For the best experience, open
https://m.punjabitribuneonline.com
on your mobile browser.
Advertisement

ਮਾਛੀਵਾੜਾ ਦੀ ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਰੱਬ ਆਸਰੇ

07:16 AM Apr 23, 2024 IST
ਮਾਛੀਵਾੜਾ ਦੀ ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਰੱਬ ਆਸਰੇ
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 22 ਅਪਰੈਲ
ਕਣਕ ਦੀ ਫਸਲ ਖਰੀਦਣ ਤੋਂ ਪਹਿਲਾਂ ਪ੍ਰਸ਼ਾਸਨ ਵਲੋਂ ਮੰਡੀਆਂ ਵਿਚ ਪੁਖਤਾ ਪ੍ਰਬੰਧਾਂ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ੍ਹੀ ਜਦੋਂ ਸਥਾਨਕ ਮੰਡੀ ਵਿੱਚ ਕਣਕ ਦਾ ਭਾਅ ਖਰੀਦ ਏਜੰਸੀ ਦੇ ਇੰਸਪੈਕਟਰ ਵੱਲੋਂ ਲਗਾਉਣ ਦੀ ਬਜਾਏ ਚੌਥਾ ਦਰਜਾ ਮੁਲਾਜ਼ਮ ਲਾਉਂਦੇ ਦਿਖਾਈ ਦਿੱਤੇ। ਮਾਛੀਵਾੜਾ ਦਾਣਾ ਮੰਡੀ ਵਿਚ ਮਾਰਕਫੈੱਡ ਖਰੀਦ ਏਜੰਸੀ ਵਲੋਂ ਜਦੋਂ ਬਾਅਦ ਦੁਪਹਿਰ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਲਗਾਏ ਜਾ ਰਹੇ ਸਨ ਤਾਂ ਉੱਥੇ ਨਿਯਮਾਂ ਅਨੁਸਾਰ ਏਜੰਸੀ ਦੇ ਇੰਸਪੈਕਟਰ ਦੀ ਬਜਾਏ ਇੱਕ ਦਰਜਾ ਚਾਰ ਕਰਮਚਾਰੀ ਅਤੇ ਇੱਕ ਪ੍ਰਾਈਵੇਟ ਕਰਮਚਾਰੀ ਹੀ ਖਰੀਦ ਕਰ ਰਹੇ ਸਨ। ਪੱਤਰਕਾਰਾਂ ਵਲੋਂ ਜਦੋਂ ਪੁੱਛਿਆ ਗਿਆ ਕਿ ਉਹ ਦਰਜਾ ਚਾਰ ਕਰਮਚਾਰੀ ਹਨ ਜਦਕਿ ਫਸਲਾਂ ਦਾ ਭਾਅ ਤੇ ਉਸ ਦਾ ਨਿਰੀਖਣ ਕਰਨਾ ਇੱਕ ਪੜ੍ਹੇ-ਲਿਖੇ ਇੰਸਪੈਕਟਰ ਦੀ ਡਿਊਟੀ ਹੈ ਤਾਂ ਅੱਗੋਂ ਉਨ੍ਹਾਂ ਨੂੰ ਕੋਈ ਜਵਾਬ ਨਾ ਸੁੱਝਿਆ। ਉਨ੍ਹਾਂ ਸਿਰਫ਼ ਐਨਾ ਹੀ ਕਿਹਾ ‘‘ਇੰਸਪੈਕਟਰ ਸਾਹਿਬ ਮੰਡੀ ਵਿਚ ਹੀ ਮੌਜੂਦ ਹਨ ਅਤੇ ਉਹ ਸਾਡੇ ਨਾਲ ਹੀ ਫਸਲਾਂ ਦੇ ਭਾਅ ਲਗਾਉਂਦੇ ਹਨ’’। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਕ ਦਰਜਾ ਚਾਰ ਮੁਲਾਜ਼ਮ ਅਤੇ ਇੱਕ ਪ੍ਰਾਈਵੇਟ ਕਾਮਾ ਕਿਸਾਨਾਂ ਦੀਆਂ ਫਸਲਾਂ ਦਾ ਭਾਅ ਕਿਵੇਂ ਲਗਾ ਸਕਦਾ ਹੈ ਕਿਉਂਕਿ ਉਹ ਸਰਕਾਰ ਵਲੋਂ ਡਿਊਟੀ ’ਤੇ ਤਾਇਨਾਤ ਕੀਤੇ ਇੰਸਪੈਕਟਰ ਜਿੰਨੀ ਨਿਯਮਾਂ ਦੀ ਜਾਣਕਾਰੀ ਨਹੀਂ ਹੋਵੇਗੀ। ਫਸਲ ਖਰੀਦ ਸਮੇਂ ਮਾਰਕੀਟ ਕਮੇਟੀ ਦਾ ਕਰਮਚਾਰੀ ਵੀ ਮੌਜੂਦ ਹੋਣਾ ਜ਼ਰੂਰੀ ਹੁੰਦਾ ਹੈ ਪਰ ਇਸ ਵਿਭਾਗ ਵਿਚ ਸਟਾਫ਼ ਦੀ ਬੇਹੱਦ ਘਾਟ ਹੈ। ਇੱਥੋਂ ਤੱਕ ਮੰਡੀ ਬੋਰਡ ਕੋਲ ਮਾਛੀਵਾੜਾ ਮੰਡੀ ’ਚ ਕੋਈ ਸੁਪਰਵਾਈਜ਼ਰ ਵੀ ਤਾਇਨਾਤ ਨਹੀਂ ਹੈੇ। ਹੋਰ ਤਾਂ ਹੋਰ ਮਾਛੀਵਾੜਾ ਮਾਰਕੀਟ ਕਮੇਟੀ ’ਚ ਪੱਕੇ ਤੌਰ ’ਤੇ ਸਕੱਤਰ ਵੀ ਮੌਜੂਦ ਨਹੀਂ ਜਦਕਿ ਖੰਨਾ ਦੇ ਅਧਿਕਾਰੀ ਨੂੰ ਇੱਥੋਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸਰਕਾਰ ਵਲੋਂ ਪੁਖਤਾ ਪ੍ਰਬੰਧ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਵਿਭਾਗਾਂ ਵਿਚ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਘਾਟ ਕਾਰਨ ਫਸਲ ਖਰੀਦ ਦਾ ਕੰਮ ਰੱਬ ਆਸਰੇ ਹੀ ਚੱਲਦਾ ਦਿਖਾਈ ਦਿੰਦਾ ਹੈ।

