਿੱਚ ਐਮੀ ਵਿਰਕ ਕਹਿੰਦਾ ਹੈ, ‘‘ਸਾਨੂੰ ਪੰਜਾਬੀ ਫਿਲਮ ਇੰਡਸਟਰੀ ਵਿੱਚ ਹੋਰ ਨਿਰਦੇਸ਼ਕਾਂ, ਅਦਾਕਾਰਾਂ ਤੇ ਲੇਖਕਾਂ ਦੀ ਲੋੜ ਹੈ ਜੋ ਇਸ ਦਾ ਦਾਇਰਾ ਹੋਰ ਵੀ ਵਧਾ ਸਕਣ।’’

Advertisement
Author Image

joginder kumar

View all posts

Advertisement