ਕਿਸਾਨ ਮਜ਼ਦੂਰ ਯੂਨੀਅਨ ਦੇ ਧਰਨੇ ਮਗਰੋਂ ਖਰੀਦ ਸ਼ੁਰੂ
ਗੁਰਿੰਦਰ ਸਿੰਘ
ਲੁਧਿਆਣਾ, 12 ਅਕਤੂਬਰ
ਝੋਨੇ ਦੀ ਖ਼ਰੀਦ ਸ਼ੁਰੂ ਕਰਾਉਣ ਲਈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਦਾਣਾ ਮੰਡੀ ਸਲੇਮ ਟਾਬਰੀ ਵਿੱੱਚ ਲਗਾਏ ਧਰਨੇ ਤੋਂ ਬਾਅਦ ਅੱਜ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਵਿਧਾਇਕ ਮਦਨ ਲਾਲ ਬੱਗਾ ਨੇ ਸੀਨੀਅਰ ਅਧਿਕਾਰੀਆਂ ਨਾਲ ਮੌਕੇ ’ਤੇ ਪੁੱਜ ਕੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ। ਪੰਜਾਬ ਸਰਕਾਰ ਵੱਲੋਂ ਇੱਕ ਅਕਤੂਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਇਸਦੇ ਬਾਵਜ਼ੂਦ ਝੋਨੇ ਦੀ ਖਰੀਦ ਸ਼ੁਰੂ ਨਾ ਹੋਣ ’ਤੇ ਦੁਖੀ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਨੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਦੀ ਅਗਵਾਈ ਹੇਠ ਧਰਨਾ ਦਿੱਤਾ। ਇਸਤੋਂ ਪਹਿਲਾਂ ਬੀਤੇ ਕੱਲ੍ਹ ਵੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਧਰਨਾ ਦਿੱਤਾ ਗਿਆ ਸੀ ਅਤੇ ਤਹਿਸੀਲਦਾਰ ਜਗਸੀਰ ਸਿੰਘ ਸਰਾਂ ਤੇ ਹੋਰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਸ਼ੈਲਰ ਮਾਲਕ ਅਤੇ ਆੜ੍ਹਤੀਏ ਵੀ ਹਾਜ਼ਰ ਸਨ ਪਰ ਕੋਈ ਗੱਲ ਸਿਰੇ ਨਾ ਚੜ ਸਕੀ ਜਿਸ ਕਾਰਨ ਉਨ੍ਹਾਂ ਅੱਜ ਸਵੇਰੇ ਮੁੜ ਧਰਨਾ ਦਿੱਤਾ। ਧਰਨੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਨੇ ਹਰਕਤ ਵਿੱਚ ਆਕੇ ਧਰਨੇ ’ਤੇ ਬੈਠੇ ਆਗੂਆਂ ਨਾਲ ਗੱਲਬਾਤ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਪੀਆਰ 126 ਕਿਸਮ ਦੇ ਝੋਨੇ ਦੀ ਖ਼ਰੀਦ ਦਾ ਮੁੱਦਾ ਉਠਾਇਆ ਕਿਉਂਕਿ ਸ਼ੈਲਰਾਂ ਵੱਲੋਂ ਇਹ ਝੋਨਾ ਖਰੀਦਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਇਹ ਝੋਨਾ ਖਰੀਦਣ, 72 ਘੰਟਿਆਂ ਦੇ ਵਿੱਚ ਵਿੱਚ ਸਾਰੀ ਲਿਫਟਿੰਗ ਕਰਾਉਣ ਅਤੇ ਹੋਰ ਮੰਗਾਂ ਵੀ ਮੰਨਣ ਦਾ ਭਰੋਸਾ ਦਿੱਤਾ ਜਿਸਤੇ ਉਨ੍ਹਾਂ ਧਰਨਾ ਖ਼ਤਮ ਕਰਨ ਦਾ ਫ਼ੈਸਲਾ ਕੀਤਾ। ਇਸ ਮੌਕੇ ਜਗਜੀਤ ਸਿੰਘ, ਮਨਜੀਤ ਸਿੰਘ ਅਰੋੜਾ, ਜਗਜੀਤ ਸਿੰਘ, ਅਮਰਜੀਤ ਸਿੰਘ ਭੱਟੀ, ਸੁਰਜੀਤ ਸਿੰਘ ਮਾਨ, ਕਿਰਪਾਲ ਸਿੰਘ ਸਹਾਰਾ, ਰਣਜੀਤ ਸਿੰਘ ਖਟੜਾ, ਹਰਨੇਕ ਸਿੰਘ ਖਾਲਸਾ ਸਮੇਤ ਹੋਰ ਕਈ ਵਰਕਰ ਵੀ ਹਾਜ਼ਰ ਸਨ।