ਝੋਨੇ ਦੀ ਖ਼ਰੀਦ: ਮਾਰਕੀਟ ਕਮੇਟੀ ਲਾਲੜੂ ਦੇ ਦਫ਼ਤਰ ਨੂੰ ਜਿੰਦਾ ਲਾਇਆ
ਸਰਬਜੀਤ ਸਿੰਘ ਭੱਟੀ
ਲਾਲੜੂ , 17 ਅਕਤੂਬਰ
ਝੋਨੇ ਦੀ ਖਰੀਦ ਨਾਮਾਤਰ ਹੋਣ ਕਰਕੇ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਮਾਰਕੀਟ ਕਮੇਟੀ ਲਾਲੜੂ ਦਫਤਰ ਨੂੰ ਤਾਲਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਟਿਵਾਣਾ ਅਤੇ ਕਿਸਾਨ ਆਗੂ ਪ੍ਰੇਮ ਸਿੰਘ ਰਾਣਾ ਸੁਭਾਸ ਰਾਣਾ, ਗੁਰਚਰਨ ਸਿੰਘ ਜੌਲਾ, ਜਸਵੰਤ ਸਿੰਘ ਕੁਰਲੀ, ਹਰਵਿੰਦਰ ਸਿੰਘ ਟੋਨੀ ਜਲਾਲਪੁਰ ਨੇ ਕਿਹਾ ਕਿ ਅੱਜ 17 ਅਕਤੂਬਰ ਹੋ ਗਈ ਹੈ ਪਰ ਝੋਨੇ ਦੀ ਖਰੀਦ ਦਾ ਕੰਮ ਅੱਜ ਵੀ ਪੂਰੀ ਤਰ੍ਹਾਂ ਸ਼ੁਰੂ ਨਹੀਂ ਕੀਤਾ ਗਿਆ, ਜਿਸ ਦੇ ਕਾਰਨ ਕਿਸਾਨ ਮੰਡੀਆਂ ਵਿੱਚ ਆਪਣੀ ਫਸਲ ਨੂੰ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਮੰਡੀਆਂ ਵਿੱਚ ਵਪਾਰੀ ਅਤੇ ਆੜ੍ਹਤੀ ਸਰਕਾਰ ਦੀ ਮਾੜੀ ਨੀਤੀਆਂ ਦੇ ਕਾਰਨ ਝੋਨਾ ਨਹੀਂ ਖਰੀਦ ਰਹੇ। ਕਿਸਾਨ ਆਗੂਆਂ ਨੇ ਆਖਿਆ ਕਿ ਲਾਲੜੂ ਇਲਾਕੇ ਦੀ ਦਾਣਾ ਮੰਡੀ ਲਾਲੜੂ, ਤਸਿੰਬਲੀ, ਜੜੋਤ ਝੋਨੇ ਦੀ ਫਸਲ ਨਾਲ ਨੱਕੋ ਨੱਕ ਭਰੀ ਪਈ ਹੈ। ਕਿਤੇ ਵੀ ਪੈਰ ਰੱਖਣ ਨੂੰ ਥਾਂ ਨਹੀਂ ਹੈ ਜਿਸ ਕਾਰਨ ਲੋਕਾਂ ਨੇ ਅੱਜ ਇਕੱਠੇ ਹੋ ਕੇ ਬੀਕੇਯੂ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦਫਤਰ ਨੂੰ ਤਾਲਾ ਲਾ ਕੇ ਰੋਸ ਧਰਨਾ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਮੌਜੂਦ ਸਨ।
ਦੂਜੇ ਪਾਸੇ ਝੋਨੇ ਦੀ ਖਰੀਦ ਅਤੇ ਲਿਫਟਿੰਗ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ ਦੀ ਅਗਵਾਈ ਹੇਠ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਤੇ ਸਥਿੱਤ ਦੱਪਰ ਟੌਲ ਪਲਾਜ਼ਾ ਨੂੰ ਪਰਚੀ ਮੁਫ਼ਤ ਕਰਕੇ ਪੱਕਾ ਮੋਰਚਾ ਲਾਇਆ। ਜਥੇਬੰਦੀ ਨੇ ਭਲਕ ਸ਼ੁੱਕਰਵਾਰ ਤੋਂ ਭਾਜਪਾ ਆਗੂਆਂ, ‘ਆਪ’ ਵਿਧਾਇਕਾਂ, ਮੰਤਰੀਆਂ ਅਤੇ ਸੰਸਦ ਮੈਂਬਰਾਂ ਦੇ ਘਰਾਂ ਅੱਗੇ ਵੀ ਪੱਕੇ ਮੋਰਚੇ ਲਾਉਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਲਖਵਿੰਦਰ ਸਿੰਘ ਹੈਪੀ ਮਲਕਪੁਰ, ਕਰਨੈਲ ਸਿੰਘ ਜੌਲਾ ਕਲਾਂ , ਧਰਵਿੰਦਰ ਸਿੰਘ ਜੌਲਾ ਕਲਾਂ, ਜਵਾਲਾ ਸਿੰਘ ਖੇੜੀ ਜੱਟਾਂ, ਸ਼ਰਨਜੀਤ ਸਿੰਘ ਭੂਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਕਿਸਾਨ, ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਅੱਜ ਦੇਸ਼ ਦੇ ਅੰਨਦਾਤਾ ਦਾ ਬੁਰਾ ਹਾਲ ਹੋ ਗਿਆ ਹੈ।
ਉਨ੍ਹਾਂ ਝੋਨੇ ਦੀ ਪੂਰੀ ਐੱਮਐੱਸਪੀ ’ਤੇ ਨਿਰਵਿਘਨ ਖਰੀਦ ਚਾਲੂ ਕਰਨ ਤੋਂ ਇਲਾਵਾ ਹੁਣ ਤੱਕ ਘੱਟ ਮੁੱਲ ’ਤੇ ਵਿਕੇ ਝੋਨੇ ਦੀ ਕਮੀ ਪੂਰਤੀ ਤੇ ਦਾਗੀ ਦਾਣਿਆਂ ਵਰਗੀਆਂ ਹੋਰ ਸ਼ਰਤਾਂ ਨਰਮ ਕਰਨ ਤੋਂ ਇਲਾਵਾ ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਉਨ੍ਹਾਂ ਦੀ ਮੰਗ ਅਨੁਸਾਰ ਮਿਥਣ ਤੇ ਹੋਰ ਹੱਕੀ ਮੰਗਾਂ ਮੰਨਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਪੱਕੇ ਮੋਰਚੇ ਦਿਨ ਰਾਤ ਚਲਾਏ ਜਾਣਗੇ।