Advertisement

ਮੰਡੀ ਵਿੱਚ ਜਾ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ: ਅਧਿਕਾਰੀ

ਇਸ ਸਬੰਧੀ ਮਾਰਕਫੈੱਡ ਦੇ ਡੀਐੱਮ ਸੁਧੀਰ ਕੁਮਾਰ ਨੇ ਕਿਹਾ ਕਿ ਮੰਡੀ ਵਿਚ ਫਸਲ ਖਰੀਦ ਦਾ ਕੰਮ ਏਜੰਸੀ ਦੇ ਤਾਇਨਾਤ ਇੰਸਪੈਕਟਰ ਵਜੋਂ ਕੀਤਾ ਜਾਣਾ ਹੈ ਅਤੇ ਜੇਕਰ ਸਿਰਫ਼ ਦਰਜਾ ਚਾਰ ਕਰਮਚਾਰੀ ਫਸਲ ਦੀ ਖਰੀਦ ਕਰ ਰਿਹਾ ਹੈ ਤਾਂ ਉਹ ਇਸ ਸਬੰਧੀ ਖੁਦ ਆ ਕੇ ਜਾਂਚ ਕਰਨਗੇ।

ਮੈਂ ਹੀ ਕਰਵਾਉਂਦਾ ਹਾਂ ਕਣਕ ਦੀ ਖਰੀਦ: ਇੰਸਪੈਕਟਰ

ਦੂਜੇ ਪਾਸੇ ਇੰਸਪੈਕਟਰ ਤਰਸਦੀਪ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦਰਜਾ ਚਾਰ ਕਰਮਚਾਰੀ ਅਤੇ ਪ੍ਰਾਈਵੇਟ ਕਰਮਚਾਰੀ ਸਹਾਇਕ ਵਜੋਂ ਕੰਮ ਕਰ ਰਹੇ ਹਨ ਜਦਕਿ ਖਰੀਦ ਦਾ ਕੰਮ ਤਾਂ ਉਨ੍ਹਾਂ ਵਲੋਂ ਹੀ ਦੇਖਿਆ ਜਾਂਦਾ ਹੈ।

Advertisement
Author Image

Advertisement
Advertisement
×